ਚੀਨ ਦੁਸ਼ਮਣ ਹੈ ਜਾਂ ਮੁਕਾਬਲੇਬਾਜ਼?

10/18/2019 1:37:05 AM

ਬਲਬੀਰ ਪੁੰਜ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਭਾਰਤ ਅਤੇ ਨੇਪਾਲ ਦੌਰਾ ਕਈ ਕਾਰਨਾਂ ਕਰ ਕੇ ਚਰਚਾ ’ਚ ਰਿਹਾ। ਇਕ ਰਾਸ਼ਟਰ ਦੇ ਰੂਪ ’ਚ ਚੀਨ ਦੀ ਨੀਅਤ ਅਤੇ ਨੀਤੀ ਕੀ ਹੈ– ਉਹ ਸ਼ੀ ਦੇ ਨੇਪਾਲ ’ਚ ਦਿੱਤੇ ਬਿਆਨ ਤੋਂ ਸਪੱਸ਼ਟ ਹੋ ਜਾਂਦੀ ਹੈ। ਉਹ ਕਹਿੰਦੇ ਹਨ, ‘‘ਜੋ ਕੋਈ ਵੀ ਚੀਨ ਦੇ ਕਿਸੇ ਵੀ ਇਲਾਕੇ ਨੂੰ ਵੰਡਣ ਦੀ ਕੋਸ਼ਿਸ਼ ਕਰੇਗਾ, ਉਹ ਮਾਰਿਆ ਜਾਵੇਗਾ। ਉਸ ਦੇ ਸਰੀਰ ਨੂੰ ਤੋੜ ਦਿੱਤਾ ਜਾਵੇਗਾ ਅਤੇ ਹੱਡੀਆਂ ਦਾ ਪਾਊਡਰ ਬਣਾ ਦਿੱਤਾ ਜਾਵੇਗਾ।’’

ਇਹ ਕੋਈ ਆਮ ਬਿਆਨ ਨਹੀਂ ਸਗੋਂ ਖੱਬੇਪੱਖੀ ਚਿੰਤਨ ਦੀ ਅਸਲੀਅਤ ਹੈ- ਜਿਸ ਦਾ ਸਾਕਾਰ ਰੂਪ ਚੀਨ ’ਚ ਕਈ ਵਾਰ ਸਾਹਮਣੇ ਆ ਚੁੱਕਾ ਹੈ। ਸੰਨ 1989 ’ਚ ਬੀਜਿੰਗ ਸਥਿਤ ਤਿਨਾਨਮਿਨ ਚੌਕ ’ਤੇ ਵਿਰੋਧ-ਵਿਖਾਵੇ ਕਰ ਰਹੇ ਲੋਕਤੰਤਰ ਸਮਰਥਕ ਵਿਦਿਆਰਥੀਆਂ ਨੂੰ ਖੱਬੇਪੱਖੀ ਸਰਕਾਰ ਦੇ ਹੁਕਮ ’ਤੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਫੌਜੀ ਟੈਂਕਾਂ ਦੇ ਹੇਠਾਂ ਦਰੜ ਕੇ ਲਾਲ-ਮਿਝ ’ਚ ਬਦਲ ਦਿੱਤਾ। ਇਸ ਤਰ੍ਹਾਂ ਦੀ ਸਥਿਤੀ ਕੁਝ ਮਹੀਨਿਆਂ ਤੋਂ ਚੀਨ ਦੁਆਰਾ ਪ੍ਰਸ਼ਾਸਿਤ ਖੁਦਮੁਖਤਿਆਰ ਹਾਂਗਕਾਂਗ ’ਚ ਵੀ ਬਣ ਰਹੀ ਹੈ, ਜਿਥੇ ਲੋਕਤੰਤਰ ਸਮਰਥਕਾਂ ਨੂੰ ਸ਼ੀ ਸਰਕਾਰ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ’ਚ ਮੁਸਲਿਮ ਭਾਈਚਾਰੇ ’ਤੇ ਸ਼ੀ ਸ਼ਾਸਨ ਦਾ ਤਸ਼ੱਦਦ ਕਿਸੇ ਤੋਂ ਲੁਕਿਆ ਨਹੀਂ। ਉਥੇ ਮੁਸਲਮਾਨਾਂ ਨੂੰ ਨਾ ਸਿਰਫ ਕੁਰਾਨ-ਨਮਾਜ਼ ਪੜ੍ਹਨ ਸਗੋਂ ਇਸਲਾਮੀ ਨਾਮ ਜਾਂ ਦਾੜ੍ਹੀ ਮੁੱਛ ਰੱਖਣ ਦੀ ਸਖਤ ਮਨਾਹੀ ਹੈ, ਨਾਲ ਹੀ ਜਬਰਨ ਮੁਸਲਮਾਨਾਂ ਨੂੰ ਇਕ ਕੈਂਪ ਬਣਾ ਕੇ ਇਸਲਾਮ ਦੀ ਨਿੰਦਾ ਕਰਨ ਅਤੇ ਖੱਬੇਪੱਖੀਆਂ ਦੇ ਪ੍ਰਤੀ ਸ਼ਰਧਾ ਦਿਖਾਉਣ ਲਈ ਪਾਬੰਦ ਕੀਤਾ ਜਾ ਰਿਹਾ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਉਹੀ ਚੀਨ ਅਕਸਰ ਭਾਰਤ ਨੂੰ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਪ੍ਰਵਚਨ ਦਿੰਦਾ ਰਿਹਾ। ਇਸ ਪਿਛੋਕੜ ’ਚ ਭਾਰਤੀ ਖੱਬੇਪੱਖੀ ਚਿੰਤਕਾਂ ਦਾ ਸਮੂਹ ਦਾ ਵਤੀਰਾ ਵੀ ਦਿਲਚਸਪ ਹੈ। ਚੀਨ ਦੀਆਂ ਉਪਰੋਕਤ ਘਟਨਾਵਾਂ ’ਤੇ ਚੁੱਪ ਰਹਿਣ ਵਾਲਾ ਖੱਬੇਪੱਖੀ ਕੁਣਬਾ ਬੀਤੇ ਦਿਨੀਂ ਕਸ਼ਮੀਰ ’ਚ ਸੁਰੱਖਿਆ ਕਾਰਨਾਂ ਕਰ ਕੇ ਮੋਬਾਇਲ ਸੇਵਾ ਬੰਦ ਕੀਤੇ ਜਾਣ ਤੋਂ ਇਕਦਮ ਪ੍ਰੇਸ਼ਾਨ ਹੋ ਉੱਠਿਆ। ਹੁਣ ਜੋ ਖੱਬੇਪੱਖੀ-ਜਮਾਤ ਘਾਟੀ ’ਚ ਥੋੜ੍ਹੇ ਸਮੇਂ ਲਈ ਮੋਬਾਇਲ ਸੇਵਾ ਬੰਦ ਕਰਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸ ਰਹੀ ਹੈ, ਉਸ ਦੀਆਂ ਭਾਵਨਾਵਾਂ 1990 ਦੇ ਦਹਾਕੇ ’ਚ ਮਜ਼੍ਹਬੀ ਮੁਹਿੰਮ ਦੇ ਬਾਅਦ ਘਾਟੀ ਤੋਂ ਹਿਜ਼ਰਤ ਲਈ ਮਜਬੂਰ ਹੋਏ ਕਸ਼ਮੀਰੀ ਪੰਡਿਤਾਂ ਲਈ 30 ਸਾਲ ਬਾਅਦ ਵੀ ਜਾਗ੍ਰਿਤ ਨਹੀਂ ਹੋ ਸਕੀਆਂ। ਸੋਚੋ, ਕਿਥੇ 30 ਦਿਨ ਮੋਬਾਇਲ ਵਿਹੂਣੇ ਹੋਣ ਦਾ ਕਸ਼ਟ ਅਤੇ ਕਿਥੇ 30 ਸਾਲਾਂ ਤੋਂ ਆਪਣੇ ਦੇਸ਼ ’ਚ ਜਲਾਵਤਨਾਂ ਵਾਂਗ ਜ਼ਿੰਦਗੀ ਬਤੀਤ ਕਰਨ ਦਾ ਸੰਤਾਪ। ਕੀ ਇਨ੍ਹਾਂ ਦੋਵਾਂ ਦੀ ਕੋਈ ਤੁਲਨਾ ਹੋ ਸਕਦੀ ਹੈ?

ਜੇਕਰ ਅਸੀਂ ਭਾਰਤ-ਚੀਨ ਦੇ ਬਣਦੇ ਵਿਗੜਦੇ ਸੰਬੰਧਾਂ ਦੀ ਪੜਤਾਲ ਕਰਨੀ ਹੈ ਤਾਂ ਇਸ ਸਾਮਵਾਦੀ ਦੇਸ਼ ਦੇ ਸਾਰੇ ਪਹਿਲੂਆਂ ਨੂੰ ਦੇਖਣਾ ਹੋਵੇਗਾ ਕਿ ਚੀਨ-ਭਾਰਤ ਦੇਸ਼ ਦਾ ਇਕ ਆਮ ਗੁਆਂਢੀ ਰਾਸ਼ਟਰ ਜਾਂ ਮੁਕਾਬਲੇਬਾਜ਼ ਹੈ ਜਾਂ ਫਿਰ ਭੇਡ ਦੀ ਖੱਲ ’ਚ ਲੁਕਿਆ ਭੇੜੀਆ ਹੈ, ਭਾਵ ਦੁਸ਼ਮਣ ਹੈ, ਜੋ ਭਾਰਤ ਨੂੰ ਨਿਗਲਣਾ ਚਾਹੁੰਦਾ ਹੈ? ਪੰਡਿਤ ਨਹਿਰੂ ਦੇ ਦੌਰੇ ’ਚ ਲਗਾਏ ਗਏ ‘‘ਹਿੰਦੀ-ਚੀਨੀ ਭਾਈ-ਭਾਈ’’ ਨਾਅਰੇ ਤੋਂ ਲੈ ਕੇ ਹੁਣ ਤੱਕ ਚੀਨ ਦੇ ਨਾਲ ਸੰਬੰਧਾਂ ’ਚ ਕਈ ਉਤਰਾਅ-ਚੜਾਅ ਆਏ ਹਨ। ਭਾਵੇਂ 1962 ਦੀ ਜੰਗ ਹੋਵੇ, 58 ਅਰਬ ਡਾਲਰ ਦਾ ਵਪਾਰਕ ਘਾਟਾ ਹੋਵੇ। ਚੀਨ ਵਲੋਂ ਭਾਰਤ ਦੀ ‘ਘੇਰਾਬੰਦੀ’’ ਹੋਵੇ, ਲੰਗੜਾ ਪਾਕਿਸਤਾਨ ਅਤੇ ਇਸਲਾਮੀ ਅੱਤਵਾਦੀਆਂ ਨੂੰ ਵਿਸ਼ਵ ਪੱਧਰੀ ਪਾਬੰਦੀ ਤੋਂ ਬਚਾਉਣਾ, ਸੁਰੱਖਿਆ ਪ੍ਰੀਸ਼ਦ ਦੀ ਮੈਂਬਰੀ ’ਚ ਅੜਿੱਕਾ ਬਣਨਾ ਹੋਵੇ ਜਾਂ ਫਿਰ ਸਰਹੱਦੀ ਝਗੜਾ। ਪਿਛਲੇ 7 ਦਹਾਕਿਆਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੁਝ ਇੰਝ ਹੀ ਪ੍ਰਭਾਸ਼ਿਤ ਕੀਤਾ ਹੈ।

ਭਾਰਤ-ਚੀਨ ਦੇ ਵਪਾਰਕ ਅਤੇ ਸੱਭਿਆਚਾਰਕ ਸੰਬੰਧ ਸਦੀਆਂ ਪੁਰਾਣੇ ਹਨ। ਇਸਦਾ ਸਬੂਤ ਪਿਛਲੇ ਹਫਤੇ (11-12 ਅਕਤੂਬਰ) ਦੋਵਾਂ ਦੇਸ਼ਾਂ ਵਿਚਾਲੇ ਹੋਈ ਦੂਸਰੀ ਗੈਰ-ਰਸਮੀ ਬੈਠਕ ਤੋਂ ਮਿਲ ਜਾਂਦਾ ਹੈ। ਜਿਸਦਾ ਆਯੋਜਨ ਤਾਮਿਲਨਾਡੂ ਦੇ ਉਸ ਇਤਿਹਾਸਕ ਇਲਾਕੇ ਮਹਾਬਲੀ ਪੁਰਮ ’ਚ ਹੋਇਆ, ਜੋ ਸੱਤਵੀਂ ਸ਼ਤਾਬਦੀ ’ਚ ਹਿੰਦੂ ਪੱਲਵ ਰਾਜਵੰਸ਼ ਦੀ ਪ੍ਰਮੁੱਖ ਬੰਦਰਗਾਹ ਹੁੰਦੀ ਸੀ ਅਤੇ ਭਾਰਤ-ਚੀਨ ਦਾ ਵਪਾਰਕ ਕੇਂਦਰ। ਇਸ ਧਰਤੀ ਤੋਂ ਪੁਰਾਤੱਤਵ ਮਾਹਿਰਾਂ ਨੂੰ 2000 ਸਾਲ ਪੁਰਾਣੇ ਚੀਨੀ ਸਿੱਕੇ ਵੀ ਮਿਲੇ ਹਨ। ਜੋ ਪ੍ਰਮਾਣਿਤ ਕਰਨ ਲਈ ਢੁੱਕਵੇਂ ਹਨ ਕਿ ਪ੍ਰਾਚੀਨ ਕਾਲ ਤੋਂ ਭਾਰਤ-ਚੀਨ ਦੇ ਵਪਾਰਕ ਸੰਬੰਧ ਕਿੰਨੇ ਗੂੜ੍ਹੇ ਸਨ।

ਭਾਰਤ ਦੀਆਂ ਪ੍ਰਾਚੀਨ ਸੱਭਿਆਚਾਰ ਅਤੇ ਰਿਵਾਇਤਾਂ ਦੇ ਸੰਬੰਧ ’ਚ, ਜੋ ਜਾਣਕਾਰੀਆਂ ਅੱਜ ਜਨਤਕ ਤੌਰ ’ਤੇ ਮੁਹੱਈਆ ਹਨ, ਉਸਦੇ ਵੇਰਵੇ ਦਾ ਇਕ ਹਿੱਸਾ ਸਦੀਾਂ ਪਹਿਲਾਂ ਭਾਰਤ ਆਏ ਚੀਨੀ ਯਾਤਰੀਆਂ ਦੇ ਵਿਰਤਾਂਤ ਤੋਂ ਪ੍ਰਾਪਤ ਹੁੰਦਾ ਹੈ। ਇਨ੍ਹਾਂ ’ਚੋਂ ਫਾਯਾਨ, ਸ਼ੁੰਹਯੁਨ, ਇਤਸੰਗ ਅਤੇ ਹਿਊਨਸਾਂਗ ਆਦਿ ਪ੍ਰਮੁੱਖ ਹਨ। ਇਹ ਹਿਊਨਸਾਂਗ ਹੀ ਸੀ, ਜੋ ਭਾਰਤ ਦੀ ਯਾਤਰਾ ਦੇ ਸਮੇਂ ਪੱਲਵ ਸ਼ਾਸਨ ਕਾਲ ’ਚ ਕਾਂਚੀਪੁਰਮ ਅਤੇ ਮਹਾਬਲੀ ਪੁਰਮ ਗਏ ਸਨ।

ਉਨ੍ਹਾਂ ਨੇ ਬੋਧੀ ਧਰਮ ਗ੍ਰੰਥਾਂ ਦੇ ਸੰਸਕ੍ਰਿਤ ਤੋਂ ਚੀਨੀ ਅਨੁਵਾਦ ਕੀਤਾ ਅਤੇ ਚੀਨ ’ਚ ਬੋਧੀ ਚੇਤਨਾ ਦਾ ਵਿਸਤਾਰ ਕੀਤਾ । ਇਹੀ ਕਾਰਨ ਹੈ ਕਿ ਅੱਜ ਚੀਨ ’ਚ ਨਨਹਾਈ ਬੁੱਧ ਯੂਨੀਵਰਸਿਟੀ ਹੈ, ਜੋ ਸਾਲ 1193 ’ਚ ਮੁਸਲਿਮ ਹਮਲਾਵਰ ਬਖਤਿਆਰ ਖਿਲਜੀ ਵਲੋਂ ਮਲੀਆਮੇਟ ਕਰ ਦਿੱਤੀ ਗਈ, ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦਾ ਪ੍ਰਤੀਰੂਪ ਹੈ। ਬੁੱਧ ਭਾਈਚਾਰੇ ਦੇ 24 ਕਰੋੜ ਲੋਕ ਚੀਨ ’ਚ ਵਸਦੇ ਹਨ। ਜਿਨ੍ਹਾਂ ਦੇ ਪੂਜਨੀਕ ਭਗਵਾਨ ਗੌਤਮਬੁੱਧ ਨੇ ਆਪਣੇ ਜੀਵਨ ਕਾਲ ’ਚ ਭਾਰਤ ਤੋਂ ਹੀ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਅਤੇ ਗਿਆਨ ਦੀ ਰੌਸ਼ਨੀ ਦਿੱਤੀ ਸੀ।

ਚੀਨ ਖੁਦ ਨੂੰ ਇਕ ਜੇਤੂ ਸੱਭਿਅਤਾ ਅਤੇ ਵਿਸ਼ਵ ਦੀ ਅਗਵਾਈ ਕਰਨ ਵਾਲੀ ਤਾਕਤ ਦੇ ਰੂਪ ’ਚ ਦੇਖਦਾ ਹੈ। ਇਸ ਦਿਸ਼ਾ ’ਚ ਉਸ ਨੇ ਆਪਣੀ ਸਿੱਖਿਆ ਤਕਨੀਕ ਅਤੇ ਮਨੁੱਖੀ ਵਿਹਾਰ ’ਚ ਦਰਸ਼ਨ ਸ਼ਾਸਤਰ, ਸੱਭਿਆਚਾਰਕ ਅਤੇ ਸਿਆਸੀ ਵਿਚਾਰਾਂ ਨੂੰ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ, ਜਿਸ ਨਾਲ ਉਥੋਂ ਦੇ ਸਥਾਨਕ ਨਿਵਾਸੀ ਆਪਣੀਆਂ ਮੂਲ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ। ਉਸ ਤੋਂ ਬਾਅਦ ਵਾਲੇ ਸਮੇਂ ’ਚ ਉਸ ਮੱਕਾਰ ਸਾਮਰਾਜਵਾਦੀ ਮਾਨਸਿਕਤਾ ਦਾ ਜਨਮ ਹੋਇਆ, ਜਿਸ ’ਚ ਦੂਸਰੇ ਦੇਸ਼ਾਂ ਦੀਆਂ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ’ਤੇ ਨਾਜਾਇਜ਼ ਕਬਜ਼ੇ ਕਰਨ ਦਾ ਵੀ ਦਰਸ਼ਨ ਹੈ। ਸੰਨ 1962 ਦੀ ਜੰਗ ’ਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਲੈ ਕੇ 2017 ਦੇ ਡੋਕਲਾਮ ਘਟਨਾਕ੍ਰਮ ’ਚ ਭਾਰਤੀ ਕੂਟਨੀਤਕ ਜਿੱਤ ਦੇ ਪਿਛੋਕੜ ’ਚ ਮੈਂ ਚੀਨ ਨੂੰ ਪਾਕਿਸਤਾਨ ਵਰਗਾ ਸ਼ੁੱਧ ਦੁਸ਼ਮਣ ਰਾਸ਼ਟਰ ਨਹੀਂ ਮੰਨਦਾ। ਇਸਦਾ ਸਪੱਸ਼ਟ ਕਾਰਨ ਹੈ ਭਾਰਤ ਦੇ ਪ੍ਰਤੀ ਪਾਕਿਸਤਾਨੀ ਸੱਤਾ ਦੇ ਕੇਂਦਰ ਦਾ ਵਿਚਾਰਕ ਚਿੰਤਨ, ‘‘ਕਾਫਿਰ-ਕੁਫਰ’’ ਧਾਰਨਾ ਦੀ ਨੀਂਹ ’ਤੇ ਆਧਾਰਿਤ ਹੈ, ਜਿਸ ’ਚ ਇਸਲਾਮ ਪੂਰਵ ਸੱਭਿਅਤਾ, ਸੱਭਿਆਚਾਰ, ਰਿਵਾਇਤਾਂ ਅਤੇ ਗੈਰ ਮੁਸਲਮਾਨਾਂ ਪ੍ਰਤੀ ਨਫਰਤ ਹੈ।

ਪ੍ਰਤੀਕੂਲ ਪਾਕਿਸਤਾਨ ਦੇ, ਚੀਨ-ਭਾਰਤ ਵਾਂਗ ਪ੍ਰਾਚੀਨ ਸੱਭਿਅਤਾ ਹੋਣ ਦੇ ਇਲਾਵਾ ਸੁਭਾਅ ਤੋਂ ਮਹੱਤਵਪੂਰਨ, ਮਿਹਨਤੀ ਅਤੇ ਮੁਕਾਬਲੇਬਾਜ਼ ਹੈ। ਭਾਰਤ ਅਤੇ ਚੀਨ ਦੀ ਮੌਜੂਦਾ ਆਬਾਦੀ ਕ੍ਰਮਵਾਰ 136 ਕਰੋੜ ਅਤੇ 144 ਕਰੋੜ ਹੈ। ਭਾਵ ਵਿਸ਼ਵ ਦੀ ਕੁੱਲ ਆਬਾਦੀ (770 ਕਰੋੜ) ਦਾ 36.3 ਫੀਸਦੀ (280 ਕਰੋੜ) ਹੈ। ਜੋ ਦੋਵਾਂ ਨੂੰ ਮੌਜੂਦਾ ਸਮੇਂ ’ਚ ਨਿਵੇਸ਼ ਲਈ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਦੇ ਰੂਪ ’ਚ ਸਥਾਪਿਤ ਕਰਦੇ ਹਨ। ਇਸ ਸੰਦਰਭ ’ਚ ਚੀਨ ਭਾਰਤ ਤੋਂ ਕਿਤੇ ਵਧੀਆ ਸਥਿਤੀ ’ਚ ਹੈ।

ਦਰਅਸਲ, ਭਾਰਤ-ਚੀਨ ਆਪਣੇ ਗੁਆਚੇ ਹੋਏ ਗਲਬੇ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਬਰਤਾਨਵੀ ਇਤਿਹਾਸਕਾਰ ਐਂਗਸ ਮੇਡੀਸਨ ਨੇ ਆਪਣੀ ਪੁਸਤਕ ‘‘ਕਾਨਟੂਅਰਸ’’ ਆਫਦਾ ਵਰਲਡ ਇਕਾਨਮੀ 1-2030 ਏ.ਡੀ.’’ ’ਚ ਸਪੱਸ਼ਟ ਕੀਤਾ ਹੈ ਕਿ ਪਹਿਲੀ ਸਦੀ ਤੋਂ ਲੈ ਕੇ ਦਸਵੀਂ ਸ਼ਤਾਬਦੀ ਤੱਕ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਸੀ। ਬੈਲਜੀਅਮ ਅਰਥਸ਼ਾਸਤਰੀ ਪਾਲ ਬਰਾਚ ਅਨੁਸਾਰ 1750 ਦੀ ਵਿਸ਼ਵ ਪੱਧਰੀ ਅਰਥਵਿਵਸਥਾ ਿਜਥੇ ਚੀਨ ਦੀ ਹਿੱਸੇਦਾਰੀ 33 ਫੀਸਦੀ ਸੀ ,ਉਥੇ ਭਾਰਤ 24.5 ਫੀਸਦੀ ਦੇ ਨਾਲ ਦੂਸਰੇ ਸਥਾਨ ’ਤੇ ਸੀ। ਇਹ ਗੱਲ ਵੱਖਰੀ ਹੈ ਕਿ ਬਰਤਾਨਵੀ ਸ਼ਾਸਨ ’ਚ ਭਾਰਤੀ ਅਰਥਵਿਵਸਥਾ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ।

ਭਾਰਤ ਨੇ 15 ਅਗਸਤ 1947 ਨੂੰ ਬਰਤਾਨਵੀ ਸਾਮਰਾਜਵਾਦ ਤੋਂ ਮੁਕਤੀ ਹਾਸਲ ਕੀਤੀ, ਚੀਨ ’ਚ ਅਕਤੂਬਰ 1949 ਨੂੰ ਮਾਓ ਸੇ-ਤੁੰਗ ਦੀ ਅਗਵਾਈ ’ਚ ਸਾਮਵਾਦੀ ਰਾਜ ਵਿਵਸਥਾ ਦਾ ਉਦੈ ਹੋਇਆ ਪਰ ਬਾਅਦ ਦੇ ਸਮੇਂ ’ਚ ਮਾਓ ਦੇ ਖੱਬੇਪਖੀ ਚਿੰਤਨ ਨੇ ਚੀਨ ’ਚ ਮਨੁੱਖੀ ਤ੍ਰਾਸਦੀ ਦਾ ਰੂਪ ਲੈ ਲਿਆ। ਉਨ੍ਹਾਂ ਦੇ ਸ਼ਾਸਨ ਕਾਲ ’ਚ ਜਿਥੇ ਲੱਖਾਂ-ਕਰੋੜਾਂ ਵਿਰੋਧੀਆਂ ਅਤੇ ਉਨ੍ਹਾਂ ਨਾਲ ਅਸਹਿਮਤੀ ਰੱਖਣ ਵਾਲਿਆਂ ਦੀ ਹੱਤਿਆ ਕਰਵਾ ਦਿੱਤੀ ਗਈ,ਉਥੇ ਉਸਦੀਆਂ ਨੀਤੀਆਂ ਨੇ 4 ਕਰੋੜ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ।

ਮਾਓ ਦੀ ਹਿੰਸਕ ਸੱਭਿਆਚਾਰਕ ਕ੍ਰਾਂਤੀ ਅਤੇ ਸਾਮਵਾਦੀ ਵਿਚਾਰਾਂ ਦਾ ਹੀ ਨਤੀਜਾ ਸੀ ਕਿ 1970 ਦੇ ਦਹਾਕੇ ’ਚ ਚੀਨੀ ਅਰਥਵਿਵਸਥਾ ਦਾ ਸੰਕਟ ਡੂੰਘਾ ਹੋ ਗਿਆ। 1976 ’ਚ ਮਾਓ ਦੀ ਮੌਤ ਉਪਰੰਤ ਚੀਨੀ ਸਿਆਸੀ ਸੱਤਾ ਦਾ ਕੇਂਦਰ ਸਮਝ ਗਿਆ ਕਿ ਉਸਦਾ ਸਮਾਜਵਾਦ ਖਤਮ ਹੋ ਚੁੱਕਾ ਹੈ। ਨਤੀਜੇ ਵਜੋਂ ਦੇਂਗ-ਸ਼ਿਓਅ-ਪਿੰਗ ਨੇ ਇਕੱਠੇ ਕਈ ਖੇਤਰਾਂ ’ਚ ਸੁਧਾਰ ਪ੍ਰੋਗਰਾਮ ਆਰੰਭ ਕੀਤੇ, ਜਿਨ੍ਹਾਂ ਦੇ ਅੰਤਰਗਤ ਚੀਨ ’ਚ ਮੁਕਤ ਬਾਜ਼ਾਰ ਅਰਥਵਿਵਸਥਾ ਦੀ ਨੀਂਹ ਰੱਖੀ ਗਈ ਹੈ। ਇਸ ਬਦਲੀ ਹੋਈ ਵਿਵਸਥਾ ਦੇ ਚਰਿੱਤਰ ’ਚ ਚਾਰ ਦਹਾਕਿਆਂ ’ਚ ਚੀਨੀ ਵਿਸ਼ੇਸ਼ਤਾ ਵਾਲੇ ਸਮਾਜਵਾਦ ਦੇ ਦਰਸ਼ਨ-ਅਰਥਾਤ, ਰਾਜਨੀਤੀ ’ਚ ਖੱਬੇਪਖੀ ਅਧਿਨਾਇਕਵਾਦ, ਤੇ ਅਰਥਵਿਵਸਥਾ ’ਚ ਚੀਨ ਦੇ ਰਾਸ਼ਟਰੀ ਹਿੱਤਾਂ ਨੂੰ ਸਮਰਪਿਤ ਪੂੰਜੀਵਾਦ ਹੈ। ਸ਼ੀ ਜਿਨਪਿੰਗ ਵੀ ਉਸੇ ਪ੍ਰੰਪਰਾ ਨੂੰ ਅੱਗੇ ਵਧਾ ਰਹੇ ਹਨ।

ਇਸ ਪਿਛੋਕੜ ’ਚ ਭਾਰਤ ਦੀ ਸਥਿਤੀ ਕੀ ਹੈ? ਸਾਡਾ ਦੇਸ਼ ਇਕ ਜੀਵੰਤ ਲੋਕਤੰਤਰ ਹੈ, ਜਿਥੇ ਸਾਰਿਆਂ ਨਾਗਰਿਕਾਂ ਨੂੰ ਬਰਾਬਰ ਸੰਵਿਧਾਨਿਕ ਅਧਿਕਾਰ ਪ੍ਰਾਪਤ ਹਨ ਪਰ ਇਨ੍ਹਾਂ ’ਚੋਂ ਕੁਝ, ਜੋ ਖੁਦ ਨੂੰ ਖੱਬੇਪੱਖੀ ਨਰਮਖਿਆਲੀ, ਪ੍ਰਗਤੀਸ਼ੀਲ ਅਤੇ ਸੈਕੁਲਰ ਕਹਿੰਦੇ ਹਨ, ਉਹ ਅਕਸਰ ਉਨ੍ਹਾਂ ਹੀ ਸੰਵਿਧਾਨਕ ਅਧਿਕਾਰਾਂ ਦੀ ਦੁਰਵਰਤੋਂ ਕਰ ਕੇ ਕਦੇ ਵਾਤਾਵਰਣ ਦੇ ਨਾਮ ’ਤੇ, ਕਦੇ ਹੋਰਨਾਂ ਕਾਰਨਾਂ ਕਾਰਨ ਰਾਸ਼ਟਰ ਦੀ ਵਿਕਾਸ ਯਾਤਰਾ ’ਚ ਅੜਿੱਕਾ ਬਣ ਜਾਂਦੇ ਹਨ ਜਾਂ ਫਿਰ ਭਾਰਤ ਦੇ ਅਕਸ ਨੂੰ ਕਲੰਕਿਤ ਕਰਨ ਲੱਗਦੇ ਹਨ।

ਭਾਰਤ-ਚੀਨ ਦੇ ਦਰਮਿਆਨ 58 ਅਰਬ ਡਾਲਰ ਦੇ ਵਪਾਰਕ-ਅਸੰਤੁਲਨ ਲਈ ਕੀ ਕੇਵਲ ਚੀਨ ਜ਼ਿੰਮੇਵਾਰ ਹੈ? ਭਾਰਤ ’ਚ ਚੀਨ ਤੋਂ ਦਰਾਮਦ ਹੋਣ ਵਾਲੀਆਂ ਜ਼ਿਆਦਾ ਵਸਤੂਆਂ ਲਈ ਕਿਸੇ ਰਾਕੇਟ ਵਿਗਿਆਨ ਦੀ ਲੋੜ ਨਹੀਂ, ਜਿਸ ਦਾ ਨਿਰਮਾਣ ਸਾਡੇ ਦੇਸ਼ ’ਚ ਅਸੰਭਵ ਹੋਵੇ, ਦੀਵਾਲੀ ਵੇਲੇ ਵਧੇਰੇ ਘਰਾਂ ਨੂੰ ਰੌਸ਼ਨ ਕਰਨ ਵਾਲੀਆਂ ਬਿਜਲੀ ਦੀਆਂ ਲੜੀਆਂ ਤੋਂ ਲੈ ਕੇ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਅੱਜ ਤਕ ਚੀਨ ਤੋਂ ਬਰਾਮਦ ਹੁੰਦੀਆਂ ਹਨ। ਕਿਉਂ? ਬਿਨਾਂ ਸ਼ੱਕ ਸਾਨੂੰ ਹਰੇਕ ਖਤਰੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਪ੍ਰੰਤੂ ਸੱਚ ਇਹ ਵੀ ਹੈ ਕਿ ਦੇਸ਼ ’ਚ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੀ ਕਰਮ ਸ਼ਕਤੀ ਦਾ ਹੀ ਹਰਾਸ ਕੀਤਾ ਹੈ। ਬਜਾਏ ਭਾਰਤ ਨੂੰ ਆਤਮਨਿਰਭਰ ਬਣਾਉਣ ਜਾਂ ਫਿਰ ਕਰਮ ਸ਼ਕਤੀ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ, ਵਧੇਰੇ ਸਿਆਸੀ ਪਾਰਟੀਆਂ ’ਚ ਹੋਰ ਇਸ ਗੱਲ ਨੂੰ ਲੈ ਕੇ ਹੈ ਕਿ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਯੋਜਨਾਵਾਂ ਦੇ ਅਧੀਨ, ਕਿਸ ਨੇ ਅਤੇ ਕਿੰਨੀ ਹੱਦ ਤਕ ਮੁਫਤ ’ਚ ਦਾਲ-ਆਟਾ, ਬਿਜਲੀ-ਪਾਣੀ ਦਿੱਤਾ ਅਤੇ ਕਰਜ਼ਾ ਮੁਆਫ ਕੀਤਾ। ਕੀ ਇਹ ਸੱਚ ਨਹੀਂ ਕਿ ਚੀਨ ਤੋਂ ਦਰਾਮਦ ਵਸਤੂਆਂ ਦੀ ਸਾਡੇ ਵਲੋਂ ਖਰੀਦਦਾਰੀ ਨਾਲ ਚੀਨ ’ਚ ਨੌਕਰੀਆਂ ਪੈਦਾ ਹੁੰਦੀਆਂ ਹਨ? ਇਸ ਲਈ ਕੋਈ ਹੈਰਾਨੀ ਨਹੀਂ ਕਿ ਸੰਪਨਤਾ ਵੀ ਉਹੀ ਹੈ। ਕਿਉਂ ਨਹੀਂ ਅਸੀਂ ਮੁਕਾਬਲੇਬਾਜ਼ੀ ਦੇ ਯੁੱਗ ’ਚ ਚੀਨ ਦੇ ਸਾਹਮਣੇ ਟਿਕ ਸਕਦੇ? ਕੀ ਸਾਨੂੰ ਸਾਰਿਆਂ ਨੂੰ ਇਸ ’ਤੇ ਸਵੈਚਿੰਤਨ ਕਰਨ ਦੀ ਲੋੜ ਨਹੀਂ?

Photo : Balbir punj


Bharat Thapa

Content Editor

Related News