ਮਾਨਸੂਨ ਦੇ ਬਦਲਦੇ ਮਿਜਾਜ਼ ਅਨੁਸਾਰ ਖੁਦ ਨੂੰ ਢਾਲ ਨਹੀਂ ਸਕਿਆ ਸਾਡਾ ਦੇਸ਼

07/05/2024 3:07:46 PM

ਭਾਰਤ ’ਚ ਇਸ ਵਾਰ ਜੂਨ ’ਚ ਆਮ ਨਾਲੋਂ 11 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਜਦਕਿ ਗਰਮੀ ਨੇ 122 ਸਾਲ ਦਾ ਰਿਕਾਰਡ ਤੋੜ ਦਿੱਤਾ। ਓਧਰ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਵਾਰ ਜੁਲਾਈ ’ਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ ਜੋ ਲੰਬੇ ਅਰਸੇ ਦੇ ਔਸਤ (ਐੱਲ. ਪੀ. ਏ.) 28.04 ਸੈਮੀ ਤੋਂ 106 ਫੀਸਦੀ ਵੱਧ ਰਹਿ ਸਕਦਾ ਹੈ। ਗੌਰ ਕਰੋ ਅਜੇ ਭਾਰਤੀ ਕੈਲੰਡਰ ਅਨੁਸਾਰ ਇਹ ਹਾਲ ਹਾੜ੍ਹ ਮਹੀਨੇ ਦਾ ਹੈ ਅਤੇ ਅੱਗੇ ਸਾਉਣ-ਭਾਦੋਂ ਰਹਿੰਦਾ ਹੈ।

ਭਾਰਤ ਸਰਕਾਰ ਦੇ ਕੇਂਦਰੀ ਧਰਤੀ ਵਿਗਿਆਨ ਮੰਤਰਾਲਾ ਵੱਲੋਂ ਤਿੰਨ ਸਾਲ ਪਹਿਲਾਂ ਤਿਆਰ ਪਹਿਲੀ ਜਲਵਾਯੂ ਪਰਿਵਰਤਨ ਮੁਲਾਂਕਣ ਰਿਪੋਰਟ ’ਚ ਸਪੱਸ਼ਟ ਦੱਸਿਆ ਗਿਆ ਕਿ ਤਾਪਮਾਨ ’ਚ ਵਾਧੇ ਦਾ ਅਸਰ ਭਾਰਤ ਦੇ ਮਾਨਸੂਨ ’ਤੇ ਵੀ ਕਹਿਰ ਢਾਹ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਉਪਰ ਗਰਮੀਆਂ ਦੇ ਸਮੇਂ ਦੀ ਮਾਨਸੂਨ ਵਰਖਾ (ਜੂਨ ਤੋਂ ਸਤੰਬਰ) ’ਚ 1951 ਤੋਂ 2015 ਤੱਕ ਲਗਭਗ 6 ਫੀਸਦੀ ਦੀ ਗਿਰਾਵਟ ਆਈ, ਜੋ ਭਾਰਤ-ਗੰਗਾ ਦੇ ਮੈਦਾਨਾਂ ਅਤੇ ਪੱਛਮੀ ਘਾਟਾਂ ’ਤੇ ਚਿੰਤਾਜਨਕ ਹਾਲਾਤ ਤੱਕ ਘੱਟ ਰਹੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਗਰਮੀਆਂ ’ਚ ਮਾਨਸੂਨ ਦੇ ਮੌਸਮ ਦੌਰਾਨ ਸੰਨ 1951-1980 ਦੇ ਅਰਸੇ ਦੀ ਤੁਲਨਾ ’ਚ ਸਾਲ 1981-2011 ਦੇ ਦੌਰਾਨ 27 ਫੀਸਦੀ ਵੱਧ ਦਿਨ ਸੋਕੇ ਵਾਲੇ ਦਰਜ ਕੀਤੇ ਗਏ। ਇਸ ’ਚ ਦਰਸਾਇਆ ਗਿਆ ਹੈ ਕਿ ਬੀਤੇ 6 ਦਹਾਕਿਆਂ ਦੌਰਾਨ ਵਧਦੀ ਗਰਮੀ ਅਤੇ ਮਾਨਸੂਨ ’ਚ ਘੱਟ ਬਰਸਾਤ ਦੇ ਕਾਰਨ ਦੇਸ਼ ’ਚ ਸੋਕਾ ਪ੍ਰਭਾਵਿਤ ਇਲਾਕਿਆਂ ’ਚ ਵਾਧਾ ਹੋ ਰਿਹਾ ਹੈ। ਖਾਸ ਕਰ ਕੇ ਮੱਧ ਭਾਰਤ, ਦੱਖਣੀ-ਪੱਛਮੀ ਤੱਟ, ਦੱਖਣੀ ਪ੍ਰਾਇਦੀਪ ਅਤੇ ਉੱਤਰ-ਪੂਰਬੀ ਭਾਰਤ ਦੇ ਇਲਾਕਿਆਂ ’ਚ ਔਸਤਨ ਪ੍ਰਤੀ ਦਹਾਕਾ 2 ਤੋਂ ਵੱਧ ਵਾਰ ਘੱਟ ਮੀਂਹ ਅਤੇ ਸੋਕੇ ਦਰਜ ਕੀਤੇ ਗਏ। ਇਹ ਚਿੰਤਾਜਨਕ ਹੈ ਕਿ ਸੋਕੇ ਨਾਲ ਪ੍ਰਭਾਵਿਤ ਇਲਾਕੇ ’ਚ ਪ੍ਰਤੀ ਦਹਾਕਾ 1.3 ਫੀਸਦੀ ਦਾ ਵਾਧਾ ਹੋ ਰਿਹਾ ਹੈ।

ਪ੍ਰਾਪਤ ਅੰਕੜੇ, ਮੁਲਾਂਕਣ ਅਤੇ ਚਿਤਾਵਨੀ ਦੇ ਬਾਵਜੂਦ ਅਜੇ ਤੱਕ ਸਾਡਾ ਦੇਸ਼ ਮਾਨਸੂਨ ਦੇ ਬਦਲਦੇ ਮਿਜਾਜ਼ ਅਨੁਸਾਰ ਖੁਦ ਢਲ ਨਹੀਂ ਸਕਿਆ। ਨਾ ਅਸੀਂ ਉਸ ਤਰ੍ਹਾਂ ਦੇ ਪਾਣੀ ਸੰਭਾਲ ਉਪਾਅ ਕਰ ਸਕੇ, ਨਾ ਸੜਕ-ਪੁਲ-ਨਹਿਰ ਦੀ ਉਸਾਰੀ ਕਰ ਸਕੇ। ਸਭ ਤੋਂ ਵੱਧ ਜਾਗਰੂਕਤਾ ਦੀ ਲੋੜ ਖੇਤੀ ਦੇ ਖੇਤਰ ’ਚ ਹੈ ਅਤੇ ਉੱਥੇ ਅਜੇ ਵੀ ਿਕਸਾਨ ਉਸ ਰਵਾਇਤੀ ਕੈਲੰਡਰ ਦੇ ਅਨੁਸਾਰ ਬਿਜਾਈ ਕਰ ਰਿਹਾ ਹੈ। ਅਸਲ ’ਚ ਪਾਣੀ ਨੂੰ ਲੈ ਕੇ ਸਾਡੀ ਸੋਚ ਸ਼ੁਰੂ ਤੋਂ ਹੀ ਨੁਕਸਦਾਰ ਹੈ।

ਸਾਨੂੰ ਪੜ੍ਹਾ ਦਿੱਤਾ ਗਿਆ ਕਿ ਨਦੀ, ਨਹਿਰ, ਤਲਾਬ, ਝੀਲ ਆਦਿ ਪਾਣੀ ਦੇ ਸਰੋਤ ਹਨ, ਹਕੀਕਤ ’ਚ ਸਾਡੇ ਦੇਸ਼ ’ਚ ਪਾਣੀ ਦਾ ਸਰੋਤ ਸਿਰਫ ਮਾਨਸੂਨ ਹੀ ਹੈ, ਨਦੀ-ਦਰਿਆ ਆਦਿ ਤਾਂ ਉਸ ਨੂੰ ਸੰਭਾਲਣ ਦਾ ਸਥਾਨ ਮਾਤਰ ਹਨ। ਇਹ ਧਰਤੀ ਹੀ ਪਾਣੀ ਦੇ ਕਾਰਨ ਜੀਵਾਂ ਨਾਲ ਆਬਾਦ ਹੈ ਅਤੇ ਪਾਣੀ ਦੇ ਸਰੋਤ ਮਾਨਸੂਨ ਦੀ ਅਸੀਂ ਕਦਰ ਨਹੀਂ ਕਰਦੇ ਅਤੇ ਉਸ ਦੀ ਨਿਆਮਤ ਨੂੰ ਸੰਭਾਲਣ ਦੀ ਥਾਂ ’ਤੇ ਅਸੀਂ ਖੁਦ ਉਜਾੜ ਦਿੱਤਾ। ਗੰਗਾ-ਯਮੁਨਾ ਦੇ ਮੂਲ ਸਥਾਨ ਤੋਂ ਛੋਟੀਆਂ ਨਦੀਆਂ ਦੇ ਪਿੰਡ-ਕਸਬੇ ਤੱਕ ਬਸ ਇਹੀ ਹੱਲਾ ਹੈ ਕਿ ਬਰਸਾਤ ਨੇ ਖੇਤ-ਪਿੰਡ ਸਭ ਕੁਝ ਉਜਾੜ ਦਿੱਤਾ।

ਇਹ ਵੀ ਸਮਝਣਾ ਹੋਵੇਗਾ ਕਿ ਮਾਨਸੂਨ ਇਕੱਲੀ ਬਰਸਾਤ ਨਹੀਂ ਹੈ। ਇਹ ਮਿੱਟੀ ਦੀ ਨਮੀ, ਸੰਘਣੇ ਜੰਗਲਾਂ ਲਈ ਲਾਜ਼ਮੀ, ਤਾਪਮਾਨ ਕਾਬੂ ਕਰਨ ਦੇ ਇਕੱਲੇ ਉਪਾਅ ਸਮੇਤ ਧਰਤੀ ਦੇ ਹਜ਼ਾਰਾਂ-ਲੱਖਾਂ ਜੀਵ-ਜੰਤੂਆਂ ਦੇ ਪ੍ਰਜਨਨ, ਭੋਜਨ, ਆਉਣ-ਜਾਣ ਦਾ ਵੀ ਕਾਲ ਹੈ। ਇਹ ਸਾਰੇ ਜੀਵ ਧਰਤੀ ਦੀ ਹੋਂਦ ਦੇ ਮਹੱਤਵਪੂਰਨ ਭਾਈਵਾਲ ਹਨ। ਇਨਸਾਨ ਆਪਣੇ ਲਾਲਚ ’ਚ ਕੁਦਰਤ ਨੂੰ ਜੋ ਨੁਕਸਾਨ ਪਹੁੰਚਾਉਂਦਾ ਹੈ, ਉਸ ਨੂੰ ਸਹੀ ਕਰਨ ਦਾ ਕੰਮ ਮਾਨਸੂਨ ਅਤੇ ਉਸ ਤੋਂ ਉਪਜਿਆ ਜੀਵ ਜਗਤ ਕਰਦਾ ਹੈ।

ਸਾਰੇ ਜਾਣਦੇ ਹਨ ਕਿ ਮਾਨਸੂਨ ਵਿਦਾ ਹੁੰਦੇ ਹੀ ਉਨ੍ਹਾਂ ਸਾਰੇ ਇਲਾਕਿਆਂ ’ਚ ਪਾਣੀ ਦੀ ਇਕ-ਇਕ ਬੂੰਦ ਲਈ ਆਪੋ-ਧਾਪੀ ਹੋਵੇਗੀ ਅਤੇ ਲੋਕ ਪਾਣੀ ਦੇ ਇਕ ਗਿਲਾਸ ’ਚ ਅੱਧਾ ਭਰ ਕੇ ਪਾਣੀ-ਸੰਭਾਲ ਦੇ ਪ੍ਰਵਚਨ ਦਿੰਦੇ ਅਤੇ ਪਾਣੀ ਜ਼ਿੰਦਗੀ ਦਾ ਆਧਾਰ ਵਰਗੇ ਨਾਅਰੇ ਕੰਧਾਂ ’ਤੇ ਲਿਖਦੇ ਦਿਸਣਗੇ।

ਮਾਨਸੂਨ ਸ਼ਬਦ ਅਸਲ ’ਚ ਅਰਬੀ ਸ਼ਬਦ ‘ਮੌਸਿਮ’ ਤੋਂ ਆਇਆ ਹੈ, ਜਿਸ ਦਾ ਭਾਵ ਹੁੰਦਾ ਹੈ ਮੌਸਮ। ਅਰਬ ਸਾਗਰ ’ਚ ਵਗਣ ਵਾਲੀਆਂ ਮੌਸਮੀ ਹਵਾਵਾਂ ਲਈ ਅਰਬੀ ਮੱਲਾਹ ਇਸ ਸ਼ਬਦ ਦੀ ਵਰਤੋਂ ਕਰਦੇ ਸਨ। ਹਕੀਕਤ ਤਾਂ ਇਹ ਹੈ ਕਿ ਭਾਰਤ ’ਚ ਸਿਰਫ 3 ਹੀ ਕਿਸਮ ਦੀ ਜਲਵਾਯੂ ਹੈ-ਮਾਨਸੂਨ, ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਉਪਰੰਤ। ਤਦ ਹੀ ਭਾਰਤ ਦੀ ਜਲਵਾਯੂ ਨੂੰ ਮਾਨਸੂਨੀ ਜਲਵਾਯੂ ਕਿਹਾ ਜਾਂਦਾ ਹੈ। ਜਾਣ ਲਓ ਮਾਨਸੂਨ ਦਾ ਪਤਾ ਸਭ ਤੋਂ ਪਹਿਲਾਂ ਪਹਿਲੀ ਸਦੀ ਈਸਵੀ ’ਚ ਹਿੱਪੋਲਸ ਨੇ ਲਾਇਆ ਸੀ ਅਤੇ ਉਦੋਂ ਤੋਂ ਇਸ ਦੇ ਮਿਜਾਜ਼ ਨੂੰ ਮਾਪਣ ਦੀਆਂ ਵਿਗਿਆਨਕਾਂ ਤੇ ਲੋਕਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਭਾਰਤ ਦੇ ਲੋਕ-ਜੀਵਨ, ਅਰਥਵਿਵਸਥਾ, ਪੁਰਬ-ਤਿਉਹਾਰ ਦਾ ਮੂਲ ਆਧਾਰ ਬਰਸਾਤ ਜਾਂ ਮਾਨਸੂਨ ਦਾ ਮਿਜਾਜ਼ ਹੀ ਹੈ। ਕਮਜ਼ੋਰ ਮਾਨਸੂਨ ਪੂਰੇ ਦੇਸ਼ ਨੂੰ ਸੁੰਨਿਆ ਕਰ ਦਿੰਦਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਮਾਨਸੂਨ ਭਾਰਤ ਦੀ ਹੋਂਦ ਦਾ ਧੁਰਾ ਹੈ। ਮਾਨਸੂਨ ਹੁਣ ਸਿਰਫ ਭੂਗੋਲ ਜਾਂ ਮੌਸਮ ਵਿਗਿਆਨ ਨਹੀਂ ਹੈ-ਇਸ ’ਚ ਇੰਜੀਨੀਅਰਿੰਗ, ਡ੍ਰੇਨੇਜ, ਸੈਨੀਟੇਸ਼ਨ, ਖੇਤੀਬਾੜੀ ਸਮੇਤ ਬਹੁਤ ਕੁਝ ਜੁੜਿਆ ਹੈ।

ਬਦਲਦੇ ਹੋਏ ਮੌਸਮ ਦੇ ਤੇਵਰ ਦੇ ਮੱਦੇਨਜ਼ਰ ਮਾਨਸੂਨ ਪ੍ਰਬੰਧਨ ਦਾ ਡੂੰਘਾ ਅਧਿਐਨ ਸਾਡੇ ਸਮਾਜ ਅਤੇ ਸਕੂਲਾਂ ਤੋਂ ਲੈ ਕੇ ਇੰਜੀਨੀਅਰਿੰਗ ਕੋਰਸਾਂ ’ਚ ਹੋਵੇ ਜਿਸ ਤਹਿਤ ਸਿਰਫ ਮਾਨਸੂਨ ਤੋਂ ਪਾਣੀ ਹੀ ਨਹੀਂ, ਉਸ ਨਾਲ ਜੁੜੀਆਂ ਫਸਲਾਂ, ਸੜਕਾਂ, ਸ਼ਹਿਰਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧਾਂ ਤੇ ਸੰਭਾਲ ਵਰਗੇ ਅਧਿਆਏ ਹੋਣ। ਖਾਸ ਕਰ ਕੇ ਅਚਾਨਕ ਭਾਰੀ ਬਰਸਾਤ ਦੇ ਕਾਰਨ ਪੈਦਾ ਹੋਏ ਸੰਕਟਾਂ ਦੇ ਪ੍ਰਬੰਧਨ ’ਤੇ।

ਪੰਕਜ ਚਤੁਰਵੇਦੀ
 


Tanu

Content Editor

Related News