ਵਿਰੋਧੀ ਧਿਰ ''ਚ ਕੀ ਖਾਹਿਸ਼ ਦੀ ਕਮੀ ਹੈ

03/01/2024 4:06:08 PM

ਯੂ. ਪੀ. ਅਤੇ ਹਿਮਾਚਲ ’ਚ ਰਾਜ ਸਭਾ ਚੋਣਾਂ ’ਚ ਭਾਜਪਾ ਦੀ ਅਣਕਿਆਸੀ ਸਫਲਤਾ ਲਈ ਉਸ ਦੀ ਜ਼ਬਰਦਸਤ ਭੁੱਖ ਅਤੇ ਸਾਰੇ ਮੁਹੱਈਆ ਸਿਆਸੀ ਸਥਾਨਾਂ ’ਤੇ ਹਾਵੀ ਹੋਣ ਦੀ ਬੇਹੱਦ ਖਾਹਿਸ਼ ਦਾ ਇਕ ਹੋਰ ਸੰਕੇਤ ਹੈ ਜਦਕਿ ਕਰਨਾਟਕ ’ਚ ਇਹ ਸਪੱਸ਼ਟ ਤੌਰ ’ਤੇ ਅਸਫਲ ਹੋ ਗਈ, ਜਿਥੇ ਇਸ ਦੇ 2 ਵਿਧਾਇਕਾਂ ਨੇ ਜਾਂ ਤਾਂ ਕ੍ਰਾਸ ਵੋਟਿੰਗ ਕੀਤੀ ਜਾਂ ਗੈਰ-ਹਾਜ਼ਰ ਰਹੇ। ਯੂ. ਪੀ. ਅਤੇ ਹਿਮਾਚਲ ’ਚ ਇਹ ਕਈ ਸਪਾ ਅਤੇ ਕਾਂਗਰਸ ਵਿਧਾਇਕਾਂ ਕੋਲੋਂ ਭਾਰੀ ਹਮਾਇਤ ਹਾਸਲ ਕਰਨ ’ਚ ਕਾਮਯਾਬ ਰਹੀ, ਜਿਸ ਨਾਲ ਇਸ ਨੂੰ ਉਪਰਲੇ ਸਦਨ ’ਚ 2 ਵਾਧੂ ਸੀਟਾਂ ਮਿਲ ਗਈਆਂ। ਜਿਥੇ ਯੂ. ਪੀ. ਦਾ ਫੈਸਲਾ ਉਥੇ ਕਿਸੇ ਸਿਆਸੀ ਭੂਚਾਲ ਦਾ ਸੰਕੇਤ ਨਹੀਂ ਦਿੰਦਾ, ਉਥੇ ਹੀ ਹਿਮਾਚਲ ’ਚ ਨੇੜ ਭਵਿੱਖ ’ਚ ਕਾਂਗਰਸ ਦੀ ਸਰਕਾਰ ਲਈ ਖਤਰੇ ਦਾ ਸੰਕੇਤ ਦਿੰਦਾ ਹੈ।

ਤਿੰਨ ਸਵਾਲ : ਪਹਿਲਾ, ਆਪਣੀ ਪਹਿਲਾਂ ਤੋਂ ਹੀ ਪ੍ਰਭਾਵੀ ਸਥਿਤੀ ਨੂੰ ਹੋਰ ਅਜੇਤੂ ਬਣਾਉਣ ਦੀ ਭਾਜਪਾ ਦੀ ਮੁਹਿੰਮ ਨੂੰ ਦੇਖਣ ਪਿੱਛੋਂ ਵੀ ਵਿਰੋਧੀ ਧਿਰ ਇਕਜੁੱਟ ਹੋ ਕੇ ਕੰਮ ਕਿਉਂ ਨਹੀਂ ਕਰ ਸਕਦੀ? ਦੋ, ਕੀ ਵਿਰੋਧੀ ਧਿਰ ਕੋਲ ਅਜਿਹੀ ਲਾਲਸਾ ਦੀ ਘਾਟ ਹੈ ਜੋ ਮੋਦੀ ਦੀ ਅਭਿਲਾਸ਼ਾ ਸਰਪਲੱਸ ਨਾਲ ਮੇਲ ਖਾਂਦੀ ਹੈ? ਅਤੇ ਤੀਜਾ, ਕੀ ਇਹ ਕੇਂਦਰ ’ਚ ਭਾਜਪਾ ਦਾ ਗਲਬਾ ਵਧ ਰਿਹਾ ਹੈ ਅਤੇ ਉਨ੍ਹਾਂ ਸੂਬਿਆਂ ’ਚ ਆਪਣੀ ਪੈਠ ਬਣਾ ਰਹੀ ਹੈ ਜਿਥੇ ਉਹ ਪਹਿਲਾਂ ਮਜ਼ਬੂਤ ਨਹੀਂ ਸੀ, ਜੋ ਸਾਨੂੰ ਇਕ ਪਾਰਟੀ ਸਟੇਟ ਵੱਲ ਲੈ ਜਾ ਰਹੀ ਹੈ?

ਪਹਿਲਾਂ ਆਖਰੀ ਸਵਾਲ ਦਾ ਜਵਾਬ ਦੇਣ ਲਈ, 1947 ਤੋਂ 1964 ਤੱਕ, ਜਦ ਨਹਿਰੂ ਦੀ ਕਾਂਗਰਸ ਦਾ ਸ਼ਾਸਨ ਸੀ, ਭਾਰਤ ਬਿਲਕੁਲ ਇਕ-ਵਿਅਕਤੀ, ਇਕ-ਪਾਰਟੀ ਰਾਜ ਸੀ। ਉਹ ਕੇਂਦਰ ਅਤੇ ਸੂਬਾ ਦੋਵਾਂ ’ਚ ਪਾਰਟੀ ਅਤੇ ਸਰਕਾਰ ਦੋਵਾਂ ’ਤੇ ਹਾਵੀ ਰਹੇ। ਭਾਜਪਾ ਪ੍ਰਭੂਤੱਵ ਦੇ ਉਸ ਪੱਧਰ ਦੇ ਨੇੜੇ-ਤੇੜੇ ਵੀ ਨਹੀਂ ਹੈ ਪਰ ਉਹ ਦੱਖਣ ਵਰਗੇ ਕਮਜ਼ੋਰ ਖੇਤਰਾਂ ’ਚ ਵਿਸਥਾਰ ਕਰਨ ਦੀ ਕੋਸ਼ਿਸ਼ ਕਰਦਿਆਂ ਗੈਰ-ਸੰਘ ਪਰਿਵਾਰ ਦੇ ਤੱਤਾਂ ਲਈ ਆਪਣਾ ਤੰਬੂ ਖੋਲ੍ਹ ਕੇ ਉਥੇ ਪਹੁੰਚਣ ਦੀ ਉਮੀਦ ਕਰ ਰਹੀ ਹੈ।

ਨਹਿਰੂ ਨੇ ਮੋਦੀ ਨੂੰ ਘੇਰਿਆ : ਨਹਿਰੂ ਯੁੱਗ ਅਤੇ ਮੋਦੀ ਦਹਾਕੇ ’ਚ ਜੋ ਸਮਾਨਤਾ ਹੈ ਉਹ ਜਨਤਾ ਨਾਲ ਉਨ੍ਹਾਂ ਦਾ ਜ਼ਬਰਦਸਤ ਨਿੱਜੀ ਜੋੜ ਹੈ, ਜਿਸ ਨਾਲ ਉਨ੍ਹਾਂ ਦੀਆਂ ਪਾਰਟੀਆਂ ਲਈ ਬਾਹਰ ਜਾਣਾ ਅਤੇ ਵੋਟ ਬਟੋਰਨੀ ਸੌਖਾ ਹੋ ਗਿਆ। ਨਹਿਰੂ ਨੇ ਇਕ ਬਹੁਤ ਵਿਸਥਾਰਿਤ ਆਧਾਰ ਵੀ ਬਣਾਇਆ ਜਿਥੇ ਸਭ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨੂੰ ਇਕੱਠੀਆਂ ਕੀਤਾ ਜਾ ਸਕਦਾ ਸੀ। ਭਾਜਪਾ ਗੈਰ-ਸੰਘ ਪਰਿਵਾਰ ਦੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆ ਕੇ ਅਜਿਹਾ ਹੀ ਕਰਨ ਦਾ ਯਤਨ ਕਰ ਰਹੀ ਹੈ।

ਕੀ ਅਸੀਂ ਇਕ ਪਾਰਟੀ ਰਾਜ ਵੱਲ ਵਧ ਰਹੇ ਹਾਂ, ਇਸ ਦਾ ਸੰਖੇਪ ਉੱਤਰ ਇਹ ਹੈ ਕਿ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਕੀ ਭਾਜਪਾ ਰਾਸ਼ਟਰੀ ਪੱਧਰ ’ਤੇ 2024-29 ਦੀ ਮਿਆਦ ’ਚ ਮੋਦੀ ਵਰਗੇ ਕਿਸੇ ਹੋਰ ਆਗੂ ਨੂੰ ਤਿਆਰ ਕਰਨ ’ਚ ਸਫਲ ਹੁੰਦੀ ਹੈ ਅਤੇ ਖੇਤਰੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ। ਭਾਜਪਾ ਉਨ੍ਹਾਂ ਸੂਬਿਆਂ ’ਚ ਵਿਸਥਾਰ ਦੀ ਉਮੀਦ ਕਰ ਰਹੀ ਹੈ ਜਿਥੇ ਕੁਝ ਖੇਤਰੀ ਪਾਰਟੀਆਂ ਕਮਜ਼ੋਰ ਹੋ ਰਹੀਆਂ ਹਨ (ਮਿਸਾਲ ਲਈ ਤਮਿਲਨਾਡੂ ’ਚ ਅੰਨਾਦ੍ਰਮੁਕ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ’ਚ ਸੀ. ਪੀ. ਐੱਮ.) ਪਰ ਜਦ ਤੱਕ ਖੇਤਰੀ ਖਿਡਾਰੀ ਆਪਸ ਵਿਚ ਬਦਲ ਮੁਹੱਈਆ ਕਰਵਾਉਂਦੇ ਰਹਿਣਗੇ, ਤਦ ਤੱਕ ਭਾਜਪਾ ਸੂਬੇ ਦੀ ਸਿਆਸਤ ’ਤੇ ਉਸ ਤਰ੍ਹਾਂ ਹਾਵੀ ਨਹੀਂ ਹੋ ਸਕੇਗੀ ਜਿਵੇਂ ਉਹ ਫਿਲਹਾਲ ਦਿੱਲੀ ’ਚ ਕਰਦੀ ਹੈ।

ਵਿਰੋਧੀ ਧਿਰ ਦੀ ਸਭ ਤੋਂ ਕਮਜ਼ੋਰ ਕੜੀ : ਅਸਲ ਮੁੱਦਾ ਇਹ ਹੈ ਕਿ ਵਿਰੋਧੀ ਧਿਰ ਹੁਣ (2024) ਅਤੇ ਮੋਦੀ ਦੇ ਸੂਰਜ ਡੁੱਬਣ ਦੇ ਸਮੇਂ (2029 ਦੇ ਕੁਝ ਸਮਾਂ ਬਾਅਦ) ਦੇ ਦਰਮਿਆਨ ਦੇ ਸਮੇਂ ’ਚ ਕੀ ਕਰਦੀ ਹੈ, ਇਹ ਮੰਨਦੇ ਹੋਏ ਕਿ ਇਸ ਮਈ ’ਚ ਭਾਜਪਾ ਵੱਡੀ ਜਿੱਤ ਹਾਸਲ ਕਰੇਗੀ। ਵਿਰੋਧੀ ਧਿਰ ਆਪਣਾ ਆਧਾਰ ਕੁਝ ਖੇਤਰੀ ਕਿਲਿਆਂ ਤੋਂ ਅੱਗੇ ਵਧਾ ਸਕਣ ’ਚ ਅਸਮਰੱਥ ਕਿਉਂ ਹੈ, ਜਿਨ੍ਹਾਂ ਵਿਚੋਂ ਕੁਝ ਹੁਣ ਕਮਜ਼ੋਰ ਦਿਸ ਰਹੇ ਹਨ?

ਸਪੱਸ਼ਟ ਤੌਰ ’ਤੇ ਕਾਂਗਰਸ ਉਹ ਕਮਜ਼ੋਰ ਕੜੀ ਹੈ, ਜੋ ਉਨ੍ਹਾਂ ਸੂਬਿਆਂ ’ਚ ਵੀ ਪ੍ਰਭਾਵੀ ਜਵਾਬ ਦੇਣ ’ਚ ਸਮਰੱਥ ਨਹੀਂ ਹੈ ਜਿਥੇ ਸਿਰਫ 2 ਰਾਸ਼ਟਰੀ ਪਾਰਟੀਆਂ ਮੈਦਾਨ ’ਚ ਹਨ।

ਭਾਜਪਾ ਜਿੱਤਣ ਲਈ ਸੰਘਰਸ਼ ਕਰ ਰਹੀ ਹੈ। ਇਕ ਤਰ੍ਹਾਂ ਦੀ ਖਾਹਿਸ਼ ਇਹ ਵੀ ਹੈ ਕਿ ‘ਇੰਡੀਆ’ ਗੱਠਜੋੜ ਟਿਕੇਗਾ ਜਾਂ ਨਹੀਂ, ਇਸ ਲਈ ਉਸ ਨੂੰ ਇਹ ਜਾਨਣ ਦੀ ਲੋੜ ਹੈ ਕਿ ਉਸ ਨੂੰ ਹੁਣ ਵੀ ਵੋਟ ਕਿਉਂ ਦੇਣਾ ਚਾਹੀਦਾ ਹੈ। ਵੋਟਰ ਨੂੰ ਇਸ ਬਾਰੇ ਕੋਈ ਸਪੱਸ਼ਟ ਕਹਾਣੀ ਨਹੀਂ ਦਿੱਤੀ ਗਈ ਹੈ ਕਿ ਚੁਣੇ ਜਾਣ ’ਤੇ ਅਜਿਹਾ ਖਿੱਲਰਿਆ ਹੋਇਆ ਗੱਠਜੋੜ ਕਿਵੇਂ ਸ਼ਾਸਨ ਕਰੇਗਾ।

ਵਿਰੋਧੀ ਧਿਰ ਗੱਠਜੋੜ ਖਿਚੜੀ ਦੀ ਕਮਜ਼ੋਰੀ ਇਸ ਦੀ ਸੰਰਚਨਾ ਨਹੀਂ ਸਗੋਂ ਸਵਾਦ ’ਚ ਪੂਰਨ ਕਮੀ ਹੈ। ਸਿਰਫ ਮੋਦੀ ਨੂੰ ਨਾਇਕਵਾਦੀ ਅਤੇ ਫਾਸ਼ੀਵਾਦੀ ਕਹਿ ਕੇ ਸੰਬੋਧਨ ਕਰਨ ਨਾਲ ਵੋਟਰਾਂ ਦੇ ਮਨ ’ਚ ਕੋਈ ਖਾਸ ਫਰਕ ਨਹੀਂ ਪਵੇਗਾ।

ਵਿਰੋਧੀ ਧਿਰ ਦੀ ਅਭਿਲਾਸ਼ਾ ਅਤੇ ਸਿਆਸੀ ਸਫਲਤਾ ਦੀ ਭੁੱਖ? : ਜਦ ਘੱਟ ਤੋਂ ਘੱਟ 4 ਜਾਂ 5 ਆਗੂ ਅਜਿਹੇ ਹੋਣ ਜੋ ਗੱਠਜੋੜ ਜਿੱਤਣ ’ਤੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋਣ, ਤਾਂ ਵਿਅਕਤੀਗਤ ਤੌਰ ’ਤੇ ਖਾਹਿਸ਼ ਰੱਖਣੀ ਕੋਈ ਸਮੱਸਿਆ ਨਹੀਂ ਹੈ। ਸਮੱਸਿਆ ਭਾਜਪਾ ਦੀ ਸਕਾਰਾਤਮਕ ਖਾਹਿਸ਼ ਦੇ ਉਲਟ ਨਕਾਰਾਤਮਕ ਖਾਹਿਸ਼ ਹੈ। ਜਦ ਭਾਜਪਾ ‘ਮੋਦੀ ਕੀ ਗਾਰੰਟੀ’ ਦੀ ਗੱਲ ਕਰਦੀ ਹੈ, ਤਾਂ ਉਹ ਆਪਣੇ ਨੇਤਾ ਦਾ ਕਰਿਸ਼ਮਾ ਵੇਚ ਰਹੀ ਹੈ ਅਤੇ ਜਨਤਾ ਦੀਆਂ ਆਸਾਂ ਨੂੰ ਸੰਬੋਧਨ ਕਰ ਰਹੀ ਹੈ। ਜਦ ਭਾਜਪਾ ਤਰੱਕੀ ਦੀਆਂ ਉਮੀਦਾਂ ਨਾਲ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਹਿੰਦੂਤਵ ਦੇ ਤੌਰ ’ਤੇ ਆਪਣੇ ਬ੍ਰਾਂਡ ਨਾਲ ਮੁਕਾਬਲਾ ਕਰ ਸਕਦੀ ਹੈ ਤਾਂ ਮੋਦੀ ਨਾਲ ਨਫਰਤ ਅਤੇ ਜਾਤੀ ’ਤੇ ਖੇਤਰੀ ਧਰੁਵੀਕਰਨ ਪੈਦਾ ਕਰਨ ਦੇ ਯਤਨ ਯਕੀਨਨ ਤੌਰ ’ਤੇ ਚੋਣ ਜੇਤੂ ਨਹੀਂ ਹੋ ਸਕਦੇ।

ਜਦਕਿ ਭਾਜਪਾ ਨੇ ਹਿੰਦੂ ਜਾਤੀਆਂ ਅਤੇ ਭਾਈਚਾਰਿਆਂ ਦਾ ਇਕ ਵਿਆਪਕ ਗੱਠਜੋੜ ਬਣਾਇਆ ਹੈ ਅਤੇ ਇਥੋਂ ਤੱਕ ਕਿ ਕੁਝ ਇਸਾਈ ਗਰੁੱਪਾਂ ਅਤੇ ਪਸਮਾਂਦਾ ਮੁਸਲਮਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਦਾ ਵਿਰੋਧ ਵੱਡੇ ਪੈਮਾਨੇ ’ਤੇ ਮੁਸਲਮਾਨਾਂ ਦੀ ਗੁਪਤ ਨਕਾਰਾਤਮਕ ਊਰਜਾ ’ਤੇ ਨਿਰਭਰ ਕਰਦਾ ਹੈ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਇਸ ਨੇ ਖੁਦ ਨੂੰ ਹਿੰਦੂ ਵਿਰੋਧੀ ਦੱਸ ਕੇ ਇਕ ਖੁੰਝੇ ’ਚ ਰੱਖ ਲਿਆ ਹੈ। ਚੋਣਾਂ ਤੋਂ ਪਹਿਲਾਂ ਕੋਈ ਵੀ ਮੰਦਰ ਯਾਤਰਾ ਮੂਲ ਹਿੰਦੂ ਵੋਟਰਾਂ ਦੇ ਖਦਸ਼ੇ ਨੂੰ ਘੱਟ ਨਹੀਂ ਕਰੇਗੀ ਕਿ ਘੱਟਗਿਣਤੀਆਂ ਨੂੰ ਵਿਸ਼ੇਸ਼ ਲਾਭ ਦਿੱਤਾ ਜਾ ਰਿਹਾ ਹੈ। ਤੁਸੀਂ ਸਿਰਫ ਨਕਾਰਾਤਮਕ ਤਾਕਤਾਂ ਨੂੰ ਬੜ੍ਹਾਵਾ ਦੇ ਕੇ ਚੋਣਾਂ ਨਹੀਂ ਜਿੱਤ ਸਕਦੇ।

ਸੰਖੇਪ ’ਚ, ਮੋਦੀ ਅਤੇ ਭਾਜਪਾ ਜਿੱਤਦੇ ਹਨ ਕਿਉਂਕਿ ਉਹ ਪਛਾਣ ਦੀ ਸਿਆਸਤ ’ਚ ਜਨਤਾ ਦੇ ਵੱਡੇ ਹਿੱਸੇ ’ਚ ਆਸ ਅਤੇ ਭੈਅ ਦਾ ਫਾਇਦਾ ਉਠਾਉਂਦੇ ਹਨ, ਜਦਕਿ ਵਿਰੋਧੀ ਧਿਰ ਸਿਰਫ ਵੋਟਰਾਂ ਦੇ ਇਕ ਛੋਟੇ ਹਿੱਸੇ ’ਚ ਡਰ ਦੇ ਤੱਥ ਦਾ ਫਾਇਦਾ ਉਠਾਉਂਦੀ ਹੈ। ਇਕੱਲੇ ਡਰ ਨਾਲ ਇਕ ਵਾਰ ਜਿੱਤ ਹਾਸਲ ਕੀਤੀ ਜਾ ਸਕਦੀ ਹੈ (ਜਿਵੇਂ ਕਿ 1984 ’ਚ), ਪਰ ਵਾਰ-ਵਾਰ ਨਹੀਂ।

ਐੱਮ. ਜਗਨਨਾਥਨ


Rakesh

Content Editor

Related News