ਮੁੰਬਈ ਪੁਲਸ ਦੀ ਸਾਖ ਅਤੇ ਸਾਬਕਾ ਗ੍ਰਹਿ ਮੰਤਰੀ ਦੀ ਡਾਇਰੀ
Friday, Feb 07, 2025 - 12:51 PM (IST)
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵਲੋਂ ਲਿਖੀ ਗਈ ਇਕ ਕਿਤਾਬ ਮਿਲਣ ’ਤੇ ਮੈਨੂੰ ਸੱਚਮੁੱਚ ਹੈਰਾਨੀ ਹੋਈ, ਜਿਨ੍ਹਾਂ ਬਾਰੇ ਮੈਂ ਸੁਣਿਆ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਰਾਜਨੀਤਿਕ ਦਬਾਅ ਹੇਠ ਕੀਤੇ ਜਾਂਦੇ ਸਨ। ਉਨ੍ਹਾਂ ਨੂੰ ਇਕ ਆਈ. ਪੀ. ਐੱਸ. ਅਫਸਰ ਤੋਂ ਸਖ਼ਤ ਟੱਕਰ ਮਿਲੀ, ਜਿਸ ਦੀ ਸਾਖ ਵੀ ਉਨ੍ਹਾਂ ਨਾਲ ਮੇਲ ਖਾਂਦੀ ਸੀ। ਦੋਵੇਂ ਇਕੱਠੇ ਮੁੰਬਈ ਸਿਟੀ ਪੁਲਸ ਦੇ ਚੰਗੇ ਅਕਸ ਨੂੰ ਬਰਬਾਦ ਕਰਨ ਦੀ ਰਾਹ ’ਤੇ ਸਨ।
ਸ਼ਿਵ ਸੈਨਾ (ਊਧਵ ਠਾਕਰੇ ਧੜਾ), ਐੱਨ. ਸੀ. ਪੀ. (ਸ਼ਰਦ ਪਵਾਰ ਧੜਾ) ਅਤੇ ਕਾਂਗਰਸ ਪਾਰਟੀ ਦੀ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਸਰਕਾਰ ਨੇ ਗਲਤ ਆਦਮੀ ਨੂੰ ਮੁੰਬਈ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ, ਸ਼ਰਦ ਪਵਾਰ ਨੇ ‘ਗ੍ਰਹਿ ਮੰਤਰੀ ਦੀ ਡਾਇਰੀ’ ਦੇ ਇਸ ਲੇਖਕ ਨੂੰ ਪੁਲਸ ਫੋਰਸ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰਨ ਵਾਲੇ ਮੰਤਰੀ ਵਜੋਂ ਨਾਮਜ਼ਦ ਕੀਤਾ ਸੀ! ਇਹ ਇਕ ਅਜਿਹਾ ਘਾਤਕ ਸੁਮੇਲ ਸੀ ਜੋ ਜਲਦੀ ਹੀ ਫਟਣ ਵਾਲਾ ਸੀ ਅਤੇ ਇਹ ਫਟਿਆ ਵੀ।
25 ਫਰਵਰੀ, 2021 ਨੂੰ ਸ਼ਹਿਰ ਦੇ ਇਕ ਆਲੀਸ਼ਾਨ ਰਿਹਾਇਸ਼ੀ ਇਲਾਕੇ ਅਲਟਾਮਾਊਂਟ ਰੋਡ ’ਤੇ ਮੁਕੇਸ਼ ਅੰਬਾਨੀ ਦੇ ਘਰ ‘ਐਂਟੀਲੀਆ’ ਦੇ ਬਾਹਰ 20 ਜੈਲੇਟਿਨ ਸਟਿਕਸ ਨਾਲ ਲੱਦੀ, ਪਰ ਖੁਸ਼ਕਿਸਮਤੀ ਨਾਲ ਡੈਟੋਨੇਟਰਾਂ ਤੋਂ ਬਿਨਾਂ, ਇਕ ਸਕਾਰਪੀਓ ਕਾਰ ਖੜ੍ਹੀ ਮਿਲੀ। ਇਸ ਕਾਰ ਦਾ ਪਤਾ ਮਨਸੁਖ ਹੀਰੇਨ ਨਾਂ ਦੇ ਵਿਅਕਤੀ ਤੋਂ ਲਾਇਆ ਗਿਆ, ਪੁਲਸ ਕਮਿਸ਼ਨਰ ਦੇ ਖਾਸ ਆਦਮੀ ‘ਐਨਕਾਊਂਟਰ ਸਪੈਸ਼ਲਿਸਟ’ ਸਚਿਨ ਵਾਜੇ ਦਾ ਦੋਸਤ ਸੀ, ਜੋ ਕਿ ਕ੍ਰਾਈਮ ਬ੍ਰਾਂਚ ਵਿਚ ਸਹਾਇਕ ਪੁਲਸ ਇੰਸਪੈਕਟਰ (ਏ. ਪੀ. ਆਈ.) ਵਜੋਂ ਕੰਮ ਕਰਦਾ ਸੀ। ਇਹ ਸੂਬਾ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਅਤੇ ਕੇਂਦਰ ਸਰਕਾਰ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਥਾਪਿਤ ਕੀਤਾ ਗਿਆ ਸੀ ਕਿ ਏ. ਪੀ. ਆਈ. ਵਾਜੇ ਨੂੰ ਪਹਿਲਾਂ ਵੀ ਕਈ ਵਾਰ ਉਸੇ ਸਕਾਰਪੀਓ ਕਾਰ ਵਿਚ ਘੁੰਮਦੇ ਦੇਖਿਆ ਗਿਆ ਸੀ।
ਕ੍ਰਾਈਮ ਬ੍ਰਾਂਚ ਦੀ ਇਕ ਹੋਰ ਕਾਰ ਇਨੋਵਾ, ਵਾਜੇ ਨੂੰ ਵਿਸ਼ੇਸ਼ ਤੌਰ ’ਤੇ ਉਸ ਦੀ ਵਰਤੋਂ ਲਈ ਅਲਾਟ ਕੀਤੀ ਗਈ ਸੀ ਅਤੇ ਇਹ ਸਪੱਸ਼ਟ ਸੀ ਕਿ ਸ਼ਹਿਰ ਦੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਖੁਫੀਆ ਇਕਾਈ, ਵਾਜੇ ਦੀ ਅਗਵਾਈ ਵਿਚ ਅੰਬਾਨੀ ਦੇ ਘਰ ਦੇ ਬਾਹਰ ਸਕਾਰਪੀਓ ਲਗਾਉਣ ਵਿਚ ਸ਼ਾਮਲ ਸੀ, ਜਿਸ ਦੇ ਕਾਰਨ ਅੱਜ ਤੱਕ ਅਸਪੱਸ਼ਟ ਹਨ।
ਸਚਿਨ ਵਾਜੇ ਨੂੰ ਕਤਲ ਦੇ ਦੋਸ਼ਾਂ ਵਿਚ 16 ਸਾਲਾਂ ਲਈ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਨੇ ਆਪਣੇ ਆਪ ਨੂੰ ‘ਐਨਕਾਊਂਟਰ ਸਪੈਸ਼ਲਿਸਟ’ ਵਜੋਂ ਪੇਸ਼ ਕਰਦੇ ਹੋਏ ਵਿਜ਼ਟਿੰਗ ਕਾਰਡ ਛੁਪਵਾਏ ਸਨ ਅਤੇ ਨਿੱਜੀ ਸੁਰੱਖਿਆ ਕਾਰੋਬਾਰ ਵਿਚ ਉਸ ਦੇ ਸਹਿਯੋਗੀ ਸੰਭਾਵੀ ਗਾਹਕਾਂ ਨੂੰ ਅਜਿਹੇ ਵਿਜ਼ਟਿੰਗ ਕਾਰਡ ਵੰਡਦੇ ਸਨ। ਵਾਜੇ ਨੇ ਪੁਲਸ ਵਿਚ ਆਪਣੀ ਸੇਵਾ ਦੇ ਸ਼ੁਰੂਆਤੀ ਸਾਲਾਂ ਦੌਰਾਨ ਇੰਸਪੈਕਟਰ ਪ੍ਰਦੀਪ ਸ਼ਰਮਾ ਅਧੀਨ ਕੰਮ ਕੀਤਾ ਸੀ, ਜਿਨ੍ਹਾਂ ਨੂੰ ‘ਐਨਕਾਊਂਟਰ ਸਪੈਸ਼ਲਿਸਟ’ ਵਜੋਂ ਜਾਣਿਆ ਜਾਂਦਾ ਸੀ। ਸ਼ਰਮਾ ਅਤੇ ਵਾਜੇ ਇਕ-ਦੂਜੇ ਦੇ ਸੰਪਰਕ ਵਿਚ ਸਨ ਅਤੇ ਨਾਲ ਹੀ ਉਸ ਆਈ. ਪੀ. ਐੱਸ. ਅਧਿਕਾਰੀ ਦੇ ਵੀ, ਜਿਸ ਨੂੰ ਅਨਿਲ ਦੇਸ਼ਮੁਖ ਨੇ ਆਪਣੀ ਕਿਤਾਬ ਵਿਚ ਨਿਸ਼ਾਨਾ ਬਣਾਇਆ ਹੈ।
ਆਈ. ਪੀ. ਐੱਸ. ਅਧਿਕਾਰੀ ਨੂੰ ਐੱਮ. ਵੀ. ਏ. ਸਰਕਾਰ ਵਲੋਂ ਨਿਯੁਕਤ ਕੀਤਾ ਗਿਆ ਸੀ ਜਿਸ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਸਨ (ਅਤੇ ਇਸ ਹੈਸੀਅਤ ਵਿਚ ਉਨ੍ਹਾਂ ਕੋਲੋਂ ਮੁੰਬਈ ਪੁਲਸ ਕਮਿਸ਼ਨਰ ਦੀ ਚੋਣ ਲਈ ਸਲਾਹ ਲਈ ਜਾਣੀ ਤੈਅ ਸੀ)। ਇਸ ਤੋਂ ਪਹਿਲਾਂ, ਉਹ ਗੁਆਂਢੀ ਸ਼ਹਿਰ ਠਾਣੇ ਦੇ ਪੁਲਸ ਕਮਿਸ਼ਨਰ ਰਹਿ ਚੁੱਕੇ ਸਨ। ਠਾਣੇ ਦੇ ਵਸਨੀਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਅਕਸ ਬਹੁਤ ਖਰਾਬ ਸੀ। ਆਪਣੇ ਹੀ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਅਕਸ ਹੋਰ ਵੀ ਮਾੜਾ ਸੀ, ਜਿਨ੍ਹਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।
ਮੰਤਰੀ ਦੀ ਜਾਂਚ ਦੇ ਦਾਇਰੇ ਵਿਚ ਆਏ ਆਈ. ਪੀ. ਐੱਸ. ਅਧਿਕਾਰੀ ਨੇ ਠਾਣੇ ਦੇ ਕਮਿਸ਼ਨਰ ਵਜੋਂ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਮੁੰਬਈ ਪੁਲਸ ਮੁਖੀ ਦੇ ਅਹੁਦੇ ਲਈ ਬਹੁਤ ਕੋਸ਼ਿਸ਼ ਕੀਤੀ ਸੀ। ਅਜਿਹਾ ਲੱਗਦਾ ਹੈ ਕਿ ਭਾਜਪਾ ਹਾਈਕਮਾਨ ਨੇ ਇਸ ’ਤੇ ਅਸਹਿਮਤੀ ਜਤਾਈ ਸੀ, ਜਿਸ ਨੇ ਮੁੰਬਈ ਦੇ ਪੁਲਸ ਮੁਖੀ ਵਜੋਂ ਗਲਤ ਵਿਅਕਤੀ ਨੂੰ ਸਥਾਪਤ ਕਰਨ ਦੇ ਜੋਖਮ ਦਾ ਸਹੀ ਮੁਲਾਂਕਣ ਕੀਤਾ ਸੀ।
ਨਿਯੁਕਤ ਵਿਅਕਤੀ ਸ਼ਰਦ ਪਵਾਰ ਦੀਆਂ ਤਿੱਖੀਆਂ ਨਜ਼ਰਾਂ ਤੋਂ ਕਿਵੇਂ ਬਚ ਗਿਆ? ਅਧਿਕਾਰੀ ਨੇ ਖ਼ੁਦ ਖੁਲਾਸਾ ਕੀਤਾ ਕਿ ਸ਼ਰਦ ਪਵਾਰ ਨੇ ਉਨ੍ਹਾਂ ਦਾ ਇੰਟਰਵਿਊ ਲਿਆ ਸੀ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਇਕ ਬਹੁਤ ਹੀ ਸਤਿਕਾਰਤ ਫੋਰਸ ਨੂੰ ਨਿਰਾਸ਼ ਨਾ ਕਰਨ ਅਤੇ ਇਸ ਦੀ ਨੇਕਨਾਮੀ ਨੂੰ ਖਰਾਬ ਨਾ ਕਰਨ।
ਐਂਟੀਲੀਆ ਕਾਂਡ ਤੋਂ ਬਾਅਦ ਪੁਲਸ ਕਮਿਸ਼ਨਰ ਨਾਲ ਆਪਣੇ ਸਬੰਧਾਂ ਬਾਰੇ ਅਨਿਲ ਦੇਸ਼ਮੁਖ ਦਾ ਵੇਰਵਾ, ਉਨ੍ਹਾਂ ਦੇ ਦੋਸਤ ਤੋਂ ਦੁਸ਼ਮਣ ਬਣੇ ਵਿਅਕਤੀ ਵਲੋਂ ਲਾਏ ਗਏ ਦੋਸ਼ਾਂ ’ਤੇ ਸੀ. ਬੀ. ਆਈ. ਅਤੇ ਫਿਰ ਐੱਨ. ਆਈ. ਏ. ਵਲੋਂ ਉਨ੍ਹਾਂ ਵਿਰੁੱਧ ਦਾਇਰ ਕੀਤੇ ਗਏ ਮਾਮਲੇ ਵਿਚ ਖੁਦ ਦਾ ਬਚਾਅ ਹੈ, ਜਦੋਂ ਉਨ੍ਹਾਂ ਨੂੰ ਪੁਲਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮੰਤਰੀ ’ਤੇ ਸੀ. ਪੀ. ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਆਪਣੇ (ਸੀ. ਪੀ.) ਸੱਜੇ ਹੱਥ ਸਚਿਨ ਵਾਜੇ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਤੋਂ ਪ੍ਰਤੀ ਮਹੀਨਾ 100 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜੋ ਕਿ ਵਾਜੇ ਵਲੋਂ ਬਾਰ ਮਾਲਕਾਂ ਅਤੇ ਹੋਰਾਂ ਤੋਂ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਦਾ ਹਿੱਸਾ ਸੀ।
ਸਾਬਕਾ ਗ੍ਰਹਿ ਮੰਤਰੀ ਨੇ ਆਪਣੀ ਪ੍ਰਕਾਸ਼ਿਤ ਕਿਤਾਬ ਵਿਚ ਇਹ ਨਹੀਂ ਦੱਸਿਆ ਕਿ ਕਮਿਸ਼ਨਰ ਦੀ ਚੋਣ ਕਿਉਂ ਅਤੇ ਕਿਵੇਂ ਕੀਤੀ ਗਈ ਸੀ। ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਪ੍ਰਦਰਸ਼ਨ ਵਿਚ ਗਿਰਾਵਟ ਉੱਥੋਂ ਹੀ ਸ਼ੁਰੂ ਹੋਈ ਸੀ। ਇਸ ਤੋਂ ਇਲਾਵਾ ਉਹ ਇਹ ਵੀ ਨਹੀਂ ਦੱਸਦੇ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਸਚਿਨ ਵਾਜੇ ਵਿਰੁੱਧ ਕਤਲ ਦੇ ਦੋਸ਼ ਦੇ ਬਾਵਜੂਦ ਉਨ੍ਹਾਂ ਨੂੰ ਸੇਵਾ ਵਿਚ ਬਹਾਲ ਕਰਨ ’ਤੇ ਇਤਰਾਜ਼ ਕਿਉਂ ਨਹੀਂ ਕੀਤਾ। ਉਹ ਇਹ ਨਹੀਂ ਦੱਸਦੇ ਕਿ ਉਨ੍ਹਾਂ ਵਰਗੇ ਸਰਗਰਮ ਮੰਤਰੀ ਨੇ ਕਮਿਸ਼ਨਰ ਨੂੰ ਪ੍ਰੋਟੋਕੋਲ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਲਾਹ ਕਿਉਂ ਨਹੀਂ ਦਿੱਤੀ ਕਿ ਵਾਜੇ ਸਿੱਧੇ ਕਮਿਸ਼ਨਰ ਨੂੰ ਰਿਪੋਰਟ ਕਰਨ ਦੀ ਥਾਂ ਸੀਨੀਅਰ ਅਪਰਾਧ ਸ਼ਾਖਾ ਅਧਿਕਾਰੀਆਂ ਨੂੰ ਰਿਪੋਰਟ ਕਰੇ।
ਖੁਫੀਆ ਯੂਨਿਟ ਦੀ ਅਗਵਾਈ ਇਕ ਸੀਨੀਅਰ ਇੰਸਪੈਕਟਰ ਵਲੋਂ ਕੀਤੀ ਜਾਣੀ ਚਾਹੀਦੀ ਹੈ। ਇਕ ਏ. ਪੀ. ਆਈ. ਨੂੰ ਉਸ ਮਹੱਤਵਪੂਰਨ ਇਕਾਈ ਦਾ ਮੁਖੀ ਕਿਵੇਂ ਬਣਾਇਆ ਗਿਆ? ਸੀ. ਪੀ. ਨੇ ਸਮਾਜਿਕ ਸੇਵਾਵਾਂ ਇਕਾਈ ਦੇ ਇੰਚਾਰਜ ਸਹਾਇਕ ਸੀ. ਪੀ. ਨੂੰ ਕਿਉਂ ਬੁਲਾਇਆ ਅਤੇ ਵਾਜੇ ਨੂੰ ਆਪਣੇ ਕੰਮ ਵਿਚ ਸ਼ਾਮਲ ਕਰਨ ਲਈ ਕਿਉਂ ਕਿਹਾ?
ਅੰਬਾਨੀ ਦੇ ਘਰ ਦੇ ਬਾਹਰ ਇਕ ਕਾਰ ਵਿਚ ਵਿਸਫੋਟਕਾਂ ਦੀ ਖੋਜ ਆਪਣੇ ਆਪ ਵਿਚ ਇਕ ਸੰਕੇਤ ਸੀ ਕਿ ਸ਼ਹਿਰ ਦੇ ਪੁਲਸ ਪ੍ਰਸ਼ਾਸਨ ਵਿਚ ਚੀਜ਼ਾਂ ਗਲਤ ਹੋ ਰਹੀਆਂ ਸਨ। ਕੋਈ ਵੀ ਏ. ਪੀ. ਆਈ., ਇੱਥੋਂ ਤੱਕ ਕਿ ਸਚਿਨ ਵਾਜੇ ਵਰਗਾ ਇਕ ਦਬੰਗ ਵੀ, ਆਪਣੇ ਕਮਿਸ਼ਨਰ ਦੀ ਜਾਣਕਾਰੀ ਤੋਂ ਬਿਨਾਂ ਅਜਿਹਾ ਪ੍ਰਾਜੈਕਟ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਸੀ। ਜੇਕਰ ਕਮਿਸ਼ਨਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਨੂੰ ਇਸ ਸਕੀਮ ਬਾਰੇ ਕੁਝ ਨਹੀਂ ਪਤਾ ਸੀ, ਤਾਂ ਇਹ ਮੰਨਣਾ ਹੀ ਉਨ੍ਹਾਂ ਨੂੰ ਉੱਚ ਅਹੁਦੇ ’ਤੇ ਰਹਿਣ ਲਈ ਅਯੋਗ ਠਹਿਰਾਏਗਾ। ਇਸ ਤੋਂ ਬਾਅਦ, ਸਕਾਰਪੀਓ ਦੇ ਮਾਲਕ ਮਨਸੁਖ ਹੀਰੇਨ ਦੀ ਕਥਿਤ ਤੌਰ ’ਤੇ ਐਨਕਾਊਂਟਰ ਮਾਹਿਰਾਂ ਦੇ ਇਕ ਸਮੂਹ ਵਲੋਂ ਕੀਤੀ ਗਈ ਹੱਤਿਆ ਨੇ ਇਹ ਸਾਬਤ ਕਰ ਦਿੱਤਾ ਕਿ ਐਨਕਾਊਂਟਰ ਮਾਹਿਰਾਂ ਦੀ ਧਾਰਨਾ ਨੂੰ ਹਮੇਸ਼ਾ ਲਈ ਦਫ਼ਨ ਕਰ ਦੇਣਾ ਚਾਹੀਦਾ ਹੈ।
ਉਹ ਦਫ਼ਨਾਉਣ ਦਾ ਕੰਮ ਕਈ ਸਾਲ ਪਹਿਲਾਂ ਇਕ ਸਾਬਕਾ ਕਮਿਸ਼ਨਰ ਅਨਾਮੀ ਰਾਏ ਨੇ ਕੀਤਾ ਸੀ। ਸ਼ਹਿਰ ਦੇ ਨਾਗਰਿਕ ਸੁੱਖ ਦਾ ਸਾਹ ਲੈ ਰਹੇ ਸਨ, ਜਦੋਂ ਤੱਕ ਸੀ. ਪੀ. ਸਚਿਨ ਵਾਜੇ ਨੂੰ ਕ੍ਰਾਈਮ ਬ੍ਰਾਂਚ ਵਿਚ ਸ਼ਾਮਲ ਨਹੀਂ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਉਹ ਸ਼ਕਤੀਆਂ ਦਿੱਤੀਆਂ ਜੋ ਉਨ੍ਹਾਂ ਦੇ ਅਹੁਦੇ ਤੋਂ ਕਿਤੇ ਵੱਧ ਸਨ। ਕੀ ਮੰਤਰੀ ਨੂੰ ਸ਼ਹਿਰ ਦੀ ਪੁਲਸ ਵਿਚ ਚੱਲ ਰਹੀ ਹਲਚਲ ਬਾਰੇ ਪਤਾ ਨਹੀਂ ਸੀ ਕਿਉਂਕਿ ਵਾਜੇ ਕਮਿਸ਼ਨਰ ਦੀ ਦੂਜੀ ਸ਼ਖਸੀਅਤ ਵਜੋਂ ਕੰਮ ਕਰ ਰਹੇ ਸਨ?
ਸਕਾਰਪੀਓ ਕਾਂਡ ਪਿੱਛੋਂ ਕਮਿਸ਼ਨਰ ਐੱਮ. ਵੀ. ਏ. ਸਰਕਾਰ ਡੇਗਣ ਲਈ ਉਸ ਸਮੇਂ ਵਿਰੋਧੀ ਧਿਰ ਵਿਚ ਰਹੀ ਭਾਜਪਾ ਨਾਲ ਮਿਲ ਕੇ ਕੰਮ ਕਰ ਕੇ ਆਪਣੀ ਗਲਤੀ ਤੋਂ ਬਚ ਗਿਆ। ਇਹ ਇਕ ਬਹੁਤ ਹੀ ਸ਼ੱਕੀ ਸੌਦਾ ਸੀ ਜਿਸ ਨੇ ਸਿਆਸਤਦਾਨਾਂ ਅਤੇ ਇਸ ਵਿਚ ਸ਼ਾਮਲ ਪੁਲਸ ਅਧਿਕਾਰੀਆਂ ਦੀ ਸਾਖ ਨੂੰ ਬਹੁਤ ਨੁਕਸਾਨ ਪਹੁੰਚਾਇਆ।
ਅਤੇ ਇਹੀ ਗੱਲ ਮੁੰਬਈ ਦੇ ਨਾਗਰਿਕਾਂ ਨੂੰ ਚਿੰਤਤ ਕਰ ਸਕਦੀ ਹੈ। ਅਨਿਲ ਦੇਸ਼ਮੁਖ ਦਾ ਇਸ ਘਟਨਾ ਵਿਚ ਆਪਣੀ ਭੂਮਿਕਾ ਦਾ ਬਚਾਅ, ਜਿਵੇਂ ਕਿ ਉਨ੍ਹਾਂ ਦੀ ਕਿਤਾਬ ਵਿਚ ਦਰਸਾਇਆ ਗਿਆ ਹੈ, ਉਸੇ ਤਰ੍ਹਾਂ ਹੈ, ਜਿਵੇਂ ਕਿ ਉਨ੍ਹਾਂ ਨੇ ਆਪਣੇ ਬਚਾਅ ਵਿਚ ਕਿਹਾ ਸੀ। ਉਨ੍ਹਾਂ ਨੇ ਕਿਤਾਬ ਵਿਚ ਸੀ. ਪੀ. ਦੇ ਖਿਲਾਫ ਜੋ ਤੱਥ ਉਜਾਗਰ ਕੀਤੇ ਹਨ, ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਪਰ ਕਾਨੂੰਨ ਦੀ ਅਦਾਲਤ ਵਿਚ।
—ਜੂਲੀਓ ਰਿਬੈਰੋ