ਬਾਹਰੀ ਪੁਲਾੜ ਗੱਠਜੋੜ ’ਤੇ ਭਾਰਤ-ਅਮਰੀਕਾ ਭਾਈਵਾਲੀ ਦੀ ਉੱਚੀ ਉਡਾਣ

06/28/2023 11:31:09 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ’ਚ ਖਤਮ ਹੋਈ ਅਮਰੀਕਾ ਯਾਤਰਾ ਇਤਿਹਾਸ ’ਚ ਤੁਰੰਤ ਦਰਜ ਹੋ ਗਈ ਹੈ ਕਿਉਂਕਿ ਇਹ ਆਉਣ ਵਾਲੇ ਸਾਲਾਂ ’ਚ ਭਾਰਤ ਨੂੰ ਇਕ ਪ੍ਰਮੁੱਖ ਵਿਸ਼ਵ ਪੱਧਰੀ ਖਿਡਾਰੀ ਵਜੋਂ ਸਥਾਪਿਤ ਕਰੇਗੀ। ਜਦ ਭਾਰਤ ਅਤੇ ਅਮਰੀਕਾ ਤਕਨਾਲੋਜੀ ਸੰਚਾਲਿਤ ਸਮਾਨ ਸਹਿਯੋਗ ਦੇ ਯੁੱਗ ’ਚ ਦਾਖਲ ਹੋ ਰਹੇ ਹਨ, ਇਹ ਇਕ ਅਜਿਹੀ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਜਿਸ ਬਾਰੇ ਪ੍ਰਧਾਨ ਮੰਤਰੀ ਨੇ ਠੀਕ ਹੀ ਕਿਹਾ ਹੈ-‘ਆਸਮਾਨ ਕੋਈ ਸੀਮਾ ਨਹੀਂ ਹੈ।’

ਅਸਲ ’ਚ, ਇਸ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਿਛਲੇ 9 ਸਾਲਾਂ ਦੌਰਾਨ ਕਈ ਗੈਰ-ਰਵਾਇਤੀ ਅਤੇ ਰਾਹ-ਦਸੇਰੇ ਫੈਸਲੇ ਲਏ, ਜਿਨ੍ਹਾਂ ਨਾਲ ਭਾਰਤ ਪ੍ਰਮੁੱਖ ਖੇਤਰਾਂ ’ਚ ਲੰਬੀ ਛਾਲ ਲਾਉਣ ’ਚ ਸਮਰੱਥ ਹੋਇਆ, ਜਿਸ ਦੇ ਨਤੀਜੇ ਵਜੋਂ, ਉਦਾਹਰਣ ਲਈ, ਯੂ. ਐੱਸ. ਜਿਸ ਨੇ ਭਾਰਤ ਤੋਂ ਕਈ ਸਾਲ ਪਹਿਲਾਂ ਆਪਣੀ ਪੁਲਾੜ ਯਾਤਰਾ ਸ਼ੁਰੂ ਕੀਤੀ ਸੀ, ਅੱਜ ਭਾਰਤ ਨੂੰ ਆਪਣੇ ਭਵਿੱਖ ਦੇ ਯਤਨਾਂ ’ਚ ਇਕ ਆਮ ਭਾਈਵਾਲ ਵਜੋਂ ਸੱਦਿਆ ਹੈ।

21 ਜੂਨ ਨੂੰ ਵਾਸ਼ਿੰਗਟਨ ਦੇ ਵਿਲਾਰਡ ਇੰਟਰ-ਕਾਂਟੀਨੈਂਟਲ ਹੋਟਲ ’ਚ ਇਕ ਸਮਾਗਮ ਦੌਰਾਨ, ਭਾਰਤ ਆਰਟੇਮਿਸ ਸਮਝੌਤੇ ’ਤੇ ਦਸਤਖਤ ਕਰਨ ਵਾਲਾ 27ਵਾਂ ਦੇਸ਼ ਬਣ ਗਿਆ। ਇਹ ਸਮਝੌਤਾ ਸ਼ਾਂਤੀਪੂਰਨ ਮਕਸਦਾਂ ਲਈ ਰਾਸ਼ਟਰਾਂ ਵਿਚਾਲੇ ਨਾਗਰਿਕ ਪੁਲਾੜ ਖੋਜ ਸਹਿਯੋਗ ਦਾ ਮਾਰਗਦਰਸ਼ਨ ਕਰਨ ਲਈ ਸਿਧਾਂਤਾਂ ਦਾ ਇਕ ਵਿਵਹਾਰਕ ਸੈੱਟ ਸਥਾਪਿਤ ਕਰਦਾ ਹੈ। ਇਹ ਭਾਰਤ ਨੂੰ ਚੰਦਰਮਾ ਅਤੇ ਹੋਰ ਪੁਲਾੜੀ ਪਿੰਡਾਂ ਦੀ ਖੋਜ ਲਈ ਅਮਰੀਕਾ ਦੀ ਅਗਵਾਈ ਵਾਲੇ ਆਰਟੇਮਿਸ ਪ੍ਰੋਗਰਾਮ ’ਚ ਹਿੱਸਾ ਲੈਣ ਦੇ ਸਮਰੱਥ ਬਣਾਉਂਦਾ ਹੈ। ਦੱਸਣਯੋਗ ਹੈ ਕਿ ਇਹ ਸਮਝੌਤਾ ਪੁਲਾੜ ਖੇਤਰ ’ਚ ਮਹੱਤਵਪੂਰਨ ਤਕਨਾਲੋਜੀਆਂ, ਵਿਸ਼ੇਸ਼ ਤੌਰ ’ਤੇ ਇਲੈਕਟ੍ਰਾਨਿਕਸ ਦੀ ਬਰਾਮਦ ’ਤੇ ਪਾਬੰਦੀਆਂ ਨੂੰ ਸੌਖਾ ਬਣਾਉਣ ਦਾ ਮਾਰਗ ਮਜ਼ਬੂਤ ਕਰੇਗਾ, ਜਿਸ ਨਾਲ ਭਾਰਤੀ ਕੰਪਨੀਆਂ ਨੂੰ ਅਮਰੀਕੀ ਬਾਜ਼ਾਰਾਂ ਲਈ ਸਿਸਟਮ ਵਿਕਸਿਤ ਕਰਨ ਅਤੇ ਨਵੀਨਤਾ ਕਰਨ ’ਚ ਲਾਭ ਹੋਵੇਗਾ। ਇਹ ਸਾਂਝੇ ਤੌਰ ’ਤੇ ਜ਼ਿਆਦਾ ਵਿਗਿਆਨਕ ਪ੍ਰੋਗਰਾਮਾਂ ’ਚ ਭਾਰਤ ਦੀ ਹਿੱਸੇਦਾਰੀ ਦੀ ਸਹੂਲਤ ਪ੍ਰਦਾਨ ਕਰੇਗਾ, ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮਾਂ ਸਮੇਤ ਸਰਗਰਮੀਆਂ ’ਚ ਲੰਬੇ ਸਮੇਂ ਦੀਆਂ ਪ੍ਰਤੀਬੱਧਤਾਵਾਂ ਲਈ ਸਮਾਨ ਮਾਪਦੰਡਾਂ ਤਕ ਪਹੁੰਚ ਦੀ ਇਜਾਜ਼ਤ ਦੇਵੇਗਾ ਅਤੇ ਮਾਈਕ੍ਰੋ-ਇਲੈਕਟ੍ਰਾਨਿਕਸ, ਕੁਆਂਟਮ ਅਤੇ ਪੁਲਾੜ ਸੁਰੱਖਿਆ ਸਮੇਤ ਵੱਧ ਰਣਨੀਤਕ ਖੇਤਰਾਂ ’ਚ ਅਮਰੀਕਾ ਨਾਲ ਮਜ਼ਬੂਤ ਭਾਈਵਾਲੀ ਦੀ ਇਜਾਜ਼ਤ ਦੇਵੇਗਾ।

ਇਕ ਅੰਦਾਜ਼ੇ ਮੁਤਾਬਕ, ਪੁਲਾੜ ਪ੍ਰੋਗਰਾਮਾਂ ਲਈ ਵਿਸ਼ਵ ਪੱਧਰੀ ਸਰਕਾਰੀ ਖਰਚ ਪਿਛਲੇ ਸਾਲ ਲਗਭਗ 103 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਲਗਭਗ 62 ਬਿਲੀਅਨ ਨਾਲ ਅਮਰੀਕੀ ਸਰਕਾਰ ਨੇ ਕੁੱਲ ਦਾ ਅੱਧੇ ਤੋਂ ਵੱਧ ਖਰਚ ਕੀਤਾ। ਅਮਰੀਕਾ ਤੋਂ ਬਾਅਦ ਲਗਭਗ 12 ਬਿਲੀਅਨ ਡਾਲਰ ਨਾਲ ਚੀਨ ਹੈ ਜੋ ਕੰਸੋਰਟੀਅਮ ਦਾ ਹਿੱਸਾ ਨਹੀਂ ਹੈ, ਨਾਲ ਹੀ ਰੂਸ ਵੀ ਹੈ, ਜੋ 3.4 ਬਿਲੀਅਨ ਡਾਲਰ ਦੇ ਸਾਲਾਨਾ ਖਰਚ ਨਾਲ 5ਵੇਂ ਸਥਾਨ ’ਤੇ ਹੈ। 1.93 ਬਿਲੀਅਨ ਡਾਲਰ ਦੇ ਸਾਲਾਨਾ ਬਜਟ ਨਾਲ ਭਾਰਤ 7ਵੇਂ ਸਥਾਨ ’ਤੇ ਹੈ।

ਅਮਰੀਕਾ ਕੋਲ ਸਭ ਤੋਂ ਵੱਧ 2,926 ਸਰਗਰਮ ਉਪਗ੍ਰਹਿ ਹਨ, ਉਸ ਦੇ ਬਾਅਦ ਚੀਨ (493), ਬ੍ਰਿਟੇਨ (450) ਅਤੇ ਰੂਸ (167) ਹਨ, ਜਦਕਿ ਭਾਰਤ 58 ਉਪਗ੍ਰਹਿਆਂ ਨਾਲ 8ਵੇਂ ਸਥਾਨ ’ਤੇ ਹੈ।

ਭਾਰਤ ਦਾ ਪੁਲਾੜ ਪ੍ਰੋਗਰਾਮ 6 ਦਹਾਕੇ ਪੁਰਾਣਾ ਹੈ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 7 ਸਾਲ ਬਾਅਦ 1969 ’ਚ ਹੋਂਦ ’ਚ ਆਈ। ਕੌਮਾਂਤਰੀ ਸਹਿਯੋਗ ਇਸ ਦੀ ਪਛਾਣ ਰਹੀ ਹੈ। ਇਸਰੋ ਰੂਸ ਦੀ ਰੁਸਕੋਸਮੋਸ ਅਤੇ ਯੂਰਪ ਦੀ ਈ. ਐੱਸ. ਏ. ਵਰਗੀਆਂ ਵੱਖ-ਵੱਖ ਲਾਂਚ ਏਜੰਸੀਆਂ ਨਾਲ ਸਹਿਯੋਗ ਕਰਦਾ ਹੈ ਜਦਕਿ ਇਸਰੋ ਨੇ 34 ਤੋਂ ਵੱਧ ਦੇਸ਼ਾਂ ਨਾਲ 385 ਤੋਂ ਵੱਧ ਵਿਦੇਸ਼ੀ ਉਪਗ੍ਰਹਿ ਲਾਂਚ ਕੀਤੇ ਹਨ।

2014 ਤੋਂ ਪਹਿਲਾਂ ਇਸਰੋ ਕਦੀ-ਕਦੀ ਲਾਂਚ ਕਰਦਾ ਸੀ ਪਰ ਨਰਿੰਦਰ ਮੋਦੀ ਵੱਲੋਂ ਨਿੱਜੀ ਖੇਤਰ ਦੀ ਭਾਈਵਾਲੀ ਲਈ ਪੁਲਾੜ ਖੇਤਰ ਦੇ ਦਰਵਾਜ਼ੇ ਖੋਲ੍ਹਣ ਪਿੱਛੋਂ, ਅੱਜ ਇਸਰੋ ਲਗਭਗ 150 ਨਿੱਜੀ ਸਟਾਰਟਅੱਪਸ ਨਾਲ ਕੰਮ ਕਰ ਰਿਹਾ ਹੈ। ਡੂੰਘੇ ਪੁਲਾੜ ਮਿਸ਼ਨਾਂ ਲਈ ਅਰਬਾਂ ਡਾਲਰ ਦੀ ਲੋੜ ਹੁੰਦੀ ਹੈ ਅਤੇ ਇਸ ਨਾਲ ਵੱਡੇ ਪੱਧਰ ’ਤੇ ਮਨੁੱਖਤਾ ਨੂੰ ਲਾਭ ਹੁੰਦਾ ਹੈ। ਇਹ ਬੇਹੱਦ ਜ਼ਰੂਰੀ ਹੈ ਕਿ ਰਾਸ਼ਟਰ ਮਨੁੱਖੀ ਜਾਤੀ ਦੇ ਲਾਭ ਲਈ ਆਪਣੇ ਸਰੋਤਾਂ ਦੀ ਵਰਤੋਂ ਕਰੇ।

ਪੁਲਾੜ ਖੇਤਰ ’ਚ ਭਾਰਤ-ਅਮਰੀਕਾ ਵਿਚਾਲੇ ਨਵੀਂ ਦੋਸਤੀ ਦਾ ਪਹਿਲਾ ਵੱਡਾ ਸਪੱਸ਼ਟ ਲਾਭ ਦੇਖਣ ਲਈ ਸਾਨੂੰ ਸ਼ਾਇਦ ਲੰਬੇ ਸਮੇਂ ਤੱਕ ਉਡੀਕ ਨਹੀਂ ਕਰਨੀ ਪਵੇਗੀ। ਅਗਲੇ ਸਾਲ ਇਕ ਭਾਰਤੀ ਪੁਲਾੜ ਯਾਤਰੀ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਭੇਜਿਆ ਜਾ ਸਕਦਾ ਹੈ। 22 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ਪਿੱਛੋਂ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਵ੍ਹਾਈਟ ਹਾਊਸ ’ਚ ਇਸ ਦੀ ਪੁਸ਼ਟੀ ਕੀਤੀ।

ਮੋਦੀ ਦੀ ਯਾਤਰਾ ਦੌਰਾਨ ਭਾਰਤ ਅਤੇ ਅਮਰੀਕਾ ਦੇ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਆਪਣੇ ਇਕ ਅਦਾਰੇ ’ਚ ਭਾਰਤੀ ਪੁਲਾੜ ਯਾਤਰੀਆਂ ਨੂੰ ‘ਉੱਨਤ ਟ੍ਰੇਨਿੰਗ’ ਪ੍ਰਦਾਨ ਕਰੇਗਾ।

ਹੋਰ ਖੇਤਰਾਂ ’ਚ ਵੀ ਆਪਸੀ ਲਾਭ ’ਚ ਉਛਾਲ ਦੇਖਣ ਨੂੰ ਮਿਲੇਗਾ। ਅਮਰੀਕੀ ਮੈਮੋਰੀ ਚਿੱਪ ਫਰਮ ਮਾਈਕ੍ਰੋਨ ਤਕਨਾਲੋਜੀ, ਇੰਕ ਨੇ ਕਿਹਾ ਕਿ ਉਹ ਗੁਜਰਾਤ ’ਚ ਇਕ ਨਵੀਂ ਚਿੱਪ ਅਸੈਂਬਲੀ ਅਤੇ ਪ੍ਰੀਖਣ ਸਹੂਲਤ ’ਚ 825 ਮਿਲੀਅਨ ਡਾਲਰ ਤਕ ਦਾ ਨਿਵੇਸ਼ ਕਰੇਗੀ ਜੋ ਭਾਰਤ ’ਚ ਇਸ ਦੀ ਪਹਿਲੀ ਫੈਕਟਰੀ ਹੈ। ਕੇਂਦਰ ਸਰਕਾਰ ਅਤੇ ਗੁਜਰਾਤ ਸਰਕਾਰ ਦੇ ਸਹਿਯੋਗ ਨਾਲ ਇਸ ਸਹੂਲਤ ’ਚ ਕੁਲ ਨਿਵੇਸ਼ 2.75 ਅਰਬ ਡਾਲਰ ਹੋਵੇਗਾ।

ਰਾਸ਼ਟਰਪਤੀ ਬਾਈਡੇਨ ਨੇ ਐੱਚ. ਪੀ. ਸੀ. ਤਕਨਾਲੋਜੀ ਅਤੇ ਸਰੋਤ ਕੋਡ ਦੇ ਭਾਰਤ ਨੂੰ ਅਮਰੀਕੀ ਬਰਾਮਦ ’ਚ ਰੁਕਾਵਟਾਂ ਨੂੰ ਘੱਟ ਕਰਨ ਲਈ ਅਮਰੀਕੀ ਕਾਂਗਰਸ ਨਾਲ ਕੰਮ ਕਰਨ ਦੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਵੀ ਦੋਹਰਾਈ। ਅਮਰੀਕੀ ਪੱਖ ਨੇ ਭਾਰਤ ਦੇ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ. ਡੈੱਕ) ਦੇ ਯੂ. ਐੱਸ ਐਕਸੈਲੇਰੇਟਿਡ ਡਾਟਾ ਐਨਾਲਿਟਿਕਸ ਐਂਡ ਕੰਪਿਊਟਿੰਗ (ਏ. ਡੀ. ਏ. ਸੀ.) ਸੰਸਥਾਨ ’ਚ ਸ਼ਾਮਲ ਹੋਣ ਦੀ ਹਮਾਇਤ ’ਚ ਆਪਣਾ ਸਰਵਉੱਚ ਯਤਨ ਕਰਨ ਦਾ ਵਾਅਦਾ ਕੀਤਾ।

ਰਾਸ਼ਟਰਪਤੀ ਬਾਈਡੇਨ ਨੇ ਏ. ਆਈ. ’ਤੇ ਵਿਸ਼ਵ ਪੱਧਰੀ ਸਾਂਝੇਦਾਰੀ ਦੇ ਪ੍ਰਧਾਨ ਦੇ ਰੂਪ ’ਚ ਭਾਰਤ ਦੀ ਅਗਵਾਈ ਲਈ ਅਮਰੀਕੀ ਸਮਰਥਨ ਦਾ ਭਰੋਸਾ ਦਿੱਤਾ। ਦੋਵਾਂ ਨੇਤਾਵਾਂ ਨੇ ਸ਼ੁਰੂਆਤੀ ਪੜਾਅ ਦੇ ਭਾਰਤੀ ਸਟਾਰਟਅੱਪਸ ਸਮੇਤ ਆਪਣੇ 10 ਬਿਲੀਅਨ ਡਾਲਰ ਦੇ ਭਾਰਤ ਡਿਜੀਟਲੀਕਰਨ ਫੰਡ ਰਾਹੀਂ ਨਿਵੇਸ਼ ਜਾਰੀ ਰੱਖਣ ’ਚ ਗੂਗਲ ਦੇ ਇਰਾਦੇ ਦੀ ਸ਼ਲਾਘਾ ਕੀਤੀ।

ਭਾਰਤ ਦਾ ਪ੍ਰਮਾਣੂ ਊਰਜਾ ਵਿਭਾਗ ਅਮਰੀਕਾ ਦੀ ਊਰਜਾ ਵਿਭਾਗ ਦੀ ਫਰਮ ਨੈਸ਼ਨਲ ਲੈਬੋਰੇਟਰੀ ਨੂੰ ਲਾਂਗ ਬੇਸਲਾਈਨ ਨਿਊਟ੍ਰੀਨੋ ਸਹੂਲਤ ਲਈ ਪ੍ਰੋਟਾਨ ਇੰਪਰੂਵਮੈਂਟ ਪਲਾਨ-II ਐਕਸੇਲੇਰੇਟਰ ਦੇ ਸਹਿਯੋਗਾਤਮਕ ਵਿਕਾਸ ਲਈ 140 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ। ਇਹ ਅਮਰੀਕਾ ’ਚ ਪਹਿਲੀ ਅਤੇ ਸਭ ਤੋਂ ਵੱਡੀ ਅੰਤਰਰਾਸ਼ਟਰੀ ਖੋਜ ਸਹੂਲਤ ਹੈ।

ਭਾਰਤ ਦੇ ਨਾਗਰਿਕ ਹਵਾਬਾਜ਼ੀ ਖੇਤਰ ਨੂੰ ਖੰਭ ਦਿੰਦੇ ਹੋਏ ਏਅਰ ਇੰਡੀਆ 34 ਅਰਬ ਡਾਲਰ ’ਚ 220 ਬੋਇੰਗ ਜਹਾਜ਼ ਖਰੀਦੇਗੀ। ਭਾਰਤ-ਅਮਰੀਕਾ ਸਬੰਧਾਂ ਦੇ ਸਰਵਉੱਚ ਹੋਣ ਦਾ ਸਭ ਤੋਂ ਸਪੱਸ਼ਟ ਸੰਕੇਤ ਇਹ ਹੈ ਕਿ ਜਿਵੇਂ ਕਿ ਪੀ. ਐੱਮ. ਮੋਦੀ ਨੇ ਅਮਰੀਕੀ ਕਾਂਗਰਸ ਨੂੰ ਆਪਣੇ ਸੰਬੋਧਨ ’ਚ ਵਰਨਣ ਕੀਤਾ ਸੀ, ਅਮਰੀਕਾ ਅੱਜ ਨਾ ਸਿਰਫ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਸਗੋਂ ਰੱਖਿਆ ਖੇਤਰ ’ਚ ਸਹਿਯੋਗ ਭਰੋਸੇਮੰਦ ਰਿਸ਼ਤੇ ਨੂੰ ਦਰਸਾਉਂਦਾ ਹੈ।

ਮੋਦੀ ਦੀ ਅਮਰੀਕੀ ਯਾਤਰਾ ਦੇ ਅਖੀਰ ’ਚ ਜਾਰੀ ਸਾਂਝੇ ਬਿਆਨ ਦੇ ਆਖਰੀ ਵਾਕ ਨਾਲ ਸਿੱਟਾ ਕੱਢਦੇ ਹੋਏ ਕਿਹਾ ਗਿਆ ਹੈ- ‘ਸਾਡੀਆਂ (ਭਾਰਤ ਅਤੇ ਅਮਰੀਕਾ ਦੀਆਂ) ਖਾਹਿਸ਼ਾਂ ਹੋਰ ਵੱਧ ਉਚਾਈਆਂ ਤੱਕ ਪਹੁੰਚਣ ਦੀਆਂ ਹਨ...।’

-ਜਿਤੇਂਦਰ ਸਿੰਘ

(ਲੇਖਕ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਆਜ਼ਾਦ ਚਾਰਜ) ਹਨ)


Mukesh

Content Editor

Related News