ਮਿਆਰੀ ਸਿੱਖਿਆ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ
Thursday, Jan 25, 2024 - 04:31 PM (IST)
ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਇਸ ਨੂੰ ਪ੍ਰਮੁੱਖ ਦੇਸ਼ਾਂ ’ਚ ਸਭ ਤੋਂ ਨੌਜਵਾਨ ਆਬਾਦੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਇਸ ਦੀ ਔਸਤ ਉਮਰ 28 ਸਾਲ ਤੋਂ ਕੁਝ ਵੱਧ ਹੈ। ਇਸ ਦਾ ਮਤਲਬ ਹੈ ਕਿ ਇੱਥੋਂ ਦੀ ਲਗਭਗ 50 ਫੀਸਦੀ ਆਬਾਦੀ 28 ਸਾਲ ਤੋਂ ਘੱਟ ਉਮਰ ਦੀ ਹੈ। ਇਕ ਹੋਰ ਅੰਕੜੇ ਮੁਤਾਬਕ, ਦੇਸ਼ ’ਚ 55 ਫੀਸਦੀ ਤੋਂ ਜ਼ਿਆਦਾ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ।
ਇਹ ਸਾਡੇ ਗੁਆਂਢੀ ਅਤੇ ਵਿਰੋਧੀ ਚੀਨ ਦੇ ਉਲਟ ਹੈ, ਜਿੱਥੇ ਹੁਣ ਔਸਤ ਉਮਰ 9 ਸਾਲ ਹੈ। ਦੇਸ਼ ਆਪਣੀ ਇਕ-ਬਾਲ ਨੀਤੀ ਕਾਰਨ ਆਬਾਦੀ ’ਚ ਭਾਰੀ ਗਿਰਾਵਟ ਦੇ ਗੰਭੀਰ ਮੁੱਦੇ ਦਾ ਵੀ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਹੁਣ ਪਲਟ ਦਿੱਤਾ ਗਿਆ ਹੈ। ਇਸ ਪਿੱਛੋਂ ਜਾਪਾਨ ਵਰਗੇ ਦੇਸ਼ ਹਨ, ਜਿੱਥੇ ਔਸਤ ਉਮਰ 49.1 ਸਾਲ ਹੈ, ਜੋ ਦੁਨੀਆ ਦੀ ਸਭ ਤੋਂ ਪੁਰਾਣੀ ਆਬਾਦੀ ’ਚੋਂ ਇਕ ਹੈ।
ਸਾਡਾ ਦੇਸ਼ ਤਿੰਨ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵੱਲ ਵਧ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ’ਚ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੀ ਸੰਭਾਵਨਾ ਹੈ। ਸਾਨੂੰ ਨੌਜਵਾਨ ਕਿਰਤ ਬਲ ਦੇ ਇਕ ਵੱਡੇ ਸਮੂਹ ਦਾ ਵੱਡਾ ਫਾਇਦਾ ਹੈ ਜਦਕਿ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਕੁਝ ਦੇਸ਼ਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ। ਉਨ੍ਹਾਂ ਦੀ ਆਬਾਦੀ ਭਾਰਤ ਨੂੰ ਆਪਣੇ ਵਿਕਾਸ ਨੂੰ ਹੋਰ ਤੇਜ਼ੀ ਦੇਣ ਲਈ ਇਸ ਊਰਜਾ ਦਾ ਸ਼ੋਸ਼ਣ ਅਤੇ ਆਪਣੇ ਸਰੋਤਾਂ ਦੀ ਬਿਹਤਰੀਨ ਵਰਤੋਂ ਕਰਨ ਦੀ ਲੋੜ ਹੈ।
ਹਾਲਾਂਕਿ ਨਵੀਨਤਮ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ (ਏ.ਐੱਸ.ਈ.ਆਰ.) ਦੇ ਸਿੱਟੇ ਕਾਫੀ ਨਿਰਾਸ਼ਾਜਨਕ ਹਨ। ਰਿਪੋਰਟ ’ਚ 14 ਸਾਲ ਤੋਂ 18 ਸਾਲ ਦੀ ਉਮਰ ਵਰਗ ਦੇ ਸਕੂਲੀ ਬੱਚਿਆਂ ਦੀ ਸਿੱਖਿਆ ਦੀ ਸਥਿਤੀ ਦਾ ਸਰਵੇਖਣ ਕੀਤਾ ਗਿਆ ਹੈ- ਉਹ ਉਮਰ ਵਰਗ ਜੋ ਨੌਕਰੀਆਂ ਲੈਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਤਿਆਰ ਹੋ ਰਿਹਾ ਹੈ। ਵੱਧ ਕੰਮ ਕਰਨ ਵਾਲੇ ਹੱਥਾਂ ਦਾ ਅਰਥ ਹੈ ਘੱਟ ਮਿਆਦ ਅਤੇ ਲੰਬੀ ਮਿਆਦ, ਦੋਵਾਂ ’ਚ ਵੱਧ ਆਮਦਨ ਅਤੇ ਬਿਹਤਰ ਜੀਵਨ ਪੱਧਰ। ਬਿਰਧ ਆਬਾਦੀ ਵਾਲੇ ਦੇਸ਼ ਨਿਰਭਰਤਾ ਦੇ ਉੱਚ ਅਨੁਪਾਤ ਅਤੇ ਘੱਟ ਉਤਪਾਦਕਤਾ ਨਾਲ ਸੰਘਰਸ਼ ਕਰਦੇ ਹਨ।
ਇਸ ਤਰ੍ਹਾਂ ਭਾਰਤ ਨੂੰ ਸਪੱਸ਼ਟ ਲਾਭ ਹੈ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਉਮਰ ਵਰਗ ਦੇ ਵਧੇਰੇ ਵਿਦਿਆਰਥੀਆਂ, ਯਕੀਨੀ ਤੌਰ ’ਤੇ ਖਾਸ ਸਕੂਲਾਂ ਨਾਲ ਸਬੰਧਤ ਅਤੇ ਗਿਣਤੀ ’ਚ ਸੀਮਤ ਵਿਦਿਆਰਥੀਆਂ ਨੂੰ ਛੱਡ ਕੇ, ਬਹੁਤ ਖਰਾਬ ਹੁਨਰ ਸੈੱਟ ਹਨ। ਸਰਵੇਖਣ ’ਚ ਪਾਇਆ ਿਗਆ ਹੈ ਕਿ ਗ੍ਰਾਮੀਣ ਖੇਤਰਾਂ ’ਚ 14-18 ਸਾਲ ਤੋਂ ਘੱਟ ਉਮਰ ਵਰਗ ਦੇ ਵਧੇਰੇ ਵਿਦਿਆਰਥੀ ਜਮਾਤ × ਦਾ ਗਣਿਤ ਵੀ ਨਹੀਂ ਕਰ ਸਕਦੇ ਭਾਵ ਉਹ ਸਾਧਾਰਨ ਭਾਗ ਅਤੇ ਗੁਣਾ ਕਰਨ ’ਚ ਵੀ ਅਸਮਰੱਥ ਪਾਏ ਗਏ। ਇਹ ਵੀ ਦੇਖਿਆ ਗਿਆ ਕਿ 25 ਫੀਸਦੀ ਅਜਿਹੇ ਵਿਦਿਆਰਥੀਆਂ ਕੋਲ ਪੜ੍ਹਨ ਦਾ ਬੁਨਿਆਦੀ ਹੁਨਰ ਨਹੀਂ ਸੀ!
ਇਹ ਇਕ ਗੰਭੀਰ ਕਮੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਅਜਿਹੇ ਵਿਦਿਆਰਥੀ ਕਦੀ ਵੀ ਸਨਮਾਨਜਨਕ ਨੌਕਰੀ ਲੈਣ ਦੇ ਸਮਰੱਥ ਨਹੀਂ ਹੋਣਗੇ ਅਤੇ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੁਨਰ ਕਿਰਤੀਆਂ ’ਤੇ ਅਸਰ ਪਾਉਣਗੇ। ਜਿੱਥੇ ਇਕ ਪਾਸੇ ਦੇਸ਼ ਇਕ ਵੱਡੇ ਹੁਨਰ ਕਾਰਜਬਲ ਦਾ ਲਾਭ ਗੁਆ ਦੇਵੇਗਾ ਉੱਥੇ ਹੀ ਇਸ ਨਾਲ ਨੌਜਵਾਨਾਂ ’ਚ ਨਿਰਾਸ਼ਾ ਵੀ ਪੈਦਾ ਹੋ ਸਕਦੀ ਹੈ ਜੋ ਖੁਦ ਨੂੰ ਬੇਰੋਜ਼ਗਾਰ ਪਾਉਣਗੇ।
ਇਹ ਸਿੱਟਾ ਰਿਪੋਰਟ ’ਚ ਇਕ ਹੋਰ ਰੋਸ਼ਨ ਬਿੰਦੂ ਨੂੰ ਨਕਾਰਦੇ ਹਨ ਕਿ 14-18 ਸਾਲ ਦੀ ਵਿਸ਼ੇਸ਼ ਉਮਰ ਵਰਗ ਦੇ 90 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਸਕੂਲਾਂ ’ਚ ਦਾਖਲਾ ਲਿਆ। ਸ਼ੁਕਰ ਹੈ ਕਿ ਇਹ ਡਰ ਸੱਚ ਨਹੀਂ ਹੋਇਆ ਕਿ ਕੋਵਿਡ ਮਹਾਮਾਰੀ ਪਿੱਛੋਂ ਵੱਡੀ ਗਿਣਤੀ ’ਚ ਵਿਦਿਆਰਥੀ ਪੜ੍ਹਾਈ ਛੱਡ ਦੇਣਗੇ ਪਰ ਗੈਰ-ਹੁਨਰਮੰਦ ਕਾਰਜਬਲ ਅਤੇ ਵਧਦੀ ਬੇਰੋਜ਼ਾਗਰੀ ਹੋਰ ਗੰਭੀਰ ਸੰਮੇਲਨਾਂ ਦਾ ਕਾਰਨ ਬਣ ਸਕਦੀ ਹੈ।
ਸਰਵੇਖਣ ’ਚ ਇਕ ਹੋਰ ਅਹਿਮ ਅਤੇ ਦਿਲਚਸਪ ਸਿੱਟਾ ਇਹ ਹੈ ਕਿ ਦਿੱਤੀ ਗਈ ਉਮਰ ਵਰਗ ਦੇ 98 ਫੀਸਦੀ ਨੌਜਵਾਨ ਸਮਾਰਟਫੋਨ ਦੀ ਵਰਤੋਂ ਕਰ ਸਕਦੇ ਹਨ ਅਤੇ ਇੱਥੋਂ ਤੱਕ ਕਿ ਡਿਜੀਟਲ ਸਹੂਲਤਾਂ ਦੀ ਵਰਤੋਂ ਕਰਨ ’ਚ ਵੀ ਸਮਰੱਥ ਹਨ। ਹਾਲਾਂਕਿ 40 ਫੀਸਦੀ ਨੂੰ ਸਮੇਂ ਦੀ ਗਣਨਾ ਕਰਨਾ ਵੀ ਔਖਾ ਲੱਗਾ।
ਰਿਪੋਰਟ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਉਦਾਹਰਣ ਲਈ ਮੋਹਾਲੀ ’ਚ 12 ਫੀਸਦੀ ਅੱਲ੍ਹੜ ਜਮਾਤ 2 ਪੱਧਰ ਦਾ ਪੰਜਾਬੀ ਦਾ ਪਾਠ ਵੀ ਨਹੀਂ ਪੜ੍ਹ ਸਕਦੇ । ਸਿਰਫ 10 ਫੀਸਦੀ ਅੱਲ੍ਹੜ ਹੀ ਮੁੱਢਲੀ ਅੰਗ੍ਰੇਜ਼ੀ ਦੇ ਕੁਝ ਵਾਕ ਪੜ੍ਹ ਸਕਦੇ ਹਨ।
ਸਕੂਲ ਪੱਧਰ ’ਤੇ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਸਿੱਟਿਆਂ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਇਹ ਦੇਖਣ ਲਈ ਤੁਰੰਤ ਕਦਮ ਉਠਾਉਣੇ ਚਾਹੀਦੇ ਹਨ ਕਿ ਅਸੀਂ ਹੁਨਰ ਅਤੇ ਸਾਖਰ ਨੌਜਵਾਨਾਂ ਦਾ ਉਤਪਾਦਨ ਕਰੀਏ, ਨਾ ਕਿ ਸਿਰਫ ਵੱਡੀ ਗਿਣਤੀ ’ਚ ਗੈਰ-ਹੁਨਰਮੰਦ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਬਾਹਰ ਕੱਢੀਏ। ਸਮਾਰਟ ਫੋਨ ਅਤੇ ਹੋਰ ਤਕਨਾਲੋਜੀਆਂ ਦੇ ਪ੍ਰਸਾਰ ’ਚ ਤੇਜ਼ ਵਾਧੇ ਨੂੰ ਦੇਖਦੇ ਹੋਏ ਉਹ ਨੌਜਵਾਨਾਂ ਨੂੰ ਸਿੱਖਿਅਤ ਕਰਨ ਅਤੇ ਹੁਨਰ-ਆਧਾਰਿਤ ਟ੍ਰੇਨਿੰਗ ਪ੍ਰਦਾਨ ਕਰਨ ਲਈ ਇਸ ਦੇ ਲਾਭਾਂ ਦਾ ਲਾਭ ਉਠਾ ਸਕਦੇ ਹਨ।