ਸਿਆਸਤ ਅਤੇ ਧਰਮ ਦਾ ਸੰਗਮ ਹੈ ਭਾਰਤ

Saturday, Jan 20, 2024 - 03:04 PM (IST)

ਭਾਰਤ ਇਕ ਬਹੁ-ਮਕਸਦੀ ਸਮਾਜਿਕ ਅਤੇ ਧਾਰਮਿਕ ਸੂਬਾਈ ਵਿਵਸਥਾ ਹੈ ਜਿਸ ’ਚ ਅਧਿਆਤਮਕ ਪਹਿਲੂ ਅਤੇ ਭੌਤਿਕਵਾਦ ਦੀ ਲਾਲਸਾ ਹੈ। ਇਕ ਗੁੰਝਲਦਾਰ ਪਰਿਵੇਸ਼ ’ਚ, ਕੋਈ ਵੀ ਭਾਰਤ ਦੇ ਭਵਿੱਖ ਬਾਰੇ ਕਦੀ ਵੀ ਭਰੋਸੇਯੋਗ ਨਹੀਂ ਹੋ ਸਕਦਾ। ਸਿਆਸੀ ਅਤੇ ਧਾਰਮਿਕ ਉਤਸ਼ਾਹ ਆਪਸ ’ਚ ਮਿਲ ਗਏ ਹਨ। ਪ੍ਰਧਾਨ ਮੰਤਰੀ ਮੋਦੀ ਖੁਦ ਨੂੰ ਸਿਆਸੀ-ਧਾਰਮਿਕ ਜਗਤਗੁਰੂ ਦੇ ਰੂਪ ’ਚ ਸਥਾਪਿਤ ਕਰਨ ਲਈ ਆਪਣੀ ਸਿਆਸੀ ਖੇਡ ਖੇਡ ਰਹੇ ਹਨ। ਉਹ ਆਪਣੇ ਮਕਸਦਾਂ ਨੂੰ ਹਾਸਲ ਕਰਨ ’ਚ ਸਫਲ ਹੋਣਗੇ ਜਾਂ ਨਹੀਂ, ਇਸ ਦੀ ਭਵਿੱਖਬਾਣੀ ਕਰਨਾ ਮੁਸ਼ਕਲ ਹੈ ਪਰ ਉਨ੍ਹਾਂ ਦੀਆਂ ਖਾਹਿਸ਼ਾਂ ਸਪੱਸ਼ਟ ਹਨ ਕਿਉਂਕਿ ਉਹ 22 ਜਨਵਰੀ, 2024 ਨੂੰ ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕੋਲੋਂ ਅਯੁੱਧਿਆ ’ਚ ਪ੍ਰਾਣ-ਪ੍ਰਤਿਸ਼ਠਾ ਸਮਾਗਮ ਕਰਨ ਦੀ ਵੀ ਆਸ ਹੈ।

ਭਾਜਪਾ ਇਸ ਸਮਾਗਮ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪ੍ਰੋਗਰਾਮ ਵਜੋਂ ਜ਼ੋਰ-ਸ਼ੋਰ ਨਾਲ ਪ੍ਰਚਾਰਿਤ ਕਰ ਰਹੀ ਹੈ। ਉਸ ਦਿਨ ਅਯੁੱਧਿਆ ’ਚ 2 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਪ੍ਰੋਗਰਾਮ ਨੂੰ ਪੂਰੇ ਦੇਸ਼ ’ਚ ਵਿਸ਼ਵ ਪੱਧਰ ’ਤੇ ਭਾਰਤੀ ਦੂਤਘਰਾਂ ’ਚ ਅਤੇ ਨਿਊਯਾਰਕ ਟਾਈਮਜ਼ ਸਕੁਆਇਰ ’ਚ ਇਕ ਪ੍ਰਾਯੋਜਿਤ ਸਕ੍ਰੀਨ ’ਤੇ ਪ੍ਰਦਰਸ਼ਿਤ ਕੀਤੇ ਜਾਣ ਦੀ ਵੀ ਆਸ ਹੈ।

ਇਹ ਸਮਝ ’ਚ ਆਉਂਦਾ ਹੈ ਕਿਉਂਕਿ ਿਹੰਦੂ ਵਿਸ਼ਵ ਪੱਧਰ ’ਤੇ ਦਿਖਾਈ ਦੇਣ ਵਾਲਾ ਭਾਈਚਾਰਾ ਹੈ। ਮੰਦਰ ਲਈ ਦਾਨ ਦੁਨੀਆ ਦਾ ਸਭ ਤੋਂ ਵੱਡਾ ਦਾਨ ਹੋਣ ਦਾ ਅੰਦਾਜ਼ਾ ਹੈ। ਨਿਰਮਾਣ ਦੀ ਦੇਖ-ਰੇਖ ਕਰਨ ਵਾਲੇ ਟਰੱਸਟ ਦੀ ਰਿਪੋਰਟ ਅਨੁਸਾਰ ਇਸ ਦੇ 4 ਟ੍ਰਿਲੀਅਨ ਰੁਪਏ (48 ਬਿਲੀਅਨ ਅਮਰੀਕੀ ਡਾਲਰ) ਨੂੰ ਪਾਰ ਕਰਨ ਦੀ ਆਸ ਹੈ।

ਨੇਪਾਲ ਤੋਂ ਫਲਾਂ ਦੀਆਂ ਟੋਕਰੀਆਂ ਅਤੇ ਦੁਨੀਆ ਦੀ ਸਭ ਤੋਂ ਵਿਸ਼ਾਲ ਅਗਰਬੱਤੀ, ਜਿਸ ਦੀ ਉਚਾਈ 108 ਫੁੱਟ ਹੈ ਅਤੇ ਜੋ 1470 ਕਿਲੋਗ੍ਰਾਮ ਗਾਂ ਦੇ ਗੋਹੇ, 190 ਕਿਲੋਗ੍ਰਾਮ ਘਿਓ ਅਤੇ 420 ਕਿਲੋਗ੍ਰਾਮ ਜੜ੍ਹੀਆਂ-ਬੂਟੀਆਂ ਨਾਲ ਬਣੀ ਹੈ, ਸਮੇਤ ਕਈ ਤੋਹਫੇ ਆ ਰਹੇ ਹਨ।

ਦਵਾਰਿਕਾ (ਗੁਜਰਾਤ), ਜੋਸ਼ੀ ਮੱਠ (ਉੱਤਰਾਖੰਡ), ਪੁਰੀ (ਓਡਿਸ਼ਾ) ਅਤੇ ਸ਼੍ਰਿੰਗੇਰੀ (ਕਰਨਾਟਕ) ਸਥਿਤ 4 ਹਿੰਦੂ ਮੱਠਾਂ ਦੇ ਸ਼ੰਕਰਾਚਾਰੀਆ ਰਾਮ ਮੰਦਰ ਦੇ ਉਦਘਾਟਨ ’ਚ ਸ਼ਾਮਲ ਨਹੀਂ ਹੋਣਗੇ। ਮੰਨਿਆ ਜਾਂਦਾ ਹੈ ਕਿ ਇਹ ਮੱਠ ਅੱਠਵੀਂ ਸ਼ਤਾਬਦੀ ਦੇ ਧਾਰਮਿਕ ਵਿਦਵਾਨ ਅਤੇ ਦਾਰਸ਼ਨਿਕ ਆਦਿ ਸ਼ੰਕਰਾਚਾਰੀਆ ਵੱਲੋਂ ਸਥਾਪਿਤ ਕੀਤੇ ਗਏ ਸਨ, ਜੋ ਿਹੰਦੂ ਧਰਮ ਅੰਦਰ ਅਧਿਆਤਮਕ ਅਤੇ ਧਾਰਮਿਕ ਲੀਡਰਸ਼ਿਪ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਹਾਲਾਂਕਿ ਦਵਾਰਕਾ ਅਤੇ ਸ਼੍ਰਿੰਗੇਰੀ ਦੇ ਸ਼ੰਕਰਾਚਾਰੀਆਂ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਪਰ ਪੁਰੀ ਮੱਠ ਦੇ ਸ਼ੰਕਰਾਚਾਰੀਆ ਨੇ ਆਪਣੇ ਫੈਸਲੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਸ਼ੰਕਰਾਚਾਰੀਆ ਨਿਸ਼ਚਲਾਨੰਦ ਸਰਸਵਤੀ-ਓਡਿਸ਼ਾ ਦੇ ਜਗਨਨਾਥਪੁਰੀ ’ਚ ਪੂਰਵਾਮਨਾਯ ਗੋਵਰਧਨ ਮੱਠ ਪੀਠ ਦੇ 145ਵੇਂ ਸ਼ੰਕਰਾਚਾਰੀਆ-ਨੇ ਹਾਲ ਹੀ ’ਚ ਪ੍ਰਾਣ–ਪ੍ਰਤਿਸ਼ਠਾ ਸਮਾਗਮ ’ਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਹੈ।

ਰਾਮ ਮੰਦਰ ਦੇ ਉਦਘਾਟਨ ਸਮਾਗਮ ’ਚ ਉਨ੍ਹਾਂ ਦੇ ਇਤਰਾਜ਼ ਕਾਰਨ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਇਹ ਆਯੋਜਨ ਸਿਆਸੀ ਹੋ ਗਿਆ ਹੈ। ਰਾਮ ਮੰਦਰ ਉਦਘਾਟਨ ਦਾ ਸੱਦਾ ਮਿਲਣ ’ਤੇ ਨਿਸ਼ਚਲਾਨੰਦ ਸਰਸਵਤੀ ਨੇ ਚਿੰਤਾ ਪ੍ਰਗਟ ਕੀਤੀ ਕਿ ਉਹ ਸਮਾਗਮ ਇਕ ਸਿਆਸੀ ਤਮਾਸ਼ੇ ’ਚ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ, ‘‘ਦੇਸ਼ ਦੇ ਪ੍ਰਧਾਨ ਮੰਤਰੀ ਗਰਭਗ੍ਰਹਿ ’ਚ ਰਹਿਣਗੇ, ਮੂਰਤੀ ਨੂੰ ਛੂਹਣਗੇ ਅਤੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਕਰਨਗੇ। ਇਸ ਨੂੰ ਸਿਆਸੀ ਰੂਪ ਦੇ ਦਿੱਤਾ ਗਿਆ ਹੈ। ਜੇ ਭਗਵਾਨ ਰਾਮ ਦੀ ਪ੍ਰਾਣ-ਪ੍ਰਤਿਸ਼ਠਾ ਹੁੰਦੀ ਹੈ ਤਾਂ ਸ਼ਾਸਤਰਾਂ ਦੇ ਰੀਤੀ-ਰਿਵਾਜਾਂ ਵਜੋਂ ਹੋਣੀ ਚਾਹੀਦੀ ਹੈ। ਮੈਂ ਇਸ ਦਾ ਵਿਰੋਧ ਨਹੀਂ ਕਰਾਂਗਾ ਅਤੇ ਨਾ ਹੀ ਇਸ ’ਚ ਸ਼ਾਮਲ ਹੋਵਾਂਗਾ। ਮੈਂ ਆਪਣਾ ਰੁਖ ਅਖਤਿਆਰ ਕਰ ਲਿਆ ਹੈ। ਆਓ, ਅੱਧੇ ਸੱਚ ਅਤੇ ਅੱਧੇ ਝੂਠ ਨੂੰ ਨਾ ਮਿਲਾਈਏ। ਹਰ ਚੀਜ਼ ਨੂੰ ਸ਼ਾਸਤਰੀ ਗਿਆਨ ਅਨੁਸਾਰ ਹੋਣਾ ਚਾਹੀਦਾ ਹੈ।’’

ਉੱਤਰਾਖੰਡ ’ਚ ਜਯੋਤੀ ਮੱਠ ਪੀਠ ਦੀ ਪ੍ਰਧਾਨਗੀ ਕਰਨ ਵਾਲੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੇ ਰਾਮ ਮੰਦਰ ਸਮਾਗਮ ’ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਉਹ ਦੱਸਦੇ ਹਨ ਕਿ ਮੰਦਰ ਦਾ ਨਿਰਮਾਣ ਸਨਾਤਨ ਧਰਮ ਦੀ ਜਿੱਤ ਦੀ ਪ੍ਰਤੀਨਿਧਤਾ ਨਹੀਂ ਕਰਦਾ। ਉਸ ਅਨੁਸਾਰ ਅਯੁੱਧਿਆ ’ਚ ਪਹਿਲਾਂ ਤੋਂ ਹੀ ਇਕ ਰਾਮ ਮੰਦਰ ਸੀ ਅਤੇ ਮੰਦਰ ਦਾ ਨਿਰਮਾਣ ਧਰਮ ਲਈ ਕੋਈ ਤੋਹਫਾ ਜਾਂ ਜਿੱਤ ਨਹੀਂ ਹੈ।

ਮੰਦਰ ਨਿਰਮਾਣ ਦਹਾਕਿਆਂ ਤੋਂ ਇਕ ਵਿਵਾਦਤ ਮੁੱਦਾ ਰਿਹਾ ਹੈ, ਜਿਸ ਦਾ ਸਮਾਜਿਕ ਅਤੇ ਸਿਆਸੀ ਮਹੱਤਵ ਹੈ ਜਦਕਿ ਕਈ ਹਿੰਦੂ ਇਸ ਨੂੰ ਸੱਭਿਆਚਾਰਕ ਅਤੇ ਧਾਰਮਿਕ ਮੁੜ ਉਭਾਰ ਦੇ ਪ੍ਰਤੀਕ ਵਜੋਂ ਦੇਖਦੇ ਹਨ। ਹੋਰ ਲੋਕ ਬਾਈਕਾਟ ਅਤੇ ਵੰਡ ਦੀ ਸੰਭਾਵਨਾ ਬਾਰੇ ਚਿੰਤਾ ਪ੍ਰਗਟਾਉਂਦੇ ਹਨ।

ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਭਾਜਪਾ ਲਈ ਇਕ ਮਹੱਤਵਪੂਰਨ ਸਿਆਸੀ ਵਾਅਦਾ ਹੈ ਜਿਸ ਨੂੰ ਪੂਰਾ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਲੈਣ ਨੂੰ ਤਿਆਰ ਹਨ। ਹਾਲਾਂਕਿ ਮੰਦਰ ਦੇ ਰੂਪ ’ਚ ਪੂਰੇ ਦੇਸ਼ ’ਚ ‘ਰਾਮ ਰਾਜ’ ਦੀ ਪ੍ਰਾਪਤੀ ਦਾ ਅੰਦਾਜ਼ਾ ਨਹੀਂ ਲਾਇਆ ਗਿਆ। ਇਸ ਦੀ ਬਜਾਏ ਇਸ ਦਾ ਪਹਿਲਾ ਨਤੀਜਾ ਆਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਸਿਆਸੀ ਜਿੱਤ ਹੋਣ ਦੀ ਆਸ ਹੈ।

ਦਿ ਇਕਨਾਮਿਸਟ ਨੇ ਖੁਲਾਸਾ ਕੀਤਾ ਹੈ ਕਿ ਉੱਤਰ ਪ੍ਰਦੇਸ਼ ’ਚ 2022 ਦੇ ਵੋਟਰਾਂ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ 74 ਫੀਸਦੀ ਵੋਟਰਾਂ ਨੇ ਮੁਦਰਾਸਫੀਤੀ ਅਤੇ ਵਿਕਾਸ ਨੂੰ ਵੱਧ ਅਹਿਮ ਮੁੱਦਿਆਂ ਵਜੋਂ ਲਿਆ ਜਦਕਿ ਸਿਰਫ 40 ਫੀਸਦੀ ਨੇ ਰਾਮ ਮੰਦਰ ਨੂੰ ਬਰਾਬਰ ਮਹੱਤਵ ਦਿੱਤਾ। ਜੇ ਮੋਦੀ ਇਨ੍ਹਾਂ ਆਰਥਿਕ ਮੁੱਦਿਆਂ ਨੂੰ ਫੈਸਲਾਕੁੰਨ ਤੌਰ ’ਤੇ ਸੰਬੋਧਿਤ ਕਰਦੇ ਹਨ ਤਾਂ ਉਨ੍ਹਾਂ ਕੋਲ ਮਹੱਤਵਪੂਰਨ ਸਫਲਤਾ ਦੀ ਸੰਭਾਵਨਾ ਹੈ। ਬਦਕਿਸਮਤੀ ਨਾਲ ਪ੍ਰਧਾਨ ਮੰਤਰੀ ਮੋਦੀ ਲਈ ਵਿਆਪਕ ਆਰਥਿਕ ਮੁੱਦਿਆਂ ਨੂੰ ਸੰਬੋਧਿਤ ਕਰਨ ਦੀ ਤੁਲਨਾ ’ਚ ਮੰਦਰ ਬਣਾਉਣਾ ਸੌਖਾ ਪ੍ਰਤੀਤ ਹੁੰਦਾ ਹੈ।

ਹਰੀ ਜੈਸਿੰਘ


Rakesh

Content Editor

Related News