ਸ਼੍ਰੀਲੰਕਾ ਦੇ ਲੋਕਤੰਤਰ ਲਈ ‘ਚੰਗਾ ਸੰਕੇਤ’ ਨਹੀਂ ਹੋਵੇਗਾ ਗੋਤਬਾਯਾ ਦਾ ਰਾਸ਼ਟਰਪਤੀ ਬਣਨਾ

10/23/2019 12:03:31 AM

ਬ੍ਰਹਮ ਚੇਲਾਨੀ

ਏਸ਼ੀਆ ਦੇ ਸਭ ਤੋਂ ਪੁਰਾਣੇ ਲੋਕਤੰਤਰਾਂ ’ਚੋਂ ਇਕ ਖਤਰੇ ਵਿਚ ਪੈ ਸਕਦਾ ਹੈ। ਸ਼੍ਰੀਲੰਕਾ ਵਿਚ ਅਗਲੇ ਮਹੀਨੇ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ’ਚ ਰਾਜਪਕਸ਼ੇ ਪਰਿਵਾਰ ਦਾ ਇਕ ਹੋਰ ਮੈਂਬਰ ਸੱਤਾ ਵਿਚ ਆ ਸਕਦਾ ਹੈ, ਜਿਸ ਦਾ ਤਾਨਾਸ਼ਾਹੀ, ਹਿੰਸਾ ਅਤੇ ਭ੍ਰਿਸ਼ਟਾਚਾਰ ਨਾਲ ਲਗਾਅ ਜਗ-ਜ਼ਾਹਿਰ ਹੈ। ਸ਼੍ਰੀਲੰਕਾ ਦਾ ਲੋਕਤੰਤਰ ਆਪਣੇ ਪਿਛਲੇ ਇਮਤਿਹਾਨ ’ਚ ਸਫਲ ਰਿਹਾ, ਜਦੋਂ ਰਾਸ਼ਟਰਪਤੀ ਮੈਤ੍ਰੀਪਾਲ ਸਿਰੀਸੇਨਾ ਨੇ ਇਕ ਸਾਲ ਪਹਿਲਾਂ ਸੰਵਿਧਾਨਿਕ ਤਖਤਾ ਪਲਟੀ ਦੀ ਕੋਸ਼ਿਸ਼ ਕੀਤੀ ਸੀ ਪਰ ਗੋਤਬਾਯਾ ਰਾਜਪਕਸ਼ੇ ਦੇ ਰਾਸ਼ਟਰਪਤੀ ਬਣਨ ’ਤੇ ਇਸ ਦਾ ਬਚਣਾ ਮੁਸ਼ਕਿਲ ਹੋਵੇਗਾ।

ਗੋਤਬਾਯਾ, ਜਿਸ ਨਾਂ ਨਾਲ ਉਹ ਮਸ਼ਹੂਰ ਹੈ, ਰਾਸ਼ਟਰਪਤੀ ਦੇ ਅਹੁਦੇ ਦਾ ਮਜ਼ਬੂਤ ਦਾਅਵੇਦਾਰ ਹੈ ਅਤੇ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਦੇ ਅਧੀਨ ਸ਼੍ਰੀਲੰਕਾ ਦੇ ਸੈਨਾ ਮੁਖੀ ਵਜੋਂ ਕੰਮ ਕਰ ਚੁੱਕਾ ਹੈ। ਮਹਿੰਦਾ ਰਾਜਪਕਸ਼ੇ ਦਾ ਇਕ ਦਹਾਕਾ ਲੰਮਾ ਕਾਰਜਕਾਲ 2015 ਵਿਚ ਖਤਮ ਹੋਇਆ ਸੀ ਅਤੇ ਉਦੋਂ ਭਾਈ-ਭਤੀਜਾਵਾਦ ਹਾਵੀ ਰਿਹਾ। ਉਸ ਸਮੇਂ ਸਰਕਾਰ ਦੇ ਜ਼ਿਆਦਾਤਰ ਮੰਤਰਾਲਿਆਂ ਅਤੇ 80 ਫੀਸਦੀ ਜਨਤਕ ਖਰਚ ’ਤੇ 4 ਰਾਜਪਕਸ਼ੇ ਭਰਾਵਾਂ ਦਾ ਕੰਟਰੋਲ ਸੀ। ਰਾਜਪਕਸ਼ੇ ਨੇ ਹੌਲੀ-ਹੌਲੀ ਰਾਸ਼ਟਰਪਤੀ ਦੀਆਂ ਤਾਕਤਾਂ ਨੂੰ ਵਧਾਉਂਦੇ ਹੋਏ ਅਰਧ-ਤਾਨਾਸ਼ਾਹੀ ਸ਼ਾਸਨ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਜੰਗੀ ਅਪਰਾਧਾਂ ਦੇ ਦੋਸ਼ ਵੀ ਲੱਗੇ।

ਚੀਨੀ ਪ੍ਰਭਾਵ ’ਚ ਵਾਧਾ

ਇਸ ਤੋਂ ਇਲਾਵਾ ਮਹਿੰਦਾ ਰਾਜਪਕਸ਼ੇ ਦੀ ਚੀਨ-ਪੱਖੀ ਵਿਦੇਸ਼ ਨੀਤੀ ਕਾਰਣ ਸ਼੍ਰੀਲੰਕਾ ’ਚ ਚੀਨੀ ਪ੍ਰਭਾਵ ਵਧਿਆ ਅਤੇ ਇਸ ਦੇਸ਼ ’ਤੇ ਚੀਨ ਦਾ ਕਰਜ਼ਾ ਤੇਜ਼ੀ ਨਾਲ ਵਧ ਗਿਆ। ਇਹ ਰਾਜਪਕਸ਼ੇ ਦੇ ਕਾਰਜਕਾਲ ਵਿਚ ਵਧਦੇ ਕਰਜ਼ੇ ਦਾ ਹੀ ਨਤੀਜਾ ਸੀ ਕਿ 2017 ’ਚ ਸਿਰੀਸੇਨਾ ਨੂੰ ਅਹਿਮ ਹੰਬਨਟੋਟਾ ਬੰਦਰਗਾਹ 99 ਸਾਲਾਂ ਲਈ ਪਟੇ (ਲੀਜ਼) ’ਤੇ ਚੀਨ ਨੂੰ ਦੇਣੀ ਪਈ। ਇਹ ਬ੍ਰਿਟੇਨ ਦੇ 19ਵੀਂ ਸਦੀ ਦੇ ਬਸਤੀਵਾਦ ਵਰਗਾ ਮਾਮਲਾ ਸੀ।

ਹੁਣ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਗੋਤਬਾਯਾ ਆਪਣੇ ਭਰਾ ਦੀ ਵਿਰਾਸਤ ਨੂੰ ਅੱਗੇ ਵਧਾਏਗਾ। ਸਿਰਫ ਰਾਸ਼ਟਰਪਤੀ ਬਣਨ ਨਾਲ ਉਹ ਉਨ੍ਹਾਂ ਜੰਗੀ ਅਪਰਾਧਾਂ ਤੋਂ ਸੁਰੱਖਿਆ ਹਾਸਿਲ ਕਰ ਲਵੇਗਾ, ਜੋ ਉਸ ਵਿਰੁੱਧ ਅਮਰੀਕਾ ਦੀ ਸੰਘੀ ਅਦਾਲਤ ਵਿਚ ਪੈਂਡਿੰਗ ਹਨ। ਇਹ ਅਪਰਾਧ ਉਸ ਨੇ ਕਥਿਤ ਤੌਰ ’ਤੇ ਸ਼੍ਰੀਲੰਕਾ ਦਾ ਸੈਨਾ ਮੁਖੀ ਹੁੰਦਿਆਂ ਕੀਤੇ ਸਨ।

ਮਹਿੰਦਾ ਰਾਜਪਕਸ਼ੇ ਦੇ ਸਮੇਂ ’ਚ ਹੀ 2009 ’ਚ ਸ਼੍ਰੀਲੰਕਾ ਵਿਚ 25 ਸਾਲ ਪੁਰਾਣੀ ਖਾਨਾਜੰਗੀ ਦਾ ਅੰਤ ਹੋਇਆ ਪਰ ਰਾਜਪਕਸ਼ੇ ਸ਼ਾਂਤੀ ਦੇ ਪੱਖ ਵਿਚ ਨਹੀਂ ਸੀ। ਖਾਨਾਜੰਗੀ ਦੇ ਆਖਰੀ ਵਰ੍ਹਿਆਂ ਵਿਚ ਹਜ਼ਾਰਾਂ ਲੋਕ ਗਾਇਬ ਹੋ ਗਏ ਜਾਂ ਉਨ੍ਹਾਂ ’ਤੇ ਤਸ਼ੱਦਦ ਕੀਤੇ ਗਏ, ਜਿਨ੍ਹਾਂ ਵਿਚ ਸਹਾਇਤਾ ਸਮੂਹਾਂ ਦੇ ਵਰਕਰ, ਤਮਿਲ ਨਾਗਰਿਕ ਅਤੇ ਰਾਜਪਕਸ਼ੇ ਪਰਿਵਾਰ ਦੇ ਸਿਆਸੀ ਵਿਰੋਧੀ ਸ਼ਾਮਿਲ ਸਨ। ਸੰਯੁਕਤ ਰਾਸ਼ਟਰ ਅਨੁਸਾਰ ਤਮਿਲ ਟਾਈਗਰ ਬਾਗੀਆਂ ਵਿਰੁੱਧ ਫੌਜ ਦੀ ਆਖਰੀ ਮੁਹਿੰਮ ’ਚ 40 ਲੱਖ ਲੋਕ ਮਾਰੇ ਗਏ ਸਨ।

ਖਾਨਾਜੰਗੀ ਦੇ ਸਮੇਂ ਫੌਜੀ ਕਮਾਂਡਰ ਰਹੇ ਸਾਰਥ ਫਾਂਸੇਕਾ ਅਨੁਸਾਰ ਗੋਤਬਾਯਾ ਨੇ ਆਤਮ-ਸਮਰਪਣ ਕਰਨ ਵਾਲੇ ਬਾਗੀ ਨੇਤਾਵਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ। ਸ਼੍ਰੀਲੰਕਾ ਦੇ ਹਿੰਦੂ ਤਮਿਲ ਘੱਟਗਿਣਤੀਆਂ ’ਤੇ ਕੀਤੇ ਗਏ ਅੱਤਿਆਚਾਰਾਂ ਦੇ ਬਾਵਜੂਦ ਰਾਜਪਕਸ਼ੇ ਭਰਾ ਦੇਸ਼ ਦੇ ਜ਼ਿਆਦਾਤਰ ਲੋਕਾਂ ਦੀ ਨਜ਼ਰ ’ਚ ‘ਹੀਰੋ’ ਬਣ ਗਏ। ਇਸ ਨਾਲ ਮਹਿੰਦਾ ਰਾਜਪਕਸ਼ੇ ਨੂੰ ਬਹੁਜਾਤੀ ਪਛਾਣ ਵਾਲੇ ਸ਼੍ਰੀਲੰਕਾ ਨੂੰ ਇਕ ਜਾਤੀ ਪਛਾਣ ਵਾਲੇ ਦੇਸ਼ ਵਜੋਂ ਸਥਾਪਿਤ ਕਰਨ ਦੀ ਪ੍ਰੇਰਨਾ ਮਿਲੀ।

ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਗੋਤਬਾਯਾ ਵੀ ਉਸੇ ਰਾਹ ’ਤੇ ਚੱਲੇਗਾ ਅਤੇ ਉਹ ਖਾਨਾਜੰਗੀ ਦਾ ਕਾਰਣ ਬਣੇ ਪਾੜੇ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕਰੇਗਾ, ਸਿਨਹਾਲੀ ਅਤੇ ਸ਼੍ਰੀਲੰਕਾ ਦੇ ਮੁਸਲਮਾਨਾਂ ਵਿਚਾਲੇ ਹਾਲ ਹੀ ਦੇ ਤਣਾਅ ਨੂੰ ਦੂਰ ਕਰਨਾ ਤਾਂ ਬਾਅਦ ਦੀ ਗੱਲ ਹੈ। ਅਪ੍ਰੈਲ ’ਚ ਇਹ ਤਣਾਅ ਹੋਰ ਵਧਿਆ, ਜਦੋਂ ਇਸਲਾਮਿਕ ਅੱਤਵਾਦੀਆਂ ਨੇ ਈਸਟਰ ਸੰਡੇ ਮੌਕੇ ਲੜੀਵਾਰ ਬੰਬ ਧਮਾਕੇ ਕੀਤੇ, ਜਿਨ੍ਹਾਂ ਵਿਚ 235 ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋਏ ਸਨ। ਇਹ ਨਾ ਸਿਰਫ ਸਭ ਤੋਂ ਘਾਤਕ ਅੱਤਵਾਦੀ ਹਮਲਿਆਂ ’ਚੋਂ ਇਕ ਸੀ, ਸਗੋਂ ਸ਼੍ਰੀਲੰਕਾ ਵਲੋਂ ਝੱਲਿਆ ਗਿਆ ਪਹਿਲਾ ਅੱਤਵਾਦੀ ਹਮਲਾ ਵੀ ਸੀ, ਜਿੱਥੇ ਮੁਸਲਮਾਨਾਂ ਦੀ ਕੁਲ ਆਬਾਦੀ ਵਿਚ ਗਿਣਤੀ 10 ਫੀਸਦੀ ਹੈ।

ਅਸਲ ’ਚ ਸਿਰੀਸੇਨਾ ਨੇ ਇਹ ਮੰਨਿਆ ਸੀ ਕਿ ਰੱਖਿਆ ਤੇ ਪੁਲਸ ਅਧਿਕਾਰੀਆਂ ਨੂੰ ਹਮਲੇ ਦੀ ਚਿਤਾਵਨੀ ਅਤੇ ਸਾਜ਼ਿਸ਼ਕਾਰੀਆਂ ਦੀ ਪਛਾਣ ਸਬੰਧੀ ਖੁਫੀਆ ਰਿਪੋਰਟ ਭਾਰਤ ਤੋਂ ਮਿਲੀ ਸੀ ਪਰ ਉਨ੍ਹਾਂ ਨੇ ਇਸ ਨੂੰ ਅਣਡਿੱਠ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਤਕ ਇਹ ਚਿਤਾਵਨੀ ਨਹੀਂ ਪਹੁੰਚੀ ਸੀ।

ਰਾਜਪਕਸ਼ੇ ਪਹਿਲਾਂ ਹੀ ਇਸਲਾਮਿਕ ਬੰਬ ਧਮਾਕਿਆਂ ਦੀ ਵਰਤੋਂ ਸਿਨਹਾਲੀ ਰਾਸ਼ਟਰਵਾਦ ਦੀ ਜਵਾਲਾ ਭੜਕਾਉਣ ਲਈ ਕਰ ਚੁੱਕੇ ਹਨ ਅਤੇ ਗੋਤਬਾਯਾ ਨੇ ਆਪਣੇ ਹਮਾਇਤੀਆਂ ਨਾਲ ਵਾਅਦਾ ਕੀਤਾ ਹੈ ਕਿ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਖੁਫੀਆ ਸੇਵਾਵਾਂ ਨੂੰ ਮਜ਼ਬੂਤ ਕਰੇਗਾ ਅਤੇ ਇਸਲਾਮੀ ਕੱਟੜਵਾਦ ਨੂੰ ਕੁਚਲਣ ਲਈ ਨਾਗਰਿਕਾਂ ਦੀ ਨਿਗਰਾਨੀ ਮੁੜ ਸ਼ੁਰੂ ਕਰੇਗਾ। ਇਕ ਕਥਿਤ ਜੰਗੀ ਅਪਰਾਧੀ ਦੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਤੋਂ ਦੇਸ਼ ਦੇ ਘੱਟਗਿਣਤੀ ਸਮੂਹ, ਮੀਡੀਆ ਅਤੇ ਸ਼ਹਿਰੀ ਆਜ਼ਾਦੀ ਦੇ ਪੈਰੋਕਾਰ ਡਰੇ ਹੋਏ ਹਨ।

ਇਸ ਤੋਂ ਵੀ ਚਿੰਤਾਜਨਕ ਖ਼ਬਰ ਇਕ ਹੋਰ ਹੈ। ਗੋਤਬਾਯਾ ਦੇ ਧੜੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਵਜੋਂ ਉਹ ਚੀਨ ਨਾਲ ਸਬੰਧਾਂ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ‘ਮੋਤੀਆਂ ਦੀ ਮਾਲਾ’ ਰਣਨੀਤੀ ਦੇ ਤਹਿਤ ਪ੍ਰਮੁੱਖ ਹਿੰਦ ਮਹਾਸਾਗਰ ਸ਼ਿਪਿੰਗ ਲੇਨਜ਼ ਦੇ ਆਸ-ਪਾਸ ਸਥਿਤ ਰਣਨੀਤਕ ਅਤੇ ਵਪਾਰਕ ਸਹੂਲਤਾਂ ’ਤੇ ਕਬਜ਼ਾ ਕਰ ਕੇ ਭਾਰਤ ਨੂੰ ਚਾਰੇ ਪਾਸਿਓਂ ਘੇਰ ਰਿਹਾ ਹੈ।

ਅੱਜ ਜਦੋਂ ਪੂਰੀ ਦੁਨੀਆ ਸ਼ੀ ਜਿਨਪਿੰਗ ਦੀ ‘ਬੈਲਟ ਐਂਡ ਰੋਡ’ ਯੋਜਨਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ, ਰਾਜਪਕਸ਼ੇ ਦੇ ਪਰਿਵਾਰ ’ਚੋਂ ਕਿਸੇ ਦੇ ਸੱਤਾ ਵਿਚ ਪਰਤਣ ਦੀ ਸੰਭਾਵਨਾ ਚੀਨ ਲਈ ਚੰਗੀ ਖ਼ਬਰ ਹੈ, ਜਿਹੜਾ ਇਸ ਦੇਸ਼ ਨੂੰ ਇਕ ਫੌਜੀ ਚੌਕੀ ’ਚ ਬਦਲਣਾ ਚਾਹੁੰਦਾ ਹੈ ਪਰ ਬਾਕੀ ਸਾਰਿਆਂ ਲਈ ਇਹ ਬੁਰੀ ਖ਼ਬਰ ਹੈ ਕਿਉਂਕਿ ਗੋਤਬਾਯਾ ਦੇ ਰਾਸ਼ਟਰਪਤੀ ਬਣਨ ਨਾਲ ਨਾ ਸਿਰਫ ਉਸ ਦੇ ਭਰਾ ਦੇ ਕਾਰਜਕਾਲ ਦੌਰਾਨ ਪੀੜ ਝੱਲ ਚੁੱਕੇ ਲੋਕਾਂ ਨੂੰ ਇਨਸਾਫ ਮਿਲਣ ’ਚ ਦੇਰ ਹੋਵੇਗੀ, ਸਗੋਂ ਇਸ ਨਾਲ ਜਾਤੀ ਅਤੇ ਧਾਰਮਿਕ ਪਾੜਾ ਵੀ ਵਧੇਗਾ ਅਤੇ ਚੀਨ ਨੂੰ ਭਾਰਤ-ਪ੍ਰਸ਼ਾਂਤ ਖੇਤਰ ਵਿਚ ਰਣਨੀਤਕ ਚੜ੍ਹਤ ਹਾਸਿਲ ਹੋਵੇਗੀ। ਇਸ ਸਮੇਂ ਸ਼੍ਰੀਲੰਕਾ ਦਾ ਲੋਕਤੰਤਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਮਜ਼ੋਰ ਅਤੇ ਸੰਵੇਦਨਸ਼ੀਲ ਨਜ਼ਰ ਆਉਂਦਾ ਹੈ।

(‘ਲਾਈਵਮਿੰਟ’ ਤੋਂ ਧੰਨਵਾਦ ਸਹਿਤ)


Bharat Thapa

Content Editor

Related News