ਅਸਫਲਤਾ ਦੀ ਗੂੰਜ ਮਿਟਾਉਣ ਲਈ ਇਕ ਧਮਕ ਹੀ ਕਾਫੀ ਹੈ

09/21/2019 1:05:21 AM

ਪੂਰਨ ਚੰਦ ਸਰੀਨ

ਜੀਵਨ ’ਚ ਅਜਿਹੇ ਪਲ ਆਉਂਦੇ ਹਨ, ਜਦੋਂ ਹਰ ਪਾਸੇ ਨਿਰਾਸ਼ਾ ਦਿਖਾਈ ਦਿੰਦੀ ਹੈ, ਕਿਸੇ ਨਾਲ ਗੱਲ ਕਰਨ, ਮਿਲਣ, ਕਿਤੇ ਜਾਣ ਅਤੇ ਕੁਝ ਕੰਮ-ਧੰਦਾ, ਵਪਾਰ ਅਤੇ ਨੌਕਰੀ ਤਕ ਕਰਨ ਦਾ ਮਨ ਨਾ ਕਰਦਾ ਹੋਵੇ, ਉਦਾਸੀ ਘੇਰੀ ਰੱਖਦੀ ਹੋਵੇ ਅਤੇ ਤਣਾਅ ਇੰਨਾ ਮਹਿਸੂਸ ਹੋਵੇ ਕਿ ਮੌਤ ਦੀ ਕਾਮਨਾ ਸੋਚ ’ਤੇ ਹਾਵੀ ਹੁੰਦੀ ਹੋਈ ਲੱਗਦੀ ਹੋਵੇ।

ਅਜਿਹੇ ਪਲ ਉਦੋਂ ਆਉਂਦੇ ਹਨ, ਜਦੋਂ ਸਾਡਾ ਕੋਈ ਆਪਣਾ ਵਿਛੜ ਗਿਆ ਹੋਵੇ, ਪਰਿਵਾਰਕ ਅਤੇ ਪਿਆਰ ਭਰੇ ਸਬੰਧਾਂ ਵਿਚ ਤਰੇੜ ਆਉਣ ਲੱਗੀ ਹੋਵੇ ਜਾਂ ਫਿਰ ਵਪਾਰ ਜਾਂ ਨੌਕਰੀ ’ਚ ਅਸਫਲਤਾ ਹੱਥ ਲੱਗ ਜਾਵੇ, ਧਨ-ਜਾਇਦਾਦ, ਰੁਪਿਆ-ਪੈਸਾ ਡੁੱਬ ਜਾਵੇ ਅਤੇ ਕਰਜ਼ਾ ਵਸੂਲਣ ਵਾਲਿਆਂ ਨੇ ਜਿਊਣਾ ਮੁਸ਼ਕਿਲ ਕਰ ਦਿੱਤਾ ਹੋਵੇ।

ਸੋਚ ’ਚ ਬਦਲਾਅ

ਇਸ ਦਾ ਮਤਲਬ ਇਹ ਹੈ ਕਿ ਜੋ ਲੋਕ ਇਸ ਦੌਰ ’ਚੋਂ ਲੰਘ ਰਹੇ ਹੁੰਦੇ ਹਨ, ਉਨ੍ਹਾਂ ’ਤੇ ਅਸਫਲਤਾ ਨੇ ਸ਼ਿਕੰਜਾ ਕੱਸ ਲਿਆ ਹੈ ਅਤੇ ਉਹ ਸੋਚਣ ਲੱਗਦੇ ਹਨ ਕਿ ਉਨ੍ਹਾਂ ਦਾ ਹੁਣ ਕੁਝ ਨਹੀਂ ਹੋ ਸਕਦਾ ਜਾਂ ਫਿਰ ਸਭ ਕੁਝ ਕਿਸਮਤ ਜਾਂ ਰੱਬ ਆਸਰੇ ਛੱਡ ਦਿੰਦੇ ਹਨ। ਇਹ ਜੋ ਸਫਲ ਜਾਂ ਅਸਫਲ ਹੋਣ ਦੀ ਗੱਲ ਹੈ, ਇਸ ਵਿਚ ਸਿਰਫ ਇਕ ‘ਅ’ ਦਾ ਫਰਕ ਹੈ। ਵਰਣਮਾਲਾ ਦਾ ਇਹ ਅੱਖਰ, ਜੋ ਸੁਰ ਅਖਵਾਉਂਦਾ ਹੈ, ਉਸ ਦੀ ਗੂੰਜ ਇੰਨੀ ਵਿਆਪਕ ਹੁੰਦੀ ਹੈ ਕਿ ਵੱਡੇ-ਵੱਡੇ ਸੂਰਮੇ ਉਸ ਅੱਗੇ ਪਸਤ ਹੋ ਜਾਂਦੇ ਹਨ। ਇਸੇ ਦੇ ਨਾਲ ਇਹ ਵੀ ਸੱਚ ਹੈ ਕਿ ਇਸ ‘ਅ’ ਨੂੰ ਹਰਾਉਣ ਦਾ ਮੰਤਰ ਉਸ ਤੋਂ ਬਾਅਦ ਦੇ ਸੁਰ ‘ਆ’ ਵਿਚ ਹੀ ਹੈ, ਜਿਸ ਨਾਲ ਬਣਿਆ ਪੂਰਾ ਸ਼ਬਦ ਆਤਮ-ਵਿਸ਼ਵਾਸ ਹੈ, ਜੋ ਇਸ ਸ਼ਬਦ ਦੀ ਮਹਿਮਾ ਪਛਾਣ ਕੇ ਇਸ ਨੂੰ ਆਪਣੇ ਗਲੇ ਦਾ ਹਾਰ ਬਣਾਉਣ ’ਚ ਕਾਮਯਾਬ ਹੋ ਜਾਂਦਾ ਹੈ, ਉਸ ਦਾ ਅਸਫਲਤਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ।

ਅਸਫਲਤਾ ਦੇ ਕਈ ਪੈਮਾਨੇ ਹਨ। ਨੌਕਰੀ ਨਾ ਮਿਲਣ ਜਾਂ ਛੁੱਟ ਜਾਣ ਜਾਂ ਵਪਾਰ-ਕਾਰੋਬਾਰ ਵਿਚ ਜ਼ਬਰਦਸਤ ਘਾਟਾ ਹੋ ਜਾਣ ਨਾਲ ਉਸ ਦੇ ਬੰਦ ਹੋ ਜਾਣ ਨੂੰ ਅਸਫਲ ਹੋਣ ਦੀ ਸ਼੍ਰੇਣੀ ਵਿਚ ਪਾ ਦਿੱਤਾ ਜਾਂਦਾ ਹੈ। ਇਸ ਤੋਂ ਉਲਟ ਇਹ ਇਕ ਅਜਿਹਾ ਮੌਕਾ ਹੁੰਦਾ ਹੈ, ਜੋ ਸੋਚ ਬਦਲ ਸਕਦਾ ਹੈ ਕਿ ਆਖਿਰ ਗਲਤੀ ਕਿੱਥੇ ਹੋਈ, ਜੋ ਅਜਿਹਾ ਹੋਇਆ ਕਿ ਸਭ ਕੁਝ ਖਤਮ ਹੁੰਦਾ ਹੋਇਆ ਲੱਗਣ ਲੱਗਾ। ਇਹੀ ਨਹੀਂ, ਅਜਿਹੇ ਹਾਲਾਤ ਦੇ ਸ਼ਿਕਾਰ ਵਿਅਕਤੀ ਨੂੰ ਆਪਣੀ ਨੌਕਰੀ ਬਦਲਣ ਜਾਂ ਵਪਾਰ ਕਰਨ ਦੇ ਤਰੀਕੇ ਵਿਚ ਤਬਦੀਲੀ ਕਰਨ ਦਾ ਇਹ ਇਕ ਨਾਯਾਬ ਮੌਕਾ ਹੁੰਦਾ ਹੈ।

ਇਕ ਘਟਨਾ ਹੈ। ਇਕ ਮਿੱਤਰ ਸਰਕਾਰੀ ਦਫਤਰ ਵਿਚ ਨੌਕਰੀ ਕਰਦਾ ਸੀ ਅਤੇ ਉਥੇ ਉਸ ਦਾ ਜੋ ਅਫਸਰ ਸੀ, ਉਹ ਰਿਸ਼ਵਤਖੋਰ ਹੋਣ ਕਾਰਨ ਆਪਣੇ ਮਾਤਹਿਤ ਲੋਕਾਂ ਨਾਲ ਅੱਤਵਾਦੀ ਵਰਗਾ ਵਤੀਰਾ ਕਰਦਾ ਸੀ ਤਾਂ ਕਿ ਉਸ ਦੀ ਕਰਨੀ ਉਜਾਗਰ ਨਾ ਹੋ ਸਕੇ। ਹੁਣ ਹੋਇਆ ਇਹ ਕਿ ਮਿੱਤਰ ਦੀ ਈਮਾਨਦਾਰੀ ਆਪਣੇ ਅਫਸਰ ਦੀ ਗੱਲ ਮੰਨਣ ’ਚ ਰੋੜਾ ਬਣ ਰਹੀ ਸੀ, ਜਿਸ ਕਾਰਨ ਦੋਹਾਂ ਵਿਚਾਲੇ ਠਣ ਗਈ। ਅਫਸਰ ਦੇ ਵਤੀਰੇ ਤੋਂ ਮਿੱਤਰ ਨੂੰ ਹਰ ਰੋਜ਼ ਮਾਨਸਿਕ ਧੱਕਾ ਲੱਗਦਾ ਸੀ ਅਤੇ ਉਸ ਨੂੰ ਡਿਪ੍ਰੈਸ਼ਨ ਰਹਿਣ ਲੱਗਾ ਕਿਉਂਕਿ ਨੌਕਰੀ ਜਾਣ ਦਾ ਡਰ ਸੀ ਅਤੇ ਪਰਿਵਾਰ ਵਿਚ ਆਰਥਿਕ ਸੰਕਟ ਰਹਿੰਦਾ ਸੀ। ਉਸ ਅਫਸਰ ਨੇ ਸਾਲਾਨਾ ਰਿਪੋਰਟ ਵੀ ਖਰਾਬ ਕਰ ਦਿੱਤੀ ਅਤੇ ਉਸ ਦੀ ਤਰੱਕੀ ਦੇ ਰਸਤੇ ਬੰਦ ਕਰ ਦਿੱਤੇ।

ਮਿੱਤਰ ਇੰਨਾ ਪ੍ਰੇਸ਼ਾਨ ਕਿ ਆਤਮ-ਹੱਤਿਆ ਤਕ ਦੀ ਗੱਲ ਮਨ ਵਿਚ ਆਉਣ ਲੱਗੀ। ਇਕ ਦਿਨ ਘਰ ਆ ਕੇ ਬੁਰੀ ਤਰ੍ਹਾਂ ਰੋਣ ਨਿਕਲ ਗਿਆ। ਪਤਨੀ ਨੇ ਸਮਝਾਇਆ ਤਾਂ ਵੀ ਕੋਈ ਫਰਕ ਨਹੀਂ ਅਤੇ ਉਸ ਤੋਂ ਬਾਅਦ ਸੋਚਣ ਲੱਗਾ ਕਿ ਇਸ ਤਰ੍ਹਾਂ ਤਾਂ ਉਹ ਅਫਸਰ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਜਾਵੇਗਾ ਅਤੇ ਉਹ ਹਮੇਸ਼ਾ ਨਾਕਾਮਯਾਬ ਰਹਿਣ ਦਾ ਕਲੰਕ ਢੋਣ ਲਈ ਮਜਬੂਰ ਹੋ ਜਾਵੇਗਾ। ਅਗਲੇ ਦਿਨ ਦਫਤਰ ਵਿਚ ਉਸ ਅਫਸਰ ਨੇ ਪੂਰੇ ਸਟਾਫ ਸਾਹਮਣੇ ਕਿਹਾ ਕਿ ਅਜੇ ਵੀ ਮਿੱਤਰ ਉਸ ਦੀਆਂ ਨਾਜਾਇਜ਼ ਗੱਲਾਂ ਮੰਨ ਲਏ, ਸਭ ਕੁਝ ਠੀਕ ਹੋ ਸਕਦਾ ਹੈ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।

ਮਿੱਤਰ ਦਾ ਆਤਮ-ਵਿਸ਼ਵਾਸ ਜਾਗ ਚੁੱਕਾ ਸੀ ਅਤੇ ਉਸ ਨੇ ਸਭ ਦੇ ਸਾਹਮਣੇ ਉਸ ਅਫਸਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਹ ਅਫਸਰ ਆਪਣੀ ਜਾਨ ਬਚਾ ਕੇ ਕਮਰੇ ’ਚ ਦਾਖਲ ਹੋਇਆ ਅਤੇ ਮਿੱਤਰ ਸਿੱਧਾ ਸੰਸਥਾ ਦੇ ਸਰਵਉੱਚ ਅਧਿਕਾਰੀ ਦੇ ਕਮਰੇ ਵਿਚ ਅਤੇ ਜੋ ਕੁਝ ਉਸ ਦੇ ਨਾਲ ਹੋ ਰਿਹਾ ਸੀ, ਬਿਆਨ ਕਰ ਦਿੱਤਾ। ਅਧਿਕਾਰੀ ਨੇ ਦਿਲਾਸਾ ਦਿੱਤਾ ਅਤੇ ਆਪਣੇ ਸੈਕਟਰੀ ਕੋਲ ਬੈਠਣ ਲਈ ਕਿਹਾ। ਇਧਰ ਉਹ ਕਮਰੇ ’ਚੋਂ ਬਾਹਰ ਆ ਰਿਹਾ ਸੀ ਅਤੇ ਉਸੇ ਵੇਲੇ ਉਹ ਅਫਸਰ ਅੰਦਰ ਜਾ ਰਿਹਾ ਸੀ।

ਕੁਝ ਹੀ ਪਲਾਂ ’ਚ ਉਹ ਅਫਸਰ ਮੂੰਹ ਲਟਕਾਈ ਅਧਿਕਾਰੀ ਦੇ ਕਮਰੇ ’ਚੋਂ ਬਾਹਰ ਨਿਕਲਦਾ ਦਿਖਾਈ ਦਿੱਤਾ। ਸੰਦੇਸ਼ ਸਪੱਸ਼ਟ ਸੀ ਕਿ ਮਿੱਤਰ ਨੇ ਆਪਣੀ ਅਸਫਲਤਾ ਨੂੰ ਸਫਲਤਾ ਵਿਚ ਬਦਲ ਦਿੱਤਾ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਨਾਕਾਮਯਾਬੀ ਨੂੰ ਕਾਮਯਾਬੀ ਵਿਚ ਬਦਲਣ ਲਈ ਬਸ ਸੋਚ ਵਿਚ ਤਬਦੀਲੀ ਦਾ ਇਕ ਧੱਕਾ ਲਾਉਣਾ ਹੀ ਕਾਫੀ ਹੈ।

ਸੰਕਲਪ ’ਚ ਜਲਦਬਾਜ਼ੀ

ਅਕਸਰ ਅਸੀਂ ਆਪਣਾ ਟੀਚਾ ਜਾਂ ਉਦੇਸ਼ ਬਿਨਾਂ ਹਾਲਾਤ ’ਤੇ ਭਲੀਭਾਂਤ ਵਿਚਾਰ ਕੀਤੇ ਬਿਨਾਂ ਤੈਅ ਕਰ ਲੈਂਦੇ ਹਾਂ ਅਤੇ ਉਸ ਨੂੰ ਪੂਰਾ ਕਰਨ ਦਾ ਸੰਕਲਪ ਵੀ ਲੈ ਲੈਂਦੇ ਹਾਂ। ਹੁਣ ਕਿਉਂਕਿ ਠੀਕ ਤਰ੍ਹਾਂ ਸੋਚਿਆ-ਸਮਝਿਆ ਵਿਚਾਰ ਨਹੀਂ, ਇਸ ਲਈ ਸੰਕਲਪ ਟੁੱਟ ਗਿਆ ਅਤੇ ਆਪਣੇ ਆਪ ਨੂੰ ਅਸਫਲ ਮੰਨਣ ਲੱਗੇ। ਇਹ ਅਜਿਹਾ ਹੀ ਹੈ, ਜਿਵੇਂ ਕਿ ਹਰ ਸਾਲ ਪਹਿਲੀ ਜਨਵਰੀ ਨੂੰ ਉਲਟੇ-ਸਿੱਧੇ ਜਾਂ ਦੇਖਾ-ਦੇਖੀ ਅਜਿਹੇ ਸੰਕਲਪ ਲੈ ਲੈਂਦੇ ਹਾਂ, ਜੋ ਅਕਸਰ ਅਗਲੇ ਦਿਨ ਖਿੱਲਰ ਜਾਂਦੇ ਹਨ। ਇਸੇ ਲਈ ਇਹ ਕਹਾਵਤ ਕਹੀ ਗਈ ਹੈ–‘ਬਿਨਾਂ ਵਿਚਾਰੇ ਜੋ ਕਰੇ, ਸੋ ਪਾਛੇ ਪਛਤਾਏ।’

ਇਸ ਲਈ ਸੰਕਲਪ ਕਰਨ ਤੋਂ ਬਚੋ ਅਤੇ ਜੇਕਰ ਕਦੇ ਕਰ ਲਓ ਤਾਂ ਹਿੰਮਤ ਦਾ ਪੱਲਾ ਨਾ ਛੱਡੋ। ਇਸ ਦੇ ਨਾਲ ਹੀ ਕਿਸੇ ਦੇ ਵੀ ਸੁਝਾਅ ਨੂੰ ਸਭ ਤੋਂ ਪਹਿਲਾਂ ਨਾ ਕਹਿਣ ਦੀ ਹਿੰਮਤ ਦਿਖਾਓ ਕਿਉਂਕਿ ਹਰ ਕੋਈ ਆਪਣੇ ਮਨ ਦਾ ਸੁਝਾਅ ਦਿੰਦਾ ਹੈ, ਜੋ ਦੂਜਿਆਂ ਲਈ ਬਿਲਕੁਲ ਭਲਾਈ ਦਾ ਨਹੀਂ ਹੁੰਦਾ। ਕਾਰਨ ਇਹ ਹੈ ਕਿ ਹਰੇਕ ਦੇ ਸੋਚਣ ਅਤੇ ਕਿਸੇ ਗੱਲ ’ਤੇ ਅਮਲ ਕਰਨ ਦੀਆਂ ਆਪਣੀਆਂ ਸੀਮਾਵਾਂ ਹੁੁੰਦੀਆਂ ਹਨ, ਜਿਨ੍ਹਾਂ ਦੇ ਲੰਘਦੇ ਹੀ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦੇ ਨਾਲ ਹੀ ਆਪਣੀ ਅਸਫਲਤਾ ਲਈ ਕਦੇ ਦੂਜਿਆਂ ਨੂੰ ਜ਼ਿੰਮੇਵਾਰ ਨਾ ਦੱਸੋ, ਜਿਵੇਂ ਕਿ ਸਾਡੇ ਮਾਤਾ-ਪਿਤਾ ਨੇ ਵੱਡੇ ਸਕੂਲ ਵਿਚ ਨਹੀਂ ਪੜ੍ਹਾਇਆ ਜਾਂ ਸਾਨੂੰ ਵਧੀਆ ਨੌਕਰੀ ਨਾ ਮਿਲ ਸਕਣ ਲਈ ਉਨ੍ਹਾਂ ਦੀ ਪਰਵਰਿਸ਼ ਨੂੰ ਜ਼ਿੰਮੇਵਾਰ ਠਹਿਰਾਈਏ ਜਾਂ ਫਿਰ ਅਸੀਂ ਜੋ ਵਪਾਰ-ਕਾਰੋਬਾਰ ਕਰਨਾ ਚਾਹੁੰਦੇ ਹਾਂ, ਉਸ ਦੇ ਲਈ ਉਹ ਧਨ ਨਹੀਂ ਜੁਟਾ ਪਾ ਰਹੇ ਅਤੇ ਅਜਿਹੀਆਂ ਹੀ ਦੂਜੀਆਂ ਗੱਲਾਂ, ਜਿਨ੍ਹਾਂ ਦਾ ਅਰਥ ਇਹੀ ਹੈ ਕਿ ਅਸੀਂ ਆਪਣੀ ਹਾਰ ਦਾ ਠੀਕਰਾ ਆਪਣੇ ਮਾਤਾ-ਪਿਤਾ, ਮਿੱਤਰਾਂ ਜਾਂ ਰਿਸ਼ਤੇਦਾਰਾਂ ਦੇ ਸਿਰ ਭੰਨਣਾ ਚਾਹੁੰਦੇ ਹਾਂ, ਜਦਕਿ ਉਨ੍ਹਾਂ ਦਾ ਸਾਡੀ ਸੋਚ ਜਾਂ ਸਾਡੇ ਕੰਮ ਨਾਲ ਕੋਈ ਲੈਣਾ-ਦੇਣਾ ਨਹੀਂ। ਅਕਸਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਹੈਸੀਅਤ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੀ ਨੌਕਰੀ ਜਾਂ ਵਪਾਰ ਲਈ ਪਤਾ ਨਹੀਂ ਕਿੱਥੋਂ-ਕਿੱਥੋਂ ਸਿਫਾਰਿਸ਼ ਅਤੇ ਰੁਪਿਆ-ਪੈਸਾ ਜੁਟਾਉਂਦੇ ਹਨ ਪਰ ਜਦੋਂ ਔਲਾਦ ਇੰਨਾ ਸਭ ਕਰਨ ’ਤੇ ਵੀ ਉਨ੍ਹਾਂ ਪ੍ਰਤੀ ਵਿਸ਼ਵਾਸ ਰੱਖੇ ਤਾਂ ਇਸ ਦਾ ਮਤਲਬ ਇਹੀ ਹੈ ਕਿ ਉਸ ਵਿਅਕਤੀ ’ਚ ਆਤਮ-ਵਿਸ਼ਵਾਸ ਦੀ ਜ਼ਬਰਦਸਤ ਘਾਟ ਹੈ। ਸਫਲ ਹੋਣ ਲਈ ਜਿਸ ਤਰ੍ਹਾਂ ਆਪ ਮਰੇ ਬਿਨਾਂ ਸਵਰਗ ਨਹੀਂ ਮਿਲਦਾ, ਉਸੇ ਤਰ੍ਹਾਂ ਖ਼ੁਦ ਆਪਣਾ ਰਸਤਾ ਬਣਾਏ ਬਿਨਾਂ ਮੰਜ਼ਿਲ ਵੀ ਨਹੀਂ ਮਿਲਦੀ।

ਮਾਨਸਿਕ ਸੰਤੁਲਨ ਬਣਾਈ ਰੱਖਣਾ, ਦੂਜਿਆਂ ਦੀ ਬਜਾਏ ਸਿਰਫ ਖ਼ੁਦ ਤੋਂ ਉਮੀਦ ਰੱਖਣਾ, ਜੇਕਰ ਕੋਈ ਰਿਸਕ ਜਾਂ ਖ਼ਤਰਾ ਮੁੱਲ ਲੈਣਾ ਹੈ ਤਾਂ ਉਹ ਖ਼ੁਦ ਲੈਣਾ, ਇਹ ਸਮਝਣਾ ਕਿ ਆਰ-ਪਾਰ ਦਾ ਸੰਘਰਸ਼ ਹੈ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਜੇਕਰ ਫਿਰ ਵੀ ਅਸਫਲ ਹੋ ਗਏ ਤਾਂ ਉਸ ਨੂੰ ਮੋਢੇ ’ਤੇ ਪੈ ਗਈ ਧੂੜ ਵਾਂਗ ਝਾੜ ਦੇਣਾ, ਸਗੋਂ ਉਸ ਦਾ ਜਸ਼ਨ ਮਨਾਉਣਾ ਸਫਲ ਹੋਣ ਦਾ ਆਸਾਨ ਮੰਤਰ ਹੈ। ਇਹ ਵੀ ਧਿਆਨ ਰੱਖੋ ਕਿ ਅਕਸਰ ਧੋਖਾ ਉਨ੍ਹਾਂ ਤੋਂ ਹੀ ਮਿਲਦਾ ਹੈ, ਜਿਨ੍ਹਾਂ ਨੂੰ ਤੁਸੀਂ ਬਿਨਾਂ ਪੜਤਾਲ ਕੀਤੇ ਆਪਣੇ ਇਥੇ ਕੰਮ ’ਤੇ ਰੱਖਿਆ ਅਤੇ ਬਿਨਾਂ ਵਿਚਾਰ ਕੀਤੇ ਦੂਜੇ ਦੇ ਕਹਿਣ ’ਤੇ ਉਸ ’ਤੇ ਭਰੋਸਾ ਕਰ ਲਿਆ। ਇਸ ਲਈ ਦਿਲ ਭਾਵੇਂ ਕਿੰਨਾ ਵੀ ਕੋਮਲ ਰੱਖੋ ਪਰ ਦਿਮਾਗ ਜੋ ਕਹੇ, ਉਸੇ ਨੂੰ ਤਰਜੀਹ ਦਿਓ ਤਾਂ ਅਸਫਲ ਹੋਣ ਤੋਂ ਨਿਸ਼ਚਿਤ ਤੌਰ ’ਤੇ ਬਚਿਆ ਜਾ ਸਕਦਾ ਹੈ।

(pooranchandsarin@gmail.com)


Bharat Thapa

Content Editor

Related News