ਆਪਣੀਆਂ ਜੜ੍ਹਾਂ ਨਾਲ ਜੁੜਦਾ ਭਾਰਤ

Thursday, Aug 01, 2024 - 02:09 PM (IST)

26 ਜੁਲਾਈ ਨੂੰ ਆਸਾਮ ਦੇ ਚਰਾਈਦੇਵ ਸਥਿਤ ਅਹੋਮ ਸਾਮਰਾਜ ਦੇ ‘ਮੋਇਦਮ’ ਨੂੰ ਵਿਸ਼ਵ ਵਿਰਾਸਤ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ। ਉਹ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵੱਲੋਂ ਸੂਚੀਬੱਧ ਭਾਰਤ ਦੀ 43ਵੀਂ ਤਾਂ ਦੇਸ਼ ’ਚ ਉੱਤਰੀ ਪੂਰਬੀ ਭਾਰਤ ਦੀ ਪਹਿਲੀ ਵਿਸ਼ਵ ਵਿਰਾਸਤ ਥਾਂ ਹੈ। ਇਹ ਸਾਮਰਾਜ ਆਸਾਮ ’ਚ 13ਵੀਂ ਤੋਂ 19ਵੀਂ ਸਦੀ ਦੇ ਸ਼ੁਰੂ ਤੱਕ ਮੌਜੂਦ ਰਿਹਾ। ਕੀ ਸੂਝਵਾਨ ਪਾਠਕ ਅਹੋਮ ਸਾਮਰਾਜ ਦੇ ਇਤਿਹਾਸ ਨੂੰ ਜਾਣਦੇ ਹਨ? ਇਹ ਤ੍ਰਾਸਦੀ ਹੈ ਕਿ ਭਾਰਤੀ ਸਿੱਖਿਆ ਪ੍ਰਣਾਲੀ ’ਚ ਦਿੱਲੀ ਸਲਤਨਤ (320 ਸਾਲ), ਮੁਗਲ ਸਾਮਰਾਜ ਦੇ ਜ਼ਾਲਮ ਔਰੰਗਜ਼ੇਬ ਦੀ ਮੌਤ ਤੱਕ (181 ਸਾਲ) ਅਤੇ ਬਰਤਾਨਵੀ ਰਾਜ (190 ਸਾਲ) ਦਾ ਜ਼ਿਕਰ ਤਾਂ ਹੈ ਪਰ ਅਹੋਮ ਸਾਮਰਾਜ ਦਾ ਕੋਈ ਜ਼ਿਕਰ ਨਹੀਂ ਜਿਸ ਦਾ 600 ਸਾਲ ਤੱਕ ਰਾਜ ਰਿਹਾ।

ਸਾਧਾਰਨ ਵਿਅਕਤੀਆਂ ਵਾਂਗ ਦੇਸ਼ ਅਤੇ ਸਮਾਜ ਵੀ ਆਪਣੀ ਹੋਂਦ ਪ੍ਰਤੀ ‘ਸਮ੍ਰਿਤੀਲੋਪ’ ਰੂਪੀ ਰੋਗ ਦਾ ਸ਼ਿਕਾਰ ਹੋ ਕੇ ਅਤੇ ਬਿਨਾਂ ਕਿਸੇ ਦਰਦ ਨੂੰ ਮਹਿਸੂਸ ਕੀਤੇ ਖਤਮ ਹੋ ਜਾਂਦਾ ਹੈ। 8ਵੀਂ ਸਦੀ ’ਚ ਭਾਰਤ ’ਚ ਇਸਲਾਮੀ ਹਮਲਾਵਰਾਂ (ਕਾਸਿਬ, ਗੌਰੀ, ਗਜ਼ਨਵੀ, ਖਿਲਜੀ, ਬਾਬਰ, ਟੀਪੂ ਸੁਲਤਾਨ ਸਮੇਤ) ਦੇ ਹਮਲਿਆਂ ਅਤੇ ਮਜ਼੍ਹਬੀ ਜਨੂੰਨ ਪਿੱਛੋਂ 1757 ’ਚ ਰਾਬਰਟ ਕਲਾਈਵ ਦੀ ਅਗਵਾਈ ਹੇਠ ਕੰਪਨੀ ਸੈਨਾ ਨੇ ਸਿਰਾਜੁਦੌਲਾ ਨੂੰ ਹਟਾ ਕੇ ਬਰਤਾਨਵੀ ਰਾਜ ਸਥਾਪਿਤ ਕੀਤਾ ਸੀ। ਇਸਲਾਮੀ ਰਾਜ ਸਮੇਂ ਭਾਰਤੀ ਸ਼ਾਨ ਦੇ ਪ੍ਰਤੀਕਾਂ ਨੂੰ ਮਿੱਟੀ ’ਚ ਮਿਲਾ ਦਿੱਤਾ ਗਿਆ। ਤਲਵਾਰ ਦੇ ਦਮ ’ਤੇ ਹਿੰਦੂ-ਬੋਧ-ਜੈਨ-ਸਿੱਖਾਂ ਦਾ ਜਬਰੀ ਧਰਮ ਤਬਦੀਲ ਕੀਤਾ ਪਰ ਸਥਾਨਕ ਲੋਕਾਂ ਨੇ ਕਦੀ ਵੀ ਇਸਲਾਮੀ ਹਮਲਾਵਰਾਂ ਨੂੰ ਆਪਣੇ ਆਪ ਤੋਂ ਸਰਵੋਤਮ ਨਹੀਂ ਸਮਝਿਆ ਅਤੇ ਉਹ ਆਪਣੀ ਸੱਭਿਆਚਾਰਕ ਪਛਾਣ ਅਤੇ ਰਵਾਇਤਾਂ ਪ੍ਰਤੀ ਡਟੇ ਰਹੇ ਅਤੇ ਮਾਣ ਮਹਿਸੂਸ ਕਰਦੇ ਰਹੇ।

ਅੰਗ੍ਰੇਜ਼ ਹੁਸ਼ਿਆਰ ਤੇ ਚਲਾਕ ਸਨ। ਉਨ੍ਹਾਂ ਸਥਾਨਕ ਭਾਰਤੀਆਂ ਨੂੰ ਨਾ ਸਿਰਫ ਸਰੀਰਕ ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀਅਾਂ ਮੂਲ ਜੜ੍ਹਾਂ ਤੋਂ ਕੱਟ ਕੇ ਮਾਨਸਿਕ ਪੱਖੋਂ ਆਪਣਾ ਗੁਲਾਮ ਬਣਾਉਣਾ ਸ਼ੁਰੂ ਕੀਤਾ। ਜਦੋਂ ਖੱਬੇਪੱਖੀਆਂ ਤੇ ਜਿਹਾਦੀਆਂ ਦੀ ਮਦਦ ਨਾਲ ਭਾਰਤ ਨੂੰ ਵੰਡ ਕੇ ਅੰਗ੍ਰੇਜ਼ 1947 ਤੋਂ ਬਾਅਦ ਚਲੇ ਗਏ, ਉਦੋਂ ਤੱਕ ਉਹ ਭਾਰਤ ਦੇ ਸਭ ਮਨੁੱਖਾਂ ਨੂੰ ਕਮਜ਼ੋਰ ਕਰ ਚੁੱਕੇ ਸਨ। ਇਹ ਸਥਿਤੀ ਤੁਰੰਤ ਹੀ ਬਦਲਣੀ ਚਾਹੀਦੀ ਸੀ ਤੇ ਇਸ ਦੀ ਸ਼ੁਰੂਆਤ ਸੋਮਨਾਥ ਮੰਦਰ ਦੀ ਮੁੜ ਉਸਾਰੀ ਨਾਲ ਸ਼ੁਰੂ ਵੀ ਹੋਈ ਪਰ 30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਅਤੇ 15 ਦਸੰਬਰ 1950 ਨੂੰ ਸਰਦਾਰ ਪਟੇਲ ਦੇ ਦਿਹਾਂਤ ਪਿੱਛੋਂ ਇਸ ਸੱਭਿਆਚਾਰਕ ਮੁੜ ਉੱਥਾਨ ’ਤੇ ਰੋਕ ਲੱਗ ਗਈ ਅਤੇ ਉਸ ’ਤੇ ਫਿਰਕਾਪ੍ਰਸਤੀ ਦਾ ਚੋਲਾ ਪਾ ਦਿੱਤਾ ਗਿਆ।

ਅਜਿਹਾ ਕਰਨ ਵਾਲਿਆਂ ’ਚ ਸਭ ਤੋਂ ਉਪਰ ਆਜ਼ਾਦ ਅਤੇ ਖੰਡਿਤ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਨ ਜੋ ਹੋਰਨਾਂ ‘ਭਾਰਤੀਆਂ’ ਪ੍ਰਤੀ ਬਰਤਾਨੀਆ ਦੇ ‘ਸਮ੍ਰਿਤੀਲੋਪ ਮੁਹਿੰਮ’ ਦਾ ਸ਼ਿਕਾਰ ਰਹੇ। ਪੰਡਿਤ ਨਹਿਰੂ ਮਾਰਕਸਵਾਦ ਤੋਂ ਬਹੁਤ ਪ੍ਰਭਾਵਿਤ ਸਨ। ਉਹ ਲਾਰਡ ਥਾਮਸ ਡੈਬਿੰਗਟਨ ਮੈਕਾਲੇ ਵੱਲੋਂ ਸਥਾਪਿਤ ਇਸ ਵਿੱਦਿਅਕ ਪ੍ਰਣਾਲੀ (1835-36) ਦੇ ਅੱਵਲ ਦਰਜੇ ਵਾਲੇ ਉਤਪਾਦ ਸਨ। ਇਸ ’ਚ ‘ਖੂਨੀ ਦੇ ਰੰਗ ਨਾਲ ਭਾਰਤੀਆਂ’ ਨੂੰ ‘ਪਸੰਦ-ਨਾਪਸੰਦ, ਭਰੋਸਾ, ਨੈਤਿਕਤਾ ਅਤੇ ਦਿਮਾਗ’ ਨਾਲ ਅੰਗ੍ਰੇਜ਼ ਬਣਾਉਣ ਦੀ ਨੀਤੀ ਸੀ। ਵੰਡ ਤੋਂ ਬਾਅਦ ਖੱਬੇਪੱਖੀਆਂ ਨੇ ਮੈਕਾਲੇ-ਮਾਨਸਪੁੱਤਰਾਂ ਨਾਲ ਮਿਲ ਕੇ ਆਪਣੀ ਭਾਰਤ-ਹਿੰਦੂ ਵਿਰੋਧੀ ਮਾਨਸਿਕਤਾ ਅਧੀਨ ਦੇਸ਼ ਦੇ ਅਸਲ ਇਤਿਹਾਸ ਨੂੰ ਹੋਰ ਵੀ ਤਹਿਸ-ਨਹਿਸ ਕਰ ਦਿੱਤਾ। ਦਹਾਕਿਆਂ ਬਾਅਦ ਖਾਸ ਕਰ ਕੇ ਸਾਲ 2014 ਪਿੱਛੋਂ ਇਸ ਸਥਿਤੀ ’ਚ ਸਵਾਗਤਯੋਗ ਅਤੇ ਪੜਾਅਵਾਰ ਢੰਗ ਨਾਲ ਲੋੜੀਂਦਾ ਸੁਧਾਰ ਹੋ ਰਿਹਾ ਹੈ।

ਕੁਝ ਦਿਨ ਪਹਿਲਾਂ ਰਾਸ਼ਟਰਪਤੀ ਭਵਨ ਸਥਿਤ ਦਰਬਾਰ ਹਾਲ ਅਤੇ ਅਸ਼ੋਕਾ ਹਾਲ ਦਾ ਨਾਂ 95 ਸਾਲ ਬਾਅਦ ਬਦਲ ਕੇ ਕ੍ਰਮਵਾਰ ‘ਗਣਤੰਤਰ ਮੰਡਪ’ ਅਤੇ ‘ਅਸ਼ੋਕ ਮੰਡਪ’ ਰੱਖ ਦਿੱਤਾ ਗਿਆ। ਇਸ ਤੋਂ ਪਹਿਲਾਂ ਬੀਤੇ ਸਾਲਾਂ ’ਚ ਨਵੇਂ ਸੰਸਦ ਭਵਨ ’ਚ ਪੁਰਾਤਨ ਚੋਲ ਸਾਮਰਾਜ ਦੇ ਪ੍ਰਤੀਕ ‘ਸੇਂਗੋਲ’ (ਰਾਜਦੰਡ) ਦੀ ਸਥਾਪਨਾ, ਕਾਸ਼ੀ ਵਿਸ਼ਵਨਾਥ ਧਾਮ ਦਾ 350 ਸਾਲ ਬਾਅਦ ਦਾ ਪਸਾਰ-ਨਵੀਨੀਕਰਨ, ਜੁਡੀਸ਼ੀਅਲ ਫੈਸਲੇ ਪਿੱਛੋਂ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੀ ਮੁੜ ਉਸਾਰੀ, ਆਰਟੀਕਲ 370-35ਏ ਦੀ ਸੰਵਿਧਾਨਕ ਕਟੌਤੀ ਅਤੇ ਹਰ ਸਾਲ 26 ਦਸੰਬਰ ਨੂੰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਕੁਰਬਾਨੀ ਦੀ ਯਾਦ ’ਚ ‘ਵੀਰ ਬਾਲ ਦਿਵਸ’ ਦੇ ਨਾਲ ਹੀ ਹਰ ਸਾਲ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਵਜੋਂ ਮਨਾਉਣ ਆਦਿ ਦਾ ਐਲਾਨ ਕੀਤਾ ਗਿਆ।

ਇਸੇ ਲੜੀ ’ਚ ਅਹੋਮ ‘ਮੋਇਦਮ’ ਦਾ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ ਹੋਣਾ ਸ਼ਲਾਘਾਯੋਗ ਹੈ। ਇਹ ਪਿਰਾਮਿਡ ਵਰਗੀ ਅਨੋਖੀ ਟੀਲੇ ਵਰਗੀ ਰਚਨਾ ਹੈ। ਇਸ ਦੀ ਵਰਤੋਂ 6 ਸਦੀਆਂ ਤੱਕ ਤਾਈ- ਅਹੋਮ ਖਾਨਦਾਨ ਵੱਲੋਂ ਆਪਣੇ ਰਾਜ ਘਰਾਣੇ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਪਿਆਰੀਆਂ ਵਸਤੂਆਂ ਨਾਲ ਦਫਨਾਉਣ ਲਈ ਕੀਤੀ ਜਾਂਦੀ ਸੀ। ‘ਮੋਇਦਮ’ ਗੁੰਬਦ ਵਰਗੇ (ਚੌ-ਚਾਲੀ) ਹੁੰਦੇ ਹਨ ਜੋ 2 ਮੰਜ਼ਿਲਾ ਹੁੰਦੇ ਹਨ। ਇਨ੍ਹਾਂ ’ਚ ਦਾਖਲ ਹੋਣ ਲਈ ਮੇਹਰਾਬਦਾਰ ਰਾਹ ਹੁੰਦਾ ਹੈ ਅਤੇ ਅਰਧਗੋਲਾਕਾਰ ਮਿੱਟੀ ਦੇ ਟਿੱਲਿਆਂ ਉਪਰ ਇੱਟਾਂ ਅਤੇ ਮਿੱਟੀ ਦੀਆਂ ਪਰਤਾਂ ਵਿਛਾਈਆਂ ਜਾਂਦੀਆਂ ਹਨ। ‘ਮੋਇਦਮ’ ਦਫਨ ਪ੍ਰਣਾਲੀ ਅਜੇ ਵੀ ਕੁਝ ਪੁਜਾਰੀ ਸਮੂਹਾਂ ਅਤੇ ਚਾਓ-ਡਾਂਗ ਕਬੀਲੇ (ਸ਼ਾਹੀ ਅੰਗਰੱਖਿਅਕ) ਵੱਲੋ ਂ ਪ੍ਰਚਲਿਤ ਹੈ।

ਮੇਰੀ ਕਈ ਸਾਲਾਂ ਤੋਂ ਇਹ ਰਾਏ ਰਹੀ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਿਦਾਨ (ਨਵੰਬਰ 1675) ਨੂੰ ‘ਰਾਸ਼ਟਰੀ ਕ੍ਰਿਤਗਿਅਤਾ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਐਵੇਂ ਹੀ ਨਹੀਂ ਕਿਹਾ ਗਿਆ। ਗੁਰੂ ਸਾਹਿਬ ਜੀ ਦਾ ਬਲਿਦਾਨ ‘ਧਰਮ’ ਦੀ ਰੱਖਿਆ ਲਈ ਸੀ। ਉਨ੍ਹਾਂ ਸਾਰੀ ਜ਼ਿੰਦਗੀ ਉਸ ਪ੍ਰੰਪਰਾ ਦੀ ਪਾਲਣਾ ਕੀਤੀ ਜੋ ਕਿਸੇ ਇਕ ਖੇਤਰ ਜਾਂ ਭਾਈਚਾਰੇ ਲਈ ਸਮਰਪਿਤ ਨਹੀਂ ਸੀ। ਜਿਨ੍ਹਾਂ ਦੀ ਰੱਖਿਆ ਕਰਦਿਆਂ ਗੁਰੂ ਸਾਹਿਬ ਨੇ ਸਰਵੋਤਮ ਬਲਿਦਾਨ ਦਿੱਤਾ, ਉਹ ਪੰਜਾਬ ਦੇ ਨਹੀਂ, ਕਸ਼ਮੀਰ ਦੇ ਸਨ, ਹਿੰਦੂ ਸਨ। ਜਿਸ ਤਰ੍ਹਾਂ ਕਸ਼ਮੀਰ ਅੱਜ ਇਸਲਾਮੀ ਅੱਤਵਾਦ ਦਾ ਸ਼ਿਕਾਰ ਹੈ, ਠੀਕ ਉਸੇ ਤਰ੍ਹਾਂ ਦੇ ਮਜ਼੍ਹਬੀ ਸੰਕਟ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸਾਹਮਣਾ ਕਰਨਾ ਪਿਆ।

ਜਦੋਂ ਕਸ਼ਮੀਰ ’ਚ ਜਿਹਾਦੀ ਸੰਘਰਸ਼ ਝੱਲ ਰਹੇ ਹਿੰਦੂਆਂ ਦੀ ਫਰਿਆਦ ਲੈ ਕੇ ਗੁਰੂ ਸਾਹਿਬ ਜ਼ਾਲਮ ਔਰੰਗਜ਼ੇਬ ਕੋਲ ਪੁੱਜੇ ਤਾਂ ਉਨ੍ਹਾਂ ਗੁਰੂ ਜੀ ਨੂੰ ਇਸਲਾਮ ਪ੍ਰਵਾਨ ਕਰਨ ਜਾਂ ਮੌਤ ਨੂੰ ਚੁਣਨ ਦਾ ਬਦਲ ਦਿੱਤਾ। ਗੁਰੂ ਸਾਹਿਬ ਨੇ ਦ੍ਰਿੜ੍ਹ ਹੋ ਕੇ ਆਪਣਾ ਸੀਸ ਕਟਵਾਉਣਾ ਪ੍ਰਵਾਨ ਕੀਤਾ। ਇਸ ਘਟਨਾ ਦਾ ਜ਼ਿਕਰ ‘ਬਚਿੱਤਰ ਨਾਟਕ’ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਇਸ ਤਰ੍ਹਾਂ ਕੀਤਾ ਸੀ- ‘ਤਿਲਕ ਜੰਜੂ ਰਾਖਾ ਪ੍ਰਭ ਤਾਕਾ...ਸੀਸੁ ਦੀਆ ਪਰੁ ਸੀ ਨ ਉਚਰੀ।। ਧਰਮ ਹੇਤ ਸਾਕਾ ਜਿਨਿ ਕੀਆ।। ਸੀਸੁ ਦੀਆ ਪਰੂ ਸਿਰਰਰੂ ਨਾ ਦੀਆ।’’ ਭਾਵ- ਹਿੰਦੂਆਂ ਦੇ ਤਿਲਕ ਅਤੇ ਜਨੇਊ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਪਰ ਧਰਮ ਨਹੀਂ ਛੱਡਿਆ।

ਇਹ ਤ੍ਰਾਸਦੀ ਹੈ ਕਿ ਜਿਸ ਪਵਿੱਤਰ ਸਿੱਖ ਗੁਰੂ ਪ੍ਰੰਪਰਾ ਕਾਰਨ ਮਹਾਰਾਜਾ ਰਣਜੀਤ ਸਿੰਘ (1780- 1839) ਦੇ ਸਮੇਂ ਤੱਕ ਹਿੰਦੂਆਂ ਤੇ ਸਿੱਖਾਂ ਦੇ ਸਬੰਧ ਨਹੁੰ ਤੇ ਮਾਸ ਵਰਗੇ ਸਨ, ਨੂੰ ਵੀ ਅੰਗਰੇਜ਼ਾਂ ਨੇ ਮੈਕਸ ਆਰਥਰ ਮੈਕਾਲੀਫ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਜ਼ਖਮ ਅਜੇ ਪੂਰੀ ਤਰ੍ਹਾਂ ਭਰੇ ਨਹੀਂ ਹਨ। ਇਸ ਦਾ ਮੁਕੰਮਲ ਇਲਾਜ ਉਦੋਂ ਹੀ ਸੰਭਵ ਹੈ ਜਦੋਂ ਹਰ ਭਾਰਤੀ ਸਭ ਸਿੱਖ ਗੁਰੂਆਂ ਦੇ ਜੀਵਨ ਨੂੰ ਜਾਣੇ, ਸਮਝੇ ਅਤੇ ਉਨ੍ਹਾਂ ਵੱਲੋਂ ਸਥਾਪਿਤ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੇ।

ਬਲਬੀਰ ਪੁੰਜ


Tanu

Content Editor

Related News