ਗੱਠਜੋੜ ਦੀ ਸਿਆਸਤ ਦੀ ਬੇਯਕੀਨੀ ’ਚ ਫਿਰ ਤੋਂ ਦਾਖਲ ਹੋ ਰਿਹਾ ਭਾਰਤ

06/09/2024 6:44:02 PM

ਮੈਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਵਿਚਾਰ ਕਰਨ ’ਚ ਕੁਝ ਸਮਾਂ ਲੱਗਾ। ਇਕ ਅਜਿਹੇ ਵਿਅਕਤੀ ਦੇ ਰੂਪ ’ਚ ਜਿਸ ਨੇ ਪਿਛਲੇ ਦਹਾਕੇ ’ਚ ਕੇਂਦਰ ਅਤੇ ਕਈ ਸੂਬਿਆਂ ’ਚ ਘੱਟੋ-ਘੱਟ ਇਕ ਦਰਜਨ ਚੋਣਾਂ ਦੀ ਦੇਖ-ਰੇਖ ਕੀਤੀ ਹੈ। ਮੈਂ ਵੀ ਕਈ ਹੋਰਨਾਂ ਲੋਕਾਂ ਵਾਂਗ ਨਤੀਜਿਆਂ ਤੋਂ ਹੈਰਾਨ ਸੀ ਪਰ ਜਿਉਂ-ਜਿਉਂ ਪ੍ਰਚਾਰ ਅਤੇ ਰੌਲਾ-ਰੱਪਾ ਸ਼ਾਂਤ ਹੁੰਦਾ ਜਾ ਰਿਹਾ ਸੀ, ਲੋਕ ਫਤਵੇ ਦੇ ਵੱਖ-ਵੱਖ ਪਹਿਲੂ ਸਪੱਸ਼ਟ ਤੌਰ ’ਤੇ ਸਾਹਮਣੇ ਆ ਰਹੇ ਸਨ।

ਭਾਜਪਾ ਸਮਰਥਕਾਂ ਲਈ ਇਹ ਰਾਹਤ ਅਤੇ ਭਰੋਸੇ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਸੱਤਾ ’ਚ ਪਰਤ ਰਹੀ ਹੈ। ਹਾਲਾਂਕਿ ਗਿਣਤੀ ਪੱਖੋਂ ਘੱਟ ਹੋਣ ਦੇ ਬਾਵਜੂਦ ਭਾਜਪਾ ਕਿਸੇ ਵੀ ਹੋਰ ਵਿਵਸਥਾ ਦੀ ਤੁਲਨਾ ’ਚ ਸਥਿਰ ਸਰਕਾਰ ਮੁਹੱਈਆ ਕਰਨ ’ਚ ਸਮਰੱਥ ਇਕੋ-ਇਕ ਪਾਰਟੀ ਬਣ ਕੇ ਉੱਭਰੀ।

ਪੂਰਬ ਅਤੇ ਦੱਖਣ ’ਚ ਇਸ ’ਚ ਵਰਨਣਯੋਗ ਵਾਧਾ ਹੋਇਆ ਹੈ। ਕੇਰਲ ’ਚ ਪਾਰਟੀ ਨੇ ਆਪਣੀ ਪਹਿਲੀ ਸੰਸਦੀ ਸੀਟ ਜਿੱਤੀ ਅਤੇ ਉਸ ਦਾ ਵੋਟ ਸ਼ੇਅਰ 2019 ਦੇ ਮੁਕਾਬਲੇ 2024 ’ਚ 3 ਫੀਸਦੀ ਤੋਂ ਜ਼ਿਆਦਾ ਵਧ ਕੇ 16 ਫੀਸਦੀ ਹੋ ਗਿਆ।

ਤੇਲੰਗਾਨਾ ’ਚ ਇਸ ਦੀਆਂ ਸੀਟਾਂ ਦੁੱਗਣੀਆਂ ਹੋ ਗਈਆਂ ਹਨ ਜਦਕਿ ਵੋਟ ਸ਼ੇਅਰ 19 ਫੀਸਦੀ ਤੋਂ ਵਧ ਕੇ ਪ੍ਰਭਾਵਸ਼ਾਲੀ 35 ਫੀਸਦੀ ਹੋ ਗਿਆ। ਤਮਿਲਨਾਡੂ ’ਚ ਹਾਲਾਂਕਿ ਪਾਰਟੀ ਕੋਈ ਵੀ ਸੀਟ ਜਿੱਤਣ ’ਚ ਅਸਫਲ ਰਹੀ ਪਰ ਉਸ ਦਾ ਵੋਟ ਸ਼ੇਅਰ 3 ਫੀਸਦੀ ਤੋਂ ਵਧ ਕੇ ਲਗਭਗ 12 ਫੀਸਦੀ ਹੋ ਗਿਆ। ਪਾਰਟੀ ਲਈ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਓਡਿਸ਼ਾ ਵਿਧਾਨ ਸਭਾ ’ਚ ਜਿੱਤ ਅਤੇ ਸੂਬੇ ’ਚ ਪਹਿਲੀ ਵਾਰ ਭਾਜਪਾ ਸਰਕਾਰ ਦਾ ਗਠਨ ਸੀ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੁਜਰਾਤ ’ਚ ਵੀ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।

ਇਹ ਇਕ ਨਿਰਵਿਵਾਦ ਤੱਥ ਹੈ ਕਿ ਸੱਤਾਧਾਰੀ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਅਤੇ ਸ਼ਰਮਿੰਦਗੀ ਉੱਤਰ ਪ੍ਰਦੇਸ਼ ਤੋਂ ਮਿਲੀ, ਇਕ ਅਜਿਹਾ ਸੂਬਾ ਜਿੱਥੋਂ ਉਸ ਨੂੰ ਬੜੀਆਂ ਆਸਾਂ ਸਨ। ਉਸ ਸਥਿਤੀ ’ਚ ਨਤੀਜੇ ਗੰਭੀਰ ਸਵੈ-ਪੜਚੋਲ ਦੀ ਮੰਗ ਕਰਦੇ ਹਨ। ਕੇਂਦਰ ਅਤੇ ਸੂਬੇ ’ਚ ਹਰਮਨਪਿਆਰੀਆਂ ਸਰਕਾਰਾਂ ਅਤੇ ਅਯੁੱਧਿਆ ਤੇ ਕਾਸ਼ੀ ’ਚ ਇੰਨੇ ਚੰਗੇ ਕੰਮ ਅਤੇ ਬਦਲਾਅ ਦੇ ਬਾਵਜੂਦ ਭਾਜਪਾ ਆਪਣੀਆਂ ਲਗਭਗ ਅੱਧੀਆਂ ਸੀਟਾਂ ਹਾਰ ਗਈ।

ਹਾਲਾਂਕਿ ਗੰਭੀਰ ਆਤਮ-ਮੰਥਨ ਜ਼ਰੂਰੀ ਹੈ ਪਰ ਨਿਰਾਦਰਯੋਗ ਨਿਰਾਦਰ ਬੇਲੋੜਾ ਹੈ। ਕਰਨਾਟਕ, ਮਹਾਰਾਸ਼ਟਰ, ਰਾਜਸਥਾਨ ਅਤੇ ਬੰਗਾਲ ’ਚ ਵੀ ਨਤੀਜੇ ਆਸ ਦੇ ਮੁਤਾਬਕ ਨਹੀਂ ਰਹੇ। ਬੰਗਾਲ ਦੀ ਸਿਆਸਤ ’ਚ ਖੱਬੇਪੱਖੀ ਮੋਰਚੇ ਦੀ 6 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰ ਕੇ ਵਾਪਸੀ ਵੀ ਇਕ ਕਾਰਨ ਹੋ ਸਕਦੀ ਹੈ। ਹਾਲਾਂਕਿ ਇਨ੍ਹਾਂ ਅਤੇ ਹੋਰਨਾਂ ਸੂਬਿਆਂ ’ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਵੱਧ ਗੁੰਝਲਦਾਰ ਕਾਰਨ ਪ੍ਰਤੀਤ ਹੁੰਦੇ ਹਨ।

ਬਹੁਤਿਆਂ ਨੂੰ ਆਸ ਨਹੀਂ ਸੀ ਕਿ ‘ਇੰਡੀਆ’ ਗੱਠਜੋੜ ਇੰਨੀ ਚੰਗੀ ਕਾਰਗੁਜ਼ਾਰੀ ਕਰੇਗਾ ਪਰ ਅਖੀਰ ’ਚ ਭਾਈਵਾਲ ਪਾਰਟੀਆਂ, ਖਾਸ ਤੌਰ ’ਤੇ ਕਈ ਸੂਬਿਆਂ ’ਚ ਕਾਂਗਰਸ ਅਤੇ ਸਪਾ, ਟੀ. ਐੱਮ. ਸੀ., ਦ੍ਰਮੁਕ, ਰਾਕਾਂਪਾ-ਐੱਸ. ਪੀ., ਸ਼ਿਵਸੈਨਾ-ਯੂ. ਬੀ. ਟੀ. ਅਤੇ ਹੋਰਨਾਂ ਨੇ ਆਪਣੇ-ਆਪਣੇ ਸੂਬਿਆਂ ’ਚ ਸ਼ਲਾਘਾਯੋਗ ਲਾਭ ਹਾਸਲ ਕੀਤਾ ਹੈ, ਜਿਸ ਨਾਲ ਗੱਠਜੋੜ ਦੀ ਗਿਣਤੀ 230 ਤੋਂ ਉਪਰ ਹੋ ਗਈ।

ਦੇਸ਼ ਦੀਆਂ ਲਗਭਗ ਅੱਧੀਆਂ ਸੀਟਾਂ ’ਤੇ ਚੋਣ ਲੜਦਿਆਂ ਕਾਂਗਰਸ ਪਾਰਟੀ ਆਪਣਾ ਵੋਟ ਸ਼ੇਅਰ ਲਗਭਗ 1.5 ਫੀਸਦੀ ਵਧਾਉਣ ’ਚ ਸਫਲ ਰਹੀ। ਦੇਸ਼ ਦੇ ਨਜ਼ਰੀਏ ਤੋਂ ਇਨ੍ਹਾਂ ਨਤੀਜਿਆਂ ਦਾ ਰਲਿਆ-ਮਿਲਿਆ ਸੰਦੇਸ਼ ਹੈ। ਚੋਣ ਪ੍ਰਚਾਰ ਦੌਰਾਨ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਕਿ ਉਹ ‘2014 ਤੋਂ 2024 ਤੱਕ ਇਕ ਮਜ਼ਬੂਤ ਵਿਰੋਧੀ ਧਿਰ’ ਤੋਂ ਖੁੰਝ ਗਏ। ਉਨ੍ਹਾਂ ਨੇ ਟਿੱਪਣੀ ਕੀਤੀ ‘ਜੇਕਰ ਮੇਰੀ ਜ਼ਿੰਦਗੀ ’ਚ ਕਿਸੇ ਚੀਜ਼ ਦੀ ਕਮੀ ਹੈ, ਤਾਂ ਉਹ ਚੰਗੀ ਵਿਰੋਧੀ ਧਿਰ ਦੀ ਕਮੀ ਹੈ।’ ਇਕ ਮਜ਼ਬੂਤ ਵਿਰੋਧੀ ਧਿਰ ਦੀ ਸੰਭਾਵਨਾ ਦਿਸ ਰਹੀ ਹੈ ਪਰ ਸਿਰਫ ਅਨੁਭਵ ਹੀ ਦੱਸ ਸਕਦਾ ਹੈ ਕਿ ਕੀ ਉਹ ‘ਚੰਗੀ ਵਿਰੋਧੀ ਧਿਰ’ ਹੋਵੇਗੀ?

ਸਦਨ ’ਚ ਗਿਣਤੀ ਦੇ ਤੌਰ ’ਤੇ ਵੱਡੀ ਵਿਰੋਧੀ ਧਿਰ ਦੇ ਨਾਲ ਸਰਕਾਰੀ ਖਜ਼ਾਨਾ ਧਿਰ ਨੂੰ ਬਿਹਤਰ ਪ੍ਰਬੰਧਕਾਂ ਦੀ ਲੋੜ ਹੋ ਸਕਦੀ ਹੈ ਜੋ ਸਦਨ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਹਿਜਤਾ ਨਾਲ ਗਲਿਆਰੇ ’ਚ ਘੁੰਮ ਸਕਣ।

ਦੁੱਖ ਦੀ ਗੱਲ ਹੈ ਕਿ ਇਕ ਦਹਾਕੇ ਦੀ ਸਥਿਰਤਾ ਅਤੇ ਅਗਾਊਂ ਅੰਦਾਜ਼ਨ ਸਿਆਸਤ ਦੇ ਬਾਅਦ ਦੇਸ਼ ਗੱਠਜੋੜ ਸਿਆਸਤ ਦੀ ਬੇਯਕੀਨੀ ’ਚ ਮੁੜ ਤੋਂ ਦਾਖਲ ਹੋ ਰਿਹਾ ਹੈ। ਹਾਲਾਂਕਿ ਪਿਛਲੇ 10 ਸਾਲਾਂ ’ਚ ਦੇਸ਼ ਨੂੰ ਐੱਨ. ਡੀ. ਏ. ਗੱਠਜੋੜ ਵੱਲੋਂ ਚਲਾਇਆ ਗਿਆ ਸੀ ਪਰ ਸੱਤਾਧਾਰੀ ਪਾਰਟੀ ਨੂੰ ਆਪਣੇ ਦਮ ’ਤੇ ਮੁਕੰਮਲ ਬਹੁਮਤ ਹਾਸਲ ਸੀ।

ਭਾਜਪਾ ਦੇ 240 ਸੀਟਾਂ ’ਤੇ ਸੁੰਗੜਨ ਨਾਲ ਮੌਜੂਦਾ ਐੱਨ. ਡੀ. ਏ. ਗੱਠਜੋੜ ਪਹਿਲਾਂ ਤੋਂ ਵੱਖਰੀ ਕਿਸਮ ਦਾ ਹੋਵੇਗਾ। ਆਸ ਦੀ ਕਿਰਨ ਇਹ ਹੈ ਕਿ 1999-2004 ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਉਲਟ ਜਿਸ ’ਚ 182 ਭਾਜਪਾ ਮੈਂਬਰ ਸਨ ਅਤੇ ਹੋਰਨਾਂ ਪਾਰਟੀਆਂ ਦੇ 115 ਮੈਂਬਰਾਂ ’ਤੇ ਨਿਰਭਰ ਸਨ, ਇਹ ਮੌਜੂਦਾ ਐੱਨ. ਡੀ. ਏ. ਗੱਠਜੋੜ ਦੇ ਅੰਕ ਗਣਿਤ ’ਚ ਬਿਹਤਰ ਸਥਿਤੀ ’ਚ ਹੈ।

ਇਸ ਦੇ ਇਲਾਵਾ ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਹੈ ਕਿ ਮੋਦੀ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਮਹੱਤਵਪੂਰਨ ਸੁਧਾਰ ਏਜੰਡਾ ਵੱਧ ਪਾਰਟੀਆਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰ ਸਕਦਾ ਹੈ ਜਿਸ ਨਾਲ ਸਰਕਾਰ ਨੂੰ ਵੱਧ ਸਥਿਰਤਾ ਮਿਲੇਗੀ।

ਇਨ੍ਹਾਂ ਚੋਣਾਂ ’ਚ ਸਾਹਮਣੇ ਆਈ ਇਕ ਹੋਰ ਗੰਭੀਰ ਚੁਣੌਤੀ ਵੱਖਵਾਦੀ ਵਿਚਾਰਧਾਰਾ ਪ੍ਰਤੀ ਲਗਨ ਰੱਖਣ ਵਾਲੇ ਘੱਟੋ-ਘੱਟ 3 ਆਜ਼ਾਦ ਉਮੀਦਵਾਰਾਂ ਦੀ ਜਿੱਤ ਸੀ। ਉਨ੍ਹਾਂ ’ਚੋਂ ਦੋ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਪੰਜਾਬ ਤੋਂ ਜਿੱਤੇ, ਜਦਕਿ ਤੀਜੇ ਅਬਦੁਲ ਰਾਸ਼ਦ ਸ਼ੇਖ ਉਰਫ ਇੰਜੀਨੀਅਰ ਰਾਸ਼ਿਦ ਨੇ ਜੇਲ ਤੋਂ ਚੋਣ ਜਿੱਤੀ। ਆਖਰੀ ਵਾਰ ਅਜਿਹੀ ਵੱਖਵਾਦੀ ਆਵਾਜ਼ 1999 ’ਚ ਭਾਰਤੀ ਸੰਸਦ ’ਚ ਪ੍ਰਵੇਸ਼ ਕਰ ਸਕੀ ਸੀ ਜਦ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਸੰਗਰੂਰ ਤੋਂ ਚੋਣ ਜਿੱਤੀ ਸੀ। ਪਿਛਲੇ 2 ਦਹਾਕਿਆਂ ’ਚ ਹੁਣ ਤੱਕ ਅਜਿਹੀਆਂ ਆਵਾਜ਼ਾਂ ਰਾਜ ਵਿਧਾਨ ਸਭਾਵਾਂ ਤੱਕ ਹੀ ਸੀਮਤ ਸਨ।

ਨਰਿੰਦਰ ਮੋਦੀ ਦੀ ਅਗਵਾਈ ਵਾਲੇ ਐੱਨ. ਡੀ. ਏ. ਦੀ ਤੀਜੀ ਵਾਰ ਜਿੱਤ ਇਕ ਸੰਸਦੀ ਰਿਕਾਰਡ ਹੋਵੇਗੀ। ਹਾਲਾਂਕਿ ਸਥਿਤੀ ਦੋਵਾਂ ਧਿਰਾਂ ਵੱਲੋਂ ਵੱਧ ਸਮਾਯੋਜਨ ਅਤੇ ਜ਼ਿੰਮੇਵਾਰ ਸਿਆਸਤ ਦੀ ਮੰਗ ਕਰਦੀ ਹੈ। ਮਹਾਤਮਾ ਗਾਂਧੀ ਨੂੰ ਕਈ ਗੱਲਾਂ ਲਈ ਯਾਦ ਕੀਤਾ ਜਾਂਦਾ ਹੈ ਪਰ ਉਹ ਆਜ਼ਾਦੀ ਤੋਂ ਪਹਿਲਾਂ ਵਾਲੇ ਯੁੱਗ ’ਚ ਗੱਠਜੋੜ ਦੀ ਸਿਆਸਤ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਦੀ ਸਫਲਤਾ ਨਿਮਰਤਾ ਅਤੇ ਸ਼ਾਲੀਨਤਾ ’ਚ ਨਿਹਿਤ ਹੈ, ਅਜਿਹੇ ਗੁਣ ਜਿਨ੍ਹਾਂ ਦੀ ਭਾਰਤੀ ਸਿਆਸਤ ਨੂੰ ਸਖਤ ਲੋੜ ਹੈ। ਰਾਮ ਮਾਧਵ (ਲੇਖਕ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਆਰ. ਐੱਸ. ਐੱਸ. ਨਾਲ ਜੁੜੇ ਹਨ)

 


Rakesh

Content Editor

Related News