ਅੱਜ ਬਰਸੀ ’ਤੇ ਵਿਸ਼ੇਸ਼: ਬਹੁਪੱਖੀ ਤੇ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਸ਼੍ਰੀ ਇੰਦਰ ਕੁਮਾਰ ਗੁਜਰਾਲ

12/04/2020 3:44:36 AM

–ਡਾ. ਜਸਪਾਲ ਸਿੰਘ

ਪੰਜਾਬ ਦੀ ਧਰਤੀ ਤੋਂ ਉੱਠ ਕੇ, ਦੇਸ਼ ਦੀ ਸੱਤਾ ਦੇ ਸਭ ਤੋਂ ਵੱਡੇ ਅਹੁਦੇ ’ਤੇ ਪਹੁੰਚ ਕੇ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੇ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਸੀ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੇ ਵਿਲੱਖਣ ਕਿਸਮ ਦੀ ਭੂਮਿਕਾ ਨਿਭਾਈ ਸੀ। ਇਤਿਹਾਸ ਦੇ ਪੰਨਿਆਂ ਉੱਪਰ ਉਨ੍ਹਾਂ ਦਾ ਨਾਂ ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਸੁਰੱਖਿਅਤ ਰਹੇਗਾ।

ਜਦੋਂ ਗੁਜਰਾਲ ਸਾਹਿਬ ਨੇ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ, ਸਾਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਉੱਚ-ਕੋਟੀ ਦੇ ਬੁੱਧੀਜੀਵੀ ਅਤੇ ਨੀਤੀਵਾਨ ਦੇ ਹੱਥ ਦੇਸ਼ ਦੀ ਵਾਗਡੋਰ ਆ ਗਈ ਸੀ। ਪੰਜਾਬੀਅਾਂ ਦੀ ਖੁਸ਼ੀ ਹੋਰਨਾਂ ਨਾਲੋਂ ਵੱਧ ਸੀ। ਇਸ ਲਈ ਕਿ ਉਹ ਪੰਜਾਬੀ ਸਨ, ਪੰਜਾਬ ਅਤੇ ਪੰਜਾਬੀਅਾਂ ਨਾਲ ਉਨ੍ਹਾਂ ਦੀ ਡੂੰਘੀ ਭਾਵਨਾਤਮਕ ਸਾਂਝ ਸੀ। ਗੁਆਂਢੀ ਮੁਲਕਾਂ ਵਿਚ ਇਕ ਖ਼ਾਸ ਕਿਸਮ ਦੀ ਖੁਸ਼ੀ ਭਰਿਆ ਅਹਿਸਾਸ ਪੈਦਾ ਹੋ ਗਿਆ ਸੀ। ਇਕ ਆਸ ਬੱਝ ਗਈ ਸੀ, ਦੁਨੀਆ ਦੇ ਇਸ ਖਿੱਤੇ ਵਿਚ ਇਕ ਸਾਂਝ ਅਤੇ ਇਕ ਸੁਹਿਰਦਤਾ ਦੀ, ਇਕ ਚੰਗੇ ਭਵਿੱਖ ਦੀ। ਬਿਨਾਂ ਸ਼ੱਕ, ਗੁਜਰਾਲ ਸਾਹਿਬ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ ਅਤੇ ਲੋਕ ਉਨ੍ਹਾਂ ਦੀ ਵਿਲੱਖਣ ਭੂਮਿਕਾ ਦੀ ਸ਼ਲਾਘਾ ਕਰਦੇ ਰਹਿਣਗੇ।

ਅੰਤਰਰਾਸ਼ਟਰੀ ਸਬੰਧਾਂ ਅਤੇ ਵਿਦੇਸ਼ ਨੀਤੀ ਦੇ ਖੇਤਰ ਵਿਚ ਗੁਜਰਾਲ ਸਾਹਿਬ ਦੀ ਮੁਹਾਰਤ ਦੇ ਸਾਰੇ ਕਾਇਲ ਸਨ। ਉਨ੍ਹਾਂ ਦਾ ਆਪਣਾ ਇਕ ਖਾਸ ਮੁਕਾਮ ਸੀ ਡਿਪਲੋਮੇਸੀ ਦੀ ਦੁਨੀਆ ਵਿਚ। ਗੁਜਰਾਲ ਸਾਹਿਬ ਭਾਵੇਂ ਚਲੇ ਗਏ ਹਨ ਪਰ ਗੁਆਂਢੀ ਮੁਲਕਾਂ ਨਾਲ ਰਿਸ਼ਤਿਅਾਂ ਦੇ ਸੰਦਰਭ ਵਿਚ, ਹੋਂਦ ਵਿਚ ਆਈ ‘ਗੁਜਰਾਲ ਡਾਕਟਰੀਨ’ ਹਮੇਸ਼ਾ ਜ਼ਿੰਦਾ ਰਹੇਗੀ, ਹਮੇਸ਼ਾ ਪ੍ਰਾਸੰਗਿਕ ਰਹੇਗੀ। ਦਰਅਸਲ, ਗੁਜਰਾਲ ਸਾਹਿਬ ਦੀ ਇਸ ‘ਡਾਕਟਰੀਨ’ ਰਾਹੀਂ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧਾਂ ਦਾ ਇਕ ਨਵਾਂ ਦੌਰ ਸ਼ੁਰੂ ਹੋਇਆ ਸੀ। ਕਿਹਾ ਜਾ ਸਕਦਾ ਹੈ ਕਿ ਗੁਜਰਾਲ ਸਾਹਿਬ ਪਾਸੋਂ ਵਿਰਾਸਤ ਵਿਚ ਮਿਲੀ ਇਹ ਨੀਤੀ ਆਉਣ ਵਾਲੇ ਸਮੇਂ ਵਿਚ ਸਾਡਾ ਨਰੋਆ ਮਾਰਗ-ਦਰਸ਼ਨ ਕਰੇਗੀ।

ਆਜ਼ਾਦੀ ਦੀ 50ਵੀਂ ਵਰ੍ਹੇਗੰਢ ’ਤੇ ਗੁਜਰਾਲ ਸਾਹਿਬ ਵਲੋਂ ਦੇਸ਼ ਦੇ ਨਾਂ ਦਿੱਤੇ ਸੰਦੇਸ਼ ਨੂੰ ਵੀ ਮੈਂ ਯਾਦ ਕਰਨਾ ਚਾਹੁੰਦਾ ਹਾਂ। ਲਾਲ ਕਿਲੇ ਤੋਂ ਸੰਬੋਧਨ ਕਰਦਿਅਾਂ ਦੇਸ਼ ਦੇ ਰਾਜਸੀ ਜੀਵਨ ਦੀ ਦੁਖਦੀ-ਰਗ ’ਤੇ ਹੱਥ ਰੱਖ ਕੇ ਪ੍ਰਧਾਨ ਮੰਤਰੀ ਨੇ ਵੱਡੇ ਹੌਸਲੇ ਵਾਲਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਭ੍ਰਿਸ਼ਟਾਚਾਰ ਅਤੇ ਆਰਥਿਕ ਵਿਕਾਸ ਇਕੱਠੇ ਨਹੀਂ ਚੱਲ ਸਕਦੇ ਅਤੇ ਆਰਥਿਕ ਵਿਕਾਸ ਬਗੈਰ ਲੋਕਤੰਤਰ ਪ੍ਰਫੁੱਲਿਤ ਨਹੀਂ ਹੋ ਸਕਦਾ।’’ ਉਨ੍ਹਾਂ ਨੇ ਬੇਬਾਕੀ ਨਾਲ ਦੇਸ਼ ਦੇ ਰਾਜਸੀ ਤੇ ਸਮਾਜੀ ਜੀਵਨ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ। ਅਸਲ ਵਿਚ, ਗੁਜਰਾਲ ਸਾਹਿਬ ਨੇ ਸਿਰਫ ਰਸਮੀ ਜ਼ਿਕਰ ਨਹੀਂ ਸੀ ਕੀਤਾ ਸਗੋਂ ਦੇਸ਼ ਦੇ ਤਾਣੇ-ਬਾਣੇ ਵਿਚ, ਧੁਰ ਅੰਦਰ ਤੱਕ ਪਸਰੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਬਤਫਸੀਲ ਪ੍ਰੋਗਰਾਮ ਜਨਤਾ ਦੇ ਸਾਹਮਣੇ ਪੇਸ਼ ਕੀਤਾ ਸੀ। ਪ੍ਰਧਾਨ ਮੰਤਰੀ ਗੁਜਰਾਲ ਸਾਹਿਬ ਦੀ ਇਹ ਇਕ ਵੱਡੀ ਇਤਿਹਾਸਕ ਅਤੇ ਦਲੇਰੀ ਭਰੀ ਪਹਿਲਕਦਮੀ ਸੀ।

ਪੰਜਾਬ ਦੇ ਹਵਾਲੇ ਨਾਲ ਗੁਜਰਾਲ ਸਾਹਿਬ ਦੀ ਭੂਮਿਕਾ ਬਾਰੇ ਉਚੇਚੇ ਤੌਰ ’ਤੇ ਕੁਝ ਕਹਿਣਾ ਚਾਹੁੰਦਾ ਹਾਂ। ਇਕ ਪੰਜਾਬੀ ਦੇ ਰੂਪ ਵਿਚ ਪੰਜਾਬ ਨਾਲ ਉਨ੍ਹਾਂ ਦਾ ਜਜ਼ਬਾਤੀ ਰਿਸ਼ਤਾ ਸੀ ਪਰ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਹਮੇਸ਼ਾ ਅਮਲੀ ਤੇ ਰਚਨਾਤਮਕ ਤੌਰ ’ਤੇ ਆਪਣੀ ਕਾਰਜਸ਼ੈਲੀ ਵਿਚ ਉਤਾਰਨ ਦਾ ਭਰਪੂਰ ਯਤਨ ਕੀਤਾ ਸੀ। ਕਿਸੇ ਤੋਂ ਭੁੱਲਿਆ ਨਹੀਂ ਉਹ ਸਮਾਂ, ਜਦੋਂ ਪੰਜਾਬ ਅਤੇ ਖਾਸ ਤੌਰ ’ਤੇ ਪੰਜਾਬ ਵਿਚ ਵੱਸਦਾ ਸਿੱਖ ਭਾਈਚਾਰਾ ਸੰਕਟ ਵਿਚ ਘਿਰ ਗਿਆ ਸੀ। ਜਦੋਂ ਕੇਂਦਰ ਵਿਚ ‘ਕਾਨੂੰਨ ਤੇ ਵਿਵਸਥਾ’ ਤੋਂ ਵੱਧ ਪੰਜਾਬ ਦਾ ਕੋਈ ਸਰੋਕਾਰ ਨਹੀਂ ਸੀ। ਜਦੋਂ ਸਾਰਾ ਪੰਜਾਬ, ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ-ਥਲੱਗ ਕਰ ਦਿੱਤਾ ਗਿਆ ਸੀ, ਉਦੋਂ ਗੁਜਰਾਲ ਸਾਹਿਬ, ਪੰਜਾਬ ਦੀ ਪੈਰਵੀ ਲਈ ਨਿੱਤਰ ਕੇ ਸਾਹਮਣੇ ਆਏ ਸਨ। ਪੰਜਾਬ ਨੂੰ ਮੁੜ ਇਕ ਪ੍ਰਗਤੀਸ਼ਾਲੀ ਰਾਜ ਦੇ ਰੂਪ ਵਿਚ ਕੇਂਦਰ ਦੇ ਏਜੰਡੇ ’ਤੇ ਲਿਆਉਣ ਦਾ ਕੰਮ ਗੁਜਰਾਲ ਸਾਹਿਬ ਨੇ ਕੀਤਾ ਸੀ। ਪੰਜਾਬੀਅਤ ਨੂੰ ਦੇਸ਼ ਦੇ ਵੱਡੇ ਕੈਨਵਸ ਉੱਪਰ ਉਜਾਗਰ ਕਰਨ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਕ ਇਤਿਹਾਸਕ ਫੈਸਲਾ ਲੈ ਕੇ, ਉਨ੍ਹਾਂ ਨੇ ਪੰਜਾਬ ਦੇ ਸਿਰ ਚੜ੍ਹੇ ਵੱਡੇ ਕਰਜ਼ੇ ਨੂੰ ਮੁਆਫ ਕਰ ਦਿੱਤਾ ਸੀ। ਦਰਅਸਲ, ਉਨ੍ਹਾਂ ਦੇ ਸੀਨੇ ਵਿਚ ਪੰਜਾਬੀਅਤ ਸੀ, ਪੰਜਾਬ ਦਾ ਦੁੱਖ-ਦਰਦ ਉਹ ਸਮਝਦੇ ਸਨ। ਪੰਜਾਬ ਪ੍ਰਤੀ ਆਪਣੇ ਫਰਜ਼ ਦੀ ਪਛਾਣ ਕਰ ਕੇ, ਉਹ ਪੰਜਾਬ ਦੀ ਧਰਤੀ ਦਾ ਕਰਜ਼ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇਥੇ ਇਕ ਹੋਰ ਅਹਿਮ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਿੱਛੇ ਜਿਹੇ ਇਕ ਸਮਾਗਮ ਵਿਚ ਬੋਲਦਿਅਾਂ ਇਕ ਵੱਡਾ ਖੁਲਾਸਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਵੰਬਰ 1984 ਦੀ ਸਿੱਖ-ਵਿਰੋਧੀ ਹਿੰਸਾ ਰੋਕੀ ਜਾ ਸਕਦੀ ਸੀ ਜੇ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ, ਗੁਜਰਾਲ ਸਾਹਿਬ ਵਲੋਂ ਦਿੱਤੀ ਸਲਾਹ ਮੁਤਾਬਕ ਮੁਨਾਸਿਬ ਕਾਰਵਾਈ ਕਰ ਦਿੰਦੇ। ਗੁਜਰਾਲ ਸਾਹਿਬ ਨੇ ਉਚੇਚੇ ਤੌਰ ’ਤੇ ਆਪ ਜਾ ਕੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਨੂੰ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਹਾਲਾਤ ਬਹੁਤ ਨਾਜ਼ੁਕ ਹਨ, ਸਥਿਤੀ ਬੜੀ ਖਤਰਨਾਕ ਬਣ ਗਈ ਹੈ, ਇਸ ਲਈ ਬਿਨਾਂ ਕਿਸੇ ਦੇਰੀ ਦੇ ਫੌਜ ਨੂੰ ਸੱਦ ਲੈਣਾ ਚਾਹੀਦਾ ਹੈ ਪਰ ਵੇਲੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਜੋ ਕੁਝ ਵਾਪਰਿਆ ਉਸ ਦਾ ਜ਼ਿਕਰ ਕਰਦਿਅਾਂ ਵੀ ਹੱਥ ਕੰਬਦੇ ਹਨ।

ਆਖਿਰ ਵਿਚ ਬੜੀ ਸ਼ਿੱਦਤ ਤੇ ਵਿਸ਼ਵਾਸ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਗੁਜਰਾਲ ਸਾਹਿਬ ਨੇ ਆਪਣੇ ਸਮਾਜੀ ਅਤੇ ਸਿਆਸੀ ਜੀਵਨ ਵਿਚ ਇਕ ਵੱਡੀ ਭੂਮਿਕਾ ਨਿਭਾਈ ਹੈ ਅਤੇ ਪੰਜਾਬੀਅਾਂ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ। ਉਨ੍ਹਾਂ ਦੇ ਨਿਵੇਕਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਰਹਿੰਦੀ ਦੁਨੀਆ ਤੱਕ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਰਹਿਣਗੇ। ਇਕ ਸ਼ੇਅਰ ਨਾਲ ਗੁਜਰਾਲ ਸਾਹਿਬ ਦੀ ਸ਼ਖ਼ਸੀਅਤ ਪ੍ਰਤੀ ਆਪਣੀ ਸ਼ਰਧਾਂਜਲੀ ਦਰਜ ਕਰਨਾ ਚਾਹੁੰਦਾ ਹਾਂ :

ਕੁਛ ਲੋਗ ਥੇ ਜੋ ਵਕਤ ਕੇ ਸਾਂਚੇ ਮੇਂ ਢਲ ਗਏ।

ਕੁਛ ਲੋਗ ਥੇ ਜੋ ਵਕਤ ਕੇ ਸਾਂਚੇ ਹੀ ਬਦਲ ਗਏ।


Bharat Thapa

Content Editor

Related News