ਇਕ ਤ੍ਰਿਕੋਣੇ ਜੰਕਸ਼ਨ ’ਤੇ ਭਾਰਤ-ਨੇਪਾਲ ਸੰਬੰਧ

05/26/2020 2:12:14 AM

ਡਾ. ਕੁੰਵਰ ਪੁਸ਼ਪੇਂਦਰ ਪ੍ਰਤਾਪ ਸਿੰਘ

ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਹਾਲ ਹੀ ’ਚ ਸੰਸਦ ’ਚ ਆਪਣੇ ਜ਼ਹਿਰੀਲੇ ਭਾਸ਼ਣ ’ਚ ਭਾਰਤ ’ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਦਾ ਵਾਇਰਸ ਚੀਨ ਅਤੇ ਇਟਲੀ ਦੀ ਤੁਲਨਾ ’ਚ ਜ਼ਿਆਦਾ ਭਿਆਨਕ ਹੈ। ਕੇ. ਪੀ. ਓਲੀ ਨੇ ਇਹ ਵੀ ਕਿਹਾ ਕਿ ਕਾਲਾਪਾਣੀ-ਲਿਪੂਲੇਖ ਅਤੇ ਲਿੰਪਿਆਧੁਰਾ ਤਿੰਨ ਪੱਖੀ ਨੇਪਾਲ-ਭਾਰਤ-ਚੀਨ ’ਚ ਹਨ ਅਤੇ ਕਿਸੇ ਵੀ ਕੀਮਤ ’ਤੇ ਨੇਪਾਲ ਦੇ ਨਕਸ਼ੇ ’ਚ ਸ਼ਾਮਲ ਹੋਣਗੇ। 8 ਮਈ, 2020 ਨੂੰ ਜਦੋਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੈਲਾਸ਼ ਮਾਨਸਰੋਵਰ ਰੋਡ ਦਾ ਉਦਘਾਟਨ ਕੀਤਾ ਸੀ, ਜਿਸ ’ਤੇ ਨੇਪਾਲ ਨੇ ਇਤਰਾਜ਼ ਪ੍ਰਗਟਾਇਆ ਸੀ। ਨੇਪਾਲ ਨੇ ਹੁਣ ਇਕ ਨਵਾਂ ਨਕਸ਼ਾ ਤਿਆਰ ਕੀਤਾ ਹੈ, ਜਿਸ ’ਚ ਇਨ੍ਹਾਂ ਤਿੰਨਾਂ ਇਲਾਕਿਅਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਜਦੋਂ ਭਾਰਤ ਨੇ ਪਿਛਲੇ ਹਫਤੇ ਲਿਪੂਲੇਖ ’ਚ ਕੈਲਾਸ਼ ਮਾਨਸਰੋਵਰ ਰੋਡ ਲਿੰਕ ਦਾ ਉਦਘਾਟਨ ਕੀਤਾ ਤਾਂ ਇਸ ’ਤੇ ਸਖਤ ਇਤਰਾਜ਼ ਦਰਜ ਕਰਵਾਇਆ ਗਿਆ।

ਨੇਪਾਲ ਇਨ੍ਹਾਂ ਇਲਾਕਿਅਾਂ ’ਤੇ ਦਾਅਵੇ ਕਰਨ ਲਈ ਜੋ ਦਸਤਾਵੇਜ਼ ਬਣਾਉਂਦਾ ਹੈ, ਉਹ ਉਸ ’ਚੋਂ ਗਾਇਬ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਲਾਪਾਣੀ-ਲਿਪੂਲੇਖ ਅਤੇ ਲਿੰਪਿਆਧੁਰਾ ਨੇਪਾਲ ਦੇ ਹਨ। ਉਨ੍ਹਾਂ ਦੇ ਇਨ੍ਹਾਂ ਇਲਾਕਿਅਾਂ ਨੂੰ ਭਾਰਤ ਨਾਲ ਸਿਆਸੀ ਅਤੇ ਕੂਟਨੀਤਕ ਯਤਨਾਂ ਨੂੰ ‘ਵਾਪਸ ਲੈਣ’ ਦੀ ਪ੍ਰਤੀਬੱਧਤਾ ਪ੍ਰਗਟਾਈ ਸੀ। ਓਧਰ ਉਨ੍ਹਾਂ ਦੀ ਪ੍ਰਧਾਨਗੀ ’ਚ ਉਨ੍ਹਾਂ ਦੇ ਮੰਤਰੀ ਮੰਡਲ ਨੇ ਇਕ ਨਵੇਂ ਸਿਆਸੀ ਨਕਸ਼ੇ ਨੂੰ ਮਨਜ਼ੂਰ ਕੀਤਾ ਜਿਸ ’ਚ ਕਾਲਾਪਾਣੀ-ਲਿਪੂਲੇਖ ਅਤੇ ਲਿੰਪਿਆਧੁਰਾ ਨੂੰ ਨੇਪਾਲ ਦੇ ਇਲਾਕੇ ਦੇ ਰੂਪ ’ਚ ਦਰਸਾਇਆ ਗਿਆ। ਓਲੀ ਨੇ ਕਿਹਾ, ‘‘ਹੁਣ ਇਹ ਮੁੱਦਾ ਸ਼ਾਂਤ ਨਹੀਂ ਹੋਵੇਗਾ। ਜੇਕਰ ਕੋਈ ਇਸ ਨਾਲ ਨਾਰਾਜ਼ ਹੋਵੇਗਾ ਤਾਂ ਵੀ ਉਸ ਦੀ ਚਿੰਤਾ ਨਹੀਂ ਹੈ। ਅਸੀਂ ਕਿਸੇ ਵੀ ਕੀਮਤ ’ਤੇ ਇਸ ਜ਼ਮੀਨ ’ਤੇ ਆਪਣਾ ਦਾਅਵਾ ਪੇਸ਼ ਕਰਾਂਗੇ।’’

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਸੰਸਦ ’ਚ ਕਿਹਾ ਕਿ ਇਹ ਇਲਾਕੇ ਨੇਪਾਲ ਦੇ ਹਨ ‘ਪਰ ਭਾਰਤ ਨੇ ਉਥੇ ਆਪਣੀ ਫੌਜ ਰੱਖ ਕੇ ਉਨ੍ਹਾਂ ਨੂੰ ਇਕ ਵਿਵਾਦਿਤ ਇਲਾਕਾ ਬਣਾ ਦਿੱਤਾ ਹੈ।’ ਉਨ੍ਹਾਂ ਨੇ ਕਿਹਾ, ‘‘ਭਾਰਤ ਵਲੋਂ ਫੌਜ ਤਾਇਨਾਤ ਕਰਨ ਦੇ ਬਾਅਦ ਨੇਪਾਲੀਅਾਂ ਨੂੰ ਉਥੇ ਜਾਣ ਤੋਂ ਰੋਕ ਦਿੱਤਾ ਗਿਆ।’’ ਲਿਪੂਲੇਖ ਦੱਰਾ ਨੇਪਾਲ ਅਤੇ ਭਾਰਤ ਦੇ ਦਰਮਿਆਨ ਵਿਵਾਦਿਤ ਸਰਹੱਦ, ਕਾਲਾਪਾਣੀ ਦੇ ਨੇੜੇ ਇਕ ਦੁਰੇਡਾ ਪੱਛਮੀ ਸਥਾਨ ਹੈ। ਭਾਰਤ ਅਤੇ ਨੇਪਾਲ ਦੋਵੇਂ ਕਾਲਾਪਾਣੀ ਨੂੰ ਆਪਣੀ ਸਰਹੱਦ ਦਾ ਅਨਿੱਖੜਵਾਂ ਹਿੱਸਾ ਦੱਸਦੇ ਹਨ। ਭਾਰਤ ਉਸ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਦਾ ਹਿੱਸਾ ਦੱਸਦਾ ਹੈ ਅਤੇ ਨੇਪਾਲ ਇਸ ਨੂੰ ਧਾਰਚੁਲਾ ਜ਼ਿਲੇ ਦਾ ਹਿੱਸਾ ਦੱਸਦਾ ਹੈ। ਕੁਝ ਦਿਨ ਪਹਿਲਾਂ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਨਰਵਣੇ ਨੇ ਸੰਕੇਤ ਦਿੱਤਾ ਕਿ ਨੇਪਾਲ ਮਾਨਸਰੋਵਰ ਦੇ ਰਸਤੇ ’ਤੇ ਲਿਪੂਲੇਖ ਨੂੰ ਲੈ ਕੇ ਨੇਪਾਲ ਕਿਸੇ ਹੋਰ ਦੇ ਇਸ਼ਾਰੇ ’ਤੇ ਵਿਰੋਧ ਕਰ ਰਿਹਾ ਹੈ। ਓਲੀ ਨੇ ਭਾਰਤੀ ਫੌਜ ਦੇ ਮੁਖੀ ਮਨੋਜ ਨਰਵਣੇ ਦੇ ਬਿਆਨ ’ਤੇ ਵੀ ਪ੍ਰਤੀਕਿਰਿਆ ਦਿੱਤੀ। ਓਲੀ ਨੇ ਕਿਹਾ, ‘‘ਅਸੀਂ ਜੋ ਕੁਝ ਵੀ ਕਰਦੇ ਹਾਂ, ਆਪਣੇ ਮਨ ਤੋਂ ਕਰਦੇ ਹਾਂ।’’ ਓਲੀ ਨੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਨਿੱਘੇ ਸੰਬੰਧ ਚਾਹੁੰਦੇ ਹਨ ਪਰ ਇਹ ਪੁੱਛਣਾ ਚਾਹੁੰਦੇ ਹਨ ਕਿ ਉਹ ‘ਸੱਤਯਮੇਵ ਜਯਤੇ’ ਮੰਨਦੇ ਹਨ ਜਾਂ ‘ਸਿੰਹਮੇਵ ਜਯਤੇ’। ਓਲੀ ਦਾ ਇਹ ਵਿਅੰਗ ਭਾਰਤ ਦੀ ਫੌਜੀ ਤਾਕਤ ਨੂੰ ਲੈ ਕੇ ਸੀ।

ਨੇਪਾਲ ਦੇ ਪੀ.ਅੈੱਮ. ਕੇ. ਪੀ.ਸ਼ਰਮਾ ਓਲੀ ਨੇ ਸੰਸਦ ’ਚ ਇਹ ਵੀ ਵਰਣਨ ਕੀਤਾ ਕਿ ਲਿਪੂਲੇਖ ਮਾਰਗ ’ਤੇ ਸਰਹੱਦੀ ਝਗੜੇ ’ਤੇ ਚੀਨ ਦੇ ਨਾਲ ਗੱਲਬਾਤ ਚੱਲ ਰਹੀ ਹੈ। ਚੀਨ ਨਾਲ ਗੱਲਬਾਤ ਚੱਲ ਰਹੀ ਹੈ। ਓਲੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਪ੍ਰਤੀਨਿਧੀਅਾਂ ਨੇ ਚੀਨੀ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਅਤੇ ਚੀਨੀ ਅਧਿਕਾਰੀਅਾਂ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਸਮਝੌਤਾ ਤੀਰਥ ਯਾਤਰੀਅਾਂ ਲਈ ਇਕ ਪੁਰਾਣੇ ਵਪਾਰ ਮਾਰਗ ਦੇ ਵਿਸਤਾਰ ’ਤੇ ਸੀ ਅਤੇ ਇਹ ਦੇਸ਼ ਦੀਅਾਂ ਹੱਦਾਂ ਜਾਂ ਤਿੰਨ ਪੱਖਾਂ ਦੀ ਸਥਿਤੀ ਨੂੰ ਪ੍ਰਭਾਵਿਤ ਨਹੀਂ ਕਰੇਗਾ। ਨੇਪਾਲ ਸਰਕਾਰ ਦੇ ਨਾਲ ਸਰਹੱਦੀ ਝਗੜੇ ਨੂੰ ਲੈ ਕੇ ਚੀਨ ਨਾਲ ਗੱਲ ਕਰਨ ਲਈ ਵਾਰ-ਵਾਰ ਯਤਨ ਕਰਦਾ ਰਿਹਾ ਹੈ ਪਰ ਇਸ ਤੋਂ ਨਾਂਹ ਕਰ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਕਾਲਾਪਾਣੀ ਦਾ ਮੁੱਦਾ ਨੇਪਾਲ ਅਤੇ ਭਾਰਤ ਦੇ ਦਰਮਿਆਨ ਦਾ ਮਾਮਲਾ ਹੈ। ਸਾਨੂੰ ਆਸ ਹੈ ਕਿ ਦੋਵੇਂ ਦੇਸ਼ ਮਿੱਤਰਤਾਪੂਰਵਕ ਮਿਲ-ਬੈਠ ਕੇ ਆਪਣੇ ਮਤਭੇਦਾਂ ਨੂੰ ਹੱਲ ਕਰਨਗੇ ਅਤੇ ਕਿਸੇ ਵੀ ਇਕਪਾਸੜ ਕਾਰਵਾਈ ਨੂੰ ਕਰਨ ਤੋਂ ਬਚਣਗੇ ਜਿਸ ਨਾਲ ਸਥਿਤੀ ਵਿਗੜਦੀ ਹੈ। ਨੇਪਾਲ, ਭਾਰਤ ’ਤੇ ਦਬਾਅ ਬਣਾਉਣ ਲਈ ਚੀਨ ਦੇ ਨਾਲ ਗੱਲਬਾਤ ਦੇ ਬਾਰੇ ’ਚ ਗੱਲ ਕਰ ਰਿਹਾ ਹੈ ਪਰ ਇਸ ਕੋਸ਼ਿਸ਼ ’ਚ ਉਸ ਨੂੰ ਅਜੇ ਤਕ ਨਿਰਾਸ਼ਾ ਹੋਈ ਹੈ।

1816 ਦੀ ਸੁਗੌਲੀ ਸੰਧੀ

ਨੇਪਾਲ 1816 ਦੀ ਸੁਗੌਲੀ ਸੰਧੀ ਦੇ ਆਧਾਰ ’ਤੇ ਕਾਲਾਪਣੀ, ਲਿਪੂਲੇਖ ਵਰਗੇ ਇਲਾਕਿਅਾਂ ’ਤੇ ਆਪਣਾ ਦਾਅਵਾ ਕਰਦਾ ਹੈ। ਹਾਲਾਂਕਿ ਉਸ ਨੇ ਇਸ ਮਹੱਤਵਪੂਰਨ ਦਸਤਾਵੇਜ਼ ਦੀ ਮੂਲ ਕਾਪੀ ਗੁਆ ਦਿੱਤੀ ਹੈ। ਇਸ ਦੇ ਇਲਾਵਾ ਨੇਪਾਲ ਦੇ ਕੋਲ 1950 ਦੀ ਸ਼ਾਂਤੀ-ਮਿੱਤਰਤਾ ਸੰਧੀ ਦੀ ਮੂਲ ਕਾਪੀ ਨਹੀਂ ਹੈ। ਇਹ ਦੋਵੇਂ ਸੰਧੀਆਂ ਨੇਪਾਲ ਦੇ ਇਤਿਹਾਸ ਅਤੇ ਇਸ ਦੀ ਵਿਦੇਸ਼ ਨੀਤੀ ਦਾ ਇਕ ਮਹੱਤਵਪੂਰਨ ਹਿੱਸਾ ਹਨ। ਨੇਪਾਲ ਦੀ ਇਸ ਲਾਪਰਵਾਹੀ ਨਾਲ ਭਾਰਤ ਦਾ ਪੱਖ ਮਜ਼ਬੂਤ ਹੋਵੇਗਾ।

ਸਗੌਲੀ ਸੰਧੀ ’ਤੇ ਨੇਪਾਲ ਅਤੇ ਈਸਟ-ਇੰਡੀਆ ਕੰਪਨੀ ਦੇ ਦਰਮਿਆਨ ਸੰਨ 1816 ’ਚ ਦਸਤਖਤ ਕੀਤੇ ਗਏ ਹਨ। ਈਸਟ ਇੰਡੀਆ ਕੰਪਨੀ ਦੇ ਨਾਲ ਜੰਗ ਹਾਰਣ ਦੇ ਬਾਅਦ ਨੇਪਾਲ ਨੇ ਆਪਣਾ ਕਾਫੀ ਹਿੱਸਾ ਗੁਆ ਲਿਆ ਸੀ। ਜੰਗ ਦੀ ਸਮਾਪਤੀ ਤੋਂ ਬਾਅਦ ਸੁਗੌਲੀ ਸੰਧੀ ’ਤੇ ਕੰਪਨੀ ਵਲੋਂ ਪਾਰਿਸ਼ ਬ੍ਰੇਡਸ਼ਾ ਅਤੇ ਨੇਪਾਲ ਵਲੋਂ ਰਾਜ ਗੁਰੂ ਗਜਰਾਜ ਵਲੋਂ ਦਸਤਖਤ ਕੀਤੇ ਗਏ ਹਨ ਅਤੇ ਇਸ ਦੇ ਆਧਾਰ ’ਤੇ ਬ੍ਰਿਟਿਸ਼ ਭਾਰਤ ਅਤੇ ਨੇਪਾਲ ਦੀ ਸਰਹੱਦ ਤੈਅ ਕੀਤੀ ਗਈ ਸੀ।

ਇਸ ਸੰਧੀ ’ਚ ਨੇਪਾਲ ਦੀ ਮਹਾਕਾਲੀ ਨਦੀ ਨੂੰ ਦੋਵਾਂ ਦੇਸ਼ਾਂ ਦੀ ਸਰਹੱਦ ਦਾ ਆਧਾਰ ਬਣਾਇਆ ਗਿਆ ਸੀ। ਹਾਲਾਂਕਿ ਪਿਛਲੇ 200 ਸਾਲਾਂ ’ਚ ਨਦੀ ਨੇ ਕਈ ਵਾਰ ਆਪਣਾ ਮਾਰਗ ਬਦਲ ਲਿਆ ਜਿਸ ਦੇ ਕਾਰਨ ਪੁਰਾਣੇ ਨਕਸ਼ਿਅਾਂ ਅਤੇ ਦਸਤਾਵੇਜ਼ਾਂ ਦੀਅਾਂ ਮੂਲ ਕਾਪੀਅਾਂ ਦੀ ਕਮੀ ਦੇ ਕਾਰਨ ਇਸ ਸਰਹੱਦੀ ਝਗੜੇ ਨੂੰ ਹੱਲ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ।

ਓਧਰ, ਨੇਪਾਲ ਅਤੇ ਭਾਰਤ ਦੇ ਸੰਬੰਧਾਂ ਲਈ 1950 ਦੀ ਸ਼ਾਂਤੀ ਅਤੇ ਮਿੱਤਰਤਾ ਦੀ ਸੰਧੀ ਬਹੁਤ ਮਹੱਤਵਪੂਰਨ ਹੈ। ਨੇਪਾਲ ਅਤੇ ਭਾਰਤ ਸਰਕਾਰ ਦੇ ਤਤਕਾਲੀਨ ਰਾਣਾ ਸ਼ਾਸਨ ਦੇ ਦਰਮਿਆਨ ਸੰਧੀ ਅਤੇ ਦਸਤਖਤ ਕੀਤੇ ਗਏ ਸਨ। ਇਸ ਦੇ ਤਹਿਤ ਦੋਵਾਂ ਦੇਸ਼ਾਂ ਨੂੰ ਵਧੇਰੇ ਮਾਮਲਿਅਾਂ ’ਚ ਨੇਪਾਲੀ ਅਤੇ ਭਾਰਤੀਅਾਂ ਨੂੰ ਬਰਾਬਰ ਦਰਜਾ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਨੇਪਾਲ ਦੇ ਕੁਝ ਲੋਕ ਇਸ ਸੰਧੀ ਦੀਅਾਂ ਕੁਝ ਸ਼ਰਤਾਂ ਨੂੰ ਇਕਪਾਸੜ ਦੱਸਦੇ ਹਨ।

2016 ’ਚ ਜਦੋਂ ਨੇਪਾਲ ਅਤੇ ਭਾਰਤ ਦੇ ਸੰਬੰਧਾਂ ਨੂੰ ਨਵਿਆਉਣ ਅਤੇ 1950 ਦੀ ਮਿੱਤਰਤਾ ਸੰਧੀ ਨੂੰ ਬਦਲਣ ਲਈ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧੀਅਾਂ (ਏਮਿਨੇਂਟ ਪਰਸਨਸ ਗਰੁੱਪ) ਦੇ ਦਰਮਿਆਨ ਗੱਲਬਾਤ ਹੋਈ ਤਾਂ ਮੂਲ ਦਸਤਾਵੇਜ਼ ਨੇਪਾਲ ਵਲੋਂ ਪੇਸ਼ ਨਹੀਂ ਕੀਤੇ ਗਏ। 22 ਜੁਲਾਈ 2016 ਨੂੰ, ਜਾਂਚ ਟੀਮ ਨੇ ਨੇਪਾਲ ਦੀ ਸੰਸਦ ਨੇ ਦੱਸਿਆ ਕਿ ਸੁਗੌਲੀ ਸੰਧੀ ਅਤੇ ਨੇਪਾਲ-ਮੈਤਰੀ ਸੰਧੀ ਦੀਅਾਂ ਮੂਲ ਕਾਪੀਅਾਂ ਦੇਸ਼ ’ਚ ਮੌਜੂਦ ਨਹੀਂ ਹਨ। ਮੈਤਰੀ ਸੰਧੀ ’ਤੇ ਨੇਪਾਲ ਦੇ ਤਤਕਾਲੀਨ ਪ੍ਰਧਾਨ ਮੰਤਰੀ ਮੋਹਨ ਸਮਸ਼ੇਰ ਅਤੇ ਨੇਪਾਲ ਦੇ ਭਾਰਤੀ ਰਾਜਦੂਤ ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ ਨੇ ਦਸਤਖਤ ਕੀਤੇ ਸਨ।

ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਕੋਲ ਦੋਹਾਂ ਸੰਧੀਅਾਂ ਦੀਅਾਂ ਕਾਪੀਅਾਂ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਉਹ ਮੂਲ ਕਾਪੀਅਾਂ ਹਨ ਜਾਂ ਨਹੀਂ। ਗਯਾਵਲੀ ਨੇ ਕਿਹਾ ਕਿ ਉਹ ਇਤਿਹਾਸਕ ਦਸਤਾਵੇਜ਼ ਅਤੇ ਨਕਸ਼ਿਅਾਂ ਨੂੰ ਭਾਰਤ ਅਤੇ ਯੂ. ਕੇ. ’ਚ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਇਤਿਹਾਸਕਾਰਾਂ ਅਤੇ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਨੇਪਾਲ ਦੇ ਮਹੱਤਵਪੂਰਨ ਦਸਤਾਵੇਜ਼ਾਂ ਦੀਅਾਂ ਮੂਲ ਕਾਪੀਅਾਂ ਹੋਰਨਾਂ ਦੇਸ਼ਾਂ ’ਚ ਹਨ। ਕੌਮਾਂਤਰੀ ਸੰਬੰਧ ਮਾਮਲਿਅਾਂ ਅਤੇ ਨੇਪਾਲ ਦੀ ਸੰਸਦੀ ਕਮੇਟੀ ਦੇ ਪ੍ਰਧਾਨ ਪਵਿੱਤਰ ਨਿਰੌਲਾ ਨੇ ਕਿਹਾ ਕਿ ਮੈਤਰੀ ਸੰਧੀ ਦੀ ਮੂਲ ਕਾਪੀ ਭਾਰਤ ਦੇਕੋਲ ਹੈ ਜਦਕਿ ਸੁਗੌਲੀ ਸੰਧੀ ਦੀ ਮੂਲ ਕਾਪੀ ਲੰਦਨ ’ਚ ਹੈ।

ਭਾਰਤੀ ਵਿਦੇਸ਼ ਮੰਤਰਾਲਾ ਨੂੰ ਕਿਹਾ ਕਿ ਨੇਪਾਲ ਸਰਕਾਰ ਨੇ ਅੱਜ ਨੇਪਾਲ ਦਾ ਇਕ ਸੋਧਿਆ ਅਧਿਕਾਰਤ ਨਕਸ਼ਾ ਜਾਰੀ ਕੀਤਾ ਹੈ ਜਿਸ ’ਚ ਭਾਰਤੀ ਇਲਾਕੇ ਦੇ ਕੁਝ ਹਿੱਸੇ ਸ਼ਾਮਲ ਹਨ। ਇਹ ਇਕਪਾਸੜ, ਕਾਨੂੰਨ, ਇਤਿਹਾਸਕ ਤੱਥਾਂ ਅਤੇ ਸਬੂਤਾਂ ’ਤੇ ਅਧਾਰਿਤ ਨਹੀਂ।

ਨੇਪਾਲ’ਚ ਚੀਨ ਦਾ ਪ੍ਰਭਾਵ ਪਿਛਲੇ ਕੁਝ ਸਾਲਾਂ ’ਚ ਵਧਿਆ ਹੈ। ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਨੇ ਪਿਛਲੇ ਸਾਲ ਨੇਪਾਲ ਦਾ ਦੌਰਾ ਕੀਤਾ ਸੀ। ਜਦੋਂ ਉਹ ਭਾਰਤ ਆਏ ਸਨ। ਪਿਛਲੇ 23 ਸਾਲਾਂ ’ਚ ਨੇਪਾਲ ’ਚ ਕਿਸੇ ਚੀਨੀ ਰਾਸ਼ਟਰਪਤੀ ਦੀ ਇਹ ਪਹਿਲੀ ਯਾਤਰਾ ਸੀ। ਆਪਣੀ ਨੇਪਾਲ ਯਾਤਰਾ ਦੌਰਾਨ ਜਿਨਪਿੰਗ ਨੇ 20 ਸਮਝੌਤਿਅਾਂ ਅਤੇ 500 ਮਿਲੀਅਨ ਦੀ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ।

ਓਲੀ ਭੁੱਲ ਰਹੇ ਹਨ ਕਿ ਉਹ ਚੀਨ ਦੇ ਨਹੀਂ ਸਗੋਂ ਨੇਪਾਲ ਦੇ ਪ੍ਰਧਾਨ ਮੰਤਰੀ ਹਨ। ਨੇਪਾਲ ਦੀ ਜਨਤਾ ਦੀ ਚਿੰਤਾ ਕਰਨ ਦੀ ਬਜਾਏ ਓਲੀ ਦਾ ਧਿਆਨ ਸ਼ੀ-ਜਿਨਪਿੰਗ ਦੀ ਖੱਬੇਪੱਖੀ ਸੋਚ, ਤਾਕਤ ਦੀ ਭੁੱਖ ਅਤੇ ਤੌਰ-ਤਰੀਕਿਅਾਂ ਦੇ ਕਾਰਨ ਚੀਨ ਅੱਜ ਵਿਸ਼ਵ ਭਾਈਚਾਰੇ ਲਈ ਖਤਰਾ ਬਣਿਆ ਹੋਇਆ ਹੈ। ਅਜਿਹੇ ’ਚ ਓਲੀ ਦਾ ਸ਼ੀ-ਜਿਨਪਿੰਗ ਦੀ ਗੋਦੀ ’ਚ ਬੈਠ ਜਾਣਾ ਭਾਰਤ-ਨੇਪਾਲ ਸੰਬੰਧਾਂ ’ਚ ਪਾੜਾ ਪੈਦਾ ਹੀ ਨਹੀਂ ਕਰੇਗਾ ਸਗੋਂ ਆਪਣੀ ਨੇਪਾਲੀ ਜਨਤਾ ਨਾਲ ਵੀ ਧੋਖਾ ਕਰੇਗਾ।


Bharat Thapa

Content Editor

Related News