ਭਾਰਤ-ਬੰਗਲਾਦੇਸ਼ ਸਬੰਧ ਨਾਜ਼ੁਕ ਮੋੜ ’ਤੇ ਲਗਾਤਾਰ ਖਰਾਬ ਹੋ ਰਹੇ ਰਿਸ਼ਤੇ
Saturday, Dec 07, 2024 - 03:00 AM (IST)

ਇਸ ਸਾਲ 5 ਅਗਸਤ ਨੂੰ ਬੰਗਲਾਦੇਸ਼ ’ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਦੇ ਤਖਤਾਪਲਟ ਅਤੇ ਮੁਹੰਮਦ ਯੂਨੁਸ ਦੀ ਅਗਵਾਈ ’ਚ ਅੰਤ੍ਰਿਮ ਸਰਕਾਰ ਬਣਨ ਤੋਂ ਬਾਅਦ ਉਥੇ ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ਨੂੰ ਮੁਸਲਿਮ ਕੱਟੜਪੰਥੀ ਸੰਗਠਨ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਉਥੇ ਹਿੰਦੂਆਂ ਨੂੰ ਸਰਕਾਰੀ ਨੌਕਰੀਆਂ ਤੋਂ ਅਸਤੀਫਾ ਦੇਣ ਨੂੰ ਮਜਬੂਰ ਕਰਨ ਤੋਂ ਇਲਾਵਾ ਨੌਕਰੀ ਤੋਂ ਕੱਢਿਆ ਵੀ ਜਾ ਰਿਹਾ ਹੈ ਅਤੇ ਈਸ਼ਨਿੰਦਾ ਦੇ ਦੋਸ਼ ਲਾ ਕੇ ਉਨ੍ਹਾਂ ਵਿਰੁੱਧ ਕੇਸ ਬਣਾਏ ਜਾ ਰਹੇ ਹਨ।
ਇੰਨਾ ਹੀ ਨਹੀਂ, ਇਸਲਾਮੀ ਕੱਟੜਪੰਥੀਆਂ ਵੱਲੋਂ ਹਿੰਦੂਆਂ ਨੂੰ ਬੰਗਲਾਦੇਸ਼ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਇਸ ਲਈ ਸਾਰੇ ਮੰਦਰਾਂ ’ਤੇ ਭਾਰਤ ਵਿਰੋਧੀ ਬੈਨਰ ਲਾਉਣ ਦੀ ਮੰਗ ਵੀ ਕੀਤੀ ਗਈ ਹੈ।
ਹੁਣ ਤਕ ਉਥੇ ਫਿਰਕੂ ਹਿੰਸਾ ਦੀਆਂ 2000 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ 1000 ਦੇ ਲਗਭਗ ਹਿੰਦੂ ਮਾਰੇ ਜਾ ਚੁੱਕੇ ਹਨ। ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ‘ਇਸਕਾਨ’ ਦੇ ਬੰਗਲਾਦੇਸ਼ ਸਥਿਤ ਦੋ ਪ੍ਰਮੁੱਖ ਧਾਰਮਿਕ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੇ ਨਾਲ-ਨਾਲ ‘ਇਸਕਾਨ’ ਦੇ 17 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ।
ਇਸੇ ਦਰਮਿਆਨ ਉਥੋਂ ਦੀ ਅੰਤ੍ਰਿਮ ਸਰਕਾਰ ਦੀਆਂ ਪਾਕਿਸਤਾਨ ਨਾਲ ਨਜ਼ਦੀਕੀਆਂ ਵੀ ਵਧਣ ਲੱਗੀਆਂ ਹਨ। 1971 ’ਚ ਬੰਗਲਾਦੇਸ਼ ਬਣਨ ਪਿੱਛੋਂ ਇਸ ਸਾਲ ਨਵੰਬਰ, 2024 ਵਿਚ ਪਹਿਲੀ ਵਾਰ ਪਾਕਿਸਤਾਨ ਦਾ ਇਕ ਮਾਲਵਾਹਕ ਜਹਾਜ਼ ਕਰਾਚੀ ਤੋਂ ਚਟਗਾਂਵ ਬੰਦਰਗਾਹ ’ਤੇ ਪੁੱਜਾ।
ਇਹੀ ਨਹੀਂ, ਹੁਣ ਤਾਂ ਪਾਕਿਸਤਾਨ ਵਿਰੋਧੀ ਅੰਦੋਲਨ ਦੇ ਜਨਮ ਸਥਾਨ ਢਾਕਾ ਯੂਨੀਵਰਸਿਟੀ ’ਚ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀ ਦਾਖਲੇ ਦੀ ਆਗਿਆ ਦੇ ਦਿੱਤੀ ਗਈ ਹੈ। ਉਥੇ ਹੀ ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਵੀ ਬੰਗਲਾਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੌਖੀ ਬਣਾ ਦਿੱਤੀ ਹੈ।
ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਪਿੱਛੋਂ ਪਾਕਿਸਤਾਨ ਤੇ ਬੰਗਲਾਦੇਸ਼ ਦੀ ਨੇੜਤਾ ਕਈ ਪੱਧਰਾਂ ’ਤੇ ਵਧ ਰਹੀ ਹੈ। ਉਥੇ ਤਖਤਾਪਲਟ ਤੋਂ ਖੁਸ਼ ਪਾਕਿਸਤਾਨ ਦੇ ਇਕ ਕੂਟਨੀਤੀਵਾਨ ਅਬਦੁਲ ਬਾਸਿਤ ਅਨੁਸਾਰ, ‘‘ਸ਼ੇਖ ਹਸੀਨਾ ਦਾ ਸੱਤਾ ਤੋਂ ਬਾਹਰ ਹੋਣਾ ਪਾਕਿਸਤਾਨ ਲਈ ਚੰਗਾ ਮੌਕਾ ਹੈ।’’
ਹੁਣ ਤਾਂ ਉਥੇ ਇਸਲਾਮਿਕ ਕਾਨੂੰਨ ਦੀ ਮੰਗ ਤਕ ਉੱਠਣ ਲੱਗੀ ਹੈ। ਬੰਗਲਾਦੇਸ਼ ਆਪਣੀ ਸਥਾਪਨਾ ਪਿੱਛੋਂ 2011 ’ਚ ਸ਼ੇਖ ਹਸੀਨਾ ਸਰਕਾਰ ਵੱਲੋਂ ਅਪਣਾਏ ਗਏ ਧਰਮਨਿਰਪੱਖ ਸਰੂਪ ਨੂੰ ਵੀ ਤਿਲਾਂਜਲੀ ਦੇਣ ਲੱਗਾ ਹੈ ਅਤੇ ਅਟਾਰਨੀ ਜਨਰਲ ਮੋ. ਅਸਦੁੱਜਮਾਂ ਨੇ ਸੰਵਿਧਾਨ ’ਚੋਂ ‘ਧਰਮ ਨਿਰਪੱਖ’ ਸ਼ਬਦ ਹਟਾਉਣ ਅਤੇ ਸ਼ੇਖ ਮੁਜੀਬੁਰਰਹਿਮਾਨ ਦਾ ਰਾਸ਼ਟਰਪਿਤਾ ਦਾ ਦਰਜਾ ਖਤਮ ਕਰਨ ਦੀ ਮੰਗ ਵੀ ਕੀਤੀ ਹੈ।
ਅਜੇ ਹਾਲ ਹੀ ’ਚ ਇਥੇ ਵਿਦਿਆਰਥੀਆਂ ਦੇ ਦਬਾਅ ’ਚ ਬੰਗਲਾਦੇਸ਼ ਦੇ ਰਾਸ਼ਟਰਪਤੀ ਭਵਨ ’ਚੋਂ ਸ਼ੇਖ ਮੁਜੀਬੁਰਰਹਿਮਾਨ ਦੀ ਤਸਵੀਰ ਹਟਾ ਦਿੱਤੀ ਗਈ ਹੈ, ਉਥੇ ਹੀ ਉਨ੍ਹਾਂ ਦੀ ਮੂਰਤੀ ਨੂੰ ਵੀ ਡੇਗਣ ਤੋਂ ਇਲਾਵਾ ਹੁਣ ਬੰਗਲਾਦੇਸ਼ ’ਚ ਕਰੰਸੀ ਨੋਟਾਂ ਤੋਂ ਸ਼ੇਖ ਮੁਜੀਬੁਰਰਹਿਮਾਨ ਦੀ ਤਸਵੀਰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੰਗਲਾਦੇਸ਼ ਸੈਂਟਰਲ ਬੈਂਕ 20, 100, 500 ਅਤੇ 1000 ਟਕਾ (ਰੁਪਏ) ਦੇ ਨਵੇਂ ਨੋਟ ਛਪਵਾ ਰਿਹਾ ਹੈ ਜਿਨ੍ਹਾਂ ’ਚ ਇਸੇ ਸਾਲ ਜੁਲਾਈ ਦੇ ਹਿੰਸਕ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਹੋਣਗੀਆਂ।
ਹਾਲਾਂਕਿ ਬੰਗਲਾਦੇਸ਼ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਸੱਤਾ ਸੰਭਾਲਦਿਆਂ ਹੀ 90 ਦਿਨਾਂ ਦੇ ਅੰਦਰ ਦੇਸ਼ ’ਚ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਨੇ ਕਿਹਾ ਕਿ ਹਾਲਾਤ ਆਮ ਹੋਣ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ।
ਬੰਗਲਾਦੇਸ਼ ’ਚ ਹਿੰਦੂਆਂ ਦੀਆਂ ਹੱਤਿਆਵਾਂ ਨੂੰ ਵੀ ਉਨ੍ਹਾਂ ਨੇ ਪ੍ਰਾਪੇਗੰਡਾ ਦੱਸਿਆ ਹੈ ਜਦੋਂ ਕਿ ਅਸਲੀਅਤ ਇਸ ਦੇ ਉਲਟ ਹੈ। ਉਥੇ ਹਿੰਸਾ ਦੀ ਨਵੀਨਤਮ ਘਟਨਾ ’ਚ 3 ਦਸੰਬਰ ਨੂੰ ਸੁਮਨਗੰਜ ਜ਼ਿਲੇ ’ਚ ਕੱਟੜਪੰਥੀਆਂ ਦੀ ਭੀੜ ਨੇ 100 ਤੋਂ ਵੱਧ ਹਿੰਦੂਆਂ ਦੇ ਮਕਾਨਾਂ ’ਚ ਭੰਨ-ਤੋੜ ਅਤੇ ਲੁੱਟ-ਖੋਹ ਕੀਤੀ, ਪੂਜਾ ਸਥਾਨ ਭੰਨ ਦਿੱਤੇ ਅਤੇ ਉਸੇ ਦਿਨ ਰਾਤ ਨੂੰ ਉਥੋਂ 200 ਹਿੰਦੂ ਪਰਿਵਾਰ ਹਿਜਰਤ ਕਰ ਕੇ ਚਲੇ ਗਏ।
ਇਸ ਦਰਮਿਆਨ ਜਿਥੇ ਬੰਗਲਾਦੇਸ਼ ਦੀ ਅਦਾਲਤ ਨੇ ਸ਼ੇਖ ਹਸੀਨਾ ਦੇ ਕਿਸੇ ਵੀ ਭਾਸ਼ਣ ਦੇ ਪ੍ਰਕਾਸ਼ਨ ਅਤੇ ਪ੍ਰਸਾਰਣ ’ਤੇ ਪਾਬੰਦੀ ਲਾ ਦਿੱਤੀ ਹੈ, ਉਥੇ ਹੀ ਵਿਸ਼ਵ ਭਰ ’ਚ ਬੰਗਲਾਦੇਸ਼ ਦੇ ਹਿੰਦੂਆਂ ਅਤੇ ਘੱਟਗਿਣਤੀਆਂ ’ਤੇ ਹਮਲਿਆਂ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ।
ਕੁਲ ਮਿਲਾ ਕੇ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਦੇ ਲੋਕਾਂ ’ਤੇ ਹਮਲੇ, ਹੱਤਿਆਵਾਂ, ਧਾਰਮਿਕ ਅਸਥਾਨਾਂ ’ਤੇ ਭੰਨ-ਤੋੜ ਅਤੇ ਘੱਟਗਿਣਤੀ ਭਾਈਚਾਰੇ ਵਿਰੁੱਧ ਹੋਰ ਹਿੰਸਕ ਘਟਨਾਵਾਂ ਨੂੰ ਲੈ ਕੇ ਵਿਸ਼ਵ ਭਾਈਚਾਰੇ ਵਲੋਂ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਹੈ ਅਤੇ ਬੰਗਲਾਦੇਸ਼ ਸਰਕਾਰ ਨੂੰ ਇਹ ਹਿੰਸਾ ਰੋਕਣ ਲਈ ਠੋਸ ਕਦਮ ਚੁੱਕਣ ਨੂੰ ਕਿਹਾ ਹੈ।
ਹਾਲਾਂਕਿ ਭਾਰਤ ਨੇ ਹੀ ਬੰਗਲਾਦੇਸ਼ ਨੂੰ ਪਾਕਿਸਤਾਨ ਦੇ ਚੁੰਗਲ ’ਚੋਂ ਆਜ਼ਾਦੀ ਦਿਵਾਈ ਪਰ ਤਖਤਾਪਲਟ ਦੇ ਕੁਝ ਹੀ ਮਹੀਨਿਆਂ ਅੰਦਰ ਭਾਰਤ ਨਾਲ ਉਸ ਦੇ ਸਬੰਧ ਹੇਠਲੇ ਪੱਧਰ ’ਤੇ ਆ ਗਏ ਹਨ ਅਤੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਨੇ ਕੋਲਕਾਤਾ ਅਤੇ ਅਗਰਤਲਾ ’ਚ ਸਥਿਤ ਆਪਣੇ ਮਿਸ਼ਨ ਦਫਤਰਾਂ ਦੇ ਮੁਖੀਆਂ ਨੂੰ ਵਾਪਸ ਬੁਲਾ ਲਿਆ ਹੈ।
–ਵਿਜੇ ਕੁਮਾਰ