ਨੀਤੀ ਨਾ ਵਫ਼ਾਦਾਰੀ, ਸਿਆਸਤ ’ਚ ਸਭ ਕੁਝ ''ਸੱਤਾ''

Saturday, Apr 13, 2024 - 03:00 PM (IST)

ਨੀਤੀ ਨਾ ਵਫ਼ਾਦਾਰੀ, ਸਿਆਸਤ ’ਚ ਸਭ ਕੁਝ ''ਸੱਤਾ''

ਚੋਣਾਂ ਤੋਂ ਪਹਿਲਾਂ ਦਲ-ਬਦਲੀ ਦੇਸ਼ ’ਚ ਨਵੀਂ ਨਹੀਂ ਹੈ, ਪਰ ਹਾਲ ਦੀਆਂ ਕੁਝ ਘਟਨਾਵਾਂ ਤੋਂ ਲੱਗਦਾ ਹੈ ਕਿ ਸਾਡੇ ਆਗੂਆਂ ਨੇ ਸਿਆਸਤ ਨੂੰ ਵੀ ਆਈ. ਪੀ. ਐੱਲ. ਕ੍ਰਿਕਟ ਵਰਗਾ ਬਣਾ ਦਿੱਤਾ ਹੈ। ਆਈ. ਪੀ. ਐੱਲ. ’ਚ ਹਰ ਸੀਜ਼ਨ ਤੋਂ ਪਹਿਲਾਂ ਖਿਡਾਰੀਆਂ ਦੀ ਨਿਲਾਮੀ ਹੁੰਦੀ ਹੈ ਅਤੇ ਵੱਡੀ ਗਿਣਤੀ ’ਚ ਖਿਡਾਰੀ-ਕੋਚ ਇੱਧਰ ਤੋਂ ਉੱਧਰ ਹੋ ਜਾਂਦੇ ਹਨ। ਇਹੋ ਜਿਹਾ ਹੀ ਦ੍ਰਿਸ਼ ਸਿਆਸਤ ’ਚ ਨਜ਼ਰ ਆ ਰਿਹਾ ਹੈ। ਲੱਗਦਾ ਹੀ ਨਹੀਂ ਕਿ ਆਗੂਆਂ ਦੀ ਕੋਈ ਨੀਤੀ ਜਾਂ ਪਾਰਟੀ ਲੀਡਰਸ਼ਿਪ ਪ੍ਰਤੀ ਵਫਾਦਾਰੀ ਹੈ। ਉਹ ਉਸੇ ਤਰ੍ਹਾਂ ਪਾਰਟੀਆਂ ਬਦਲ ਰਹੇ ਹਨ, ਜਿਵੇਂ ਆਈ. ਪੀ. ਐੱਲ. ’ਚ ਖਿਡਾਰੀ ਟੀਮ ਬਦਲਦੇ ਹਨ।

ਚੋਣ ਮੁਕਾਬਲਿਆਂ ’ਚ ਖੇਡ ਭਾਵਨਾ ਆਦਰਸ਼ ਸਥਿਤੀ ਹੋ ਸਕਦੀ ਹੈ, ਪਰ ਸਿਆਸਤ ਦਾ ਖੇਡ ਬਣ ਜਾਣਾ ਬਦਕਿਸਮਤੀ ਹੈ। ਭਾਵੇਂ ਦੇਸ਼-ਕਾਲ-ਹਾਲਾਤ ਮੁਤਾਬਕ ਆਗੂ ਦਾ ਮਨ ਬਦਲ ਸਕਦਾ ਹੈ, ਪਰ ਉਸ ਦੇ ਸੰਕੇਤ ਤਾਂ ਮਨ-ਬਾਣੀ-ਕਰਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਣੇ ਚਾਹੀਦੇ ਹਨ। ਜੇ ਅਚਾਨਕ ਮਨ ਬਦਲਦਾ ਹੈ, ਤਾਂ ਆਗੂ ਦੀ ਨੀਅਤ ’ਤੇ ਸਵਾਲ ਉੱਠਣਗੇ ਹੀ। ਕਾਂਗਰਸ ਦੇ ਬੇਹੱਦ ਤੇਜ਼-ਤਰਾਰ ਬੁਲਾਰਿਆਂ ’ਚ ਸ਼ਾਮਲ ਗੌਰਵ ਵੱਲਭ ਪਿਛਲੇ ਕੁਝ ਦਿਨ ਨਜ਼ਰ ਨਹੀਂ ਆਏ, ਪਰ ਪਾਰਟੀ ਦੀ ਨੀਤੀ ਅਤੇ ਮੁੱਦਿਆਂ ਨਾਲ ਉਨ੍ਹਾਂ ਦੀ ਅਸਹਿਮਤੀ ਕਦੀ ਨਹੀਂ ਦਿਸੀ।

ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਤੋਂ ਲੈ ਕੇ ਅਡਾਨੀ ਸਮੂਹ ’ਤੇ ਦੋਸ਼ਾਂ ਤੱਕ ਹਰ ਮੁੱਦੇ ’ਤੇ ਗੌਰਵ ਵੱਲਭ ਉੱਚੀ ਸੁਰ ਦੇ ਆਲੋਚਕ ਰਹੇ, ਪਰ ਹੁਣ ਅਚਾਨਕ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਦਲੀਲ ਦਿੱਤੀ ਕਿ ਉਹ ਸਨਾਤਨ ਦੇ ਵਿਰੁੱਧ ਨਾਅਰੇ ਨਹੀਂ ਲਾ ਸਕਦੇ ਅਤੇ ਵੈਲਥ ਕ੍ਰੀਏਟਰ ਭਾਵ ਜਾਇਦਾਦ ਸਿਰਜਕ ਨੂੰ ਗਾਲ ਨਹੀਂ ਕੱਢ ਸਕਦੇ। ਸਨਾਤਨ ਵਿਰੁੱਧ ਨਾਅਰੇ ਲਾਉਣ ਨੂੰ ਕਿਸ ਨੇ ਕਿਹਾ, ਇਹ ਗੌਰਵ ਵੱਲਭ ਨੇ ਨਹੀਂ ਦੱਸਿਆ। ਕਦੀ 5 ਟ੍ਰਿਲੀਅਨ ’ਚ ਲੱਗਣ ਵਾਲੇ ਜ਼ੀਰੋ ਪੁੱਛ ਕੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੀ ਬੋਲਤੀ ਬੰਦ ਕਰਨ ਵਾਲੇ ਗੌਰਵ, ਹੁਣ ਉਨ੍ਹਾਂ ਨਾਲ ਜੁਗਲਬੰਦੀ ਕਰਨਗੇ।

ਬਿਹਾਰ ਮੂਲ ਦੇ ਮਹਾਰਾਸ਼ਟਰ ਦੇ ਕਾਂਗਰਸੀ ਆਗੂ ਸੰਜੇ ਨਿਰੂਪਮ ਦੀ ਨਾਰਾਜ਼ਗੀ ਦੀ ਸੁਰ ਕੁਝ ਦਿਨਾਂ ਤੋਂ ਉੱਚੀ ਹੁੰਦੀ ਜਾ ਰਹੀ ਸੀ ਕਿਉਂਕਿ ਉਹ ਮੁੰਬਈ ਲੋਕ ਸਭਾ ਦੀ ਜਿਸ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ, ਉਹ ਮਹਾ ਵਿਕਾਸ ਅਗਾੜੀ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਊਧਵ ਠਾਕਰੇ ਦੀ ਸ਼ਿਵ ਸੈਨਾ ਕੋਲ ਹੈ। ਨਿਰੂਪਮ ਵੀ ਊਧਵ ਅਤੇ ਉਨ੍ਹਾਂ ਦੀ ਪਾਰਟੀ ਦੇ ਖਿਲਾਫ ਲਗਾਤਾਰ ਬਿਆਨ ਦੇ ਰਹੇ ਸਨ। ਹਾਲਾਂਕਿ, ਇਹ ਊਧਵ ਦੇ ਪਿਤਾ ਬਾਲਾ ਸਾਹਿਬ ਠਾਕਰੇ ਹੀ ਸਨ ਜਿਨ੍ਹਾਂ ਨੇ ਨਿਰੂਪਮ ਨੂੰ ਪੱਤਰਕਾਰੀ ਤੋਂ ਸਿਆਸਤ ਵਿਚ ਲਿਆਂਦਾ।

ਸੰਜੇ ਉਸ ਵੇਲੇ ਸ਼ਿਵ ਸੈਨਾ ਦੇ ਮੁੱਖ ਅਖਬਾਰ ‘ਸਾਮਨਾ’ ਦੇ ਹਿੰਦੀ ਐਡੀਸ਼ਨ ਦੇ ਸੰਪਾਦਕ ਹੁੰਦੇ ਸਨ, ਜਦ ਹਿੰਦੀ ਖੇਤਰਾਂ ’ਚ ਆਪਣੀ ਪੈਠ ਵਧਾਉਣ ਦੇ ਮੰਤਵ ਨਾਲ ਬਾਲਾ ਸਾਹਿਬ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਿਆ। ਉਸ ਪਿੱਛੋਂ ਨਿਰੂਪਮ ਸਿਆਸਤ ਦੇ ਮਾਹਿਰ ਖਿਡਾਰੀ ਬਣ ਗਏ ਅਤੇ ਅਖੀਰ ਕਾਂਗਰਸ ’ਚ ਆ ਗਏ। ਕਾਂਗਰਸ ਨੇ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਾਉਣ ਤੋਂ ਲੈ ਕੇ ਮੁੰਬਈ ਖੇਤਰੀ ਕਾਂਗਰਸ ਦਾ ਪ੍ਰਧਾਨ ਤਕ ਬਣਾਇਆ ਪਰ ਹੁਣ ਜਦ ਗੱਠਜੋੜ ਸਿਆਸਤ ਦੇ ਦਬਾਅ ’ਚ ਉਨ੍ਹਾਂ ਦੀ ਲੋਕ ਸਭਾ ਸੀਟ ’ਤੇ ਸੰਕਟ ਆਇਆ ਤਾਂ ਉਹ ਕਾਂਗਰਸ ਨੂੰ ਦਿਸ਼ਾਹੀਣ ਦੱਸਦੇ ਹੋਏ ਚਲੇ ਗਏ।

ਕਾਂਗਰਸ ਨੇ ਕੱਢਣ ਦੀ ਗੱਲ ਕਹੀ ਪਰ ਨਿਰੂਪਮ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਸਤੀਫਾ ਦਿੱਤਾ। ਮਿਲਿੰਦ ਦੇਵੜਾ ਵਾਂਗ ਨਿਰੂਪਮ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ’ਚ ਜਾ ਸਕਦੇ ਹਨ, ਜਿਸ ਦੇ ਹਿੱਸੇ ’ਚ ਮਹਾਯੁਤੀ ’ਚ ਸੀਟ ਵੰਡ ’ਚ ਮੁੰਬਈ ਦੀ ਉਹ ਸੀਟ ਆ ਰਹੀ ਹੈ, ਜਿਸ ਤੋਂ ਉਹ ਚੋਣ ਲੜਨਾ ਚਾਹੁੰਦੇ ਹਨ।

ਸਭ ਤੋਂ ਦਿਲਚਸਪ ਰਹੀ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਦਲ-ਬਦਲੀ। ਓਲੰਪਿਕ ਖੇਡਾਂ ’ਚ ਕਾਂਸੀ ਤਮਗਾ ਜਿੱਤਣ ਵਾਲੇ ਵਿਜੇਂਦਰ ਸਿੰਘ ਹਰਿਆਣਾ ਪੁਲਸ ’ਚ ਡੀ. ਐੱਸ. ਪੀ. ਰਹਿਣ ਪਿੱਛੋਂ 2019 ’ਚ ਕਾਂਗਰਸ ਦੀ ਟਿਕਟ ’ਤੇ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣਾਂ ਲੜ ਕੇ ਹਾਰ ਚੁੱਕੇ ਹਨ। ਕਿਸਾਨ ਅੰਦੋਲਨ ਤੋਂ ਲੈ ਕੇ ਮਹਿਲਾ ਪਹਿਲਵਾਨਾਂ ਤੱਕ ਦੇ ਮੁੱਦੇ ’ਤੇ ਉਹ ਆਲੋਚਨਾ ਕਰਦੇ ਰਹੇ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਵੀ ਨਜ਼ਰ ਆਏ। ਉਨ੍ਹਾਂ ਦੇ ਜਾਟ ਬਹੁਗਿਣਤੀ ਵਾਲੀ ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਵਿਰੁੱਧ ਚੋਣ ਲੜਨ ਦੇ ਚਰਚੇ ਸਨ।

ਜਾਟ ਸਮਾਜ ਦੇ ‘ਐਕਸ’ ਹੈਂਡਲ ਦੇ ਇਸ ਬਾਰੇ ਕੀਤੇ ਗਏ ਇਕ ਟਵੀਟ ਨੂੰ ਹਾਲ ਹੀ ’ਚ ਵਿਜੇਂਦਰ ਨੇ ਰੀਟਵੀਟ ਵੀ ਕੀਤਾ ਸੀ। ਉਂਝ ਵਿਜੇਂਦਰ ਨੇ ਰੀਟਵੀਟ ਤਾਂ ਰਾਹੁਲ ਗਾਂਧੀ ਦੇ ਉਸ ਟਵੀਟ ਨੂੰ ਵੀ ਕੀਤਾ ਸੀ, ਜਿਸ ’ਚ ‘ਪ੍ਰਾਪੇਗੰਡਾ ਪਾਪਾ’ ਸੰਬੋਧਨ ਨਾਲ ਪ੍ਰਧਾਨ ਮੰਤਰੀ ’ਤੇ ਵਿਅੰਗ ਕੀਤਾ ਸੀ। ਰਾਤ ਨੂੰ ਉਸ ਨੂੰ ਰੀਟਵੀਟ ਕਰ ਕੇ ਸੁੱਤੇ ਵਿਜੇਂਦਰ ਸਵੇਰੇ ਜਾਗ ਕੇ ਭਾਜਪਾ ’ਚ ਸ਼ਾਮਲ ਹੋ ਗਏ। ਦਲੀਲ ਵੀ ਗਜ਼ਬ ਦੀ ਦਿੱਤੀ ਕਿ ਸਵੇਰੇ ਜਾਗਿਆ ਤਾਂ ਮੈਨੂੰ ਲੱਗਾ ਕਿ ਗਲਤ ਪਲੇਟਫਾਰਮ ’ਤੇ ਹਾਂ। ਸਹੀ ਥਾਂ ਭਾਜਪਾ ਹੈ, ਇਸ ਲਈ ਆ ਗਿਆ।

ਵਿਜੇਂਦਰ ਨੂੰ ਨੀਂਦ ’ਚੋਂ ਜਾਗਣ ’ਤੇ ਮਹਿਸੂਸ ਹੋਇਆ ਕਿ ਉਹ ਗਲਤ ਪਲੇਟਫਾਰਮ ’ਤੇ ਹੈ, ਪਰ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਕਾਂਗਰਸ ਸੰਸਦ ਮੈਂਬਰ ਵੀ ਰਹਿ ਚੁੱਕੇ ਨਵੀਨ ਜਿੰਦਲ ਨੇ ਤਾਂ ਕਾਂਗਰਸ

ਛੱਡਣ ਦਾ ਟਵੀਟ ਕਰਨ ਦੇ ਚੰਦ ਮਿੰਟ ਬਾਅਦ ਹੀ ਭਾਜਪਾ ’ਚ ਸ਼ਾਮਲ ਹੋਣ ਦਾ ਟਵੀਟ ਕਰ ਦਿੱਤਾ। ਜਿਵੇਂ ਭਾਜਪਾ ਹੈੱਡਕੁਆਰਟਰ ’ਚ ਦਾਖਲ ਹੁੰਦਿਆਂ ਹੀ ਕਾਂਗਰਸ ਛੱਡਣ ਦਾ ਟਵੀਟ ਕੀਤਾ ਹੋਵੇ।

ਉਂਝ ਦੇਸ਼ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਦੇ ਪੁੱਤਰ ਨਵੀਨ ਉਸ ਕੋਲਾ ਘਪਲੇ ’ਚ ਦੋਸ਼ੀ ਵੀ ਰਹੇ ਹਨ ਜਿਸ ਨੂੰ ਮਨਮੋਹਨ ਸਿੰਘ ਸਰਕਾਰ ਦੇ ਵੱਡੇ ਭ੍ਰਿਸ਼ਟਾਚਾਰ ’ਚ ਭਾਜਪਾ ਗਿਣਾਉਂਦੀ ਰਹੀ। ਹੁਣ ਉਹੀ ਨਵੀਨ ਆਪਣੀ ਪੁਰਾਣੀ ਲੋਕ ਸਭਾ ਸੀਟ ਕੁਰੂਕਸ਼ੇਤਰ ਤੋਂ ਭਾਜਪਾ ਦੇ ਉਮੀਦਵਾਰ ਹਨ, ਜੋ ‘ਇੰਡੀਆ’ ਗੱਠਜੋੜ ’ਚ ਸੀਟ ਵੰਡ ’ਚ ਕਾਂਗਰਸ ਦੀ ਥਾਂ ‘ਆਪ’ ਦੇ ਹਿੱਸੇ ’ਚ ਚਲੀ ਗਈ।

ਦਲ-ਬਦਲੀ ਦੀ ਇਕ ਹੋਰ ਦਿਲਚਸਪ ਮਿਸਾਲ ਚੌਧਰੀ ਬੀਰੇਂਦਰ ਸਿੰਘ ਦੇ ਪਰਿਵਾਰ ਦੀ ਹੈ। ਦੇਸ਼ ਦੇ ਵੱਡੇ ਕਿਸਾਨ ਆਗੂ ਰਹੇ, ਪਰ ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਪੱਛੜਨ ਪਿੱਛੋਂ ਉਹ 2014 ’ਚ ਭਾਜਪਾ ’ਚ ਚਲੇ ਗਏ। ਉਹ ਕੇਂਦਰ ’ਚ ਮੰਤਰੀ ਬਣਾਏ ਗਏ ਅਤੇ ਪਤਨੀ ਪ੍ਰੇਮਲਤਾ ਵਿਧਾਇਕ। 2019 ’ਚ ਵੀ. ਆਰ. ਐੱਸ. ਲੈਣ ਵਾਲੇ ਆਈ. ਏ. ਐੱਸ. ਬੇਟੇ ਬ੍ਰਿਜੇਂਦਰ ਨੂੰ ਹਿਸਾਰ ਤੋਂ ਲੋਕ ਸਭਾ ਟਿਕਟ ਵੀ ਦੇ ਦਿੱਤੀ ਗਈ ਪਰ ਹੁਣ ਜਦ ਭਾਜਪਾ ’ਚ ਭਾਅ ਘਟਣ ਲੱਗਾ ਤਾਂ ਪੂਰਾ ਪਰਿਵਾਰ ਕਾਂਗਰਸ ’ਚ ਪਰਤ ਆਇਆ।

ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹੇ ਅਸ਼ੋਕ ਤੰਵਰ ਦਾ ਮਾਮਲਾ ਤਾਂ ਹੋਰ ਵੀ ਗਜ਼ਬ ਹੈ। ਰਾਹੁਲ ਦੇ ਕਰੀਬੀ ਮੰਨੇ ਜਾਣ ਵਾਲੇ ਤੰਵਰ ਨੇ ਭੁਪਿੰਦਰ ਸਿੰਘ ਹੁੱਡਾ ਨਾਲ ਟਕਰਾਅ ਪਿੱਛੋਂ ਕਾਂਗਰਸ ਛੱਡੀ, ਤ੍ਰਿਣਮੂਲ ਕਾਂਗਰਸ ’ਚ ਗਏ। ਜਦ ਲੱਗਾ ਕਿ ਤ੍ਰਿਣਮੂਲ ਦਾ ਕਾਂਗਰਸ ਨਾਲ ਗੱਠਜੋੜ ਹੋ ਸਕਦਾ ਹੈ ਤਾਂ ‘ਆਪ’ ’ਚ ਚਲੇ ਗਏ। ਜਦ ‘ਆਪ’ ਨਾਲ ਵੀ ਕਾਂਗਰਸ ਦੇ ਗੱਠਜੋੜ ਦੀ ਗੱਲ ਚੱਲੀ ਤਾਂ ਅਖੀਰ ਭਾਜਪਾ ’ਚ ਚਲੇ ਗਏ, ਜਿਸ ਦੀ ਟਿਕਟ ’ਤੇ ਸਿਰਸਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਘਪਲੇ ’ਚ ਗ੍ਰਿਫਤਾਰੀ ਦੇ ਬਾਅਦ ਜਿਸ ਤਰ੍ਹਾਂ ਪਾਰਟੀ ਦੇ ਜ਼ਿਆਦਾਤਰ ਰਾਜ ਸਭਾ ਮੈਂਬਰ ਗੈਰ-ਸਰਗਰਮ ਹਨ ਅਤੇ ਇਕ ਮੰਤਰੀ ਰਾਜਕੁਮਾਰ ਆਨੰਦ ਨੇ ਅਚਾਨਕ ਸਰਕਾਰ ਅਤੇ ‘ਆਪ’ ਤੋਂ ਅਸਤੀਫਾ ਦੇ ਦਿੱਤਾ ਹੈ, ਉਸ ਦਾ ਵੀ ਇਹੀ ਸੰਦੇਸ਼ ਹੈ ਕਿ ਨੀਤੀ ਅਤੇ ਵਫਾਦਾਰੀ ਹੁਣ ਬੀਤੇ ਜ਼ਮਾਨੇ ਦੀ ਗੱਲ ਹੈ। ਵਰਤਮਾਨ ਸਿਆਸਤ ਦਾ ਸੱਚ ਸਿਰਫ ਸੱਤਾ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News