ਜੀ-20 ਬੈਠਕ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਪਾਕਿਸਤਾਨ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ

Monday, May 22, 2023 - 05:26 PM (IST)

ਜੀ-20 ਬੈਠਕ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਪਾਕਿਸਤਾਨ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ

ਨਵੀਂ ਦਿੱਲੀ- 1971 ’ਚ ਆਪਣੇ ਦੇਸ਼ ਦੇ ਦੋ ਟੋਟੇ ਹੋ ਜਾਣ ਪਿੱਛੋਂ ਪਾਕਿਸਤਾਨ ਸਿਆਸੀ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜੋ ਉਸ ਦੀ ਹੋਂਦ ਨੂੰ ਹੀ ਖਤਰੇ ’ਚ ਪਾ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਅਤੇ ਫੌਜ ਅਤੇ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਵਿਰੁੱਧ ਸਭ ਬੰਦੂਕਾਂ ਤਾਣਨ ਨਾਲ ਦੇਸ਼ ਦੀਆਂ ਮੁਸ਼ਕਲਾਂ ਹੋਰ ਵੀ ਗੁੰਝਲਦਾਰ ਹੋ ਗਈਆਂ ਹਨ। ਕਸ਼ਮੀਰੀ ਨੌਜਵਾਨ ਜਿਨ੍ਹਾਂ ਨੂੰ ਇਹ ਭਰੋਸਾ ਹੋ ਗਿਆ ਸੀ ਕਿ ਸਰਹੱਦ ਪਾਰ ਸ਼ਹਿਦ ਤੇ ਦੁੱਧ ਦੀਆਂ ਨਦੀਆਂ ਵਗਦੀਆਂ ਹਨ, ਹੁਣ ਮਹਿਸੂਸ ਕਰਦੇ ਹਨ ਕਿ ਨਾਕਾਮ ਦੇਸ਼ ਦੇ ਸੁਪਨੇ ਵੇਖਣ ਦਾ ਕੋਈ ਮਤਲਬ ਨਹੀਂ ਹੈ। ਪਾਕਿਸਤਾਨੀ ਰੁਪਏ ਦੀ ਕੀਮਤ ’ਚ ਗਿਰਾਵਟ ਅਤੇ ਵਿਦੇਸ਼ੀ ਕਰੰਸੀ ਭੰਡਾਰ ਘਟਣ ਨਾਲ ਦੇਸ਼ ਅਨਾਜ ਵਰਗੀਆਂ ਅਹਿਮ ਵਸਤਾਂ ਨੂੰ ਬਰਾਮਦ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਕਾਰਨ ਵੰਡ ਕੇਂਦਰਾਂ ’ਤੇ ਭਾਜੜ ਮਚੀ ਹੋਈ ਹੈ।

ਇਹ ਡਰ ਕਿ ਪਾਕਿਸਤਾਨ ਆਪਣੇ ਕਰਜ਼ੇ ਨੂੰ ਅਦਾ ਕਰਨ ’ਚ ਅਸਮਰੱਥ ਹੋਵੇਗਾ, ਕਈ ਮਹੀਨਿਆਂ ਤੋਂ ਅਜੇ ਵੀ ਜਾਰੀ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਪਿੱਛੋਂ ਵਿਖਾਵਾਕਾਰੀਆਂ ਨੇ ਪਾਕਿਸਤਾਨੀ ਫੌਜ ’ਤੇ ਹਮਲਾ ਕਰ ਦਿੱਤਾ। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਖਾਨ ਦੀ ਨਾਟਕੀ ਗ੍ਰਿਫਤਾਰੀ ਪਿੱਛੋਂ ਦੇਸ਼ ’ਚ ਹਿੰਸਕ ਝੜਪਾਂ ਹੋਈਆਂ। ਬਹੁਤ ਜ਼ਰੂਰੀ ਵਿੱਤੀ ਮਦਦ ਹਾਸਲ ਕਰਨ ਬਾਰੇ ਦੇਸ਼ ਦੀ ਸਮਰੱਥਾ ਸਵਾਲਾਂ ਦੇ ਘੇਰੇ ’ਚ ਹੈ। ਇਸ ਸਾਲ ਫਰਵਰੀ ’ਚ ਇਕ ਰੇਟਿੰਗ ਏਜੰਸੀ ਨੇ ਕਿਹਾ ਸੀ ਕਿ ਅਗਲੇ ਸਾਲਾਂ ’ਚ ਸਰਕਾਰੀ ਮਾਲੀਏ ਦਾ ਲਗਭਗ 50 ਫੀਸਦੀ ਹਿੱਸਾ ਕਰਜ਼ੇ ’ਤੇ ਲਏ ਵਿਆਜ ਦਾ ਭੁਗਤਾਨ ਕਰਨ ’ਤੇ ਖਰਚ ਹੋਵੇਗਾ। ਇਸ ਕਾਰਨ ਜੋ ਆਰਥਿਕ ਸੰਕਟ ਆ ਰਿਹਾ ਹੈ ਅਤੇ ਨਾਲ ਹੀ ਸਿਆਸੀ ਅਸੰਤੋਸ਼ ਨੂੰ ਵੀ ਹੱਲਾਸ਼ੇਰੀ ਮਿਲ ਰਹੀ ਹੈ, ‘ਮੂਡੀਸ’ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਵਿਆਜ ਦੇ ਭੁਗਤਾਨ ਲਈ ਸਮਰਪਿਤ ਮਾਲੀਏ ਦਾ ਇਕ ਅਹਿਮ ਹਿੱਸਾ ਆਬਾਦੀ ਦੇ ਬੁਨਿਆਦੀ ਸਮਾਜਿਕ ਖਰਚ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਸਰਕਾਰ ਦੀ ਕਰਜ਼ਾ ਚੁਕਾਉਣ ਦੀ ਸਮਰੱਥਾ ਨੂੰ ਤੇਜ਼ੀ ਨਾਲ ਰੋਕੇਗਾ।

ਪਾਕਿਸਤਾਨ ਦੀ ਸਮੱਸਿਆ ਇਮਰਾਨ ਦੇ ਪਤਨ ਨਾਲ ਸ਼ੁਰੂ ਨਹੀਂ ਹੋਈ ਸੀ। ਦੇਸ਼ ਆਪਣੀ ਸਥਾਪਨਾ ਤੋਂ ਬਾਅਦ ਤੋਂ ਹੀ ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਹਾਲਤ ’ਚ ਜਦੋਂ ਭਾਰਤ ਦਾ ਵਿਚਾਰ ਦਿਨ-ਬ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ, ਪਾਕਿਸਤਾਨ ਅਜੇ ਵੀ ਇਕ ਪਛਾਣ ਦੇ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਨੂੰ ਦੱਖਣੀ ਏਸ਼ੀਆਈ ਮੁਸਲਮਾਨਾਂ ਦੇ ਸੁਪਨਿਆਂ ਦੇ ਘਰ ਵਜੋਂ ਬਣਾਇਆ ਗਿਆ ਸੀ ਪਰ ਉਸ ਨੇ ਜਿੱਨਾਹਵਾਦ ਅਤੇ ਉਸ ਦੇ ਸੰਸਥਾਪਕ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਦੀ ਬਜਾਏ ਜਿਹਾਦਵਾਦ ਨੂੰ ਚੁਣਿਆ ਹੈ। ‘ਭਾਰਤ-ਪਾਕਿਸਤਾਨ ਦੇ ਸਬੰਧਾਂ ਦੀ 1947 ’ਚ ਵੰਡ, ਕਸ਼ਮੀਰ ਸਮੱਸਿਆ ਤੇ ਦੋ ਦੱਖਣੀ ਏਸ਼ੀਆਈ ਗੁਆਂਢੀਆਂ ਦਰਮਿਆਨ ਫੌਜੀ ਸੰਘਰਸ਼ ਵੱਲੋਂ ਇਕ ਨਵਾਂ ਰੂਪ ਦਿੱਤਾ ਗਿਆ। ਸਬੰਧਾਂ ਨੂੰ ਹਮੇਸ਼ਾ ਸੰਘਰਸ਼, ਦੁਸ਼ਮਣੀ ਅਤੇ ਬੇਭਰੋਸਗੀ ਨਾਲ ਪਛਾਣਿਆ ਗਿਆ। ਹਾਲਾਂਕਿ ਦੋਵੇਂ ਦੇਸ਼ ਬਰਾਬਰ ਦੇ ਭਾਸ਼ਾਈ, ਸੰਸਕ੍ਰਿਤੀ, ਭੂਗੋਲਿਕ ਅਤੇ ਆਰਥਿਕ ਸਬੰਧਾਂ ਨੂੰ ਸਾਂਝਾ ਕਰਦੇ ਹਨ।

ਭਾਰਤ ਨੇ ਜੰਮੂ-ਕਸ਼ਮੀਰ ਸਮੇਤ ਕੁਝ ਦਬਾਅ ਵਾਲੇ ਮੁੱਦਿਆਂ ਨੂੰ ਸਦਭਾਵਨਾ ਭਰੇ ਢੰਗ ਨਾਲ ਹੱਲ ਕਰਨ ਦੀ ਦਿਸ਼ਾ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਪੰ. ਨਹਿਰੂ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਭਾਰਤ ਨੇ ਦੋਪਾਸੜ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਉਸਾਰੂ ਕੂਟਨੀਤੀ ਅਤੇ ਲੋਕਾਂ ਨਾਲ ਲੋਕਾਂ ਨੂੰ ਜੋੜਨ ਦੀ ਨੀਤੀ ਅਪਣਾਈ ਹੈ। ਭਾਰਤ-ਪਾਕਿਸਤਾਨ ਸਰਹੱਦੀ ਗੋਲੀਬੰਦੀ ਇਕ ਅਜਿਹਾ ਉਪਾਅ ਹੈ ਜਿਸ ਨੇ ਐੱਲ. ਓ. ਸੀ. ਕੋਲ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਹੈ। ਸਰਹੱਦ ਪਾਰ ਘੁਸਪੈਠ ਅਤੇ ਅੱਤਵਾਦੀ ਸਰਗਰਮੀਆਂ ’ਚ ਵੀ ਵਰਨਣਯੋਗ ਕਮੀ ਆਈ ਹੈ। ਇਮਰਾਨ ਖਾਨ ਨੇ ਕੁਝ ਸਮਾਂ ਪਹਿਲਾਂ ਵਤਨ ਪਰਤ ਕੇ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਵਿਰੁੱਧ ਇਕ ਬੇਮਿਸਾਲ ਮੁਹਿੰਮ ਛੇੜ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫੌਜ ਨੇ ਮੈਨੂੰ ਸੱਤਾ ਤੋਂ ਬੇਦਖਲ ਕਰਨ ਦੀ ਸਾਜ਼ਿਸ਼ ਰਚੀ। ਉਸ ਤੋਂ ਬਾਅਦ ਮੇਰੀ ਹੱਤਿਆ ਦੀ ਵੀ ਸਾਜ਼ਿਸ਼ ਰਚੀ। ਰਣਨੀਤਕ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਿਆਸੀ ਅਸ਼ਾਂਤੀ ਇਕ ਗੰਭੀਰ ਆਰਥਿਕ ਸੰਕਟ ਨੂੰ ਵਧਾ ਸਕਦੀ ਹੈ। ਇਸ ਨਾਲ ਨਾ ਸਿਰਫ ਪਾਕਿਸਤਾਨ ਸਗੋਂ ਪੂਰੇ ਦੱਖਣੀ ਏਸ਼ੀਆ ’ਚ ਅਸੁਰੱਖਿਆ ਪੈਦਾ ਹੋ ਸਕਦੀ ਹੈ।

ਸਿਆਸੀ ਉਥਲ-ਪੁਥਲ ਪਾਕਿਸਤਾਨ ’ਚ ਡੂੰਘੇ ਹੋ ਰਹੇ ਆਰਥਿਕ ਸੰਕਟ ਨੂੰ ਵਧਾ ਸਕਦੀ ਹੈ। ਇਸ ਨਾਲ ਮਹਿੰਗਾਈ ਵਧੇਗੀ। ਦੇਸ਼ ’ਚ ਗਰੀਬੀ ਅਤੇ ਬੇਰੋਜ਼ਗਾਰੀ ਪਹਿਲਾਂ ਹੀ ਵਧੀ ਹੋਈ ਹੈ ਅਤੇ ਲੋਕ ਇਸ ਨਾਲ ਜੂਝ ਰਹੇ ਹਨ। ਕੈਸ਼-ਸਟਰੈੱਪਡ ਦੇਸ਼ ਨੂੰ ਡਿਫਾਲਟ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਮਾਂਤਰੀ ਮੁਦਰਾ ਫੰਡ ਨੇ ਇਸਲਾਮਾਬਾਦ ਨੂੰ ਕਈ ਮਹੀਨਿਆਂ ਤੱਕ ਕਰਜ਼ਾ ਦੇਣ ’ਚ ਦੇਰੀ ਕੀਤੀ ਹੈ ਕਿਉਂਕਿ ਉਹ ਤੁਰੰਤ ਸੁਧਾਰਾਂ ਦੀ ਮੰਗ ਕਰ ਰਿਹਾ ਹੈ। ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ–ਤਾਲਿਬਾਨ ਪਾਕਿਸਤਾਨ ਨੇ ਪਿਛਲੇ ਨਵੰਬਰ ’ਚ ਖਤਮ ਹੋਈ ਗੱਲਬਾਤ ਪਿੱਛੋਂ ਆਪਣੇ ਹਮਲੇ ਤੇਜ਼ ਕੀਤੇ ਹਨ, ਮੁੱਖ ਰੂਪ ਨਾਲ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ’ਤੇ ਉਸ ਨੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਜਦੋਂ ਤੋਂ ਅਫਗਾਨ ਤਾਲਿਬਾਨ ਨੇ ਸਰਹੱਦ ਪਾਰ ਸੱਤਾ ਸੰਭਾਲੀ ਹੈ, ਅੱਤਵਾਦੀ ਗਰੁੱਪਾਂ ਖਾਸ ਕਰ ਕੇ ਟੀ. ਟੀ. ਪੀ. ਵੱਲੋਂ ਹਮਲਿਆਂ ਦੇ ਆਯੋਜਨ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਦੀਆਂ ਅਣਗਿਣਤ ਰਿਪੋਰਟਾਂ ਆਈਆਂ ਹਨ।

ਪਾਕਿਸਤਾਨ ’ਚ ਗੰਭੀਰ ਸਿਆਸੀ ਚੁੱਕ-ਥਲ ਨੂੰ ਦੇਖਦੇ ਹੋਏ ਨੀਤੀ ਨਿਰਮਾਤਾਵਾਂ ਨੂੰ ਭਾਰਤ ਦੀ ਜੀ-20 ਦੇਸ਼ਾਂ ਦੀ ਪ੍ਰਧਾਨਗੀ ਵਿਰੁੱਧ ਇਕ ਖੇਤਰ ਦੀ ਬਜਾਏ ਪਾਕਿਸਤਾਨ ’ਚ ਗੈਰ-ਯਕੀਨੀ ਵਾਲੀ ਸਥਿਤੀ ਨੂੰ ਸੰਬੋਧਿਤ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਜੀ-20 ਨਾ ਸਿਰਫ ਭਾਰਤ ਲਈ ਇਕ ਇਤਿਹਾਸਕ ਘਟਨਾ ਹੈ ਸਗੋਂ ਕਸ਼ਮੀਰ ’ਚ ਇਸ ਨੂੰ ਆਯੋਜਿਤ ਕਰਨ ਨਾਲ ਦੁਨੀਆ ਨੂੰ ਸੈਰ-ਸਪਾਟਾ ਸਮਰੱਥਾ ਦੇ ਪੂਰੇ ਵਿਕਾਸ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਵਿਕਾਸ ਦੀ ਹੱਦ ਬਾਰੇ ਵੀ ਵੱਡੇ ਪੱਧਰ ’ਤੇ ਜਾਣਕਾਰੀ ਦੇਣੀ ਚਾਹੀਦੀ ਹੈ। ਇਹ ਕਸ਼ਮੀਰਵਾਦੀ ਦੇ ਨੌਜਵਾਨਾਂ ਲਈ ਦੁਨੀਆ ਨੂੰ ਦੱਸਣ ਦਾ ਇਹ ਦੁਰਲੱਭ ਮੌਕਾ ਹੈ ਕਿ ਭਾਰਤ ਆਧੁਨਿਕ, ਵਿਗਿਆਨਕ ਅਤੇ ਸ਼ਾਂਤਮਈ ਜੀਵਨ ਦੀ ਧਰਤੀ ਹੈ ਜਦੋਂ ਕਿ ਪਾਕਿਸਤਾਨ ਦਾ ਮਤਲਬ ਕਸ਼ਮੀਰੀਆਂ ਲਈ ਮੌਤ ਅਤੇ ਤਬਾਹੀ ਹੈ। ਪਾਕਿਸਤਾਨ ਨੂੰ ਜੀ-20 ਬੈਠਕ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਆਪਣੇ ਦੇਸ਼ ਦੀਆਂ ਸਮੱਸਿਆਵਾਂ ’ਤੇ ਧਿਆਨ ਦੇਣਾ ਚਾਹੀਦਾ ਹੈ।


author

cherry

Content Editor

Related News