ਭਾਜਪਾ ਦੇ ਲੋਹਪੁਰਸ਼ ਅਡਵਾਨੀ ਨੂੰ ਭਾਰਤ ਰਤਨ ਦੇ ਮਾਅਨੇ

Sunday, Feb 04, 2024 - 02:10 PM (IST)

ਭਾਜਪਾ ਦੇ ਲੋਹਪੁਰਸ਼ ਅਡਵਾਨੀ ਨੂੰ ਭਾਰਤ ਰਤਨ ਦੇ ਮਾਅਨੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ 11.33 ਵਜੇ ਭਾਜਪਾ ਦੇ ਬਜ਼ੁਰਗ ਮਾਰਗਦਰਸ਼ਕ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦਾ ਸਰਵਉੱਚ ਪੁਰਸਕਾਰ ਭਾਰਤ ਰਤਨ ਦੇਣ ਦੀ ਜਾਣਕਾਰੀ ਜਨਤਕ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਲਿਖਿਆ ਕਿ ਸਾਡੇ ਸਮੇਂ ਦੇ ਸਭ ਤੋਂ ਸਨਮਾਨਿਤ ਸਿਆਸੀ ਆਗੂਆਂ ’ਚ ਸ਼ਾਮਲ (ਲਾਲ ਕ੍ਰਿਸ਼ਨ) ਅਡਵਾਨੀ ਜੀ ਦਾ ਭਾਰਤ ਦੇ ਵਿਕਾਸ ’ਚ ਮਹਾਨ ਯੋਗਦਾਨ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਜ਼ਮੀਨੀ ਪੱਧਰ ’ਤੇ ਕੰਮ ਕਰਨ ਤੋਂ ਸ਼ੁਰੂਆਤ ਕਰ ਕੇ ਸਾਡੇ ਉਪ-ਪ੍ਰਧਾਨ ਮੰਤਰੀ ਦੇ ਰੂਪ ’ਚ ਦੇਸ਼ ਦੀ ਸੇਵਾ ਕੀਤੀ। ਅਡਵਾਨੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਇਕ ਬੜਾ ਹੀ ਭਾਵੁਕ ਪਲ ਹੋਵੇਗਾ। ਅਡਵਾਨੀ ਜੀ ਨੇ ਆਪਣੇ ਜਨਤਕ ਜੀਵਨ ’ਚ ਦਹਾਕਿਆਂ ਤੱਕ ਸੇਵਾ ਕਰਦੇ ਹੋਏ ਪਾਰਦਰਸ਼ਿਤਾ ਅਤੇ ਅਖੰਡਤਾ ਪ੍ਰਤੀ ਅਟੁੱਟ ਪ੍ਰਤੀਬੱਧਤਾ ਪ੍ਰਗਟਾਈ ਅਤੇ ਸਿਆਸੀ ਨੈਤਿਕਤਾ ’ਚ ਇਕ ਮਿਸਾਲੀ ਮਾਪਦੰਡ ਸਥਾਪਿਤ ਕੀਤਾ। ਉਨ੍ਹਾਂ ਨੇ ਰਾਸ਼ਟਰ ਦੀ ਏਕਤਾ ਅਤੇ ਸੱਭਿਆਚਾਰਕ ਭਲਾਈ ਨੂੰ ਅੱਗੇ ਵਧਾਉਣ ਦੀ ਦਿਸ਼ਾ ’ਚ ਬੜੇ ਵਧੀਆ ਯਤਨ ਕੀਤੇ। ਮੈਂ ਇਸ ਨੂੰ ਹਮੇਸ਼ਾ ਆਪਣੀ ਕਿਸਮਤ ਮੰਨਾਂਗਾ ਕਿ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦੇ ਅਣਗਿਣਤ ਮੌਕੇ ਮਿਲੇ।

ਇਸ ਤਰ੍ਹਾਂ ਅਟਲ ਬਿਹਾਰੀ ਵਾਜਪਾਈ ਦੇ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਭਾਜਪਾ ਦਾ ਦੂਜਾ ਚਿਹਰਾ ਹਨ ਜੋ ਭਾਰਤ ਰਤਨ ਨਾਲ ਸਨਮਾਨਿਤ ਹੋਣ ਜਾ ਰਹੇ ਹਨ। ਅਡਵਾਨੀ ਸਿਧਾਂਤਾਂ ਦੀ ਸਿਆਸਤ ਕਰਨ ਵਾਲੇ ਨੇਤਾ ਦੇ ਰੂਪ ’ਚ ਮੰਨੇ ਜਾਂਦੇ ਹਨ। ਹਾਲਾਂਕਿ ਚੋਣਾਂ ਦੇ ਸਾਲ ’ਚ ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਅਚਾਨਕ ਇਹ ਐਲਾਨ ਹੈਰਾਨ ਕਰਨ ਵਾਲਾ ਰਿਹਾ ਹੈ। ਨਾ ਇਸ ਦੀ ਕੋਈ ਮੰਗ ਸੀ ਅਤੇ ਨਾ ਹੀ ਇਸ ਲਈ ਕੋਈ ਘੁਸਰ-ਮੁਸਰ। ਹਮੇਸ਼ਾ ਵਾਂਗ ਮੋਦੀ ਸਰਕਾਰ ਦਾ ਅਜਿਹਾ ਫੈਸਲਾ ਜਿਸ ਦੀ ਕਲਪਨਾ ਕਰਨੀ ਔਖੀ ਹੈ। ਨਰਿੰਦਰ ਮੋਦੀ ਅਜਿਹੇ ਹੈਰਾਨ ਕਰਨ ਵਾਲੇ ਫੈਸਲੇ ਰਾਸ਼ਟਰਪਤੀ ਦੀ ਚੋਣ ਤੋਂ ਲੈ ਕੇ ਰਾਜਪਾਲਾਂ, ਮੁੱਖ ਮੰਤਰੀਆਂ ਦੇ ਨਾਵਾਂ ਤੱਕ ’ਚ ਕਰਦੇ ਰਹੇ ਹਨ। ਇਹ ਫੈਸਲਾ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ ਖਾਸ ਕਰ ਕੇ ਉਦੋਂ ਜਦੋਂ 10 ਦਿਨ ਪਹਿਲਾਂ ਹੀ ਇਕ ਭਾਰਤ ਰਤਨ ਬਿਹਾਰ ਦੇ ਮੁੱਖ ਮੰਤਰੀ ਰਹੇ ਮਹਾਰਥੀ ਸਮਾਜਵਾਦੀ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਦੇਣ ਦਾ ਐਲਾਨ ਕੀਤਾ ਿਗਆ ਸੀ। 10 ਦਿਨ ਦੇ ਅੰਦਰ ਦੂਜੇ ਸਰਵਉੱਚ ਸਨਮਾਨ ਦਾ ਐਲਾਨ ਆਪਣੇ ਆਪ ’ਚ ਕਾਫੀ ਕੁਝ ਕਹਿੰਦਾ ਹੈ। 90 ਦੇ ਦਹਾਕੇ ’ਚ ਭਾਜਪਾ ਦੇ ਲੋਹਪੁਰਸ਼ ਦਾ ਤਮਗਾ ਹਾਸਲ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਗੁਰੂ ਜਾਂ ਸਾਥੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਪਾਰਟੀ ਨੂੰ ਸੱਤਾ ਦੇ ਦਰਵਾਜ਼ੇ ਤੱਕ ਲਿਆਉਣ ਲਈ ਜਾਣੇ ਜਾਂਦੇ ਹਨ। ਭਾਰਤੀ ਜਨਤਾ ਪਾਰਟੀ ਨੇ 1984 ਦੀਆਂ ਲੋਕ ਸਭਾ ਚੋਣਾਂ ’ਚ 2 ਸੀਟਾਂ ਨਾਲ ਸਿਆਸੀ ਸਫਰ ਦੀ ਨਵੀਂ ਸ਼ੁਰੂਆਤ ਕੀਤੀ ਸੀ। ਬੇਸ਼ੱਕ ਸ਼ੁਰੂਆਤ ਨਵੀਂ ਸੀ ਪਰ ਇਸ ਦੀ ਵਿਰਾਸਤ ’ਚ ਜਨਸੰਘ ਦੀ ਹਿੰਦੂਵਾਦੀ ਵਿਰਾਸਤ ਮੌਜੂਦ ਸੀ।

ਇਸ ਵਿਰਾਸਤ ਨਾਲ ਦੇਸ਼ ਦੀ 80 ਫੀਸਦੀ ਆਬਾਦੀ ਨੂੰ ਜੋੜਨਾ ਇਕ ਵੱਡੀ ਚੁਣੌਤੀ ਸੀ। ਅਡਵਾਨੀ ਨੂੰ 90 ਦੇ ਦਹਾਕੇ ’ਚ ਭਾਜਪਾ ਦੇ ਉਦੈ ਦਾ ਸਿਹਰਾ ਦਿੱਤਾ ਜਾਂਦਾ ਹੈ। ਅਡਵਾਨੀ ਨੂੰ ਇਹ ਪੁਰਸਕਾਰ ਦਿੱਤਾ ਜਾਣਾ ਪਾਰਟੀ ਦੀ ਮੂਲ ਵਿਚਾਰਧਾਰਾ ਨੂੰ ਆਕਾਰ ਦੇਣ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਪ੍ਰਤੀ ਸਨਮਾਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਹ ਵੀ ਵਰਨਣਯੋਗ ਹੈ ਕਿ ਅਡਵਾਨੀ ਨੂੰ ਉਸੇ ਸਾਲ ਭਾਰਤ ਰਤਨ ਦਿੱਤਾ ਜਾ ਰਿਹਾ ਹੈ, ਜਦੋਂ ਰਾਮ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ। ਅਡਵਾਨੀ ਨੇ ਰਾਮ ਮੰਦਰ ਦੇ ਮੁੱਦੇ ਨੂੰ ਚੁੱਕਣ ਲਈ 1990 ’ਚ ‘ਰਾਮ ਰੱਥ ਯਾਤਰਾ’ ਕੀਤੀ ਸੀ। ਉਦੋਂ ਲਖਨਊ ’ਚ ਬਤੌਰ ਪੱਤਰਕਾਰ ਮੈਂ ਪੁੱਛਿਆ ਸੀ ਕਿ ਰਾਮ ਮੰਦਰ ਲਈ ਪਾਰਟੀ ਜਾਂ ਦੇਸ਼ ਕਦੋਂ ਤੱਕ ਅਤੇ ਕਿਸ ਹੱਦ ਤੱਕ ਕਿੱਥੋਂ ਤੱਕ ਜਾ ਸਕਦਾ ਹੈ। ਉਨ੍ਹਾਂ ਦਾ ਵੱਡਾ ਸਿੱਧਾ ਜਿਹਾ ਜਵਾਬ ਸੀ-ਸਦੀਆਂ ਤੱਕ ਅਤੇ ਲੱਖਾਂ ਜਾਨਾਂ ਦੇ ਕੁਰਬਾਨ ਹੋਣ ਤੱਕ। ਦ੍ਰਿੜ੍ਹਤਾ ਉਨ੍ਹਾਂ ਦੇ ਵਿਚਾਰਾਂ ’ਚ ਇਸ ਗੱਲ ਦੇ 30 ਸਾਲ ਪਹਿਲਾਂ ਤੱਕ ਸੀ ਅਤੇ ਅੱਜ ਵੀ ਉਹੀ ਦ੍ਰਿੜ੍ਹਤਾ ਉਨ੍ਹਾਂ ’ਚ ਨਜ਼ਰ ਆਉਂਦੀ ਹੈ।

1927 ’ਚ ਕਰਾਚੀ (ਉਦੋਂ ਭਾਰਤ ਦਾ ਹਿੱਸਾ) ’ਚ ਪੈਦਾ ਹੋਏ ਅਡਵਾਨੀ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸਾਥ ਮਿਲਿਆ। ਕਾਫੀ ਉਮਰ ’ਚ ਹੀ ਉਹ ਜਨਸੰਘ ਦੇ ਸਕੱਤਰ ਬਣੇ ਅਤੇ ਇਸੇ ਪਾਰਟੀ ਦੇ ਪ੍ਰਧਾਨ ਵੀ 1973 ਤੋਂ 1977 ਤਕ ਰਹੇ (ਜਨਤਾ ਪਾਰਟੀ ’ਚ ਰਲੇਵੇਂ ਦੇ ਪਹਿਲਾਂ ਤੱਕ)। ਜਨਤਾ ਪਾਰਟੀ ਦੀ ਬਰਬਾਦੀ ਦਾ ਇਤਿਹਾਸ ਸਾਨੂੰ ਸਾਰਿਆਂ ਨੂੰ ਪਤਾ ਹੈ। 1980 ’ਚ ਭਾਜਪਾ ਦੀ ਸਥਾਪਨਾ ਹੋਈ। ਪ੍ਰਧਾਨ ਅਟਲ ਬਿਹਾਰੀ ਵਾਜਪਾਈ ਬਣੇ ਅਤੇ ਅਡਵਾਨੀ ਇਸ ਦੇ ਜਨਰਲ ਸਕੱਤਰ। ਅਡਵਾਨੀ ਦੀ ਪ੍ਰਸਿੱਧੀ 1990 ’ਚ ਸਿਖਰ ’ਤੇ ਪੁੱਜੀ, ਜਦੋਂ ਉਨ੍ਹਾਂ ਨੇ ਗੁਜਰਾਤ ਦੇ ਸੋਮਨਾਥ ਤੋਂ ਅਯੁੱਧਿਆ ਤੱਕ ਰਾਮ ਰੱਥ ਯਾਤਰਾ ਕੱਢ ਕੇ ਮੰਦਰ ਅੰਦੋਲਨ ਨੂੰ ਇਕ ਨਵੀਂ ਧਾਰ ਦਿੱਤੀ। ਇਸ ਰਾਮ ਰੱਥ ਯਾਤਰਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜੁੜੇ ਸਨ। ਅਡਵਾਨੀ ਨੇ ਰੱਥ ਯਾਤਰਾ ਸ਼ੁਰੂ ਕੀਤੀ ਤਾਂ ਮੋਦੀ ਨੂੰ ਸੋਮਨਾਥ ਤੋਂ ਮੁੰਬਈ ਤੱਕ ਯਾਤਰਾ ਦੇ ਕਨਵੀਨਰ ਦਾ ਕੰਮ ਸੌਂਪਿਆ ਸੀ। ਉਦੋਂ ਮੋਦੀ ਭਾਜਪਾ ਦੀ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਸਨ।

1991 ਦੀ ਚੋਣ ਭਾਜਪਾ ਨੇ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ’ਚ ਹੀ ਲੜੀ, ਜਿਸ ’ਚ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 120 ਸੀਟਾਂ ’ਤੇ ਜਿੱਤ ਹਾਸਲ ਕੀਤੀ। ਸਾਲ 2014 ਤੋਂ ਪਹਿਲਾਂ ਤੱਕ ਅਡਵਾਨੀ ਇਸ ਸਦੀ ’ਚ ਭਾਜਪਾ ਦੇ ਸਭ ਤੋਂ ਕੱਦਾਵਰ ਆਗੂ ਸਨ। 2004 ਤੋਂ ਬਾਅਦ ਜਦੋਂ ਭਾਜਪਾ ਵਿਰੋਧੀ ਧਿਰ ’ਚ ਬੈਠੀ, ਅਡਵਾਨੀ ਨੂੰ ਉਦੋਂ ਵੀ ਮੀਡੀਆ ’ਚ ਪੀ. ਐੱਮ. ਇਨ ਵੇਟਿੰਗ ਕਿਹਾ ਜਾਂਦਾ ਸੀ। ਹਾਲਾਂਕਿ 2009 ਦੀਆਂ ਚੋਣਾਂ ’ਚ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਬਣ ਸਕੇ।

ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਇਕ ਨੇਤਾ ਦੇ ਰੂਪ ’ਚ ਉਨ੍ਹਾਂ ਦੇ ਸਿਆਸੀ ਸੰਘਰਸ਼ ਦਾ ਸਨਮਾਨ ਹੈ। ਉਨ੍ਹਾਂ ਦੀ ਸਿਆਸੀ ਨਿਮਰਤਾ, ਦ੍ਰਿੜ੍ਹਤਾ ਅਤੇ ਵਿਚਾਰਸ਼ੀਲਤਾ ਦਾ ਸਨਮਾਨ ਹੈ। ਪੂਰੇ ਉੱਤਰ ਭਾਰਤ ’ਚ ਭਾਜਪਾ ਨੂੰ ਜਨ-ਜਨ ਨਾਲ ਜੋੜਨ ’ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਸਿਆਸੀ ਆਗੂਆਂ ਨੂੰ ਜਦੋਂ ਵੀ ਪੁਰਸਕਾਰ ਲਈ ਚੁਣਿਆ ਜਾਂਦਾ ਹੈ ਤਾਂ ਵਿਵਾਦ ਹੁੰਦੇ ਹਨ, ਸਵਾਲ ਉੱਠਦੇ ਹਨ। ਵਿਰੋਧੀ ਕਿੰਤੂ-ਪ੍ਰੰਤੂ ਕਰਦੇ ਹਨ। ਅਜਿਹਾ ਇਸ ਸਰਵਉੱਚ ਪੁਰਸਕਾਰ ਦੇ ਨਾਲ ਵੀ ਹੁੰਦਾ ਰਿਹਾ ਹੈ। 1954 ’ਚ ਜਦੋਂ ਪਹਿਲੀ ਵਾਰ 3 ਵਿਅਕਤੀਆਂ ਨੂੰ ਇਹ ਪੁਰਸਕਾਰ ਦਿੱਤਾ ਿਗਆ ਤਾਂ ਇਸ ਨੂੰ ਪਾਉਣ ਵਾਲਿਆਂ ’ਚ ਮਹਾਨ ਵਿਗਿਆਨੀ ਸੀ. ਵੀ. ਰਮਨ, ਸਿੱਖਿਆ ਮਾਹਿਰ ਸਰਵਪੱਲੀ ਰਾਧਾਕ੍ਰਿਸ਼ਣਨ ਜੋ ਉਦੋਂ ਤੱਕ ਰਾਸ਼ਟਰਪਤੀ ਨਹੀਂ ਬਣੇ ਸਨ ਅਤੇ ਵਿਰੋਧੀ ਧਿਰ ’ਚ ਸੁਤੰਤਰ ਪਾਰਟੀ ਦੀ ਸਥਾਪਨਾ ਕਰ ਕੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਚੁਣੌਤੀ ਦੇਣ ਵਾਲੇ ਸੀ. ਰਾਜਗੋਪਾਲਾਚਾਰੀ ਸਨ। ਹਾਲਾਂਕਿ 1955 ’ਚ ਜਿਹੜੇ 3 ਵਿਅਕਤੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਉਨ੍ਹਾਂ ’ਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਆਪਣਾ ਵੀ ਨਾਂ ਸੀ।

ਇਸੇ ਤਰ੍ਹਾਂ 1971 ’ਚ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਦੇਸ਼ ਦਾ ਇਹ ਸਰਵਉੱਚ ਪੁਰਸਕਾਰ ਹਾਸਲ ਕਰ ਕੇ ਨਹਿਰੂ ਵਾਂਗ ਵਿਵਾਦ ਨੂੰ ਸੱਦਾ ਦਿੱਤਾ। ਸ਼ਹਾਦਤ ਦੇ ਬਾਅਦ 1991 ’ਚ ਰਾਜੀਵ ਗਾਂਧੀ ਨੂੰ ਵੀ ਨਰਸਿਮ੍ਹਾ ਰਾਓ ਸਰਕਾਰ ਨੇ ਭਾਰਤ ਰਤਨ ਨਾਲ ਨਿਵਾਜਿਆ ਸੀ। ਸਵਾਲ ਉਦੋਂ ਵੀ ਉੱਠੇ ਸਨ। ਵੱਲਭ ਭਾਈ ਪਟੇਲ ਅਤੇ ਬੀ. ਆਰ. ਅੰਬੇਡਕਰ ਨੂੰ ਕਾਫੀ ਦੇਰ ਪਿੱਛੋਂ ਭਾਰਤ ਰਤਨ ਦੇਣ ਨਾਲ ਵੀ ਖੂਬ ਸਵਾਲ ਉੱਠੇ ਸਨ। ਕੋਈ ਸਮਾਜਸੇਵੀਆਂ ਨੂੰ ਦਿੱਤੇ ਗਏ ਇਸ ਸਨਮਾਨ ’ਤੇ ਵੀ ਇਹ ਸਵਾਲ ਉੱਠੇ।

ਪਰ ਲਾਲ ਕ੍ਰਿਸ਼ਨ ਅਡਵਾਨੀ ਅੱਜ ਦੀ ਸਿਆਸਤ ’ਚ ਅਜਿਹਾ ਚਿਹਰਾ ਹਨ ਜਿਨ੍ਹਾਂ ਨੂੰ ਭਾਰਤ ਰਤਨ ਦੇਣ ’ਤੇ ਸਰਕਾਰੀ ਧਿਰ ਅਤੇ ਵਿਰੋਧੀ ਧਿਰ ਦੇ ਸਾਰੇ ਨੇਤਾ ਵਧਾਈ ਦੇ ਰਹੇ ਹਨ। ਕੁਝ ਬਿਆਨ ਅਜਿਹੇ ਆ ਵੀ ਸਕਦੇ ਹਨ ਕਿ ਅਡਵਾਨੀ ਨੂੰ ਚੋਣਾਂ ਕਾਰਨ ਇਹ ਸਨਮਾਨ ਦਿੱਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ 2014 ਦੇ ਬਾਅਦ ਰਾਸ਼ਟਰਪਤੀ ਆਦਿ ਦੇ ਅਹੁਦੇ ਨਾਲ ਜੋ ਨਹੀਂ ਨਿਵਾਜਿਆ ਗਿਆ, ਉਸ ਦੀ ਖਾਨਾਪੂਰਤੀ ਕੀਤੀ ਜਾ ਸਕੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਦਾ ਹੁਣ ਕੋਈ ਅਰਥ ਨਹੀਂ ਹੋਵੇਗਾ। ਅਸਲ ’ਚ ਅਡਵਾਨੀ ਸਿਆਸਤ ’ਚ ਸੁਚਿੱਤਤਾ, ਸਮਰਪਣ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹਨ। ਉਨ੍ਹਾਂ ਨੇ ਦੇਸ਼ ’ਚ ਇਕ ਵੱਖਰੀ ਕਿਸਮ ਦੀ ਸਿਆਸਤ ਨੂੰ ਜਨਮ ਦਿੱਤਾ। ਵਿਰੋਧੀ ਧਿਰ ਨਾਲ ਕਦੀ ਕੁੜੱਤਣ ਨਹੀਂ ਰੱਖੀ।

ਅੱਕੂ ਸ੍ਰੀਵਾਸਤਵ


author

Rakesh

Content Editor

Related News