ਭਾਰਤੀ ਔਰਤਾਂ ਲਈ ਨਿਆਂ ਦੇ ਰਾਹ ’ਚ ਰੁਕਾਵਟਾਂ

Sunday, Aug 18, 2024 - 03:19 PM (IST)

ਲਾਲ ਕਿਲੇ ਤੋਂ ਆਜ਼ਾਦੀ ਦਿਵਸ ’ਤੇ ਆਪਣੇ 98 ਮਿੰਟ ਦੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਸਿਤ ਭਾਰਤ 2047’ ਵਿਜ਼ਨ ਤਹਿਤ ਔਰਤਾਂ ਦੀ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ। ਉਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਨੂੰ ਮੁੱਖ ਵਿਸ਼ੇ ਵਜੋਂ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਮਾਜਿਕ ਤਬਦੀਲੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਔਰਤਾਂ ਵਿਰੁੱਧ ਅਪਰਾਧਾਂ ਦੀ ਤੁਰੰਤ ਜਾਂਚ ਅਤੇ ਸਖ਼ਤ ਸਜ਼ਾ ਦੇਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਆਪਣੀ ਸਰਕਾਰ ਦੀਆਂ ਪਹਿਲਕਦਮੀਆਂ ’ਤੇ ਵੀ ਰੋਸ਼ਨੀ ਪਾਈ, ਜਿਸ ਵਿਚ ਸਵੈ-ਸਹਾਇਤਾ ਸਮੂਹਾਂ ਵਿਚ ਔਰਤਾਂ ਦੀ ਗਿਣਤੀ ਵਿਚ ਵਾਧਾ, ਵਿੱਤੀ ਆਜ਼ਾਦੀ ਵਿਚ ਵਾਧਾ, ਰੱਖਿਆ ਅਤੇ ਪੁਲਾੜ ਵਰਗੇ ਖੇਤਰਾਂ ਵਿਚ ਵੱਧ ਪ੍ਰਤੀਨਿਧਤਾ ਸ਼ਾਮਲ ਹੈ। ਉਨ੍ਹਾਂ ਨੇ ਨੀਤੀਗਤ ਤਬਦੀਲੀਆਂ ਜਿਵੇਂ ਕਿ ਜਣੇਪਾ ਛੁੱਟੀ ਨੂੰ 12 ਤੋਂ 26 ਹਫ਼ਤਿਆਂ ਤੱਕ ਵਧਾਉਣਾ ਅਤੇ ਔਰਤਾਂ ਲਈ ਵਧੇਰੇ ਨਿਆਂਪੂਰਨ ਸਮਾਜ ਨੂੰ ਉਤਸ਼ਾਹਿਤ ਕਰਨ ਲਈ ਇਕ ਯੂਨੀਫਾਰਮ ਸਿਵਲ ਕੋਡ ਦੀ ਵਕਾਲਤ ਕੀਤੀ।

ਹਾਲਾਂਕਿ ਸਾਨੂੰ ਭਾਰਤ ਦੇ ਵਿਭਿੰਨ ਸੱਭਿਆਚਾਰ ਅਤੇ ਵਧ ਰਹੀ ਆਰਥਿਕਤਾ ’ਤੇ ਮਾਣ ਹੋਣਾ ਚਾਹੀਦਾ ਹੈ, ਅਸੀਂ ਔਰਤਾਂ ਵਿਰੁੱਧ ਹਿੰਸਾ ਦੇ ਵਿਆਪਕ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਕੱਲੇ 2022 ਵਿਚ, ਭਾਰਤ ਵਿਚ ਔਰਤਾਂ ਵਿਰੁੱਧ 4,45,000 ਤੋਂ ਵੱਧ ਅਪਰਾਧ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚ ਜਬਰ-ਜ਼ਨਾਹ ਅਤੇ ਘਰੇਲੂ ਹਿੰਸਾ ਸ਼ਾਮਲ ਹੈ ਅਤੇ ਬਹੁਤ ਸਾਰੇ ਸ਼ਾਇਦ ਰਿਪੋਰਟ ਹੀ ਨਹੀਂ ਕੀਤੇ ਗਏ। 1972 ਵਿਚ ਮਥੁਰਾ ਕੇਸ ਅਤੇ 2012 ਵਿਚ ਨਿਰਭਯਾ ਕੇਸ ਵਰਗੇ ਉੱਚ-ਪ੍ਰੋਫਾਈਲ ਕੇਸਾਂ ਨੇ ਵਿਧਾਨਿਕ ਸੁਧਾਰਾਂ ਨੂੰ ਜਨਮ ਦਿੱਤਾ, ਫਿਰ ਵੀ ਭਾਰਤੀ ਔਰਤਾਂ ਲਈ ਨਿਆਂ ਵਿਚ ਅਹਿਮ ਰੁਕਾਵਟਾਂ ਹਨ।

ਆਓ, ਅਸੀਂ ਇਕ 31 ਸਾਲਾ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਦੇ ਮਾਮਲੇ ਨੂੰ ਲੈਂਦੇ ਹਾਂ, ਜਿਸ ਦੀ ਹੱਤਿਆ ਇਸ ਮਹੀਨੇ ਦੇ ਸ਼ੁਰੂ ਵਿਚ ਆਰ. ਜੀ. ਕਰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ’ਚ ਕੀਤੀ ਗਈ ਸੀ, ਜਿੱਥੇ ਉਹ ਰਾਤ ਦੀ ਡਿਊਟੀ ’ਤੇ ਸੀ। ਉਸ ਦੀ ਲਾਸ਼ ਅਰਧ-ਨਗਨ ਅਵਸਥਾ ’ਚ ਮਿਲੀ ਸੀ, ਜਿਸ ’ਤੇ ਜਬਰ-ਜ਼ਨਾਹ ਅਤੇ ਗਲਾ ਘੁੱਟਣ ਦੇ ਨਿਸ਼ਾਨ ਸਨ, ਗੰਭੀਰ ਸੱਟਾਂ ਸਨ। ਨੇੜੇ ਹੀ ਉਸ ਦੇ ਕੱਪੜਿਆਂ ਅਤੇ ਵਾਲਾਂ ਸਮੇਤ ਖੂਨ ਨਾਲ ਲਥਪਥ ਗੱਦਾ ਮਿਲਿਆ। ਕੁਝ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜਬਰ-ਜ਼ਨਾਹ ਤੋਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੋ ਸਕਦੀ ਹੈ। ਸ਼ੱਕੀ ਸੰਜੇ ਰਾਏ ਨੂੰ ਉਸ ਦੇ ਬਲੂਟੁੱਥ ਹੈੱਡਫੋਨ ਅਪਰਾਧ ਵਾਲੀ ਥਾਂ ਤੋਂ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਘਰ ਤੋਂ ਖੂਨ ਨਾਲ ਲਥਪਥ ਜੁੱਤੀ ਬਰਾਮਦ ਕੀਤੀ ਗਈ। ਰਾਏ, ਜੋ ਕੋਲਕਾਤਾ ਪੁਲਸ ਵਿਚ ਇਕ ਨਾਗਰਿਕ ਵਲੰਟੀਅਰ ਵਜੋਂ ਕੰਮ ਕਰਦਾ ਸੀ, ਦਾ ਦੁਰਵਿਹਾਰ ਅਤੇ ਧੋਖਾਧੜੀ ਦਾ ਇਤਿਹਾਸ ਰਿਹਾ ਹੈ।

ਕਤਲ ਤੋਂ ਬਾਅਦ ਡਾਕਟਰਾਂ ਅਤੇ ਮੈਡੀਕਲ ਭਾਈਚਾਰੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਸੀ.ਸੀ.ਟੀ.ਵੀ. ਕਵਰੇਜ ਦੀ ਘਾਟ, ਡਾਕਟਰਾਂ ਲਈ ਨਾਕਾਫ਼ੀ ਆਰਾਮ ਖੇਤਰ ਅਤੇ ਰਾਤ ਨੂੰ ਬਾਹਰੀ ਲੋਕਾਂ ਦੀ ਜਾਂਚ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਹਸਪਤਾਲ ਵਿਚ ਬਿਹਤਰ ਸੁਰੱਖਿਆ ਦੀ ਮੰਗ ਕਰ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਅਤੇ ਵਿਰੋਧੀ ਪਾਰਟੀਆਂ ’ਤੇ ਸਿਆਸੀ ਲਾਭ ਲਈ ਮਾਮਲੇ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਪਾਰਟੀਆਂ ਨੇ ਬੰਗਾਲ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਉਂਦੇ ਹੋਏ ਸੋਸ਼ਲ ਮੀਡੀਆ ਪਸੰਦਾਂ (ਲਾਈਕਸ) ਅਤੇ ਮੀਡੀਆ ਦਾ ਧਿਆਨ ਖਿੱਚਣ ਲਈ ਇਸ ਘਟਨਾ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ, ਜਿਨ੍ਹਾਂ ਨੇ ਉਨ੍ਹਾਂ ਦੀ ਸਰਕਾਰ ’ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ, ਉਨ੍ਹਾਂ ਨੇ ਦੂਜੇ ਰਾਜਾਂ ਵਿਚ ਅਜਿਹੀਆਂ ਘਟਨਾਵਾਂ ਨੂੰ ਕਾਂਗਰਸ ਦੇ ਨਜਿੱਠਣ ਦੇ ਤਰੀਕੇ ’ਤੇ ਸਵਾਲ ਕੀਤਾ। ਬੈਨਰਜੀ ਨੇ ਇਹ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਬੰਗਾਲ ਦੇ ਖਿਲਾਫ ਬਦਨਾਮੀ ਨੂੰ ਬਰਦਾਸ਼ਤ ਨਹੀਂ ਕਰੇਗੀ, ਪਰ ਉਹ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਹਮਾਇਤ ਕਰਦੀ ਹੈ। ਕਲਕੱਤਾ ਹਾਈ ਕੋਰਟ ਵਲੋਂ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੇ ਫੈਸਲੇ ਤੋਂ ਬਾਅਦ ਦੋਸ਼ੀ ਨੂੰ ਐਤਵਾਰ ਤੱਕ ਫਾਂਸੀ ਦੇਣ ਦੀ ਮੰਗ ਕੀਤੀ।

ਫਰਵਰੀ 2015 ਵਿਚ ਤੁਰਕੀ ਵਿਚ ਇਕ 20 ਸਾਲਾ ਯੂਨੀਵਰਸਿਟੀ ਦੀ ਵਿਦਿਆਰਥਣ ਓਜ਼ਗੇਕਨ ਅਸਲਾਨ ਦੀ ਹੱਤਿਆ ਨੇ ਔਰਤਾਂ ਵਿਰੁੱਧ ਹਿੰਸਾ ਅਤੇ ਸਰਕਾਰ ਦੀ ਨਾਕਾਫ਼ੀ ਪ੍ਰਤੀਕਿਰਿਆ ਵਿਰੁੱਧ ਵਿਆਪਕ ਰੋਸ ਅਤੇ ਦੇਸ਼ਵਿਆਪੀ ਵਿਰੋਧ ਨੂੰ ਜਨਮ ਦਿੱਤਾ। ਅਸਲਾਨ ਦੇ ਕੇਸ ਨੇ ਉਸ ਦੀ ਹੱਤਿਆ ਦੀ ਬੇਰਹਿਮੀ ਕਾਰਨ ਬੇਮਿਸਾਲ ਧਿਆਨ ਖਿੱਚਿਆ ਸੀ। ਇਸ ਵਧੇ ਹੋਏ ਧਿਆਨ ਦਾ ਇਕ ਹੋਰ ਕਾਰਨ ਇਹ ਸੀ ਕਿ ਮੀਡੀਆ ਨੇ ਅਪਰਾਧ ਦੀ ਸਿਖਰ ਹਿੰਸਾ ਨੂੰ ਅਸਲਾਨ ਦੇ ਉੱਚ ਨੈਤਿਕ ਚਰਿੱਤਰ ਅਤੇ ਨਿਮਰਤਾ ਦੇ ਅਕਸ ਨਾਲ ਕਿਵੇਂ ਤੁਲਨਾ ਕੀਤੀ। ਉਸ ਨੂੰ ਇਕ ਸਦਾਚਾਰੀ ਅਤੇ ਨਿਮਰ ਵਿਦਿਆਰਥਣ ਦੇ ਰੂਪ ਵਿਚ ਦਰਸਾਇਆ ਗਿਆ ਸੀ, ਉਸ ਦਾ ਸਿਰਫ ਇਕੋ ‘ਦੋਸ਼’ ਇਹ ਸੀ ਕਿ ਉਹ ਸਕੂਲ ਤੋਂ ਬਾਅਦ ਇਕ ਮਿੰਨੀ ਬੱਸ ਵਿਚ ਇਕੱਲੀ ਸੀ, ਜੋ ਇਕ ਸ਼ਾਪਿੰਗ ਮਾਲ ਨੂੰ ਜਾ ਰਹੀ ਸੀ।

ਭਾਰਤ ਵਿਚ, ਲਿੰਗ-ਆਧਾਰਿਤ ਹਿੰਸਾ ਦਾ ਅਕਸਰ ਸਿਆਸੀਕਰਨ ਕੀਤਾ ਜਾਂਦਾ ਹੈ ਅਤੇ ਪੀੜਤਾਂ ਨੂੰ ਨਿਆਂ ਲਈ ਦਹਾਕਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ। ਸਿਆਸਤਦਾਨਾਂ ਦੇ ਸੱਭਿਆਚਾਰਕ ਦ੍ਰਿਸ਼ਟੀਕੋਣ ਅਤੇ ਖਾਰਿਜ ਕਰਨ ਵਾਲੀਆਂ ਟਿੱਪਣੀਆਂ ਸਮੱਸਿਆ ਨੂੰ ਕਾਇਮ ਰੱਖਦੀਆਂ ਹਨ ਅਤੇ ਅਕਸਰ ਔਰਤਾਂ ’ਤੇ ਦੋਸ਼ ਲਾਉਂਦੀਆਂ ਹਨ। ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਜਿਊਣ ਦਾ ਅਧਿਕਾਰ ਹੈ ਅਤੇ ਇਸ ਬੁਨਿਆਦੀ ਮਨੁੱਖੀ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਭਾਰਤ ਵਿਚ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਪੈਣਗੇ।

ਪ੍ਰਧਾਨ ਮੰਤਰੀ ਮੋਦੀ ਨੂੰ ਨਿਰਣਾਇਕ ਕਾਰਵਾਈ ਦੇ ਨਾਲ ਅਗਵਾਈ ਕਰਨੀ ਚਾਹੀਦੀ ਹੈ ਅਤੇ ਔਰਤਾਂ ਦੀ ਸੁਰੱਖਿਆ ਲਈ ਪੂਰੇ ਪੱਧਰ ’ਤੇ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਧਿਰਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਔਰਤਾਂ ਸਾਡੇ ਸਮਾਜ ਦਾ ਧੁਰਾ ਹਨ ਅਤੇ ਸਾਨੂੰ ਉਨ੍ਹਾਂ ਦੇ ਸਨਮਾਨ ਅਤੇ ਸੁਰੱਖਿਆ ਦੀ ਰੱਖਿਆ ਕਰਨੀ ਚਾਹੀਦੀ ਹੈ। ਇਹ ਸਾਡੀ ਪਰੰਪਰਾ ਹੈ ਅਤੇ ਅਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਹਰੀ ਜੈਸਿੰਘ


Tanu

Content Editor

Related News