ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ ਨੂੰ ਮਾਇਆਵਤੀ ਨੇ ਪੇਚੀਦਾ ਬਣਾਇਆ

Saturday, Nov 02, 2024 - 05:12 PM (IST)

ਉੱਤਰ ਪ੍ਰਦੇਸ਼ (ਯੂ. ਪੀ.) ’ਚ ਇਕ ਦਿਲਚਸਪ ਅਤੇ ਪੇਚੀਦਾ ਦ੍ਰਿਸ਼ ਸਾਹਮਣੇ ਆ ਰਿਹਾ ਹੈ ਕਿਉਂਕਿ ਮਾਇਆਵਤੀ 13 ਨਵੰਬਰ ਨੂੰ ਆਗਾਮੀ ਜ਼ਿਮਨੀ ਚੋਣਾਂ ’ਚ ਸਾਰੀਆਂ 9 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅਗਵਾਈ ਕਰ ਰਹੀ ਹੈ।

ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਬਸਪਾ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ ਅਤੇ ਇਸ ਦੀਆਂ ਮੂਲ ਦਲਿਤ ਵੋਟਾਂ ਦੇ ਹੋਰ ਪਾਰਟੀਆਂ ਵੱਲ ਜਾਣ ਦੀ ਪ੍ਰਤੀਕਿਰਿਆ ਪਿੱਛੋਂ ਹੁਣ ਬਸਪਾ ਸੁਪਰੀਮੋ ਮਾਇਆਵਤੀ ਜੜ੍ਹਾਂ ਵੱਲ ਪਰਤਣ ਦੀ ਅਤੇ ਪਾਰਟੀ ਦੀ ਬਹੁਜਨ ਰਣਨੀਤੀ ਨੂੰ ਫਿਰ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਕ ਵਾਰ ਫਿਰ ਭਾਜਪਾ ਅਤੇ ਕਾਂਗਰਸ ਨੂੰ ਦਲਿਤਾਂ ਦਾ ਦੁਸ਼ਮਣ ਕਰਾਰ ਦਿੰਦਿਆਂ, ਮਾਇਆਵਤੀ ਨੇ 29 ਅਕਤੂਬਰ, 2024 ਨੂੰ ਕਿਹਾ ਕਿ ਦੋਵੇਂ ਪਾਰਟੀਆਂ ਦਲਿਤਾਂ ਦੀਆਂ ਹਿਤੈਸ਼ੀ ਹੋਣ ਦੀ ਆੜ ’ਚ ਰਾਖਵਾਂਕਰਨ ਨੂੰ ਗੈਰ-ਪ੍ਰਭਾਵੀ ਬਣਾਉਣ ਦੀ ਸਾਜ਼ਿਸ਼ ’ਚ ਸ਼ਾਮਲ ਹਨ।

ਚਾਰ ਵਾਰ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਹਰਿਆਣਾ ’ਚ ਭਾਜਪਾ ਸਰਕਾਰ ਅਤੇ ਤੇਲੰਗਾਨਾ ਅਤੇ ਕਰਨਾਟਕ ’ਚ ਕਾਂਗਰਸ ਸਰਕਾਰਾਂ ਵਲੋਂ ਲਾਗੂ ਦਲਿਤਾਂ ਲਈ ਉਪ-ਰਾਖਵਾਂਕਰਨ ਦੀ ਨਵੀਂ ਪ੍ਰਣਾਲੀ ’ਤੇ ਚਿੰਤਾ ਪ੍ਰਗਟਾਈ। ਹਾਲਾਂਕਿ ਪਾਰਟੀ ਦੇ ਸਾਹਮਣੇ ਚੁਣੌਤੀ ਸਿਰਫ ਬ੍ਰਾਹਮਣ, ਮੁਸਲਮਾਨ ਅਤੇ ਗੈਰ-ਯਾਦਵ ਪੱਛੜੇ ਵਰਗ ਦੇ ਵੋਟਾਂ ਨੂੰ ਵਾਪਸ ਜਿੱਤਣ ਦੀ ਨਹੀਂ ਹੈ, ਜਿਸ ਦੀ ਰਣਨੀਤੀ ਨੇ 2007 ’ਚ ਉਸ ਨੂੰ ਸੱਤਾ ’ਚ ਪਹੁੰਚਾਇਆ ਸੀ ਸਗੋਂ ਤਕਰੀਬਨ 21 ਫੀਸਦੀ ਦਲਿਤ ਵੋਟਾਂ ਨੂੰ ਵੀ ਵਾਪਸ ਜਿੱਤਣ ਦੀ ਹੈ, ਜਿਨ੍ਹਾਂ ’ਚੋਂ 12 ਫੀਸਦੀ ਜਾਟਵ ਹਨ, ਜੋ ਮਾਇਆਵਤੀ ਦੀ ਜਾਤੀ ਹੈ।

ਸਪਾ-ਕਾਂਗਰਸ ਨੇ ਹੈਰਾਨ ਕੀਤਾ : ਆਗਾਮੀ ਜ਼ਿਮਨੀ ਚੋਣਾਂ ’ਚ ਨਾ ਲੜਨ ਅਤੇ ਸਾਰੀਆਂ ਸੀਟਾਂ ਸਹਿਯੋਗੀ ਸਮਾਜਵਾਦੀ ਪਾਰਟੀ ਲਈ ਛੱਡਣ ਦੇ ਕਾਂਗਰਸ ਦੇ ਫੈਸਲੇ ਨੇ ਨਾ ਸਿਰਫ ਬਾਹਰੀ ਲੋਕਾਂ ਨੂੰ ਸਗੋਂ ਸੰਗਠਨ ਦੇ ਅੰਦਰ ਵੀ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਅਜਿਹਾ ਕਰਨ ਤੋਂ ਝਿਜਕ ਰਹੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਨੂੰ ਲੀਡ ਦੇ ਕੇ ਉਹ ਮਹਾਰਾਸ਼ਟਰ ’ਚ ਸੀਟਾਂ ਦੇਣ ਦੇ ਖਿਲਾਫ ਤਰਕ ਦੇ ਸਕਦੀ ਹੈ, ਖਾਸ ਕਰ ਕੇ ਉਸ ਵੇਲੇ ਜਦੋਂ ਉਸ ਨੇ ਲੋਕ ਸਭਾ ਚੋਣਾਂ ’ਚ ਉਥੇ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ 13 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ।

ਦੂਜੇ ਪਾਸੇ, ਸਪਾ ਮੁਖੀ ਅਖਿਲੇਸ਼ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ ਗੱਠਜੋੜ ਸੀਟਾਂ ਦੀ ਵੰਡ ਦੇ ਹਿਸਾਬ ’ਤੇ ਨਹੀਂ, ਸਗੋਂ ਯੂ. ਪੀ. ਵਿਧਾਨ ਸਭਾ ’ਚ ਭਾਜਪਾ ਦੀ ਵੱਡੀ ਲੀਡ ਨੂੰ ਘੱਟ ਕਰਨ ਦੀ ਜ਼ਰੂਰਤ ’ਤੇ ਆਧਾਰਿਤ ਹੈ। ਸਪਾ ਆਗੂ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਰਾਖਵਾਂਕਰਨ ਵਿਵਸਥਾ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।

ਸੀ. ਜੋਸੇਫ ਵਿਜੇ ਦੀ ਐਂਟਰੀ : ਤਮਿਲ ਅਦਾਕਾਰ ਤੋਂ ਆਗੂ ਬਣੇ ਸੀ. ਜੋਸੇਫ ਵਿਜੇ ਨੇ 27 ਅਕਤੂਬਰ, 2024 ਨੂੰ ਤਾਮਿਲਨਾਡੂ ਦੇ ਵਿੱਲੂਪੁਰਮ ਜ਼ਿਲੇ ’ਚ ਇਕ ਮੈਗਾ ਰੈਲੀ ’ਚ ਆਪਣੀ ਪਾਰਟੀ ਤਮਿਲਗਾ ਵੇਟ੍ਰੀ ਕਝਗਮ (ਟੀ. ਵੀ. ਕੇ.) ਲਾਂਚ ਕੀਤੀ ਸੀ, ਜੋ ਅਗਲੀ ਵਿਧਾਨ ਸਭਾ ਚੋਣ ਲੜਨ ਦੀ ਸਪੱਸ਼ਟ ਕੋਸ਼ਿਸ਼ ਸੀ। ਟੀ. ਵੀ. ਕੇ. ਕਾਨਕਲੇਵ ਨੂੰ ਸੰਬੋਧਨ ਕਰਦਿਆਂ ਵਿਜੇ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਦ੍ਰਮੁਕ ਦੀ ਅਗਵਾਈ ਵਾਲੀ ਸੂਬਾ ਸਰਕਾਰ, ਦੋਵਾਂ ’ਤੇ ਨਿਸ਼ਾਨਾ ਸਾਧਿਆ, ਆਪਣੀ ਪਾਰਟੀ ਦੀ ਜਾਤੀ-ਵਿਰੋਧੀ ਧਰਮਨਿਰਪੱਖ ਵਿਚਾਰਧਾਰਾ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ‘ਦ੍ਰਵਿੜਮ ਅਤੇ ਰਾਸ਼ਟਰਵਾਦ ਸਾਡੀ ਵਿਚਾਰਧਾਰਾ ਦੀਆਂ ਦੋ ਅੱਖਾਂ ਹਨ।’ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੇਰੀਆਰ ਵਰਗੇ ਤਮਿਲ ਪ੍ਰਤੀਕਾਂ ਦੀ ਵਿਚਾਰਧਾਰਾ ਨੂੰ ਅਪਣਾਏਗੀ ਪਰ ‘ਈਸ਼ਵਰ ਵਿਰੋਧੀ ਸਥਿਤੀ’ ਦੇ ਬਿਨਾਂ। ਵਿਜੇ ਦੀ ਸਿਆਸਤ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਪ੍ਰਸਿੱਧ ਮੰਦਰਾਂ ਵਾਲੇ ਸੂਬੇ ਤਾਮਿਲਨਾਡੂ ’ਚ ਧਾਰਮਿਕ ਭਾਵਨਾਵਾਂ ਦਾ ਮੁੜ ਉਭਾਰ ਦੇਖਿਆ ਜਾ ਰਿਹਾ ਹੈ।

‘ਆਪ’ ਦੇ ਵਿਰੁੱਧ ਰਿੱਟ : ਦਿੱਲੀ ਦੇ ਭਾਜਪਾ ਸੰਸਦ ਮੈਂਬਰਾਂ ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ’ਚ ਸ਼ਾਮਲ ਨਾ ਹੋਣ ਲਈ ‘ਆਪ’ ਸਰਕਾਰ ਖਿਲਾਫ ਦਿੱਲੀ ਹਾਈਕੋਰਟ ’ਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ। ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੇਂਦਰ ਦੀ ਯੋਜਨਾ ਤੋਂ ਲੱਖਾਂ ਪਾਤਰ ਲੋਕਾਂ ਨੂੰ ਵਾਂਝੇ ਕਰਨ ਲਈ ‘ਆਪ’ ਅਤੇ ਇਸ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ।

ਜਦਕਿ ਪੀ. ਐੱਮ. ਮੋਦੀ ਨੇ ਮੰਗਲਵਾਰ ਨੂੰ ਇਸ ਯੋਜਨਾ ਨੂੰ ਲਾਗੂ ਨਾ ਕਰਨ ਲਈ ਦਿੱਲੀ ਅਤੇ ਪੱਛਮੀ ਬੰਗਾਲ ਸਰਕਾਰ ਦੀ ਆਲੋਚਨਾ ਕੀਤੀ ਸੀ, ਜਿਸ ਨਾਲ ਭਾਜਪਾ ਅਤੇ ‘ਆਪ’ ਦਰਮਿਆਨ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਸੀ। ਹਾਲਾਂਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀਆਂ ਨੇ ਦੋਸ਼ ਲਾਇਆ ਕਿ ਆਯੁਸ਼ਮਾਨ ਭਾਰਤ ਯੋਜਨਾ ਭ੍ਰਿਸ਼ਟਾਚਾਰ ਨਾਲ ਭਰੀ ਹੋਈ ਹੈ। ਉਨ੍ਹਾਂ ਨੇ ਇਸ ਦੀ ਤੁਲਨਾ ਦਿੱਲੀ ਦੀ ਸਿਹਤ ਸੇਵਾ ਵਿਵਸਥਾ ਨਾਲ ਕੀਤੀ, ਜੋ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ’ਚ ਇਲਾਜ ਕਰਾਉਣ ਲਈ ਜਨਤਕ ਧਨ ਵੀ ਦਿੰਦੀ ਹੈ।

ਪ੍ਰਿਯੰਕਾ ਦੀ ਖਿੱਚ : ਕਾਂਗਰਸ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਸ਼ਾਨਦਾਰ ਜਿੱਤ ਦਿਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਆਪਣੀ ਪ੍ਰਚਾਰ ਮੁਹਿੰਮ ’ਚ ਪ੍ਰਿਯੰਕਾ ਕਿਸਾਨਾਂ ਦੀਆਂ ਸਮੱਸਿਆਵਾਂ ਜਾਂ ਵਾਇਨਾਡ ਜ਼ਮੀਨ ਖਿਸਕਣ ਦੇ ਪੀੜਤਾਂ ਦੇ ਮੁੜ-ਵਸੇਬੇ ਵਰਗੇ ਵੱਖ-ਵੱਖ ਜਨ-ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੀ ਪ੍ਰਿਯੰਕਾ ਨੇ ਭਾਰੀ ਭੀੜ ਜੁਟਾਈ ਅਤੇ ਉਨ੍ਹਾਂ ਲੋਕਾਂ ਨੂੰ ਗਲਤ ਸਾਬਿਤ ਕਰ ਦਿੱਤਾ ਜੋ ਇਹ ਮੰਨਦੇ ਹਨ ਕਿ ਕੇਰਲ ’ਚ ਗਾਂਧੀ ਪਰਿਵਾਰ ਦੀ ਖਿੱਚ ਖਤਮ ਹੋ ਗਈ ਹੈ।

ਪਨਾਮਾਰਮ ’ਚ ਆਪਣੀ ਜਨਤਕ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਉਨ੍ਹਾਂ ਦੇ (ਰਾਹੁਲ ਗਾਂਧੀ) ਸਭ ਤੋਂ ਔਖੇ ਸਮੇਂ ’ਚ, ਤੁਸੀਂ, ਵਾਇਨਾਡ ਦੇ ਲੋਕ ਉਨ੍ਹਾਂ ਨਾਲ ਖੜ੍ਹੇ ਰਹੇ। ਇਹ ਤੁਸੀਂ ਹੀ ਹੋ ਜੋ ਦੇਸ਼ ਦੇ ਲੋਕਤੰਤਰ ਨਾਲ ਖੜ੍ਹੇ ਰਹੇ... ਤੁਹਾਡੇ ’ਚੋਂ ਹਰ ਇਕ, ਤੁਹਾਡੀ ਵੋਟ ਨੇ ਉਨ੍ਹਾਂ ਨੂੰ ਸ਼ਾਂਤੀ ਅਤੇ ਭਾਈਚਾਰੇ ਦੇ ਨਾਂ ’ਤੇ ਇਸ ਦੇਸ਼ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਚੱਲਣ ਦੀ ਤਾਕਤ, ਹੌਸਲਾ ਅਤੇ ਬਹਾਦਰੀ ਦਿੱਤੀ।’’

ਦੂਜੇ ਪਾਸੇ, ਕਾਂਗਰਸ ਲੀਡਰਸ਼ਿਪ ਨੇ ਵਾਇਨਾਡ ’ਚ ਸੱਤ ਵਿਧਾਨ ਸਭਾ ਇਲਾਕਿਆਂ ’ਚੋਂ ਹਰ ਇਕ ਲਈ ਪਾਰਟੀ ਕੋਆਰਡੀਨੇਟਰ ਨਿਯੁਕਤ ਕੀਤੇ ਹਨ, ਜਿਨ੍ਹਾਂ ’ਚ ਇਡੁੱਕੀ ਦੇ ਸੰਸਦ ਮੈਂਬਰ ਡੀਨ ਕੁਰੀਆਕੋਸ, ਕਾਸਰਗੋਡ ਦੇ ਸੰਸਦ ਮੈਂਬਰ ਰਾਜਮੋਹਨ ਉੱਨੀਥਨ, ਪੇਰਾਵੂਰ ਦੇ ਵਿਧਾਇਕ ਸਨੀ ਜੋਸੇਫ, ਕੋਝੀਕੋਡ ਦੇ ਸੰਸਦ ਮੈਂਬਰ ਐੱਮ. ਕੇ. ਰਾਘਵਨ, ਕਰੁਣਾਨਾਗਪੱਲੀ ਦੇ ਵਿਧਾਇਕ ਸੀ. ਆਰ. ਮਹੇਸ਼, ਏਰਨਾਕੁਲਮ ਦੇ ਸੰਸਦ ਮੈਂਬਰ ਹਿਬੀ ਈਡਨ ਅਤੇ ਪਥਾਨਾਮਥਿੱਟਾ ਦੇ ਸੰਸਦ ਮੈਂਬਰ ਐਂਟੋ ਐਂਟਨੀ ਸ਼ਾਮਲ ਹਨ।

ਪ੍ਰਿਯੰਕਾ ਦਾ ਮੁਕਾਬਲਾ ਸੀ. ਪੀ. ਆਈ. ਦੇ ਸੱਤਿਅਨ ਮੋਕੇਰੀ ਅਤੇ ਭਾਜਪਾ ਉਮੀਦਵਾਰ ਨਵੱਯਾ ਹਰਿਦਾਸ ਨਾਲ ਹੈ ਜੋ ਇਕ ਸਥਾਨਕ ਕੌਂਸਲਰ ਹੈ ਅਤੇ ਸੰਘ ਪਰਿਵਾਰ ਨਾਲ ਲੰਬੇ ਸਮੇਂ ਤੋਂ ਜੁੜੀ ਹੈ। ਚੋਣ ਹਲਕੇ ’ਚ ਲਗਭਗ 43 ਫੀਸਦੀ ਮੁਸਲਮਾਨ, 13 ਫੀਸਦੀ ਈਸਾਈ, 10 ਫੀਸਦੀ ਆਦਿਵਾਸੀ ਅਤੇ 7 ਫੀਸਦੀ ਦਲਿਤ ਹਨ। ਇਸ ਨੂੰ ਦੇਸ਼ ’ਚ ਕਾਂਗਰਸ ਲਈ ਸਭ ਤੋਂ ਸੁਰੱਖਿਅਤ ਲੋਕ ਸਭਾ ਸੀਟਾਂ ’ਚੋਂ ਇਕ ਮੰਨਿਆ ਜਾਂਦਾ ਹੈ। ਆਉਣ ਵਾਲੇ ਦਿਨਾਂ ’ਚ ਪ੍ਰਿਯੰਕਾ ਦੇ ਵਾਇਨਾਡ ’ਚ ਡੇਰਾ ਲਾਉਣ ਦੀ ਉਮੀਦ ਹੈ। ਵੋਟਾਂ 13 ਨਵੰਬਰ ਨੂੰ ਪੈਣੀਆਂ ਹਨ।

ਰਾਹਿਲ ਨੋਰਾ ਚੋਪੜਾ


Rakesh

Content Editor

Related News