ਕਈ ਜ਼ਖ਼ਮ ਦਿਖਾਈ ਨਹੀਂ ਦਿੰਦੇ ਪਰ ਹੁੰਦੇ ਹਨ

07/14/2020 4:00:17 AM

ਰਾਬਰਟ ਕਲੀਮੈਂਟ

ਜਿਵੇਂ-ਜਿਵੇਂ ਕੋਰੋਨਾ ਮਹਾਮਾਰੀ ਨਾਲ ਵੱਧ ਤੋਂ ਵੱਧ ਲੋਕ ਪੀੜਤ ਹੋ ਰਹੇ ਹਨ, ਉਵੇਂ ਹੀ ਮੈਂ ਦੇਖ ਰਿਹਾ ਹਾਂ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਕੀ ਵਿਸ਼ਵ ਇੰਨਾ ਨਿਰਦਈ ਹੈ? ਮੈਂ ਇਕ ਬੱਚੇ ਦੀ ਕਹਾਣੀ ਦਾ ਵਰਣਨ ਕਰਦਾਂ ਹਾਂ, ਜਿਸ ਨੂੰ ਸਕੂਲ ’ਚ ਉਸ ਦੀ ਬਾਂਹ ’ਤੇ ਇਕ ਦਰਦ ਭਰਿਆ ਟੀਕਾ ਲਾ ਕੇ ਵੈਕਸੀਨੇਟ ਕੀਤਾ ਗਿਆ ਸੀ। ਉਸ ਤੋਂ ਬਾਅਦ ਡਾਕਟਰ ਉਸ ਦੀ ਬਾਂਹ ’ਤੇ ਪੱਟੀ ਬੰਨ੍ਹਣੀ ਚਾਹੁੰਦਾ ਸੀ।

ਉਸ ਬੱਚੇ ਨੇ ਡਾਕਟਰ ਨੂੰ ਬੇਨਤੀ ਕੀਤੀ, ‘‘ਕਿਰਪਾ ਕਰ ਕੇ ਇਸ ਨੂੰ ਮੇਰੀ ਦੂਸਰੀ ਬਾਂਹ ’ਤੇ ਬੰਨ੍ਹੋ।’’ ਹੈਰਾਨ ਹੋ ਕੇ ਡਾਕਟਰ ਨੇ ਪੁੱਛਿਆ, ‘‘ਕਿਉਂ?’’ ਬੱਚੇ ਨੇ ਕਿਹਾ, ‘‘ਇਸ ਨਾਲ ਹਰੇਕ ਵਿਦਿਆਰਥੀ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਮੇਰੀ ਬਾਂਹ ਨੂੰ ਵੈਕਸੀਨੇਟ ਕੀਤਾ ਹੈ ਅਤੇ ਉਹ ਜ਼ਖ਼ਮ ਵਾਲੀ ਬਾਂਹ ’ਤੇ ਮੈਨੂੰ ਮਾਰਨਗੇ ਨਹੀਂ। ਕਿਰਪਾ ਕਰ ਕੇ ਇਸ ਨੂੰ ਮੇਰੀ ਦੂਸਰੀ ਬਾਂਹ ’ਤੇ ਬੰਨ੍ਹ ਦਿਓ।’’ ਬੱਚੇ ਨੇ ਫਿਰ ਡਾਕਟਰ ਨੂੰ ਕਿਹਾ, ‘‘ਤੁਸੀਂ ਤਾਂ ਮੇਰੇ ਸਕੂਲ ਦੇ ਜਮਾਤੀਅਾਂ ਨੂੰ ਜਾਣਦੇ ਹੋ ਕਿ ਪੱਟੀ ਬੰਨ੍ਹੀ ਹੋਣ ਕਾਰਣ ਉਹ ਮੇਰੀ ਬਾਂਹ ’ਤੇ ਸੱਟ ਨਹੀਂ ਮਾਰਨਗੇ।’’

ਇਕ ਹੋਰ ਕਹਾਣੀ ਇਕ ਮਹਾਨ ਸਮਰਾਟ ਦੀ ਸੁਣਾਉਂਦੇ ਹਾਂ, ਜਿਸ ਨੂੰ ਉਸ ਦੇ ਪ੍ਰਸ਼ਾਸਨ ’ਚ ਮਦਦ ਕਰਨ ਲਈ ਇਕ ਹੋਰ ਯੋਗ ਵਿਅਕਤੀ ਦੀ ਭਾਲ ਸੀ। ਜਦੋਂ ਉਸ ਵਿਅਕਤੀ ਦੀ ਚੋਣ ਹੋਈ ਉਦੋਂ ਉਸ ਨੂੰ ਉਹ ਆਪਣੇ ਮਹੱਲ ਦੀ ਬਾਲਕੋਨੀ ’ਚ ਲੈ ਗਿਆ, ਜਿਥੋਂ ਸਮਰਾਟ ਅਤੇ ਉਹ ਵਿਅਕਤੀ ਆਪਣੀ ਸਾਰੀ ਜ਼ਮੀਨ ’ਤੇ ਨਿਗਾਹ ਮਾਰ ਸਕਦੇ ਸਨ।

ਸਮਰਾਟ ਦੇ ਨਵੇਂ ਸਹਾਇਕ ਨੇ ਉਨ੍ਹਾਂ ਕੋਲੋਂ ਪੁੱਛਿਆ, ‘‘ਮਹਾਰਾਜ ਜੇਕਰ ਮੈਂ ਤੁਹਾਡੀਅਾਂ ਇੱਛਾਵਾਂ ਨੂੰ ਪੂਰਾ ਕਰਨਾ ਹੈ ਤਾਂ ਮੈਨੂੰ ਕਿਹੜੀਅਾਂ-ਕਿਹੜੀਅਾਂ ਗੱਲਾਂ ਨੂੰ ਯਾਦ ਰੱਖਣਾ ਹੋਵੇਗਾ? ਸਮਰਾਟ ਨੇ ਜਵਾਬ ਦਿੱਤਾ, ‘‘ਮੇਰੇ ਬੱਚੇ, ਇਥੇ ਸ਼ਾਸਨ ਕਰਨ ਦਾ ਸਿਰਫ ਇਕ ਹੀ ਕਾਨੂੰਨ ਹੈ ਅਤੇ ਉਹ ਹੈ ਕਿ ਆਪਣੀ ਪ੍ਰਜਾ ਨੂੰ ਇਕ ਜ਼ਖਮੀ ਵਾਂਗ ਦੇਖੋ।’’ ਸਮਰਾਟ ਇਹ ਜਾਣਦਾ ਸੀ ਕਿ ਸਾਰੇ ਲੋਕ ਦਰਦ ’ਚ ਹੁੰਦੇ ਹਨ। ਕਈ ਵਾਰ ਜ਼ਖਮ ਦਿਖਾਈ ਨਹੀਂ ਦਿੰਦੇ ਪਰ ਉਹ ਹੁੰਦੇ ਜ਼ਰੂਰ ਹਨ। ਅੱਜ ਅਸੀਂ ਅਜਿਹੇ ਜ਼ਖਮੀ ਅਤੇ ਪੀੜਤ ਲੋਕਾਂ ਨੂੰ ਨਹੀਂ ਦੇਖ ਰਹੇ। ਇਕ ਪਰਿਵਾਰ ਸਿਰਫ ਵਾਇਰਸ ਨਾਲ ਪੀੜਤ ਨਹੀਂ ਹੈ ਸਗੋਂ ਵਾਇਰਸ ਨੇ ਉਨ੍ਹਾਂ ਦੀ ਆਮਦਨ ਅਤੇ ਨੌਕਰੀ ਵੀ ਨਿਗਲ ਲਈ ਹੈ।

ਮੈਂ ਉਨ੍ਹਾਂ ਸਾਰੇ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਆਪਣਾ ਰੋਜ਼ਗਾਰ ਗੁਆ ਲਿਆ। ਉਨ੍ਹਾਂ ਨੇ ਮੈਨੂੰ ਕਿਹਾ, ‘‘ਬੌਬ, ਤੁਸੀਂ ਕਿਸੇ ਨੂੰ ਵੀ ਇਸ ਗੱਲ ਬਾਰੇ ਨਾ ਦੱਸੋ।’’ ਮੈਂ ਪੁੱਛਿਆ, ‘‘ਆਖਿਰ ਅਜਿਹਾ ਕਿਉਂ?’’

ਉਹ ਬੋਲਿਆ ਕਿ ਲੋਕਾਂ ਲਈ ਇਹ ਸ਼ਰਮਨਾਕ ਗੱਲ ਹੈ ਅਤੇ ਉਹ ਲੋਕ ਸਾਡੇ ’ਤੇ ਮੂੰਹ ਦਬਾ ਕੇ ਹੱਸਣਗੇ। ਮੈਂ ਕਿਹਾ, ‘‘ਕੀ ਇਹ ਸੱਚ ਹੈ, ਅਸੀਂ ਇੰਨੇ ਸਖਤ ਦਿਲ ਵਾਲੇ ਕਿਉਂ ਬਣ ਗਏ?’’ ਮੇਰੇ ਕੁਝ ਦੋਸਤ ਮੈਨੂੰ ਆਪਣੇ ਗੁਆਂਢੀਅਾਂ ਦੀਅਾਂ ਤਸਵੀਰਾਂ ਭੇਜ ਰਹੇ ਹਨ, ਜਿਨ੍ਹਾਂ ਨੂੰ ਇਨਫੈਕਸ਼ਨ ਹੋਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ। ਅਜਿਹੀਅਾਂ ਤਸਵੀਰਾਂ ਦੀ ਕੀ ਲੋੜ ਹੈ? ਲੋਕ ਟੈਸਟ ਕਰਵਾਉਣ ਤੋਂ ਇੰਨਾ ਡਰਦੇ ਕਿਉਂ ਹਨ ਅਤੇ ਵਾਇਰਸ ਦੂਸਰਿਅਾਂ ਨੂੰ ਸੌਂਪ ਰਹੇ ਹਨ? ਕੀ ਤੁਸੀਂ ਉਸ ਬੱਚੇ ਵਾਂਗ ਹੋ, ਜੋ ਆਪਣਾ ਜ਼ਖ਼ਮ ਲੁਕਾਉਣ ਲਈ ਦੂਸਰੀ ਬਾਂਹ ’ਤੇ ਪੱਟੀ ਬੰਨ੍ਹਵਾਉਣਾ ਚਾਹੁੰਦਾ ਸੀ? ਸਾਨੂੰ ਇਹ ਲੱਭਣਾ ਹੋਵੇਗਾ ਕਿ ਲੋਕ ਕਿਵੇਂ ਜ਼ਖ਼ਮੀ ਹੋਏ ਅਤੇ ਸਾਨੂੰ ਉਨ੍ਹਾਂ ਤਕ ਪਹੁੰਚ ਬਣਾਉਣੀ ਹੋਵੇਗੀ। ਸਾਨੂੰ ਉਨ੍ਹਾਂ ਦੀ ਅਦ੍ਰਿਸ਼ ਪੱਟੀ ਦੇਖਣੀ ਹੋਵੇਗੀ ਅਤੇ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ। ਅਸੀਂ ਉਨ੍ਹਾਂ ਦਾ ਇਲਾਜ ਕਿਵੇਂ ਕਰੀਏ? ਅਸੀਂ ਉਨ੍ਹਾਂ ਵੱਲ ਇਸ ਤਰ੍ਹਾਂ ਦੇਖੀਏ ਜਿਵੇਂ ਉਹ ਜ਼ਖ਼ਮੀ ਹੋਣ। ਇਸ ਤਰ੍ਹਾਂ ਦੇ ਵਿਚਾਰਾਂ ਨਾਲ ਅਸੀਂ ਉਨ੍ਹਾਂ ਵਿਅਕਤੀਅਾਂ ਦੀ ਜ਼ਿੰਦਗੀ ਨੂੰ ਉੱਪਰ ਚੁੱਕ ਸਕਦੇ ਹਾਂ ਅਤੇ ਕੋਰੋਨਾ ਵਾਇਰਸ ਦੇ ਇਸ ਮੌਸਮ ’ਚ ਉਨ੍ਹਾਂ ਦੇ ਜ਼ਖ਼ਮ ਭਰ ਸਕਦੇ ਹਾਂ।’’


Bharat Thapa

Content Editor

Related News