ਆਨਲਾਈਨ ਡੇਟਿੰਗ ਅਤੇ ਰੋਮਾਂਸ : ਵੱਡੇ ਧੋਖੇ ਹਨ ਇਸ ਰਾਹ ’ਚ

Sunday, Feb 04, 2024 - 10:48 AM (IST)

ਆਨਲਾਈਨ ਡੇਟਿੰਗ ਅਤੇ ਰੋਮਾਂਸ : ਵੱਡੇ ਧੋਖੇ ਹਨ ਇਸ ਰਾਹ ’ਚ

ਆਨਲਾਈਨ ਡੇਟਿੰਗ ਅਤੇ ਰੋਮਾਂਸ ਐਪ ਰਾਹੀਂ ਦੁਨੀਆ ਭਰ ’ਚ ਧੋਖਾਦੇਹੀ ਅਤੇ ਠੱਗੀ ਦੇ ਮਾਮਲੇ ਵਧੇ ਹਨ। ਸੋਸ਼ਲ ਮੀਡੀਆ ਅਤੇ ਸਾਈਬਰ ਫਰਾਡ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਕਾਰਨ ਔਰਤਾਂ ਧੋਖਾਦੇਹੀ ਅਤੇ ਜਬਰ-ਜ਼ਨਾਹ ਦਾ ਸ਼ਿਕਾਰ ਹੋ ਰਹੀਆਂ ਹਨ। ਸਾਈਬਰ ਮਾਹਿਰ ਦੀ ਮੰਨੀਏ ਤਾਂ ਇਸ ਜਾਲ ’ਚ ਫਸ ਕੇ ਸ਼ਰਮ ਅਤੇ ਬਦਨਾਮੀ ਦੇ ਡਰੋਂ ਕਈ ਨੌਜਵਾਨ-ਮੁਟਿਆਰਾਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਦੁਨੀਆ ਭਰ ਦੇ ਲੋਕ ਇੰਸਟਾ ਅਤੇ ਫੇਸਬੁੱਕ ਵਰਗੇ ਪਲੇਟਫਾਰਮ ’ਤੇ ਮਿਲਦੇ ਹਨ, ਦੋਸਤ ਬਣ ਜਾਂਦੇ ਹਨ। ਹੌਲੀ-ਹੌਲੀ ਦੋਸਤੀ ਪਿਆਰ ’ਚ ਬਦਲ ਜਾਂਦੀ ਹੈ। ਦੇਖਿਆ ਜਾਵੇ ਤਾਂ ਨਵੀਂ ਕਿਸਮ ਦੇ ਸਮਾਜਿਕ ਰਿਸ਼ਤਿਆਂ ਦਾ ਇਹ ਮਾਇਆਵੀ ਸੰਸਾਰ ਬੇਹੱਦ ਭਰਮਾਉਣਾ ਹੈ। ਇਸ ਰਾਹੀਂ ਅਣਜਾਣੇ ਰਿਸ਼ਤੇ ਆਪਸ ’ਚ ਜੁੜ ਜਾਂਦੇ ਹਨ।

ਹਾਲ ਦੇ ਦਿਨਾਂ ’ਚ ਆਨਲਾਈਨ ਪਿਆਰ ਦੀਆਂ ਅਜਿਹੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਜਿਨ੍ਹਾਂ ’ਚ ਲੋਕਾਂ ਨੇ ਸਰਹੱਦ ਤੱਕ ਨੂੰ ਪਾਰ ਕਰ ਲਿਆ ਪਰ ਦੇਖਣ ’ਚ ਜੋ ਸੋਸ਼ਲ ਮੀਡੀਆ ਰੋਮਾਂਚਕ ਹੈ, ਉਸ ਦੇ ਖਤਰੇ ਵੀ ਹਜ਼ਾਰ ਹਨ ਕਿਉਂਕਿ ਜਦੋਂ ਚੈਟਿੰਗ ਤੋਂ ਸ਼ੁਰੂ ਹੋਈ ਦੋਸਤੀ ਦਾ ਸਫਰ ਛੇੜਖਾਨੀ, ਜਬਰ-ਜ਼ਨਾਹ, ਸੈਕਸ ਸ਼ੋਸ਼ਣ, ਵਿਆਹ ਦੇ ਨਾਂ ’ਤੇ ਝਾਂਸੇ ਅਤੇ ਆਰਥਿਕ ਸ਼ੋਸ਼ਣ ਨਾਲ ਖਤਮ ਹੁੰਦਾ ਹੈ, ਉਦੋਂ ਹਾਲਤ ਬੜੀ ਦੁਖਦਾਈ ਹੋ ਜਾਂਦੀ ਹੈ। ਪੁਲਸ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਸੋਸ਼ਲ ਮੀਡੀਆ ਅਤੇ ਡੇਟਿੰਗ ਸਾੲੀਟਸ ਨੇ ਲੜਕੀਆਂ ਦੇ ਅਗਵਾ ਦੀਆਂ ਘਟਨਾਵਾਂ ਦਾ ਗ੍ਰਾਫ ਵਧਾ ਦਿੱਤਾ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਅਗਵਾ ਦੇ ਜੋ ਮੁਕੱਦਮੇ ਲਿਖੇ ਗਏ, ਉਨ੍ਹਾਂ ’ਚ ਵੱਡੀ ਗਿਣਤੀ ’ਚ ਦੋਸ਼ੀ ਨਾਲ ਪਛਾਣ ਸੋਸ਼ਲ ਮੀਡੀਆ ’ਤੇ ਹੋਈ ਸੀ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਸੋਸ਼ਲ ਮੀਡੀਆ ’ਤੇ ਪਹਿਲਾਂ ਦੋਸਤੀ ਹੋਈ, ਉਸ ਦੇ ਬਾਅਦ ਪਿਆਰ। ਨਾਲ ਹੀ ਜਿਊਣ-ਮਰਨ ਦੀਆਂ ਕਸਮਾਂ ਖਾਧੀਆਂ ਗਈਆਂ। ਲੜਕੀਆਂ ਨੇ ਘਰ ਛੱਡਿਆ। ਜਦੋਂ ਅਹਿਸਾਸ ਹੋਇਆ ਕਿ ਭੁੱਲ ਹੋ ਗਈ ਤਦ ਤਕ ਦੇਰ ਹੋ ਚੁੱਕੀ ਸੀ।

ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਦੋਸਤੀ ਕਰ ਕੇ ਵਿਆਹ ਕਰਨ ਦਾ ਝਾਂਸਾ ਦੇਣ ਅਤੇ ਹੋਟਲ ’ਚ ਸੱਦ ਕੇ ਜਬਰ-ਜ਼ਨਾਹ ਕਰਨ ਵਾਲੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਜਬਰ-ਜ਼ਨਾਹ ਦੇ ਮਾਮਲੇ ’ਚ 30 ਤੋਂ 40 ਫੀਸਦੀ ਮਾਮਲੇ ਇਸੇ ਤਰ੍ਹਾਂ ਦੇ ਹੁੰਦੇ ਹਨ। ਵਰਚੁਅਲ ਚੈਟਸ ਅਤੇ ਵੀਡੀਓ ਕਾਲਿੰਗ ਰਾਹੀਂ ਮੁਲਾਕਾਤਾਂ ਨੇ ਅਪਰਾਧੀਆਂ ਲਈ ਨਵੇਂ-ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਪਿਛਲੇ ਇਕ ਸਾਲ ’ਚ ਡਿਜੀਟਲ ਰੋਮਾਂਸ ਸਕੈਮ ਦੀ ਿਗਣਤੀ ’ਚ ਵੀ 40 ਫੀਸਦੀ ਦਾ ਵਾਧਾ ਹੋਇਆ ਹੈ।

ਏਸ਼ੀਆ ਦੇ ਕਈ ਦੇਸ਼ਾਂ ’ਚ ਇਹ ਆਨਲਾਈਨ ਰੋਮਾਂਸ ਸਕੈਮ ਧੜੱਲੇ ਨਾਲ ਚੱਲ ਰਿਹਾ ਹੈ। ਭਾਰਤ ਹੀ ਨਹੀਂ ਵਿਦੇਸ਼ਾਂ ’ਚ ਵੀ ਵੱਡੀ ਗਿਣਤੀ ’ਚ ਲੋਕ ਆਨਲਾਈਨ ਸਕੈਮ ਦੇ ਸ਼ਿਕਾਰ ਹੋ ਰਹੇ ਹਨ ਪਰ ਸਿਰਫ 20 ਫੀਸਦੀ ਲੋਕ ਇਸ ਦੀ ਸ਼ਿਕਾਇਤ ਪੁਲਸ ਨੂੰ ਕਰਦੇ ਹਨ। ਨਿਊਯਾਰਕ ’ਚ ਕਰਾਏ ਗਏ ‘ਕਾਮਬੈਟਿੰਗ ਆਨਲਾਈਨ ਵਾਇਲੈਂਸ ਅਗੇਂਸਟ ਵੂਮਨ ਐਂਡ ਗਰਲਜ਼ : ਏ ਵਰਲਡ ਵਾਈਡ ਵੈਕ-ਅਪ’ ਨਾਂ ਦੇ ਸਰਵੇ ’ਚ ਲਗਭਗ 86 ਦੇਸ਼ਾਂ ਦਾ ਅਧਿਐਨ ਕੀਤਾ ਗਿਆ। ਇਸ ਤੋਂ ਸਾਹਮਣੇ ਆਇਆ ਕਿ ਇੰਟਰਨੈੱਟ ਦੀ ਵਰਤੋਂ ਕਰਨ ਵਾਲੀਆਂ ਲਗਭਗ 3 ਚੌਥਾਈ ਔਰਤਾਂ ਕਿਸੇ ਨਾ ਕਿਸੇ ਕਿਸਮ ਦੀ ਸਾਈਬਰ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

ਸਰਵੇ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਭਾਰਤ ’ਚ ਸਾਈਬਰ ਅਪਰਾਧ ਦੇ ਮਾਮਲੇ ’ਚ ਸ਼ਿਕਾਇਤ ਕਰਨ ’ਚ ਔਰਤਾਂ ਦੀ ਗਿਣਤੀ ਕਾਫੀ ਘੱਟ ਹੈ। ਰਿਪੋਰਟ ਅਨੁਸਾਰ ਭਾਰਤ ’ਚ ਸਿਰਫ 35 ਫੀਸਦੀ ਔਰਤਾਂ ਨੇ ਸਾਈਬਰ ਅਪਰਾਧ ਦੀ ਸ਼ਿਕਾਇਤ ਕੀਤੀ, ਜਦਕਿ 46.7 ਫੀਸਦੀ ਪੀੜਤ ਔਰਤਾਂ ਨੇ ਸ਼ਿਕਾਇਤ ਹੀ ਨਹੀਂ ਕੀਤੀ। ਓਧਰ 18.3 ਫੀਸਦੀ ਔਰਤਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਦਿੱਲੀ ਐੱਨ. ਸੀ. ਆਰ. ’ਚ ਇਕ ਗੈਂਗ ਨੇ ਲਗਭਗ 700 ਔਰਤਾਂ ਨਾਲ ਠੱਗੀ ਮਾਰੀ ਅਤੇ ਇਸ ਠੱਗੀ ਨੂੰ ਇੰਸਟਾਗ੍ਰਾਮ ’ਤੇ ਦੋਸਤੀ ਕਰ ਕੇ ਅੰਜਾਮ ਦਿੱਤਾ ਗਿਆ।

ਐੱਫ. ਬੀ. ਆਈ. ਅਨੁਸਾਰ ਰੋਮਾਂਸ ਘਪਲਾ ਉਦੋਂ ਹੁੰਦਾ ਹੈ ਜਦੋਂ ਇਕ ਅਪਰਾਧੀ ਫਰਜ਼ੀ ਪ੍ਰੋਫਾਈਲ ਬਣਾਉਂਦਾ ਹੈ। ਫੇਸਬੁੱਕ ’ਤੇ ਘੱਟੋ-ਘੱਟ 20 ਫੀਸਦੀ ਅਜਿਹੇ ਯੂਜ਼ਰ ਹਨ ਜੋ ਫਰਜ਼ੀ ਨਾਂ, ਪਛਾਣ ਅਤੇ ਫੋਟੋ ਦੀ ਵਰਤੋਂ ਕਰ ਕੇ ਚੈਟਿੰਗ ਕਰਦੇ ਹਨ। ਬਿਹਤਰੀਨ ਪ੍ਰੋਫਾਈਲ ਬਣਾ ਕੇ ਪਹਿਲਾਂ ਦੋਸਤੀ ਅਤੇ ਫਿਰ ਰਾਤ ਭਰ ਗੱਲਾਂ। ਫਿਰ ਇਹੀ ਕਹਿਣਾ ਕਿ ਭਾਰੀ ਮੁਸੀਬਤ ’ਚ ਫਸ ਗਿਆ ਹਾਂ ਅਤੇ ਫਿਰ ਸ਼ੁਰੂ ਹੋ ਜਾਂਦਾ ਹੈ ਠੱਗੀ ਦਾ ਧੰਦਾ। ਸਾਹਮਣੇ ਵਾਲਾ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਤੁਰੰਤ ਭੁਗਤਾਨ ਕਰ ਦਿੰਦਾ ਹੈ। ਜਿਉਂ ਹੀ ਪੈਸੇ ਦਾ ਭੁਗਤਾਨ ਹੁੰਦਾ ਹੈ, ਫੇਕ ਪ੍ਰੋਫਾਈਲ ਬੰਦ ਹੋ ਜਾਂਦੀ ਹੈ।

ਉਸ ਦੇ ਬਾਅਦ ਇਹ ਸਮਝ ’ਚ ਆਉਂਦਾ ਹੈ ਕਿ ਬਿਨਾਂ ਸੋਚੇ-ਸਮਝੇ ਆਨਲਾਈਨ ਪਿਆਰ ਦੇ ਚੱਕਰ ’ਚ ਪੈ ਕੇ ਉਹ ਆਪਣਾ ਪੈਸਾ ਗੁਆ ਚੁੱਕੇ ਹਨ। ਸਾਈਬਰ ਐਕਸਪਰਟ ਦੱਸਦੇ ਹਨ ਕਿ ਪਿਛਲੇ ਕੁਝ ਸਾਲਾਂ ’ਚ ਸੋਸ਼ਲ ਮੀਡੀਆ ’ਤੇ ਫੋਟੋ ਦੇ ਨਾਲ-ਨਾਲ ਵੀਡੀਓ ਅਪਲੋਡ ਕਰਨ ਦਾ ਸ਼ੌਕ ਵੀ ਲੋਕਾਂ ’ਚ ਤੇਜ਼ੀ ਨਾਲ ਵਧਿਆ ਹੈ। ਕੋਈ ਰੀਲਜ਼ ਬਣਾ ਕੇ ਪਾਉਂਦਾ ਹੈ, ਕੋਈ ਬੱਚੇ ਦੀ ਵੀਡੀਓ ਪਾਉਂਦਾ ਹੈ ਪਰ ਹੁਣ ਇਹ ਵੀ ਬੇਹੱਦ ਖਤਰਨਾਕ ਬਣਦਾ ਜਾ ਰਿਹਾ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਆਵਾਜ਼ ਚੋਰੀ ਕੀਤੀ ਜਾ ਰਹੀ ਹੈ। ਬਾਅਦ ’ਚ ਇਸ ਦੀ ਵਰਤੋਂ ਤੁਹਾਨੂੰ ਠੱਗਣ ਲਈ ਕੀਤੀ ਜਾ ਸਕਦੀ ਹੈ।

ਅੱਜਕਲ ਹਨੀ ਟ੍ਰੈਪ ਦੀਆਂ ਘਟਨਾਵਾਂ ਵੀ ਚਰਚਾ ’ਚ ਹਨ। ਤੁਹਾਡੇ ਵ੍ਹਟਸਐਪ ਜਾਂ ਮੈਸੇਂਜਰ ’ਤੇ ਕਿਸੇ ਅਣਪਛਾਤੇ ਨੰਬਰ/ਪ੍ਰੋਫਾਈਲ ਨਾਲ ਲੜਕੀ/ਲੜਕੇ ਵੱਲੋਂ ਤੁਹਾਡੇ ਨਾਲ ਚੈਟਿੰਗ ਕੀਤੀ ਜਾਂਦੀ ਹੈ। ਉਸ ਦੇ ਬਾਅਦ ਉਸ ਵੱਲੋਂ ਵੀਡੀਓ ਕਾਲ ਕੀਤੀ ਜਾਂਦੀ ਹੈ ਅਤੇ ਜਿਵੇਂ ਹੀ ਤੁਸੀਂ ਵੀਡੀਓ ਕਾਲ ਚੁੱਕਦੇ ਹੋ ਤਾਂ ਸਕ੍ਰੀਨ ਰਿਕਾਰਡਿੰਗ ਰਾਹੀਂ ਉਸ ਵੱਲੋਂ ਤੁਹਾਡੀ 10-15 ਸੈਕੰਡ ਦੀ ਇਕ ਵੀਡੀਓ ਕਲਿਪ ਬਣਾ ਲਈ ਜਾਂਦੀ ਹੈ ਅਤੇ ਉਸ ਕਲਿਪ ਨੂੰ ਐਡਿਟ ਕਰ ਕੇ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਹੈ ਅਤੇ ਵੀਡੀਓ ਡਿਲੀਟ ਕਰਾਉਣ ਲਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ।

ਇਨ੍ਹੀਂ ਦਿਨੀਂ ਇਨ੍ਹਾਂ ਠੱਗਾਂ ਦੇ ਨਿਸ਼ਾਨੇ ’ਤੇ ਮੈਟਰੀਮੋਨੀਅਲ ਸਾਈਟਸ ’ਤੇ ਲਾੜੇ ਦੀ ਭਾਲ ਕਰ ਰਹੇ ਲੋਕ ਵੀ ਹਨ। ਇਹ ਸਰਹੱਦ ਪਾਰ ਦਾ ਗਿਰੋਹ ਹੈ ਜਿਸ ’ਚ ਵਧੇਰੇ ਠੱਗ ਨਾਈਜੀਰੀਅਨ ਹਨ। ਠੱਗ ਫੇਸਬੁੱਕ ’ਤੇ ਆਪਣੀ ਪ੍ਰੋਫਾਈਲ ’ਚ ਆਕਰਸ਼ਕ ਨੌਜਵਾਨ ਦੀ ਫੋਟੋ ਲਾ ਕੇ ਖੁਦ ਨੂੰ ਵਿਦੇਸ਼ ’ਚ ਡਾਕਟਰ, ਬਿਜ਼ਨੈੱਸਮੈਨ ਜਾਂ ਉਦਯੋਗਪਤੀ ਦੱਸਦੇ ਹਨ। ਇਸ ਦੇ ਬਾਅਦ ਔਰਤਾਂ ਨੂੰ ਫ੍ਰੈਂਡ ਰਿਕੂਐਸਟ ਭੇਜਦੇ ਹਨ।

ਵਿੱਤੀ ਬੇਨਤੀ ਕਰਨ ਵਾਲੇ ਆਨਲਾਈਨ ਪ੍ਰੇਮੀ-ਪ੍ਰੇਮਿਕਾਵਾਂ ਤੋਂ ਸਾਵਧਾਨ ਰਹੋ। ਆਨਲਾਈਨ ਲਿੰਕ ਅਤੇ ਇੰਟਰਨੈੱਟ ਮੀਡੀਆ ’ਤੇ ਕਿਸੇ ਵੀ ਤਰ੍ਹਾਂ ਦੇ ਆਫਰ ਅਤੇ ਲਾਲਚ ’ਚ ਨਾ ਆਓ। ਕੋਈ ਰੁਪਏ ਦੀ ਮੰਗ ਕਰਦਾ ਹੈ ਤਾਂ ਪਹਿਲਾਂ ਜਾਂਚ ਲਓ। ਜਾਂਚ ਕਰਨ ਦੇ ਬਾਅਦ ਹੀ ਕਿਸੇ ਵੀ ਬੈਂਕ ਖਾਤੇ ’ਚ ਰਕਮ ਪਾਓ। ਫਿਰ ਵੀ ਜੇ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ ਸਾਈਬਰ ਹੈਲਪ ਲਾਈਨ ਨੰਬਰ ਅਤੇ ਆਪਣੇ ਨੇੜਲੇ ਸਾਈਬਰ ਥਾਣੇ ’ਚ ਲਿਖਤੀ ਸ਼ਿਕਾਇਤ ਦਿਓ। ਇਸ ਤਰ੍ਹਾਂ ਦੀਆਂ ਸਾਵਧਾਨੀਆਂ ਨੂੰ ਧਿਆਨ ’ਚ ਰੱਖ ਕੇ ਹੀ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਦੇਖਿਆ ਜਾਵੇ ਤਾਂ ਆਨਲਾਈਨ ਧੋਖਾਦੇਹੀ ਆਰਥਿਕ ਘਪਲਾ ਹੀ ਨਹੀਂ ਹੈ, ਇਸ ’ਚ ਪੀੜਤ ਦਾ ਭਾਵਨਾਤਮਕ ਨੁਕਸਾਨ ਵੀ ਹੁੰਦਾ ਹੈ। ਉਸ ਲਈ ਭਵਿੱਖ ’ਚ ਕਿਸੇ ’ਤੇ ਵੀ ਆਸਾਨੀ ਨਾਲ ਭਰੋਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਗੀਤਾ ਯਾਦਵ, ਸੀਨੀਅਰ ਪੱਤਰਕਾਰ


author

Tanu

Content Editor

Related News