ਪਾਕਿਸਤਾਨ ਨਾਲ ਖੇਡਣ ਦਾ ਮਤਲਬ ਅੱਤਵਾਦ ਨੂੰ ਕਮਜ਼ੋਰ ਕਰਨਾ

Saturday, Nov 16, 2024 - 02:21 PM (IST)

1894 ਵਿਚ ਸ਼ੁਰੂ ਤੋਂ ਹੀ ਓਲੰਪਿਕ ਅੰਦੋਲਨ ਦਾ ਆਦਰਸ਼ ਵਾਕ ਰਿਹਾ ਹੈ ‘ਸ਼ਾਂਤੀ ਲਈ ਖੇਡਾਂ’। ਨੌਵੀਂ ਸਦੀ ਈਸਾ ਪੂਰਵ ਵਿਚ ਓਲੰਪਿਕ ਜੰਗਬੰਦੀ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਸ ਦੀ ਵਰਤੋਂ ਗ੍ਰੀਸ ਦੇ ਯੁੱਧ ਕਰਨ ਵਾਲੇ ਰਾਜਿਆਂ ਵਲੋਂ ਅਸਲ ਸੰਘਰਸ਼ ਦੇ ਬਦਲ ਵਜੋਂ ਐਥਲੀਟਾਂ ਦਰਮਿਆਨ ਸ਼ਾਂਤੀਪੂਰਨ ਮੁਕਾਬਲੇ ਦੀ ਆਗਿਆ ਦੇਣ ਲਈ ਕੀਤੀ ਗਈ ਸੀ। ਖੇਡ ਮੁਕਾਬਲਿਆਂ ਵਿਚ ਦਰਸ਼ਕਾਂ ਦੀ ਭਾਗੀਦਾਰੀ ਦੀ ਆਗਿਆ ਦੇ ਕੇ, ਰਾਜਿਆਂ ਨੇ ਸਪੱਸ਼ਟ ਤੌਰ ’ਤੇ ਸਵੀਕਾਰ ਕੀਤਾ ਕਿ ਲੋਕਾਂ, ਭਾਵ ਗੈਰ-ਐਥਲੀਟਾਂ ਦਾ ਵੀ ਦੁਸ਼ਮਣੀ ਨੂੰ ਖਤਮ ਕਰਨ, ਆਪਸੀ ਸਦਭਾਵਨਾ ਨੂੰ ਵਧਾਉਣ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ।

ਅਫ਼ਸੋਸ ਦੀ ਗੱਲ ਹੈ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੁਕਾਬਲੇ ਦੀ ਗੱਲ ਆਉਂਦੀ ਹੈ, ਤਾਂ ਇਹ ਖੇਡ ਅਲੰਕਾਰਿਕ ਤੌਰ ’ਤੇ ਜੰਗ ਦੇ ਮੈਦਾਨ ਦਾ ਵਿਸਥਾਰ ਬਣ ਗਈ ਹੈ। ਭਾਰਤ ਸਰਕਾਰ ਦਾ ਸਪੱਸ਼ਟ ਤੌਰ ’ਤੇ ਮੰਨਣਾ ਹੈ ਕਿ ਭਾਰਤ-ਪਾਕਿਸਤਾਨ ਸ਼ਾਂਤੀ ਬਣਾਈ ਰੱਖਣ ਵਿਚ ਨਾ ਤਾਂ ਐਥਲੀਟਾਂ ਅਤੇ ਨਾ ਹੀ ਗੈਰ-ਐਥਲੀਟਾਂ ਦੀ ਕੋਈ ਭੂਮਿਕਾ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਦਿੱਤੇ ਗਏ ਇਸ ਫੈਸਲੇ ਦਾ ਇਹੀ ਮਤਲਬ ਹੋ ਸਕਦਾ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ ’ਚ 8 ਦੇਸ਼ਾਂ ਦੀ ਚੈਂਪੀਅਨਜ਼ ਟਰਾਫੀ ਵਿਚ ਹਿੱਸਾ ਲੈਣ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਅਜੇ ਅਧਿਕਾਰਤ ਤੌਰ ’ਤੇ ਸਪੱਸ਼ਟ ਨਾ ਕੀਤੇ ਗਏ ਨਵੀਂ ਦਿੱਲੀ ਦੇ ਇਸ ਫੈਸਲੇ ਦੇ ਕਾਰਨ ਜਾਣੇ-ਪਛਾਣੇ ਹਨ। ਪਾਕਿਸਤਾਨ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਦਾ ਪ੍ਰਾਯੋਜਕ ਬਣਿਆ ਹੋਇਆ ਹੈ। ਇਸ ਲਈ ‘ਅੱਤਵਾਦ ਅਤੇ ਖੇਡਾਂ’ ਇਕੱਠੇ ਨਹੀਂ ਚੱਲ ਸਕਦੇ, ਜਿਵੇਂ ‘ਅੱਤਵਾਦ ਅਤੇ ਗੱਲਬਾਤ’ ਇਕੱਠੇ ਨਹੀਂ ਚੱਲ ਸਕਦੇ।

ਭਾਰਤ ਸਰਕਾਰ ਦੀ ਦਲੀਲ ਤੱਥਾਂ ਦੇ ਆਧਾਰ ’ਤੇ ਸਹੀ ਹੈ, ਪਰ ਇਸ ਦੇ ਸਿੱਟੇ ਤਰੁੱਟੀਪੂਰਨ ਹਨ। ਆਓ ਪਹਿਲਾਂ ਤੱਥਾਂ ਨੂੰ ਵੇਖੀਏ। ਪਾਕਿਸਤਾਨ ਨੇ ਭਾਰਤ ਨੂੰ ਅੱਤਵਾਦ ਦੀ ਬਰਾਮਦ ਕਰਨੀ ਬੰਦ ਨਹੀਂ ਕੀਤੀ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੇ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ, ਪਾਕਿਸਤਾਨ ਸਥਿਤ ਅੱਤਵਾਦੀਆਂ ਨੇ ਜੰਮੂ ਅਤੇ ਕਸ਼ਮੀਰ ਵਿਚ ਸਾਡੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ’ਤੇ ਕਈ ਹਮਲੇ ਕੀਤੇ ਹਨ।

ਹਾਲਾਂਕਿ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਹਮਾਇਤ ਦੇਣੀ ਕੋਈ ਨਵੀਂ ਗੱਲ ਨਹੀਂ ਹੈ। ਇਹ 1970 ਦੇ ਦਹਾਕੇ ਦੇ ਅਖੀਰ ਅਤੇ 1980 ਦੇ ਸ਼ੁਰੂ ਵਿਚ ਸ਼ੁਰੂ ਹੋਇਆ, ਜਦੋਂ ਇਸਨੇ 2 ਮੋਰਚਿਆਂ 'ਤੇ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ, ਖਾਸ ਕਰਕੇ ਪੰਜਾਬ (ਖਾਲਿਸਤਾਨੀ ਸੰਗਠਨਾਂ ਦੁਆਰਾ) ਅਤੇ ਕਸ਼ਮੀਰ ਵਿਚ ਵੱਖਵਾਦੀਆਂ ਨੂੰ ਉਤਸ਼ਾਹਿਤ ਕਰਕੇ ਅਤੇ ਬਾਅਦ ਵਿਚ ਮੁੰਬਈ, ਦਿੱਲੀ ਅਤੇ ਹੋਰ ਥਾਵਾਂ ’ਤੇ ਭਾਰਤੀ ਖੇਤਰ ਵਿਚ ਅੰਦਰ ਤਕ ਆ ਕੇ ਹਮਲੇ ਕਰਕੇ।

ਧਾਰਮਿਕ ਕੱਟੜਪੰਥ ਨੂੰ ਬੜ੍ਹਾਵਾ ਦੇਣਾ ਇਸ ਭੈੜੀ ਯੋਜਨਾ ਦਾ ਇਕ ਜ਼ਰੂਰੀ ਹਿੱਸਾ ਸੀ, ਜੋ ਕਿ ਭਾਰਤ ਨੂੰ ਕਮਜ਼ੋਰ ਕਰਨ ਦੇ ਆਪਣੇ ਰਣਨੀਤਕ ਉਦੇਸ਼ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਇਸ ਦੀ ਬਜਾਏ, ਭਾਰਤ ਪਿਛਲੇ ਦਹਾਕਿਆਂ ਵਿਚ ਹੋਰ ਵੀ ਮਜ਼ਬੂਤ ​​ਹੋਇਆ ਹੈ। ਇਸ ਦਲੇਰੀ ਅਤੇ ਅਫਗਾਨਿਸਤਾਨ ਵਿਚ ਜੇਹਾਦੀ ਅੱਤਵਾਦ ਦੀ ਸਹਾਇਤਾ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਦੀ ਸਬੰਧਤ ਨੀਤੀ ਦਾ ਸ਼ੁੱਧ ਨਤੀਜਾ ਇਹ ਵੀ ਨਿਕਲਿਆ ਕਿ ਪਾਕਿਸਤਾਨ ਖੁਦ ਘਰੇਲੂ ਅੱਤਵਾਦ ਅਤੇ ਇਸਲਾਮੀ ਕੱਟੜਵਾਦ ਦਾ ਵੱਡਾ ਸ਼ਿਕਾਰ ਹੋ ਗਿਆ। ਬਹੁਤ ਸਾਰੇ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਨੇ ਘਰੇਲੂ ਤੌਰ ’ਤੇ ਅਸਥਿਰ ਸਥਿਤੀਆਂ ਅਤੇ ਵਿਸ਼ਵ ਪੱਧਰ ’ਤੇ ਅੱਤਵਾਦ ਦੇ ਗੜ੍ਹ ਵਜੋਂ ਬਦਨਾਮ ਹੋਣ ਕਾਰਨ ਪਾਕਿਸਤਾਨ ਦਾ ਦੌਰਾ ਕਰਨ ਤੋਂ ਪਰਹੇਜ਼ ਕੀਤਾ।

ਪਰ ਕੀ ਇਸ ਤੋਂ ਇਹ ਸਿੱਟਾ ਕੱਢਣਾ ਸਹੀ ਹੈ ਕਿ ਭਾਰਤ ਪਾਕਿਸਤਾਨ ਨਾਲ ਆਪਣੇ ਸਾਰੇ ਕ੍ਰਿਕਟ ਸਬੰਧ ਤੋੜ ਲਵੇ? ਨਹੀਂ। ਦਰਅਸਲ, ਭਾਰਤ ਨੇ 1993 ਦੇ ਮੁੰਬਈ ਅੱਤਵਾਦੀ ਹਮਲਿਆਂ ਅਤੇ 2001 ਦੇ ਸੰਸਦ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਨਾਲ ਕ੍ਰਿਕਟ ਖੇਡਣਾ ਜਾਰੀ ਰੱਖਿਆ। ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੇ ਆਸ਼ੀਰਵਾਦ ਨਾਲ, ਟੈਸਟ ਸੀਰੀਜ਼ ਪਾਕਿਸਤਾਨ ਅਤੇ ਭਾਰਤ ਦੋਵਾਂ ਦੀ ਧਰਤੀ ’ਤੇ ਖੇਡੀ ਗਈ ਸੀ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਦੋਵੇਂ ਟੀਮਾਂ ਖੇਡਦੀਆਂ ਰਹੀਆਂ ਹਨ। ਹਾਲਾਂਕਿ ਕਿ ਯੂ. ਏ. ਈ. ਅਤੇ ਸ਼੍ਰੀਲੰਕਾ ਵਰਗੇ ਤੀਜੇ ਦੇਸ਼ਾਂ ’ਚ। ਇਹ ਇਸ ਸਿੱਟੇ ਨੂੰ ਰੱਦ ਕਰਦਾ ਹੈ ਕਿ ‘ਅੱਤਵਾਦ ਅਤੇ ਕ੍ਰਿਕਟ ਇਕੱਠੇ ਨਹੀਂ ਚੱਲ ਸਕਦੇ’।

ਦੂਜੇ ਸਿੱਟੇ ਬਾਰੇ ਕੀ ਕਹੀਏ ਕਿ ਭਾਰਤੀ ਟੀਮ ਲਈ ਪਾਕਿਸਤਾਨ ਵਿਚ ਖੇਡਣਾ ਅਸੁਰੱਖਿਅਤ ਹੈ? ਖੈਰ, ਪਾਕਿਸਤਾਨ ਸਰਕਾਰ ਨੇ ਆਈ. ਸੀ. ਸੀ. ਮੈਂਬਰਾਂ ਨੂੰ ਯਕੀਨ ਦਿਵਾਉਣ ਲਈ ਠੋਸ ਅਤੇ ਸਫਲ ਯਤਨ ਕੀਤੇ ਹਨ ਕਿ ਪਾਕਿਸਤਾਨੀ ਧਰਤੀ ’ਤੇ ਟੈਸਟ, ਵਨ-ਡੇਅ ਅਤੇ ਟੀ-20 ਸੀਰੀਜ਼ ਖੇਡਣਾ ਸੁਰੱਖਿਅਤ ਹੈ। ਹਾਲ ਹੀ ਦੇ ਸਾਲਾਂ ਵਿਚ, ਪਾਕਿਸਤਾਨ ਨੇ ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਦੀ ਮੇਜ਼ਬਾਨੀ ਕੀਤੀ ਹੈ।

ਇਸ ਦੀ ਸਿਆਸਤ ਵਿਚ ਅਸਾਧਾਰਨਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਕ੍ਰਿਕਟਰ ਇਮਰਾਨ ਖਾਨ, ਜੋ ਇਸ ਦੇ ਪ੍ਰਧਾਨ ਮੰਤਰੀ ਵੀ ਬਣੇ, ਮਾਮੂਲੀ ਦੋਸ਼ਾਂ ਵਿਚ ਜੇਲ੍ਹ ਵਿਚ ਸੜ ਰਹੇ ਹਨ। ਜਿੰਨੀ ਛੇਤੀ ਇਸਲਾਮਾਬਾਦ ਅੱਤਵਾਦ ਅਤੇ ਧਾਰਮਿਕ ਕੱਟੜਤਾ ਨਾਲੋਂ ਆਪਣੇ ਸਾਰੇ ਸਬੰਧ ਤੋੜ ਲਵੇਗਾ ਓਨਾਂ ਹੀ ਪਾਕਿਸਤਾਨ ਦੇ ਲੋਕਤੰਤਰ, ਇਸ ਦੀ ਬੇਹੱਦ ਸੰਕਟਗ੍ਰਸਤ ਅਰਥਵਿਵਸਥਾ ਅਤੇ ਇਸ ਦੀ ਵਿਸ਼ਵ ਪੱਧਰੀ ਸ਼ਾਨ ਲਈ ਬਿਹਤਰ ਹੋਵੇਗਾ।

ਪਾਕਿਸਤਾਨੀ ਲੋਕਾਂ ਨਾਲ ਦੋਸਤੀ ਅਤੇ ਆਪਸੀ ਵਿਸ਼ਵਾਸ ਦੇ ਬੰਧਨ ਨੂੰ ਮਜ਼ਬੂਤ ​​ਕਰਕੇ ਅੱਤਵਾਦ ਨੂੰ ਕਮਜ਼ੋਰ ਕਰਨਾ ਬਿਹਤਰ ਹੈ। ਕ੍ਰਿਕਟ, ਸਿਨੇਮਾ, ਵਪਾਰ ਅਤੇ ਹਜ਼ਾਰਾਂ ਸਾਲਾਂ ਦੇ ਸਮਾਜਿਕ-ਅਧਿਆਤਮਿਕ ਭਾਈਚਾਰੇ ਦੇ ਬੰਦ ਦਰਵਾਜ਼ੇ ਖੋਲ੍ਹ ਕੇ ਇਸ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

-ਸੁਧੀਂਦਰ ਕੁਲਕਰਣੀ


Tanu

Content Editor

Related News