ਜੋ ਸੜ ਰਿਹਾ ਹੈ ਉਹ ਸਿਰਫ ਮਣੀਪੁਰ ਨਹੀਂ

Wednesday, Sep 18, 2024 - 01:25 PM (IST)

ਜੋ ਸੜ ਰਿਹਾ ਹੈ ਉਹ ਸਿਰਫ ਮਣੀਪੁਰ ਨਹੀਂ

ਮਣੀਪੁਰ ਸੜ ਰਿਹਾ ਹੈ। ਇਹ ਕੋਈ ਖਬਰ ਨਹੀਂ ਹੈ। ‘ਨਿਊਜ਼’ ’ਚ ਕੁਝ ‘ਨਿਊ’ ਤਾਂ ਹੋਣਾ ਚਾਹੀਦਾ ਭਾਈ! ਰੋਜ਼ਮਰਾ ਦੀ ਆਮ ਗੱਲ ਖਬਰ ਨਹੀਂ ਬਣ ਸਕਦੀ। ਇਹ ਕੋਈ ਖਬਰ ਨਹੀਂ ਹੈ ਕਿ 17 ਮਹੀਨੇ ਤੋਂ ਨਸਲੀ ਹਿੰਸਾ ਦੀ ਅੱਗ ’ਚ ਸੁਲਗਦੇ ਮਣੀਪੁਰ ’ਚ ਇਕ ਵਾਰ ਫਿਰ ਹਿੰਸਾ ਭੜਕ ਗਈ। ਕਿ ਨਵੀਆਂ ਘਟਨਾਵਾਂ ’ਚ 10 ਹੋਰ ਬੇਗੁਨਾਹ ਮਾਰੇ ਗਏ ਕਿ ਹੁਣ ਸ਼ਾਇਦ ਮ੍ਰਿਤਕਾਂ ਦੀ ਗਿਣਤੀ 200 ਨੂੰ ਟੱਪ ਚੱਲੀ ਹੈ। ਕਿ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਕਿ ਕਈ ਥਾਂ ਕਰਫਿਊ ਲੱਗਾ ਪਰ ਸਥਿਤੀ ਆਮ ਵਰਗੀ ਨਹੀਂ ਹੋਈ ਕਿ ਫਿਰ ਵੀ ਸਰਕਾਰੀ ਸੂਤਰਾਂ ਨੇ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ ਕਿ ਹੁਣ ਵੀ ਕੋਈ 60,000 ਮਣੀਪੁਰੀ ਆਪਣੇ ਘਰ ਛੱਡ ਕੇ ਸ਼ਰਨਾਰਥੀ ਕੈਂਪ ’ਚ ਦੂਜਾ ਸਿਆਲ ਬਿਤਾਉਣ ਲਈ ਮਜਬੂਰ ਹਨ ਕਿ ਸੁਰੱਖਿਆ ਅਧਿਕਾਰੀਆਂ ਨੇ 2 ਭਾਈਚਾਰਿਆਂ ਦਰਮਿਆਨ ਚੱਲ ਰਹੀ ਹਿੰਸਾ ਨੂੰ ਰੋਕਣ ’ਚ ਲਾਚਾਰੀ ਦੱਸੀ।

ਮਣੀਪੁਰ ’ਚ ਤਾਇਨਾਤ ਅਸਮ ਰਾਈਫਲ ਦੇ ਸਾਬਕਾ ਮੁਖੀ ਨੇ ਕਿਹਾ ਕਿ ਮਣੀਪੁਰ ਦੀ ਪੁਲਸ ਹੁਣ ਮੈਤੇਈ ਪੁਲਸ ਅਤੇ ਕੁਕੀ ਪੁਲਸ ’ਚ ਵੰਡੀ ਜਾ ਚੁੱਕੀ ਹੈ... ਕਿ ਮਣੀਪੁਰ ਦੇ ਅੰਦਰ ਹੀ ਇਕ ਕੌਮਾਂਤਰੀ ਸਰਹੱਦ ਵਰਗਾ ਬਾਰਡਰ ਬਣਿਆ ਹੋਇਆ ਹੈ ਜਿਸ ਵੱਲ ਸੁਰੱਖਿਆ ਬਲ ਨਹੀਂ, ਨਸਲੀ ਫੌਜਾਂ ਦੇ ਸਿਪਾਹੀ ਮੈਤੇਈ ਜਾਂ ਕੁਕੀ ਹੋਣ ਦੀ ਸ਼ਨਾਖਤ ਕਰਨ ਪਿੱਛੋਂ ਹੀ ਦਾਖਲ ਹੋਣ ਦਿੰਦੇ ਹਨ... ਕਿ ਦੋਵੇਂ ਪਾਸੇ ਬੰਕਰ ਬਣੇ ਹੋਏ ਹਨ... ਕਿ ਦੂਜੀ ਧਿਰ ਦੇ ਵਿਅਕਤੀ ਨੂੰ ਬਾਰਡਰ ਦੇ ਉਸ ਪਾਰ ਜਾਣ ’ਤੇ ਗੋਲੀ ਮਾਰ ਦਿੱਤੀ ਜਾਂਦੀ ਹੈ... ਕਿ ਸੂਬੇ ਦੇ ਮੁੱਖ ਮੰਤਰੀ ਆਪਣੇ ਹੀ ਸੂਬੇ ਦੇ ਕੁਕੀ ਬਹੁਗਿਣਤੀ ਜ਼ਿਲਿਆਂ ’ਚ ਦਾਖਲ ਵੀ ਨਹੀਂ ਹੋ ਸਕਦੇ... ਕਿ ਕੋਈ ਨਹੀਂ ਜਾਣਦਾ ਕਿ ਸੂਬੇ ’ਚ ਰਾਜ ਕੌਣ ਕਰ ਰਿਹਾ ਹੈ...ਕਿ ਸੂਬੇ ਦੇ ਮੁੱਖ ਮੰਤਰੀ ਹਨ ਵੀ ਅਤੇ ਨਹੀਂ ਵੀ ਹਨ... ਕਿ ਮਣੀਪੁਰ ’ਚ ਹਿੰਸਾ ਸ਼ੁਰੂ ਹੋਣ ਪਿੱਛੋਂ ਪ੍ਰਧਾਨ ਮੰਤਰੀ ਮੋਦੀ ਜਾਪਾਨ , ਪਾਪੂਆ ਨਿਊ ਗਿਨੀ, ਆਸਟ੍ਰੇਲੀਆ, ਅਮਰੀਕਾ, ਮਿਸਰ, ਫਰਾਂਸ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫਰੀਕਾ, ਗ੍ਰੀਸ, ਇੰਡੋਨੇਸ਼ੀਆ, ਕਤਰ, ਭੂਟਾਨ, ਇਟਲੀ, ਰੂਸ, ਆਸਟਰੀਆ, ਪੋਲੈਂਡ, ਯੂਕ੍ਰੇਨ, ਬਰੂਨੇਈ ਅਤੇ ਸਿੰਗਾਪੁਰ ਦੀ ਯਾਤਰਾ ਕਰ ਚੁੱਕੇ ਹਨ ਅਤੇ ਆਗਾਮੀ ਕੁਝ ਮਹੀਨਿਆਂ ’ਚ ਮੁੜ ਅਮਰੀਕਾ, ਲਾਓਸ, ਸਮੋਆ, ਰੂਸ, ਅਜ਼ਰਬਾਈਜਾਨ ਅਤੇ ਬ੍ਰਾਜ਼ੀਲ ਦੀ ਯਾਤਰਾ ਕਰਨਗੇ ਪਰ ਉਨ੍ਹਾਂ ਦੇ ਮਣੀਪੁਰ ਦੌਰੇ ਦੀ ਕੋਈ ਸੂਚਨਾ ਨਹੀਂ ਹੈ।

‘‘ਦੇਖੋ ਇਹ ਹੈ ਮਣੀਪੁਰ ਦਾ ਮਾਮਲਾ। ਅਸੀਂ ਇਸ ਤੋਂ ਕੀ ਲੈਣਾ-ਦੇਣਾ। ਕੋਈ ਮੁੰਬਈ ਤਾਂ ਹੈ ਨਹੀਂ ਜਿੱਥੇ ਕਾਰ ਐਕਸੀਡੈਂਟ ਦੀ ਵੀ ਖਬਰ ਬਣ ਜਾਵੇ? ਹੁਣ ਇਹ ਮੈਤੇਈ ਅਤੇ ਕੁਕੀ ਵਾਲਾ ਕੀ ਝਗੜਾ ਹੈ? ਕੋਈ ਹਿੰਦੂ ਮੁਸਲਮਾਨ ਵਾਲਾ ਮਸਾਲਾ ਹੋਵੇ ਤਾਂ ਦੱਸੋ ਕਿ ਉਸ ਦੀ ਖਬਰ ਚਲਾਈਏ। ਅਤੇ ਉਪਰੋਂ ਸਰਕਾਰ ਵੀ ਭਾਜਪਾ ਦੀ। ਜੇ ਵਿਰੋਧੀ ਧਿਰ ਸਰਕਾਰ ’ਚ ਜੰਗਲ ਰਾਜ ਦੀ ਖਬਰ ਹੁੰਦੀ ਤਾਂ ਚੱਲ ਵੀ ਜਾਂਦੀ। ਕੁਝ ਅਜਿਹੀ ਖਬਰ ਲਿਆਓ ਜਿਸ ’ਚ ਕੁਝ ਰਸ ਹੋਵੇ, ਸਾਡੇ ਪਾਠਕਾਂ ਲਈ ਦਿਲਚਸਪੀ ਹੋਵੇ।’’

ਚਲੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਤੁਹਾਨੂੰ ਕੁਝ-ਕੁਝ ਸਨਸਨੀਖੇਜ਼ ਖਬਰ ਸੁਣਾਵਾਂ!

ਖਬਰ ਇਹ ਹੈ ਕਿ ਮਣੀਪੁਰ ’ਚ ਹੁਣ ਕੁਕੀ ਅਤੇ ਮੈਤੇਈ ਭਾਈਚਾਰੇ ਦੇ ਸਿਪਾਹੀ ਇਕ-ਦੂਜੇ ’ਤੇ ਸਿਰਫ ਬੰਦੂਕ ਨਾਲ ਹਮਲਾ ਨਹੀਂ ਕਰ ਰਹੇ। ਮਾਮਲਾ ਹੁਣ ਆਟੋਮੈਟਿਕ ਰਾਈਫਲ ਤਕ ਵੀ ਸੀਮਤ ਨਹੀਂ ਰਿਹਾ। ਕੁਝ ਦਿਨ ਪਹਿਲਾਂ ਹੀ ਮਣੀਪੁਰ ’ਚ ਡ੍ਰੋਨ ਅਤੇ ਰਾਕੇਟ ਲਾਂਚਰ ਨਾਲ ਲੜਾਈ ਦੀ ਖਬਰ ਆਈ ਹੈ। ਇਹ ਅਫਵਾਹ ਜਾਂ ਦੋਸ਼ ਨਹੀਂ ਹੈ, ਖੁਦ ਮਣੀਪੁਰ ਪੁਲਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹੁਣ ਬਸ ਟੈਂਕ ਅਤੇ ਬਖਤਰਬੰਦ ਗੱਡੀਆਂ ਦੀ ਕਸਰ ਬਚੀ ਹੈ। ਕੀ ਤਦ ਮਣੀਪੁਰ ਖਬਰ ਬਣੇਗਾ?

ਖਬਰ ਇਹ ਹੈ ਕਿ ਹੁਣ ਮਣੀਪੁਰ ਦੀ ਬਹੁਗਿਣਤੀ ਹਿੰਦੂ ਧਰਮ ਦੇ ਪੈਰੋਕਾਰ ਭਾਵ ਮੈਤੇਈ ਭਾਈਚਾਰੇ ਦੇ ਲੋਕਾਂ ਨੇ ਹੀ ਮੁੱਖ ਮੰਤਰੀ ਬੀਰੇਨ ਸਿੰਘ ’ਚ ਬੇਭਰੋਸਗੀ ਪ੍ਰਗਟ ਕਰ ਦਿੱਤੀ ਹੈ। ਪਹਿਲਾਂ ਕੁਕੀ ਭਾਈਚਾਰੇ ਨੇ ਮੁੱਖ ਮੰਤਰੀ ’ਤੇ ਖੁੱਲ੍ਹੇਆਮ ਮੈਤੇਈ ਹਮਾਇਤੀ ਹੋਣ ਦਾ ਦੋਸ਼ ਲਾ ਕੇ ਉਨ੍ਹਾਂ ਦਾ ਬਾਈਕਾਟ ਕੀਤਾ ਸੀ। ਇਸ ਦਾ ਫਾਇਦਾ ਉਠਾ ਕੇ ਬੀਰੇਨ ਸਿੰਘ ਮੈਤੇਈਆਂ ਦੇ ਦਿਲਾਂ ਦੇ ਰਾਜੇ ਬਣੇ ਸਨ ਪਰ ਫੁੱਟ ਪਾਉਣ ਦੀ ਸਿਆਸਤ ਦਾ ਇਹੀ ਅੰਤ ਹੁੰਦਾ ਹੈ ਕਿ ਪਹਿਲਾਂ ਤੁਸੀਂ ਜਿਨ੍ਹਾਂ ਦੇ ਹਿਤੈਸ਼ੀ ਬਣਦੇ ਹੋ, ਉਹੀ ਤੁਹਾਡੀ ਖੇਡ ਪਛਾਣ ਜਾਂਦੇ ਹਨ। ਹੁਣ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਕੁਰਸੀ ਤੋਂ ਮੁਕਤ ਕਰਨ ਵਾਲੀ ਖਬਰ ਲਈ ਕਿਸ ਗੱਲ ਦੀ ਉਡੀਕ ਹੈ?

ਖਬਰ ਇਹ ਹੈ ਕਿ ਮਣੀਪੁਰ ’ਚ ਕਦੋਂ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਹੈ, ਕਦੋਂ ਹਟ ਜਾਂਦਾ ਹੈ ਇਸ ਦੀ ਕਿਸੇ ਨੂੰ ਕੰਨੋ-ਕੰਨ ਖਬਰ ਵੀ ਨਹੀਂ ਹੁੰਦੀ। ਇਸ ਸੂਬੇ ਦਾ ਮੁੱਖ ਮੰਤਰੀ ਖੁਦ ਰਾਜਪਾਲ ਨੂੰ ਚਿੱਠੀ ਲਿਖ ਕੇ ਇਹ ਮੰਗ ਕਰਦਾ ਹੈ ਕਿ ਸੂਬੇ ’ਚ ਕਾਨੂੰਨ ਅਤੇ ਸੁਰੱਖਿਆ ਦੀ ਕਮਾਨ ਉਸ ਨੂੰ ਸੌਂਪ ਦਿੱਤੀ ਜਾਵੇ। ਭਾਵ ਕਿ ਜੋ ਅਧਿਕਾਰ ਉਸ ਨੂੰ ਸੰਵਿਧਾਨ ਨੇ ਦਿੱਤਾ ਹੈ ਉਹ ਅਧਿਕਾਰ ਵਿਹਾਰ ’ਚ ਉਨ੍ਹਾਂ ਨੂੰ ਦੇ ਦਿੱਤਾ ਜਾਵੇ। ਸੂਬੇ ਦੀ ਸੁਰੱਖਿਆ, ਕਾਨੂੰਨ ਅਤੇ ਵਿਵਸਥਾ ਦੀ ਜ਼ਿੰਮੇਵਾਰੀ ਕੇਂਦਰ ਵਲੋਂ ਨਿਯੁਕਤ ਸੁਰੱਖਿਆ ਸਲਾਹਕਾਰ ਦੇ ਹੱਥ ’ਚ ਦੇ ਦਿੱਤੀ ਗਈ ਹੈ। ਸੋਚੋ, ਜੇ ਵਿਰੋਧੀ ਧਿਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਕੀ ਖਬਰ ਬਣਦੀ? ਕੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਰਾਸ਼ਟਰੀ ਸੁਰੱਖਿਆ ’ਚ ਅਣਗਹਿਲੀ ਦੀ ਖਬਰ ਬਣ ਸਕਦੀ ਹੈ?

ਇਕ ਚੰਗੀ ਖਬਰ ਇਹ ਹੈ ਕਿ ਮਣੀਪੁਰ ਹੁਣ ਬੋਲਣ ਲੱਗਾ ਹੈ। ਮਣੀਪੁਰ ਵਾਦੀ ਦੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਿਬਮੋਲ ਅਕੋਈਜ਼ਾਮ ਨੇ ਸੰਸਦ ’ਚ ਅੱਧੀ ਰਾਤ ਨੂੰ ਇਕ ਇਤਿਹਾਸਕ ਭਾਸ਼ਣ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਪੂਰੇ ਭਾਸ਼ਣ ਦੌਰਾਨ ਵਿਰੋਧੀ ਧਿਰ ‘ਮਣੀਪੁਰ-ਮਣੀਪੁਰ’ ਦੀ ਰਟ ਲਾਈ ਰੱਖਦੀ ਹੈ। ਇਹ ਪਾਜ਼ੇਟਿਵ ਸਟੋਰੀ ਵਾਂਗ ਖਬਰ ਬਣੇਗੀ? ਇਕ ਹੋਰ ਖਬਰ ਦੱਸਾਂ? ਇਹ ਖਬਰ ਮਣੀਪੁਰ ਬਾਰੇ ਨਹੀਂ ਹੈ, ਦਿੱਲੀ ਦੀ ਬੇਰਹਿਮੀ ਬਾਰੇ ਹੈ, ਦੇਸ਼ ’ਚ ਪਸਰੇ ਸੰਨਾਟੇ ਬਾਰੇ ਹੈ, ਸਾਡੇ ਦਿਲ ’ਚ ਫੈਲੇ ਹਨੇਰੇ ਬਾਰੇ ਹੈ। ਖਬਰ ਇਹ ਹੈ ਕਿ ਜੋ ਸੜ ਕੇ ਸਵਾਹ ਹੋ ਰਿਹਾ ਹੈ ਉਹ ਮਣੀਪੁਰ ਨਹੀਂ ਹੈ, ਉਹ ਭਾਰਤ ਦਾ ਸੁਪਨਾ ਹੈ, ਉਸ ਗੀਤਾ ਦੀ ਇਬਾਰਤ ਹੈ ਜੋ ਬਚਪਨ ’ਚ ਸੁਣਿਆ ਸੀ-ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ!

-ਯੋਗੇਂਦਰ ਯਾਦਵ


 


author

Tanu

Content Editor

Related News