ਪੰਜਾਬ 'ਚ ਪ੍ਰੀ-ਮਾਨਸੂਨ ਨੇ ਦਿੱਤੀ ਮਿਲੀ-ਜੁਲੀ ਦਸਤਕ, ਗੁਰਦਾਸਪੁਰ ਸਣੇ ਕਈ ਜ਼ਿਲ੍ਹਿਆਂ 'ਚ ਅਜੇ ਵੀ ਤਪਸ਼
Thursday, Jun 19, 2025 - 11:59 AM (IST)

ਗੁਰਦਾਸਪੁਰ (ਹਰਮਨ)-ਪਿਛਲੇ 2 ਦਿਨਾਂ ਦੌਰਾਨ ਪੰਜਾਬ ਅੰਦਰ ਪ੍ਰੀ ਮਾਨਸੂਨ ਵੱਲੋਂ ਦਿੱਤੀ ਗਈ ਦਸਤਕ ਕਾਰਨ ਬੇਸ਼ੱਕ ਕਈ ਜ਼ਿਲ੍ਹਿਆਂ ਅੰਦਰ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਅਤੇ ਝੋਨੇ ਦੀ ਲਵਾਈ ਲਈ ਧਰਤੀ ਹੇਠੋਂ ਤੇਜ਼ੀ ਨਾਲ ਕੱਢੇ ਜਾ ਰਹੇ ਪਾਣੀ ਵਿਚ ਵੀ ਕੁਝ ਖੜੋਤ ਆਈ ਹੈ। ਪਰ ਗੁਰਦਾਸਪੁਰ ਸਮੇਤ ਅੱਧੀ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਪ੍ਰੀ-ਮਾਨਸੂਨ ਨੇ ਅਜੇ ਬੇਰੁਖੀ ਦਿਖਾਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਲੋੜ ਦੇ ਮੁਕਾਬਲੇ ਕਾਫੀ ਘੱਟ ਮੀਂਹ ਪਿਆ ਹੈ ਜਦੋਂ ਕਿ ਕਰੀਬ 13 ਜ਼ਿਲ੍ਹਿਆਂ ਵਿਚ ਆਮ ਨਾਲੋਂ ਵੱਧ ਮੀਂਹ ਪਿਆ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਅੰਦਰ ਕੁੱਲ 24.7 ਮਿਲੀਮੀਟਰ ਮੀਂਹ ਪਿਆ ਜੋ ਕਿ ਇਸ ਸਮੇਂ ਦੇ ਆਮ ਅਨੁਮਾਨਿਤ ਮੀਂਹ ਦੀ ਮਾਤਰਾ 22 ਮਿਲੀਮੀਟਰ ਤੋਂ ਵੱਧ ਹੈ। ਸੂਬੇ ਅੰਦਰ ਹੋਈ ਉਕਤ ਕੁਲ ਮੀਂਹ ’ਚੋਂ 10.4 ਮਿਲੀਮੀਟਰ ਮੀਂਹ ਕੇਵਲ 24 ਘੰਟਿਆਂ ਤੋਂ ਘੱਟ ਸਮੇਂ ਵਿਚ ਹੀ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੀ-ਮਾਨਸੂਨੀ ਮੀਂਹ ਪੰਜਾਬ ਵਿੱਚ ਚੱਲ ਰਹੇ ਪਾਣੀ ਦੇ ਗੰਭੀਰ ਸੰਕਟ ਤੋਂ ਬਚਾਅ ਲਈ ਇਕ ਚੰਗਾ ਸੰਕੇਤ ਹੈ ਕਿਉਂਕਿ ਪੰਜਾਬ ਵਿਚ 70% ਤੋਂ ਵੱਧ ਸਿੰਚਾਈ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ ਅਪਡੇਟ
ਖਾਸ ਤੌਰ ’ਤੇ ਸੂਬੇ ਅੰਦਰ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਲਗਾਏ ਜਾਂਦੇ ਰਕਬਾ ਇਸੇ ਪਾਣੀ ’ਤੇ ਨਿਰਭਰ ਕਰਦਾ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ 2009 ਤੋਂ ਪੰਜਾਬ ਸਬ-ਸੋਇਲ ਐਕਟ ਬਣਾ ਕੇ ਝੋਨੇ ਦੀ ਲਵਾਈ ਦਾ ਸਮਾਂ 10 ਜੂਨ ਤੋਂ ਨਿਰਧਾਰਿਤ ਕੀਤਾ ਸੀ। ਹਰੇਕ ਸਾਲ ਹੀ ਇਸ ਸਮੇਂ ਵਿਚ ਕੁਝ ਦਿਨਾਂ ਦਾ ਬਦਲਾਅ ਕੀਤਾ ਜਾਂਦਾ ਹੈ ਅਤੇ ਇਸ ਸਾਲ ਸੂਬੇ ਨੂੰ ਤਿੰਨ ਜ਼ੋਨਾਂ ਵਿਚ ਵੰਡ ਕੇ 1 ਜੂਨ ਤੋਂ ਹੀ ਝੋਨੇ ਦੀ ਲਵਾਈ ਦੀ ਇਜਾਜ਼ਤ ਦਿੱਤੀ ਸੀ ਜਦੋਂ ਕਿ ਕੁਝ ਜ਼ਿਲ੍ਹਿਆਂ ਵਿਚ 5 ਜੂਨ ਅਤੇ ਇਸ ਤੋਂ ਬਾਅਦ ਝੋਨਾ ਲਾਉਣ ਲਈ ਇਜਾਜ਼ਤ ਦਿੱਤੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਝੋਨੇ ਦੀ ਲਵਾਈ ਦਾ ਇਕ-ਇਕ ਦਿਨ ਪਾਣੀ ਦੀ ਵਰਤੋਂ ਘਟਾਉਣ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਹੁਣ ਜਦੋਂ 13 ਜ਼ਿਲ੍ਹਿਆਂ ਵਿਚ ਕਾਫੀ ਮੀਂਹ ਪਿਆ ਹੈ ਤਾਂ ਇਨ੍ਹਾਂ ਜ਼ਿਲ੍ਹਿਆਂ ਵਿਚ ਤਾਂ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ ਵਿਚ ਅਜੇ ਵੀ ਕਾਫੀ ਮੁਸ਼ਕਲ ਹੈ।
ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ
ਕੀ ਹੈ ਵੱਖ-ਵੱਖ ਜ਼ਿਲ੍ਹਿਆਂ ਦੀ ਸਥਿਤੀ?
ਜਾਣਕਾਰੀ ਅਨੁਸਾਰ ਸੂਬੇ ਅੰਦਰ ਕੁੱਲ 23 ਵਿਚੋਂ 13 ਜ਼ਿਲ੍ਹਿਆਂ ਵਿਚ 1 ਜੂਨ ਤੋਂ 17 ਜੂਨ ਤੱਕ ਆਮ ਮੀਂਹ ਜਾਂ ਇਸ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਅੰਮ੍ਰਿਤਸਰ, ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਰੂਪਨਗਰ, ਸੰਗਰੂਰ, ਐੱਸ.ਬੀ.ਐਸ. ਨਗਰ ਆਦਿ ਜ਼ਿਲੇ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕਈ ਜ਼ਿਲ੍ਹਿਆਂ ’ਚ ਮੀਂਹ ਦੀ ਮਾਤਰਾ ਖੇਤਾਂ ਵਿਚ ਮਿੱਟੀ ਵਿਚੋਂ ਸੋਕੇ ਨੂੰ ਖਤਮ ਕਰਨ ਲਈ ਕਾਫੀ ਸੀ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਖਾਸ ਤੌਰ ’ਤੇ ਝੋਨੇ ਲਈ ਖੇਤ ਤਿਆਰ ਕਰਨ ਅਤੇ ਪਹਿਲਾਂ ਤੋਂ ਲਗਾਏ ਗਏ ਝੋਨੇ ਨੂੰ ਪਾਣੀ ਲਗਾਉਣ ਲਈ ਟਿਊਬਵੈਲਾਂ ’ਤੇ ਵੱਧ ਨਿਰਭਰ ਨਹੀਂ ਰਹਿਣਾ ਪਿਆ। ਖੇਤੀ ਅਧਿਕਾਰੀਆਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਅੰਦਰ ਇਹ ਮੀਂਹ ਬਿਲਕੁਲ ਸਹੀ ਸਮੇਂ ’ਤੇ ਆਇਆ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ: ਡਾਕਟਰ ਦਾ ਗੋਲੀਆਂ ਮਾਰ ਕੇ ਕਤਲ
ਹੇਠ ਲਿਖੇ ਕੁਝ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਆਮ ਦੇ ਮੁਕਾਬਲੇ ਵੱਧ ਬਾਰੀਸ਼ ਦਰਜ ਕੀਤੀ ਗਈ ਹੈ।
ਬਰਨਾਲਾ (71.3 ਮੀ.ਮੀ.),
ਲੁਧਿਆਣਾ (65.1 ਮੀ.ਮੀ.),
ਰੂਪਨਗਰ (59.9 ਮੀ.ਮੀ.),
ਮੋਗਾ (42.5 ਮੀ.ਮੀ.),
ਫ਼ਰੀਦਕੋਟ (36.6 ਮੀ.ਮੀ),
ਪਟਿਆਲਾ (35.1 ਮੀ.ਮੀ.),
ਐੱਸ.ਬੀ.ਐੱਸ. ਨਗਰ (38.2 ਮੀ.ਮੀ.)
5 ਜ਼ਿਲ੍ਹਿਆਂ ’ਚ ਪਿਆ ਬਹੁਤ ਘੱਟ ਮੀਂਹ
ਹੇਠ ਲਿਖੇ ਕੁਝ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਆਮ ਦੇ ਮੁਕਾਬਲੇ ਘੱਟ ਮੀਂਹ ਹੈ ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿਚ ਲੋਕ ਗਰਮੀ ਨਾਲ ਜੂਝ ਰਹੇ ਹਨ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ’ਤੇ ਬੋਝ ਹੈ ਰਿਹਾ ਹੈ।
ਤਰਨ ਤਾਰਨ (0.1 ਮੀ.ਮੀ.),
ਅੰਮ੍ਰਿਤਸਰ (0.4 ਮੀ.ਮੀ.),
ਕਪੂਰਥਲਾ (4.9 ਮੀ.ਮੀ.),
ਜਲੰਧਰ (7.9 ਮੀ.ਮੀ.),
ਗੁਰਦਾਸਪੁਰ (8.3 ਮੀ.ਮੀ.)
ਇਹ ਵੀ ਪੜ੍ਹੋ- ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ ਤਾਇਨਾਤ ਹੋਈ ਪੁਲਸ
ਤਾਪਮਾਨ ’ਚ ਗਿਰਾਵਟ, ਪਰ ਗਰਮੀ ਤੋਂ ਨਹੀਂ ਮਿਲੀ ਰਾਹਤ
ਗੁਰਦਾਸਪੁਰ ਜ਼ਿਲ੍ਹੇ ਅੰਦਰ ਬੇਸ਼ੱਕ ਮੀਂਹ ਘੱਟ ਪਿਆ ਤਾਪਮਾਨ 40 ਤੋਂ 45 ਡਿਗਰੀ ਸੈਂਟੀਗਰੇਡ ਤੋਂ ਘੱਟ ਕੇ 35 ਡਿਗਰੀ ਦੇ ਕਰੀਬ ਰਹਿ ਗਈ ਹੈ ਪਰ ਗਰਮੀ ਤੋਂ ਅਜੇ ਵੀ ਲੋਕਾਂ ਨੂੰ ਰਾਹਤ ਨਹੀਂ ਮਿਲੀ। ਅਜੇ ਆਉਣ ਵਾਲੇ 2-3 ਦਿਨ ਤਾਪਮਾਨ ਇਸ ਦੇ ਆਸ ਪਾਸ ਹੀ ਰਹਿਣ ਦੀ ਸੰਭਾਵਨਾ ਹੈ। ਅਜੇ ਵੀ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਿਸ ਦਾ ਅਸਰ ਲੋਕਾਂ ਦੇ ਕਾਰੋਬਾਰਾਂ ’ਤੇ ਆਮ ਜਨਜੀਵਨ ’ਤੇ ਪੈ ਰਿਹਾ ਹੈ। ਇਸ ਜ਼ਿਲ੍ਹੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਵੀ ਟਿਊਬਵੈਲਾਂ ’ਤੇ ਨਿਰਭਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8