ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੀ ਪਾਰੀ ਸ਼ੁਰੂ

12/02/2022 1:13:52 AM

ਜੀ-20 ਦੀਆਂ ਪਿਛਲੀਆਂ 17 ਪ੍ਰਧਾਨਗੀਆਂ ਦੌਰਾਨ ਵਿਸ਼ਾਲ ਆਰਥਿਕ ਸਥਿਰਤਾ ਯਕੀਨੀ ਕਰਨ, ਕੌਮਾਂਤਰੀ ਟੈਕਸੇਸ਼ਨ ਨੂੰ ਦਲੀਲ ਭਰਪੂਰ ਬਣਾਉਣ ਅਤੇ ਵੱਖ-ਵੱਖ ਦੇਸ਼ਾਂ ਦੇ ਸਿਰ ਤੋਂ ਕਰਜ਼ੇ ਦੇ ਭਾਰ ਨੂੰ ਘੱਟ ਕਰਨ ਸਮੇਤ ਕਈ ਅਹਿਮ ਨਤੀਜੇ ਸਾਹਮਣੇ ਆਏ. ਅਸੀਂ ਇਨ੍ਹਾਂ ਪ੍ਰਾਪਤੀਆਂ ਤੋਂ ਲਾਭ ਹਾਸਲ ਕੀਤਾ ਹੈ, ਇੱਥੋਂ ਹੋਰ ਅੱਗੇ ਵੱਲ ਵਧਾਂਗੇ।

ਹੁਣ ਜਦੋਂ ਕਿ ਭਾਰਤ ਨੇ ਇਸ ਅਹਿਮ ਅਹੁਦੇ ਨੂੰ ਹਾਸਲ ਕੀਤਾ ਹੈ, ਮੈਂ ਆਪਣੇ ਆਪ ਨੂੰ ਇਹ ਪੁੱਛਦਾ ਹਾਂ ਕਿ ਕੀ ਜੀ-20 ਅਜੇ ਵੀ ਹੋਰ ਅੱਗੇ ਵਧ ਸਕਦਾ ਹੈ? ਕੀ ਅਸੀਂ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਮਾਨਸਿਕਤਾ ’ਚ ਮੂਲ ਤਬਦੀਲੀਆਂ ਨੂੰ ਲਿਆ ਸਕਦੇ ਹਾਂ?

ਮੇਰਾ ਭਰੋਸਾ ਹੈ ਕਿ ਅਸੀਂ ਇੰਝ ਕਰ ਸਕਦੇ ਹਾਂ

ਸਾਡੇ ਹਾਲਾਤ ਹੀ ਸਾਡੀ ਮਾਨਸਿਕਤਾ ਨੂੰ ਆਕਾਰ ਦਿੰਦੇ ਹਨ। ਪੂਰੇ ਇਤਿਹਾਸ ਦੌਰਾਨ, ਮਨੁੱਖਤਾ ਕਮੀ ’ਚ ਰਹੀ। ਅਸੀਂ ਸੀਮਤ ਸੋਮਿਆਂ ਲਈ ਲੜਾਈ ਕੀਤੀ ਕਿਉਂਕਿ ਸਾਡੀ ਹੋਂਦ ਦੂਜਿਆਂ ਨੂੰ ਉਨ੍ਹਾਂ ਸੋਮਿਆਂ ਤੋਂ ਵਾਂਝਿਆਂ ਕਰ ਦੇਣ ’ਤੇ ਨਿਰਭਰ ਸੀ। ਵੱਖ-ਵੱਖ ਵਿਚਾਰਾਂ, ਵਿਚਾਰ ਧਾਰਾਵਾਂ ਅਤੇ ਪਛਾਣਾਂ ਦਰਮਿਆਨ ਟਕਰਾਅ ਅਤੇ ਮੁਕਾਬਲੇਬਾਜ਼ੀ ਆਦਰਸ਼ ਬਣ ਗਈ।

ਮੰਦੇਭਾਗੀ ਅਸੀਂ ਅੱਜ ਵੀ ਉਸੇ ਸਿਫਰ ਯੋਗ ਦੀ ਮਾਨਸਿਕਤਾ’ਚ ਅਟਕੇ ਹੋਏ ਹਾਂ। ਅਸੀਂ ਇਸ ਨੂੰ ਉਦੋਂ ਦੇਖਦੇ ਹਾਂ ਜਦੋਂ ਵੱਖ-ਵੱਖ ਦੇਸ਼ ਖੇਤਰ ਜਾਂ ਸੋਮਿਆਂ ਲਈ ਆਪਸ ’ਚ ਲੜਦੇ ਹਨ। ਇਸ ਨੂੰ ਅਸੀਂ ਉਦੋਂ ਦੇਖਦੇ ਹਾਂ ਜਦੋਂ ਲੋੜੀਂਦੀਆਂ ਵਸਤਾਂ ਦੀ ਸਪਲਾਈ ਨੂੰ ਹਥਿਆਰ ਬਣਾਇਆ ਜਾਂਦਾ ਹੈ। ਅਸੀਂ ਇਸ ਨੂੰ ਉਦੋਂ ਵੇਖਦੇ ਹਾਂ ਜਦੋਂ ਕੁਝ ਲੋਕਾਂ ਵੱਲੋਂ ਟੀਕਿਆਂ ਦੀ ਜਮ੍ਹਾਖੋਰੀ ਕੀਤੀ ਜਾਂਦੀ ਹੈ। ਬੇਸ਼ੱਕ ਹੀ ਅਰਬਾਂ ਲੋਕ ਬਿਮਾਰੀ ਤੋਂ ਅਸੁਰੱਖਿਅਤ ਹੋਣ। ਕੁਝ ਲੋਕ ਇਹ ਦਲੀਲ ਦੇ ਸਕਦੇ ਹਨ ਕਿ ਟਕਰਾਅ ਅਤੇ ਲਾਲਚ ਮਨੁੱਖੀ ਸੁਭਾਅ ਹੈ। ਮੈਂ ਇਸ ਨਾਲ ਅਸਹਿਤਮ ਹਾਂ, ਜੇ ਮਨੁੱਖ ਸੁਭਾਵਕ ਪੱਖੋਂ ਸਵਾਰਥੀ ਹੈ ਤਾਂ ਸਾਡੇ ਸਾਰਿਆਂ ’ਚ ਮੁੱਢਲੀ ਇਕਾਤਮਕਤਾ ਦੀ ਹਮਾਇਤ ਕਰਨ ਵਾਲੀਆਂ ਬਹੁਤ ਸਾਰੀਆਂ ਅਧਿਆਤਮਕ ਪ੍ਰੰਪਰਾਵਾਂ ਦੀ ਸਥਾਈ ਖਿੱਚ ਨੂੰ ਕਿਵੇਂ ਸਮਝਿਆ ਜਾਵੇ?

ਭਾਰਤ ’ਚ ਪ੍ਰਚਲਿਤ ਅਜਿਹੀ ਹੀ ਇਕ ਪ੍ਰੰਪਰਾ ਹੈ ਜੋ ਸਭ ਜ਼ਿੰਦਾ ਪ੍ਰਾਣੀਆਂ ਅਤੇ ਇੱਥੋਂ ਤੱਕ ਕਿ ਨਿਰਜੀਵ ਚੀਜ਼ਾਂ ਨੂੰ ਵੀ ਇਕ ਬਰਾਬਰ ਪੰਜ ਮੂਲ ਤੰਤਾਂ ਪ੍ਰਿਥਵੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਦੇ 5 ਤੱਤਾਂ ਤੋਂ ਬਣਿਆ ਹੋਇਆ ਮੰਨਦੀ ਹੈ। ਇਨ੍ਹਾਂ ਤੱਤਾਂ ਦਾ ਤਾਲਮੇਲ ਸਾਡੇ ਦਰਮਿਆਨ ਵੀ- ਸਾਡੇ ਭੌਤਿਕ, ਸਮਾਜਿਕ ਅਤੇ ਚੌਗਿਰਦੇ ਦੇ ਕਲਿਆਣ ਲਈ ਜ਼ਰੂਰੀ ਹੈ। ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਦੁਨੀਆ ’ਚ ਏਕਤਾ ਦੀ ਇਸ ਸਮੁੱਚੀ ਭਾਵਨਾ ਨੂੰ ਹੱਲਾਸ਼ੇਰੀ ਦੇਣ ਵਾਲੇ ਕੰਮ ਕਰੇਗੀ। ਇਸ ਲਈ ਸਾਡਾ ਥੀਮ ‘ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ’ ਹੈ।

ਇਹ ਸਿਰਫ ਇਕ ਨਾਅਰਾ ਨਹੀਂ। ਇਹ ਮਨੁੱਖੀ ਹਾਲਾਤ ’ਚ ਉਨ੍ਹਾਂ ਤਾਜ਼ਾ ਤਬਦੀਲੀਆਂ ਨੂੰ ਧਿਆਨ ’ਚ ਰੱਖਦਾ ਹੈ ਜਿਨ੍ਹਾਂ ਦੀ ਸ਼ਲਾਘਾ ਕਰਨ ’ਚ ਅਸੀਂ ਸਮੂਹਿਕ ਪੱਖੋਂ ਨਾਕਾਮ ਰਹੇ ਹਾਂ। ਅੱਜ ਸਾਡੇ ਕੋਲ ਦੁਨੀਆ ਦੇ ਸਭ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਚੋਖੇ ਉਤਪਾਦਨ ਦੇ ਸਾਧਨ ਹਨ। ਅੱਜ ਸਾਨੂੰ ਆਪਣੀ ਹੋਂਦ ਲਈ ਲੜਨ ਦੀ ਲੋੜ ਨਹੀਂ ਹੈ। ਸਾਡੇ ਯੁੱਗ ਨੂੰ ਜੰਗ ਦਾ ਯੁੱਗ ਹੋਣ ਦੀ ਲੋੜ ਨਹੀਂ ਹੈ। ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। ਅੱਜ ਅਸੀਂ ਪੌਣ ਪਾਣੀ ਦੀ ਤਬਦੀਲੀ, ਅੱਤਵਾਦ ਅਤੇ ਮਹਾਮਾਰੀ ਵਰਗੀਆਂ ਜਿਨ੍ਹਾਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦਾ ਹੱਲ ਆਪਸ ’ਚ ਲੜ ਕੇ ਨਹੀਂ ਸਗੋਂ ਮਿਲ ਕੇ ਕੰਮ ਕਰ ਕੇ ਹੀ ਕੱਢਿਆ ਜਾ ਸਕਦਾ ਹੈ।

ਚੰਗੇ ਭਾਗੀ ਅੱਜ ਦੀ ਜੋ ਤਕਨੀਕ ਹੈ ਉਹ ਸਾਨੂੰ ਮਨੁੱਖਤਾ ਦੇ ਵਿਆਪਕ ਪੈਮਾਨੇ ’ਤੇ ਸਮੱਸਿਆਵਾਂ ਦਾ ਹੱਲ ਕਰਨ ਦਾ ਸਾਧਨ ਵੀ ਪ੍ਰਦਾਨ ਕਰਦੀ ਹੈ। ਅੱਜ ਅਸੀਂ ਜਿਸ ਵਿਸ਼ਾਲ ਵਰਚੁਅਲ ਦੁਨੀਆ ’ਚ ਰਹਿੰਦੇ ਹਾਂ, ਉਹ ਡਿਜੀਟਲ ਤਕਨਾਲੋਜੀ ਤੇ ਪੈਮਾਨੇ ਨੂੰ ਦਰਸਾਉਂਦੀ ਹੈ। ਭਾਰਤ ਇਸ ਕੁਲ ਵਿਸ਼ਵ ਦਾ ਸੂਖਮ ਜਗਤ ਹੈ ਜਿੱਥੇ ਦੁਨੀਆ ਦੀ ਆਬਾਦੀ ਦਾ 6ਵਾਂ ਹਿੱਸਾ ਰਹਿੰਦਾ ਹੈ। ਇੱਥੇ ਭਾਸ਼ਾਵਾਂ, ਧਰਮਾਂ, ਰੀਤੀ-ਰਿਵਾਜ਼ਾਂ ਅਤੇ ਭਰੋਸਿਆਂ ਦੀ ਵਿਸ਼ਾਲ ਵੰਨ-ਸੁਵੰਨਤਾ ਹੈ।

ਸਮੂਹਿਕ ਫੈਸਲਾ ਲੈਣ ਦੀ ਸਭ ਤੋਂ ਪੁਰਾਣੀ ਜਾਣ-ਪਛਾਣ ਵਾਲੀ ਪ੍ਰੰਪਰਾ ਵਾਲੀ ਸੱਭਿਅਤਾ ਹੋਣ ਦੇ ਨਾਤੇ ਭਾਰਤ ਦੁਨੀਆ ’ਚ ਲੋਕਰਾਜ ਦੇ ਮੂਲ ਡੀ.ਐੱਨ.ਏ. ’ਚ ਯੋਗਦਾਨ ਪਾਉਂਦਾ ਹੈ। ਲੋਕਰਾਜ ਦੀ ਜਨਨੀ ਵਜੋਂ ਭਾਰਤ ਦੀ ਕੌਮੀ ਸਹਿਮਤੀ ਕਿਸੇ ਫਰਮਾਨ ਤੋਂ ਨਹੀਂ ਸਗੋਂ ਕਰੋੜਾਂ ਆਜ਼ਾਦ ਆਵਾਜ਼ਾਂ ਨੂੰ ਇਕ ਸੁਰੀਲੀ ਆਵਾਜ਼ ’ਚ ਮਿਲਾ ਕੇ ਬਣਾਈ ਗਈ ਹੈ।

ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ। ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਉਸਾਰੂ ਪ੍ਰਤਿਭਾ ਦਾ ਪੋਸ਼ਣ ਕਰਦੇ ਹੋਏ ਸਾਡਾ ਨਾਗਰਿਕ-ਕੇਂਦਰ ਸ਼ਾਸਨ ਮਾਡਲ ਬਿਲਕੁਲ ਹਾਸ਼ੀਏ ’ਤੇ ਖੜ੍ਹੇ ਲੋਕਾਂ ਦਾ ਵੀ ਧਿਆਨ ਰੱਖਦਾ ਹੈ। ਅਸੀਂ ਕੌਮੀ ਵਿਕਾਸ ਨੂੰ ਉਪਰ ਤੋਂ ਹੇਠਾਂ ਵੱਲ ਦੇ ਰਾਜ ਦੀ ਕਵਾਇਦ ਨਹੀਂ ਸਗੋਂ ਇਕ ਨਾਗਰਿਕ ਅਗਵਾਈ ਵਾਲਾ ‘ਲੋਕ ਅੰਦੋਲਨ’ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਅਸੀਂ ਅਜਿਹੀਆਂ ਡਿਜੀਟਲ ਲੋਕ ਵਰਤੋਂ ਵਾਲੀਆਂ ਚੀਜ਼ਾਂ ਨੂੰ ਬਣਾਉਣ ਲਈ ਟੈਕਨਾਲੋਜੀ ਦਾ ਲਾਭ ਉਠਾਇਆ ਹੈ, ਜੋ ਖੁਲ੍ਹੀਆਂ ਸਮਾਵੇਸ਼ੀ ਅਤੇ ਅੰਤਰ ਸੰਚਾਲਨ ਯੋਗ ਹਨ। ਇਨ੍ਹਾਂ ਕਾਰਨ ਸਮਾਜਿਕ ਸੁਰੱਖਿਆ, ਵਿੱਤੀ ਸਮਾਵੇਸ਼ ਅਤੇ ਇਲੈਕਟ੍ਰਾਨਿਕ ਭੁਗਤਾਨ ਵਰਗੇ ਵੰਨ-ਸੁਵੰਨੇ ਖੇਤਰਾਂ ’ਚ ਕ੍ਰਾਂਤੀਕਾਰੀ ਤਰੱਕੀ ਹੋਈ ਹੈ। ਇਨ੍ਹਾਂ ਸਭ ਕਾਰਨਾਂ ਨਾਲ ਭਾਰਤ ਦੇ ਤਜਰਬੇ ਸੰਭਾਵਤ ਕੌਮਾਂਤਰੀ ਹੱਲ ਲਈ ਇਕ ਦੂਰ ਦੀ ਦ੍ਰਿਸ਼ਟੀ ਪ੍ਰਦਾਨ ਕਰ ਸਕਦੇ ਹਨ। ਜੀ-20 ਪ੍ਰਧਾਨਗੀ ਦੌਰਾਨ ਅਸੀਂ ਭਾਰਤ ਦੇ ਤਜਰਬੇ, ਗਿਆਨ ਅਤੇ ਖਰੜੇ ਨੂੰ ਦੂਜਿਆਂ ਲਈ ਖਾਸ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ ਲਈ ਇਕ ਸੰਭਾਵਤ ਟੈਂਪਲੇਟ ਵਜੋਂ ਪੇਸ਼ ਕਰਾਂਗੇ।

ਸਾਡੀਆਂ ਜੀ-20 ਪਹਿਲਕਦਮੀਆਂ ਨੂੰ ਨਾ ਸਿਰਫ ਸਾਡੇ ਜੀ-20 ਭਾਈਵਾਲਾਂ ਸਗੋਂ ਕੌਮਾਂਤਰੀ ਦੱਖਣ ’ਚ ਸਾਡੇ ਨਾਲ ਚੱਲਣ ਵਾਲੇ ਦੇਸ਼ਾਂ, ਜਿਨ੍ਹਾਂ ਦੀਆਂ ਗੱਲਾਂ ਨੂੰ ਅਕਸਰ ਅਣਸੁਣਿਆ ਕਰ ਦਿੱਤਾ ਜਾਂਦਾ ਹੈ, ਦੀ ਸਲਾਹ ਨਾਲ ਨਿਰਧਾਰਿਤ ਕੀਤਾ ਜਾਵੇਗਾ। ਸਾਡੀਆਂ ਪਹਿਲਕਦਮੀਆਂ, ਸਾਡੀ ਇਕ ਧਰਤੀ ਨੂੰ ਸੁਰੱਖਿਅਤ ਕਰਨ, ਸਾਡੇ ‘ਇਕ ਪਰਿਵਾਰ’ ’ਚ ਸਦਭਾਵਨਾ ਪੈਦਾ ਕਰਨ ਅਤੇ ਸਾਡੇ ‘ਇਕ ਭਵਿੱਖ’ ਨੂੰ ਉਮੀਦ ਮੁਤਾਬਕ ਬਣਾਉਣ ’ਤੇ ਕੇਂਦਰਿਤ ਹੋਣਗੀਆਂ।

ਆਪਣੇ ਗ੍ਰਹਿ ਨੂੰ ਪੋਸ਼ਿਤ ਕਰਨ ਲਈ ਅਸੀਂ ਭਾਰਤ ਦੀ ਪ੍ਰਕ੍ਰਿਤੀ ਦੀ ਦੇਖਭਾਲ ਕਰਨ ਦੀ ਪ੍ਰੰਪਰਾ ਦੇ ਆਧਾਰ ’ਤੇ ਸਥਾਈ ਤੇ ਚੌਗਿਰਦੇ ਮੁਤਾਬਕ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਾਂਗੇ।

ਮਨੁੱਖ ਪਰਿਵਾਰ ਅੰਦਰ ਸਦਭਾਵਨਾ ਨੂੰ ਵਧਾਉਣ ਲਈ ਅਸੀਂ ਖੁਰਾਕ, ਖਾਦ ਅਤੇ ਮੈਡੀਕਲ ਉਤਪਾਦਾਂ ਦੀ ਕੌਮਾਂਤਰੀ ਸਪਲਾਈ ਨੂੰ ਗੈਰ-ਸਿਆਸੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਭੂ-ਸਿਆਸੀ ਖਿਚਾਅ ਮਨੁੱਖੀ ਸੰਕਟ ਦਾ ਕਾਰਨ ਨਾ ਬਣੇ। ਜਿਵੇਂ ਸਾਡਾ ਆਪਣੇ ਪਰਿਵਾਰਾਂ ’ਚ ਹੁੰਦਾ ਹੈ ਜਿਨ੍ਹਾਂ ਦੀਆਂ ਲੋੜਾਂ ਸਭ ਤੋਂ ਵੱਧ ਹੁੰਦੀਆਂ ਹਨ। ਸਾਨੂੰ ਉਨ੍ਹਾਂ ਦੀ ਚਿੰਤਾ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ’ਚ ਉਮੀਦ ਜਗਾਉਣ ਲਈ ਅਸੀਂ ਵੱਡੇ ਪੱਧਰ ’ਤੇ ਤਬਾਹੀ ਦੇ ਹਥਿਆਰਾਂ ਕਾਰਨ ਪੈਦਾ ਹੋਣ ਵਾਲੇ ਖਤਰਿਆਂ ਨੂੰ ਘੱਟ ਕਰਨ ਅਤੇ ਕੌਮਾਂਤਰੀ ਸੁਰੱਖਿਆ ਵਧਾਉਣ ’ਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ਾਂ ਦਰਮਿਆਨ ਇਕ ਇਮਾਨਦਾਰ ਗੱਲਬਾਤ ਨੂੰ ਹੱਲਾਸ਼ੇਰੀ ਪ੍ਰਦਾਨ ਕਰਾਂਗੇ।

ਭਾਰਤ ਦਾ ਜੀ-20 ਏਜੰਡਾ ਸਮਾਵੇਸ਼ੀ, ਇੱਛਾਵਾਨ, ਕਾਰਵਾਈ ਪੱਖੀ ਅਤੇ ਫੈਸਲਾਕੁੰਨ ਹੋਵੇਗਾ। ਆਓ, ਅਸੀਂ ਭਾਰਤ ਦੀ ਜੀ-20 ਪ੍ਰਧਾਨਗੀ ਨੂੰ ਸਰਪ੍ਰਸਤੀ, ਸਦਭਾਵਨਾ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਲਈ ਇਕਮੁੱਠ ਹੋ ਜਾਈਏ। ਆਓ, ਅਸੀਂ ਮਨੁੱਖ ਕੇਂਦਰਿਤ ਕੌਮਾਂਤਰੀਕਰਨ ਦੇ ਇਕ ਨਵੇਂ ਰੂਪ ਨੂੰ ਤਿਆਰ ਕਰਨ ਲਈ ਮਿਲ ਕੇ ਕੰਮ ਕਰੀਏ।

ਨਰਿੰਦਰ ਮੋਦੀ, ਪ੍ਰਧਾਨ ਮੰਤਰੀ


Anuradha

Content Editor

Related News