ਵਿਕਸਿਤ ਭਾਰਤ ਲਈ ਮਹਿਲਾ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਦਾ ਸਫ਼ਰ ਜਾਰੀ

Monday, Jan 27, 2025 - 04:22 AM (IST)

ਵਿਕਸਿਤ ਭਾਰਤ ਲਈ ਮਹਿਲਾ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਦਾ ਸਫ਼ਰ ਜਾਰੀ

ਜਿਵੇਂ-ਜਿਵੇਂ ਭਾਰਤ 2047 ਤੱਕ ਇਕ ਵਿਕਸਿਤ ਦੇਸ਼ ਬਣਨ ਦੇ ਆਪਣੇ ਟੀਚੇ ਵੱਲ ਆਤਮਵਿਸ਼ਵਾਸ ਨਾਲ ਵਧ ਰਿਹਾ ਹੈ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਦਾ ਬਦਲਾਅਪੂਰਨ ਪ੍ਰਭਾਵ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਮਹਿਲਾਵਾਂ ਦੇ ਵਿਕਾਸ ਤੋਂ ਲੈ ਕੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਤੱਕ ਦੀ ਯਾਤਰਾ ਵਿਚ ਕਿੰਨੀ ਦੂਰ ਆ ਗਏ ਹਾਂ। ਸਵਾਮੀ ਵਿਵੇਕਾਨੰਦ ਨੇ ਇਕ ਵਾਰ ਕਿਹਾ ਸੀ ਕਿ ਜਦੋਂ ਤੱਕ ਮਹਿਲਾਵਾਂ ਦੀ ਹਾਲਤ ਨਹੀਂ ਸੁਧਰਦੀ, ਉਦੋਂ ਤੱਕ ਵਿਸ਼ਵ ਭਲਾਈ ਦੀ ਕੋਈ ਸੰਭਾਵਨਾ ਨਹੀਂ ਹੈ। ਕਿਸੇ ਵੀ ਪੰਛੀ ਲਈ ਸਿਰਫ਼ ਇਕ ਖੰਭ ਨਾਲ ਉੱਡਣਾ ਸੰਭਵ ਨਹੀਂ ਹੈ। ਉਨ੍ਹਾਂ ਦੇ ਇਸ ਸਦੀਵੀ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ 2015 ਨੂੰ ਹਰਿਆਣਾ ਦੇ ਪਾਨੀਪਤ ਵਿਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ (ਬੀ. ਬੀ. ਬੀ. ਪੀ.) ਯੋਜਨਾ ਦੀ ਸ਼ੁਰੂਆਤ ਕੀਤੀ।

ਇਸ ਇਤਿਹਾਸਕ ਪਹਿਲ ਦਾ ਮੰਤਵ ਭਾਰਤ ਵਿਚ ਹੇਠਾਂ ਆ ਰਹੇ ਬਾਲ ਲਿੰਗ ਅਨੁਪਾਤ (ਸੀ. ਐੱਸ. ਆਰ.) ਵੱਲ ਧਿਆਨ ਦੇਣਾ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਦੇਸ਼ ਭਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਉਹ ਸਾਰੇ ਮੌਕੇ, ਦੇਖਭਾਲ ਅਤੇ ਸਨਮਾਨ ਮਿਲੇ, ਜਿਸਦੀਆਂ ਉਹ ਹੱਕਦਾਰ ਹਨ।

2011 ਦੀ ਮਰਦਮਸ਼ੁਮਾਰੀ ਵਿਚ ਬਾਲ ਲਿੰਗ ਅਨੁਪਾਤ 918 ਹੋਣ ਨਾਲ ਸਮਾਜਿਕ ਪੱਖਪਾਤ ਅਤੇ ਡਾਇਗਨੌਸਟਿਕ ਉਪਕਰਣਾਂ ਦੀ ਦੁਰਵਰਤੋਂ ਦੀ ਇਕ ਚਿੰਤਾਜਨਕ ਤਸਵੀਰ ਸਾਹਮਣੇ ਆਈ। ਇਕ ਟੀਚੇ ਨਾਲ ਅਤੇ ਜੀਵਨ-ਚੱਕਰ-ਕੇਂਦ੍ਰਿਤ ਦਖਲ ਰਾਹੀਂ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਸ਼ੁਰੂਆਤ ਨਾ ਸਿਰਫ਼ ਇਸ ਤਸਵੀਰ ਨੂੰ ਬਦਲਣ ਲਈ ਕੀਤੀ ਗਈ ਸੀ, ਸਗੋਂ ਇਕ ਅਜਿਹੇ ਭਵਿੱਖ ਦੀ ਨੀਂਹ ਵੀ ਰੱਖੀ ਗਈ ਸੀ, ਜਿੱਥੇ ਮਹਿਲਾਵਾਂ ਅਗਵਾਈ ਕਰਨ ਅਤੇ ਅੱਗੇ ਵਧਣ।

ਪਿਛਲੇ ਦਹਾਕੇ ਦੌਰਾਨ, ਇਸ ਯੋਜਨਾ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ। ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ ਮੁਤਾਬਿਕ, 2014-15 ਵਿਚ ਜਨਮ ਸਮੇਂ ਰਾਸ਼ਟਰੀ ਲਿੰਗ ਅਨੁਪਾਤ 918 ਤੋਂ ਵਧ ਕੇ 2023-24 ਵਿਚ 930 ਹੋ ਗਿਆ ਹੈ। ਸੰਸਥਾਗਤ ਜਣੇਪੇ ਦੇ ਮਾਮਲੇ ਵੀ 2014-15 ਵਿਚ 61 ਫੀਸਦੀ ਤੋਂ ਵਧ ਕੇ 2023-24 ਵਿਚ 97.3 ਫੀਸਦੀ ਹੋ ਗਏ, ਜਦਕਿ ਪਹਿਲੀ ਤਿਮਾਹੀ ਵਿਚ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਰਜਿਸਟ੍ਰੇਸ਼ਨ 61 ਫੀਸਦੀ ਤੋਂ ਵਧ ਕੇ 80.5 ਫੀਸਦੀ ਹੋ ਗਈ ਹੈ। ਮਾਧਮਿਕ ਪੱਧਰ ’ਤੇ ਕੁੜੀਆਂ ਦਾ ਕੁੱਲ ਦਾਖਲਾ ਅਨੁਪਾਤ 2014-15 ਵਿਚ 75.51 ਫੀਸਦੀ ਤੋਂ ਵਧ ਕੇ 2021-22 ਵਿਚ 79.4 ਫੀਸਦੀ ਹੋ ਗਿਆ। ਇਸ ਤੋਂ ਇਲਾਵਾ, ਨਵਜੰਮੇ ਬੱਚਿਆਂ ਵਿਚ ਨਰ ਅਤੇ ਮਾਦਾ ਬੱਚਿਆਂ ਦੀ ਮੌਤ ਦਰ ਵਿਚ ਪਾੜਾ ਲਗਭਗ ਖਤਮ ਹੋ ਗਿਆ ਹੈ, ਜੋ ਕਿ ਬਚਾਅ ਅਤੇ ਦੇਖਭਾਲ ਵਿਚ ਬਰਾਬਰਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਸਿਰਫ਼ ਅੰਕੜਿਆਂ ਵਿਚ ਸੁਧਾਰ ਤੋਂ ਕਿਤੇ ਅੱਗੇ ਵਧ ਗਈ ਹੈ। ਇਸਨੇ ਮਹਿਲਾ ਸਸ਼ਕਤੀਕਰਨ ਦੇ ਅਰਥ ਨੂੰ ਹੀ ਬਦਲ ਦਿੱਤਾ ਹੈ। ਅਕਤੂਬਰ 2023 ਵਿਚ 150 ਮਹਿਲਾ ਬਾਈਕਰਾਂ ਵਲੋਂ 10,000 ਕਿਲੋਮੀਟਰ ਦੀ ਯਾਤਰਾ, ਯਸ਼ਸਵਿਨੀ ਬਾਈਕ ਐਕਸਪੀਡੀਸ਼ਨ ਵਰਗੀਆਂ ਪਹਿਲਕਦਮੀਆਂ ਭਾਰਤ ਦੀਆਂ ਧੀਆਂ ਦੇ ਅਜੇਤੂ ਸਾਹਸ ਦਾ ਪ੍ਰਤੀਕ ਹਨ। ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ 2022 ਨੇ ਲਗਭਗ 1,00,786 ਸਕੂਲ ਨਾ ਜਾਣ ਵਾਲੀਆਂ ਕੁੜੀਆਂ ਨੂੰ ਸਕੂਲ ਵਾਪਸ ਆਉਣ ਲਈ ਪ੍ਰੇਰਿਤ ਕੀਤਾ, ਜੋ ਜ਼ਿੰਦਗੀ ਨੂੰ ਬਦਲਣ ਵਿਚ ਸਿੱਖਿਆ ਦੀ ਸ਼ਕਤੀ ਦਾ ਪ੍ਰਦਰਸ਼ਨ ਹੈ। ਹੁਨਰ ਵਿਕਾਸ ’ਤੇ ਰਾਸ਼ਟਰੀ ਕਾਨਫਰੰਸ ਨੇ ਕਾਰਜਬਲ ਵਿਚ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਿਸ ਨਾਲ ਸਾਨੂੰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਸਾਡੇ ਦ੍ਰਿਸ਼ਟੀਕੋਣ ਦੇ ਨੇੜੇ ਲਿਆਂਦਾ ਗਿਆ।

ਅੱਜ, ਜਦੋਂ ਅਸੀਂ ਇਸ ਬਦਲਾਅਪੂਰਨ ਪਹਿਲਕਦਮੀ ਦੇ 10 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਇਹ ਸਾਫ ਹੈ ਕਿ ਮਿਸ਼ਨ ਅਜੇ ਖਤਮ ਨਹੀਂ ਹੋਇਆ ਹੈ। ਜੇਕਰ ਅਸੀਂ ਇਕ ਵਿਕਸਿਤ ਭਾਰਤ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨਾ ਹੈ, ਤਾਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਕੁੜੀਆਂ ਅਤੇ ਔਰਤਾਂ ਸਾਡੇ ਰਾਸ਼ਟਰ ਨਿਰਮਾਣ ਦੇ ਯਤਨਾਂ ਦੇ ਕੇਂਦਰ ਵਿਚ ਰਹਿਣ।

ਭਾਰਤ ਉਦੋਂ ਤੱਕ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਇਸ ਦੇਸ਼ ਦੀਆਂ ਕੁੜੀਆਂ ਅਤੇ ਔਰਤਾਂ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੁੰਦੀਆਂ। ਇਹ ਸਾਡੇ ਲਈ ਫੈਸਲਾਕੁੰਨ ਕਾਰਵਾਈ ਕਰਨ ਦਾ ਸਮਾਂ ਹੈ।

ਸਾਨੂੰ ਪ੍ਰੀ-ਕੰਸੈਪਸ਼ਨ ਐਂਡ ਪ੍ਰੀਨੇਟਲ ਡਾਇਗਨੌਸਟਿਕ ਟੈਕਨੀਕਸ (ਪੀ. ਸੀ. ਪੀ. ਐੱਨ. ਡੀ. ਟੀ.) ਐਕਟ 1994 ਦੇ ਲਾਗੂਕਰਨ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ, ਸਿੱਖਿਆ ਵਿਚ ਸਕੂਲ ਛੱਡਣ ਦੀ ਦਰ ਨੂੰ ਹੱਲ ਕਰਨਾ ਚਾਹੀਦਾ ਹੈ, ਹੁਨਰ ਵਿਕਾਸ ਪ੍ਰੋਗਰਾਮਾਂ ਦਾ ਵਿਸਥਾਰ ਕਰਨਾ ਚਾਹੀਦਾ ਹੈ ਅਤੇ ਕੁੜੀਆਂ ਦੇ ਜੀਵਨ ਦੇ ਹਰ ਪੜਾਅ ’ਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ।

ਭਾਰਤ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਬਿਨਾਂ ਤਨਖਾਹ ਦੇ ਘਰੇਲੂ ਦੇਖਭਾਲ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ। ਸਾਡੀ ਕੋਸ਼ਿਸ਼ ਨਾ ਸਿਰਫ਼ ਇਕ ਅਜਿਹਾ ਮਾਹੌਲ ਸਿਰਜਣ ਦੀ ਹੋਣੀ ਚਾਹੀਦੀ ਹੈ, ਜਿਸ ਨਾਲ ਹੋਰ ਵਧੇਰੇ ਔਰਤਾਂ ਆਪਣੇ ਘਰੇਲੂ ਖੇਤਰ ਛੱਡ ਕੇ ਘਰ ਤੋਂ ਬਾਹਰ ਰੋਜ਼ਗਾਰ ਅਪਣਾ ਸਕਣ, ਸਗੋਂ ਇਕ ਜਾਇਜ਼ ਕਰੀਅਰ ਅਤੇ ਪੇਸ਼ੇ ਵਜੋਂ ਦੇਖਭਾਲ ਦੇ ਕੰਮਾਂ ਨੂੰ ਉਤਸ਼ਾਹਿਤ ਕਰਨ ਦੇ ਸਾਧਨ ਵੀ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਜਿਹੜੀਆਂ ਮਹਿਲਾਵਾਂ ਦੇਖਭਾਲ ਦੇ ਕੰਮ ਵਿਚ ਸਿਖਲਾਈ ਪ੍ਰਾਪਤ ਹਨ ਅਤੇ ਇਸ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਹਨ, ਉਹ ਵੀ ਇਸ ਤੋਂ ਵਿੱਤੀ ਆਜ਼ਾਦੀ ਪ੍ਰਾਪਤ ਕਰ ਸਕਣ ਅਤੇ ਆਪਣੇ ਯਤਨਾਂ ਰਾਹੀਂ ਦੇਸ਼ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾ ਸਕਣ।

ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ, ਅੱਜ ਅਸੀਂ ਇਕ ਇਤਿਹਾਸਕ ਤਬਦੀਲੀ ਦੇ ਗਵਾਹ ਬਣ ਰਹੇ ਹਾਂ। ਮਹਿਲਾਵਾਂ ਦੇ ਵਿਕਾਸ ਤੋਂ ਲੈ ਕੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਤੱਕ, ਭਾਰਤ ਦੀਆਂ ਬੇਟੀਆਂ ਬਦਲਾਅ ਲਿਆਉਣ ਵਾਲੀਆਂ, ਉੱਦਮੀਆਂ ਅਤੇ ਆਗੂ ਵਜੋਂ ਉੱਭਰ ਰਹੀਆਂ ਹਨ। ਉਹ ਆਪਣੀ ਕਾਮਯਾਬੀ ਦੀ ਕਹਾਣੀ ਦੀਆਂ ਨਾਇਕਾਵਾਂ ਵੀ ਖੁਦ ਹਨ। ਆਓ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰੀਏ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਨੂੰ ਸਮਰੱਥ ਬਣਾਈਏ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਇਕ ਅਜਿਹੇ ਰਾਸ਼ਟਰ ਵਜੋਂ ਆਜ਼ਾਦੀ ਦੇ 100 ਸਾਲ ਪੂਰੇ ਕਰੇ, ਜਿੱਥੇ ਹਰ ਔਰਤ ਆਪਣੀ ਕਿਸਮਤ ਨੂੰ ਘੜਨ ਵਿਚ ਅਹਿਮ ਭੂਮਿਕਾ ਨਿਭਾਏ।

-ਅੰਨਾਪੂਰਣਾ ਦੇਵੀ


author

Harpreet SIngh

Content Editor

Related News