ਨਰਿੰਦਰ ਮੋਦੀ : ਸਵੈਮ-ਸੇਵਕ ਤੋਂ ਪ੍ਰਧਾਨ ਸੇਵਕ ਤਕ ਦਾ ਸਫਲ ਸਫਰ
Tuesday, Sep 17, 2024 - 07:02 PM (IST)
ਵਿਚਾਰਧਾਰਾ ਵਿਚ ਰਾਸ਼ਟਰਵਾਦ, ਭਗਤੀ ਵਿਚ ਭਾਰਤ ਮਾਤਾ, ਦ੍ਰਿਸ਼ਟੀ ’ਚ ਦੂਰਅੰਦੇਸ਼ੀ ਅਤੇ ਸੋਚ ਵਿਚ ਇਕਸੁਰਤਾ ਦੀ ਭਾਵਨਾ, ਭਾਰਤ ਨੂੰ ਵਿਸ਼ਵ ਆਗੂ ਬਣਾਉਣ ਲਈ ਸਦੀ ਦੇ ਮਹਾਨਾਇਕ ਵਜੋਂ ਨਰਿੰਦਰ ਮੋਦੀ ਭਾਰਤ ਨੂੰ ਮਜ਼ਬੂਤ ਬਣਾਉਣ ਵਾਲੇ ਪ੍ਰਧਾਨ ਮੰਤਰੀ ਵਜੋਂ ਅੱਜ ਵਿਸ਼ਵ ਪੱਧਰ ’ਤੇ ਸਥਾਪਿਤ ਹਨ। ਉਨ੍ਹਾਂ ਨੇ ਸੰਗਠਨ ਤੋਂ ਲੈ ਕੇ ਸਰਕਾਰ ਤੱਕ ਜੋ ਕੰਮ ਕੀਤੇ ਹਨ, ਉਸ ਨਾਲ ਉਨ੍ਹਾਂ ਨੂੰ 21ਵੀਂ ਸਦੀ ਦਾ ਵਿਸ਼ਵਕਰਮਾ ਕਿਹਾ ਜਾਂਦਾ ਹੈ।
ਇਨ੍ਹਾਂ ਦਾ ਜਨਮਦਿਨ ਵੀ ਜਿਸ ਤਰੀਕ ਨੂੰ ਹੋਇਅਾ, ਉਸ ਦਿਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵਿਸ਼ਵਕਰਮਾ ਜਯੰਤੀ ਮਨਾਈ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਜਨਤਾ ਵਿਚ ਮਨਾਉਣ ਦੇ ਉਦੇਸ਼ ਨਾਲ ਭਾਜਪਾ ਵੱਲੋਂ ਸੇਵਾ ਪਖਵਾੜਾ ਰਾਹੀਂ ਤੇਜਸਵੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਜਨਮਦਿਨ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਦੇ 74ਵੇਂ ਜਨਮਦਿਨ ’ਤੇ 17 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਪੰਦਰਵਾੜਾ 2 ਅਕਤੂਬਰ ਨੂੰ ਗਾਂਧੀ ਜਯੰਤੀ ’ਤੇ ਖਤਮ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰ ਪਲ ਲੋਕਾਂ ਅਤੇ ਦੇਸ਼ ਨੂੰ ਸਮਰਪਿਤ ਹੈ। ਇਹੀ ਕਾਰਨ ਹੈ ਕਿ ਉਹ ਤਿਉਹਾਰਾਂ ਨੂੰ ਫੌਜੀਆਂ ਜਾਂ ਆਮ ਲੋਕਾਂ ਦੇ ਨਾਲ ਹੀ ਮਨਾਉਂਦੇ ਹਨ। ਭਾਜਪਾ ਨੇ ਵੀ ਮੋਦੀ ਜੀ ਦੇ ਜਨਮਦਿਨ ’ਤੇ ਜਨਤਾ ਦੇ ਵਿਚਕਾਰ ਜਾ ਕੇ ਉਨ੍ਹਾਂ ਦੇ ਸੰਕਲਪ ਨੂੰ ਸਾਕਾਰ ਕਰਨ ਦਾ ਬੀੜਾ ਚੁੱਕਿਆ ਹੈ। ਹਰ ਜ਼ਿਲਾ ਹੈੱਡਕੁਆਰਟਰ ’ਤੇ ਖੂਨਦਾਨ ਕੈਂਪ ਲਗਾਏ ਗਏ। 25 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ਅਤੇ
2 ਅਕਤੂਬਰ ਨੂੰ ਗਾਂਧੀ ਜੀ ਦੀ ਜਯੰਤੀ ’ਤੇ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਸਕੂਲਾਂ ਅਤੇ ਹਸਪਤਾਲਾਂ ਵਿਚ ਸਵੱਛਤਾ ਮੁਹਿੰਮ ਚਲਾਈ ਜਾਵੇਗੀ।
ਘਰ-ਘਰ ਸੰਪਰਕ ਮੁਹਿੰਮ ਚਲਾਈ ਜਾਵੇਗੀ ਅਤੇ ਸੌ ਲੋਕਾਂ ਦੀ ਨਾਮਜ਼ਦਗੀ ਕੀਤੀ ਜਾਵੇਗੀ। ਸੂਬਾ ਪੱਧਰ ’ਤੇ ਵੀ ਪ੍ਰੋਗਰਾਮ ਕਰਵਾਇਆ ਜਾਵੇਗਾ। ਵਿਕਸਿਤ ਭਾਰਤ ’ਤੇ ਆਧਾਰਿਤ ਪੇਂਟਿੰਗ ਮੁਕਾਬਲੇ ਦਾ ਆਯੋਜਨ, ਅਪਾਹਜ ਖਿਡਾਰੀਆਂ ਨੂੰ ਸਾਜ਼ੋ-ਸਾਮਾਨ ਦੀ ਵੰਡ ਅਤੇ ਬਜ਼ੁਰਗਾਂ ਲਈ ਸਿਹਤ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦਾ ਨਾਅਰਾ ਦੇਣ ਵਾਲੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਾਲ ਸ਼ਖ਼ਸੀਅਤ ਕਾਰਨ ਉਨ੍ਹਾਂ ਤੋਂ ਜਨਤਾ ਦੀਆਂ ਉਮੀਦਾਂ ਬਹੁਤ ਜ਼ਿਆਦਾ ਹਨ ਕਿਉਂਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਵਿਕਾਸ ਮੁਖੀ ਕਾਰਜ ਕਰ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ ਕਸਬੇ ਵਿਚ ਇਕ ਮੱਧਵਰਗੀ ਪਰਿਵਾਰ ਵਿਚ ਹੋਇਆ ਸੀ। ਇਨ੍ਹਾਂ ਦਾ ਪੂਰਾ ਨਾਂ ਨਰਿੰਦਰ ਦਾਮੋਦਰਦਾਸ ਮੋਦੀ ਹੈ। ਨਰਿੰਦਰ ਮੋਦੀ ਦਾ ਬਚਪਨ ਸੰਘਰਸ਼ ਭਰਿਆ ਸੀ। ਆਪਣੀ ਮੁਢਲੀ ਸਿੱਖਿਆ ਆਪਣੇ ਪਿੰਡ ਤੋਂ ਪੂਰੀ ਕੀਤੀ ਅਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਰਾਸ਼ਟਰੀ ਸਵੈਮ-ਸੇਵਕ ਸੰਘ ਨਾਲ ਜੁੜ ਗਏ ਅਤੇ ਬਾਕਾਇਦਾ ਸ਼ਾਖਾ ਵਿਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਉਹ 1971 ਵਿਚ ਇਸ ਦੇ ਪੂਰੇ ਸਮੇਂ ਦੇ ਵਰਕਰ ਬਣ ਗਏ। ਆਪਣੀ ਛੋਟੀ ਉਮਰ ਵਿਚ, ਇਨ੍ਹਾਂ ਨੇ ਭਾਰਤ ਦਾ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ।
ਬਚਪਨ ਤੋਂ ਹੀ ਮਿਹਨਤੀ, ਪਰਉਪਕਾਰੀ ਅਤੇ ਪ੍ਰਤਿਭਾਸ਼ਾਲੀ ਨਰਿੰਦਰ ਮੋਦੀ ਦੂਜਿਆਂ ਦੀ ਮਦਦ ਕਰਨ ਵਿਚ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਸਨ। ਆਪਣੀ ਜਵਾਨੀ ਵਿਚ, ਉਹ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿਚ ਸ਼ਾਮਲ ਹੋਏ ਅਤੇ ਨਾਲ ਹੀ ਭ੍ਰਿਸ਼ਟਾਚਾਰ ਵਿਰੋਧੀ ਨਵ-ਨਿਰਮਾਣ ਅੰਦੋਲਨ ਵਿਚ ਹਿੱਸਾ ਲਿਆ। ਇਕ ਫੁੱਲ-ਟਾਈਮ ਆਰਗੇਨਾਈਜ਼ਰ ਵਜੋਂ ਸੇਵਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸੰਗਠਨ ਪ੍ਰਤੀਨਿਧੀ ਵਜੋਂ ਨਾਮਜ਼ਦ ਕੀਤਾ ਗਿਆ। ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਪ੍ਰਚਾਰਕ ਹੁੰਦਿਆਂ, ਉਨ੍ਹਾਂ ਨੇ 1980 ਵਿਚ ਗੁਜਰਾਤ ਯੂਨੀਵਰਸਿਟੀ ’ਚੋਂ ਰਾਜਨੀਤੀ ਸ਼ਾਸਤਰ ਵਿਚ ਆਪਣੀ ਪੋਸਟ ਗ੍ਰੈਜੂਏਟ ਪ੍ਰੀਖਿਆ ਪਾਸ ਕੀਤੀ।
ਸਿਅਾਸਤ ਵਿਚ ਇਨ੍ਹਾਂ ਦੀ ਰੁਚੀ ਨੂੰ ਦੇਖਦੇ ਹੋਏ ਸੰਘ ਨੇ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨ ਲਈ ਭੇਜਿਆ। ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਅਹਿਮਦਾਬਾਦ ਨਗਰ-ਪਾਲਿਕਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਅਗਵਾਈ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਦੀ ਸਿਆਸੀ ਸੋਚ ਅਤੇ ਜਥੇਬੰਦਕ ਯੋਗਤਾ ਨੂੰ ਦੇਖਦਿਆਂ ਇਨ੍ਹਾਂ ਨੂੰ ਗੁਜਰਾਤ ਵਿਚ ਭਾਜਪਾ ਦਾ ਜਨਰਲ ਸਕੱਤਰ ਬਣਾਇਆ ਗਿਆ।
ਇਨ੍ਹਾਂ ਨੇ ਸੰਨ 1990 ਵਿਚ ਲਾਲ ਕ੍ਰਿਸ਼ਨ ਅਡਵਾਨੀ ਦੀ ਅਯੁੱਧਿਆ ਰੱਥ ਯਾਤਰਾ ਦੇ ਆਯੋਜਨ ਵਿਚ ਹਿੱਸਾ ਲਿਆ, ਜੋ ਇਨ੍ਹਾਂ ਦੇ ਜੀਵਨ ਦਾ ਪਹਿਲਾ ਮਹੱਤਵਪੂਰਨ ਸਿਆਸੀ ਕਾਰਜ ਬਣ ਗਿਆ।
1985 ਤੋਂ ਭਾਜਪਾ ਨਾਲ ਜੁੜਣ ਪਿੱਛੋਂ ਇਨ੍ਹਾਂ ਨੇ ਕਈ ਅਹੁਦਿਆਂ ’ਤੇ ਕੰਮ ਕੀਤਾ। 2001 ਵਿਚ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਗਿਆ। ਮੁੱਖ ਮੰਤਰੀ ਹੁੰਦਿਆਂ ਗੁਜਰਾਤ ਵਿਚ ਇਨ੍ਹਾਂ ਦਾ ਕੰਮ ਇੰਨਾ ਸ਼ਾਨਦਾਰ ਰਿਹਾ ਕਿ ਇਹ 2001 ਤੋਂ 2014 ਤੱਕ ਲਗਾਤਾਰ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।
ਇਸ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਚੋਣ ਲੜੀ।
ਮੋਦੀ ਜੀ ਨੇ 2014 ਤੋਂ 2019 ਤੱਕ ਕਈ ਇਤਿਹਾਸਕ ਫੈਸਲੇ ਲਏ। ਕਈ ਅਹਿਮ ਫੈਸਲੇ ਲਏ ਜਿਸ ਕਾਰਨ ਜਨਤਾ ਦਾ ਉਨ੍ਹਾਂ ਪ੍ਰਤੀ ਮੋਹ ਹੋਰ ਵੀ ਵਧ ਗਿਆ ਅਤੇ ਅਗਲੀ ਵਾਰ ਹੋਰ ਜ਼ਿਆਦਾ ਸੀਟਾਂ ਤੋਂ ਬਹੁਮਤ ਹਾਸਲ ਕੀਤਾ।
2019 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ 303 ਸੀਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਜਨਤਾ ਨੇ ਦੱਸ ਦਿੱਤਾ ਕਿ ਜਨਤਾ ਇਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹੈ। ਮੋਦੀ ਜੀ ਨੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ। ਉਨ੍ਹਾਂ ਦੀ ਯੋਗ ਅਗਵਾਈ ’ਚ ਭਾਜਪਾ ਨੇ 2024 –ਚ ਤੀਜੀ ਵਾਰ ਜਿੱਤ ਹਾਸਲ ਕਰਕੇ ਇਕ ਰਿਕਾਰਡ ਬਣਾਇਆ ਹੈ।
ਤਰੁਣ ਚੁੱਘ (ਭਾਜਪਾ ਦੇ ਕੌਮੀ ਜਨਰਲ ਸਕੱਤਰ)