ਪੰਜਾਬ ਦੀ ਸਿਆਸਤ ''ਚ ਨਵਾਂ ਮੋੜ, ਸੁਖਬੀਰ ਬਾਦਲ ਹੋਏ ਸੁਰਖਰੂ, ਹੁਣ ਖੁੱਲ੍ਹ ਕੇ ਟੱਕਰਨਗੇ ਵਿਰੋਧੀਆਂ ਨੂੰ

Saturday, Jan 11, 2025 - 12:21 PM (IST)

ਪੰਜਾਬ ਦੀ ਸਿਆਸਤ ''ਚ ਨਵਾਂ ਮੋੜ, ਸੁਖਬੀਰ ਬਾਦਲ ਹੋਏ ਸੁਰਖਰੂ, ਹੁਣ ਖੁੱਲ੍ਹ ਕੇ ਟੱਕਰਨਗੇ ਵਿਰੋਧੀਆਂ ਨੂੰ

ਜਲੰਧਰ (ਲਾਭ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਸ਼੍ਰੋਮਣੀ ਅਕਾਲੀ ਦਲ ਲਈ ਉੱਚ ਤਾਕਤੀ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋ ਕੇ ਆਪਣਾ ਪਾਰਟੀ ਦੀ ਪ੍ਰਧਾਨਗੀ ਤੋਂ ਦਿੱਤਾ ਹੋਇਆ ਅਸਤੀਫ਼ਾ ਪ੍ਰਵਾਨ ਕਰਨ ਲਈ ਨਾ ਸਿਰਫ਼ ਬੇਨਤੀ ਕੀਤੀ ਸਗੋਂ ਜ਼ੋਰ ਦੇ ਕੇ ਅਸਤੀਫ਼ਾ ਪ੍ਰਵਾਨ ਕਰਵਾਇਆ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਆਦੇਸ਼ ਨੂੰ ਲਾਗੂ ਕਰਵਾਇਆ ਜਾ ਸਕੇ। ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣ।

ਸੁਖਬੀਰ ਬਾਦਲ ਨੂੰ ਸ਼ੰਕਾ ਸੀ ਕਿ ਪਾਰਟੀ ਦੀ ਵਰਕਿੰਗ ਕਮੇਟੀ ਕਿਤੇ ਪਹਿਲਾਂ ਵਾਂਗ ਅਸਤੀਫ਼ਾ ਪ੍ਰਵਾਨ ਕਰਨ ਬਾਰੇ ਫ਼ੈਸਲਾ ਅੱਗੇ ਨਾ ਪਾ ਦੇਵੇ, ਜਿਹੜਾ ਉਨ੍ਹਾਂ ਨੂੰ ਪ੍ਰਵਾਨ ਨਹੀਂ ਸੀ। ਸੁਖਬੀਰ ਬਾਦਲ ਨੇ 16 ਨਵੰਬਰ ਨੂੰ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਖਬੀਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਪਾਰਟੀ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਲਈ ਸੇਵਾ ਲਗਾਈ ਗਈ ਸੀ, ਜੋ ਉਨ੍ਹਾਂ ਸਮੇਤ ਸਾਰੇ ਲੀਡਰਾਂ ਨੇ ਬਾਖੂਬੀ ਨਿਭਾਈ।

ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ, ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ

ਆਪਣੇ ਕੱਟੜ ਵਿਰੋਧੀਆਂ ਅਤੇ ਆਲੋਚਕਾਂ ਵੱਲੋਂ ਧਾਰਮਿਕ ਮੁੱਦਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਦਿਨ-ਰਾਤ ਚਲਾਏ ਜਾ ਅੰਧਾਧੁੰਦ ਕੂੜ ਪ੍ਰਚਾਰ ਹੇਠੋਂ ਵਿਚਾਰਧਾਰਕ ਜ਼ਮੀਨ ਖਿਸਕਾਉਂਦਿਆਂ, ਪਾਰਟੀ ਨੇ ਆਪਣੇ ਲੰਬੇ ਅਤੇ ਔਖੇ ਸਮੇਂ ਦੌਰਾਨ ਅਗਵਾਈ ਦਿੰਦੇ ਆ ਰਹੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਕੇ ਉਸ ਵੱਲੋਂ ਸਰਕਾਰ ਨੂੰ ਲੋਕਾਂ ਦੇ ਮੁੱਦਿਆਂ ’ਤੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਉਸ ਦੇ ਹੱਥ ਖੋਲ੍ਹ ਦਿੱਤੇ ਹਨ। ਯਾਦ ਰਹੇ ਕਿ ਨਵੰਬਰ ਵਿਚ ਅਸਤੀਫ਼ਾ ਦੇਣ ਤੋਂ ਲੈ ਕੇ ਅੱਜ ਤੱਕ ਉਹ ਪਾਰਟੀ ਮੀਟਿੰਗਾਂ ਤੋਂ ਦੂਰ ਰਹਿ ਰਹੇ ਸਨ। ਅਸਤੀਫ਼ਾ ਪ੍ਰਵਾਨ ਦੇ ਫ਼ੈਸਲੇ ਨਾਲ ਸੁਖਬੀਰ ਬਾਰੇ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਸਾਰੇ ਹੁਕਮਾਂ ਦੀ ਪੂਰੀ ਤਰ੍ਹਾਂ ਤਾਮੀਲ ਹੋ ਗਈ ਹੈ। ਇਸ ਤੋਂ ਪਹਿਲਾਂ ਆਪਣੇ ਉੱਤੇ ਹੋਏ ਜਾਨਲੇਵਾ ਹਮਲੇ ਦੀ ਪਰਵਾਹ ਨਾ ਕਰਦਿਆਂ ਉਨ੍ਹਾਂ ਨੇ ਪੂਰੀ ਤਰ੍ਹਾਂ ਅਡੋਲ ਰਹਿ ਕੇ ਧਾਰਮਿਕ ਸੇਵਾ ਨਿਰਵਿਘਨ ਪੂਰੀ ਕੀਤੀ ਸੀ।
ਹੁਣ ਸੁਖਬੀਰ ਬਾਦਲ ਦੇ ਹੱਥ, ਜੋ ਧਾਰਮਿਕ ਇਲਜ਼ਾਮਾਂ ਕਾਰਨ ਉਨ੍ਹਾਂ ਦੀ ਪਿੱਠ ਪਿੱਛੇ ਬੱਝੇ ਵਿਖਾਈ ਦਿੰਦੇ ਸਨ, ਉਹ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅੱਜ ਹੋਵੇਗਾ ਮੇਅਰ ਦੇ ਨਾਂ ਦਾ ਐਲਾਨ

ਸਿਆਸੀ ਮਾਹਿਰਾਂ ਵੱਲੋਂ ਇਸ ਘਟਨਾਕ੍ਰਮ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਨਾਲ ਅਕਾਲੀ ਸਿਆਸਤ ਅਤੇ ਸੂਬੇ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਆ ਗਿਆ ਹੈ। ਸੁਖਬੀਰ ਸਿੰਘ ਬਾਦਲ ਵਰਗੇ ਤੇਜ਼ ਤਰਾਰ ਆਗੂ ਅਕਾਲ ਤਖ਼ਤ ਸਾਹਿਬ ਪ੍ਰਤੀ ਨਿਮਰਤਾ ਅਤੇ ਵਚਨਬੱਧਤਾ ਵਿਖਾਉਣ ਅਤੇ ਮੁਕਤ ਹੋਣ ਤੋਂ ਬਾਅਦ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਉੱਤੇ ਵਰ੍ਹਦੇ ਨਜ਼ਰ ਆਉਣਗੇ, ਜਿਸ ਨਾਲ ਸੂਬੇ ਦੀ ਸਿਆਸਤ ਵਿਚ ਇਕ ਨਵੀਂ ਫਿਜ਼ਾ ਦਾ ਆਗਾਜ਼ ਹੋਵੇਗਾ।

ਸੁਖਬੀਰ ਬਾਦਲ ਦੇ ਨੇੜਲੇ ਹਲਕਿਆਂ ਅਨੁਸਾਰ ਅਕਾਲੀ ਆਗੂ ਵੱਲੋਂ ਨਿਮਰਤਾ ਨਾਲ ਨਤਮਸਤਕ ਹੋ ਕੇ ਆਪਣੇ ਵਿਰੁੱਧ ਲੱਗੇ ਧਾਰਮਿਕ ਇਲਜ਼ਾਮਾਂ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਲਈ ਗਈ ਹੈ ਕਿਉਂਕਿ ਸਿੱਖ ਮਰਿਆਦਾ ਅਨੁਸਾਰ ਜਦੋਂ ਕੋਈ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਲਈ ਸੇਵਾ ਕਬੂਲ ਕਰ ਕੇ ਪੂਰੀ ਕਰ ਲੈਂਦਾ ਹੈ ਤਾਂ ਉਸ ਵਿਰੁੱਧ ਦੋਸ਼ ਲਾਉਣ ਵਾਲਾ ਕੋਈ ਵੀ ਸਿੱਖ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਅਵੱਗਿਆ ਕਰਨ ਦਾ ਦੋਸ਼ੀ ਬਣ ਜਾਂਦਾ ਹੈ। ਇਸ ਲਈ ਅੱਜ ਦੇ ਫ਼ੈਸਲੇ ਨਾਲ ਸੁਖਬੀਰ ਨਿੱਜੀ, ਸਿਆਸੀ ਤੇ ਧਾਰਮਿਕ ਤੌਰ ’ਤੇ ਸੇਵਾ ਪੂਰੀ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਦੋਸ਼ ਮੁਕਤ ਹੋ ਕੇ ਵਿਚਰਨਗੇ।

ਇਹ ਵੀ ਪੜ੍ਹੋ : ਪੰਜਾਬ ਲਈ ਅਗਲੇ 24 ਘੰਟੇ ਅਹਿਮ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਆਪਣੇ ਆਗੂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਨਿੱਤਰਦਿਆਂ ਸ਼ੁੱਕਰਵਾਰ ਦੀ ਇਕੱਤਰਤਾ ਨੇ ਸੋਸ਼ਲ ਮੀਡੀਆ ਦੇ ਇਕ ਖ਼ਾਸ ਵਰਗ ਵੱਲੋਂ ਵੱਡੀ ਸਾਜ਼ਿਸ਼ ਅਧੀਨ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚਲਾਈ ਜਾ ਰਹੀ ਕੂੜ ਪ੍ਰਚਾਰ ਦੀ ਅੰਨ੍ਹੀ ਹਨੇਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਵਰਗ ਨੇ ਇਸ ਵਕਤ ਪੰਜਾਬ ਵਿਚ ਸ਼ੂਕ ਰਹੇ ਨਸ਼ਿਆਂ ਦੇ ਛੇਵੇਂ ਦਰਿਆ, ਹਜ਼ਾਰਾਂ ਕਰੋੜਾਂ ਦੇ ਨਾਜਾਇਜ਼ ਰੇਤ ਸਕੈਂਡਲ, ਭਿਆਨਕ ਬੇਰੁਜ਼ਗਾਰੀ ਦਾ ਦੈਂਤ, ਬੁਰੀ ਤਰ੍ਹਾਂ ਚਰਮਰਾ ਚੁੱਕੀ ਅਮਨ ਅਤੇ ਕਾਨੂੰਨ ਵਿਵਸਥਾ, ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ, ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਮਹਿੰਗਾਈ ਵਰਗੀਆਂ ਗੱਲਾਂ ’ਤੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਹੈ।

ਇਹ ਵੀ ਪੜ੍ਹੋ : ਮੰਡਰਾਉਣ ਲੱਗਾ ਖ਼ਤਰਾ! Alert 'ਤੇ ਪੰਜਾਬ, HMPV ਸਬੰਧੀ ਜਾਰੀ ਕੀਤੀ ਗਈ ਐਡਵਾਈਜ਼ਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News