ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ...

08/09/2023 12:59:23 PM

‘‘ਜੈਸਾ ਬੀਜੈ, ਸੋ ਲੁਣੈ ਕਰਮਾਂ ਸੰਦੜਾ ਖੇਤੁ’’ ਦੇ ਮਹਾਨ ਵਾਕ ’ਚ ਸਮੋਇਆ ਸਦੀਵੀ ਸੱਚ ਦਾ ਫਲਸਫਾ ਮਣੀਪੁਰ ਤੇ ਹਰਿਆਣੇ ਦੀ ਧਰਤੀ ’ਤੇ ਉਜਾਗਰ ਹੋ ਰਿਹਾ ਹੈ। ਜਿਸ ਤਰ੍ਹਾਂ ਦਾ ਅੱਤ ਸੌੜੀ ਤੇ ਫਿਰਕੂ ਸੋਚ ਨਾਲ ਓਤਪੋਤ ਮਾਹੌਲ 1914 ’ਚ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਭਾਰਤ ਦੇ ਰਾਜਨੀਤਕ ਤੇ ਵਿਚਾਰਧਾਰਕ ਖੇਤਰਾਂ ’ਚ ਸਿਰਜਿਆ ਗਿਆ ਹੈ, ਉਸ ਦੀ ਹੀ ਦੇਣ ਹੈ ਮਣੀਪੁਰ ਦੀਆਂ ਦਿਲ ਹਿਲਾ ਦੇਣ ਵਾਲੀਆਂ ਘਟਨਾਵਾਂ, ਜਿਥੇ ਜਬਰ-ਜ਼ਨਾਹ ਕਰਨ ਤੋਂ ਬਾਅਦ ਨਗਨ ਔਰਤਾਂ ਨੂੰ ਸਰੇ-ਬਾਜ਼ਾਰ ਘੁਮਾਇਆ ਗਿਆ। ਸੂਬਾਈ ਸਰਕਾਰ, ਪ੍ਰਸ਼ਾਸਨ ਤੇ ਫਿਰਕੂ ਨਫਰਤ ਵੰਡਣ ਵਾਲੇ ਟੋਲੇ ਇਹ ਸਾਰਾ ‘ਨਜ਼ਾਰਾ’ ਦੇਖ ਕੇ ਤਾਲੀਆਂ ਵਜਾ ਰਹੇ ਸਨ। ਸ਼ਾਇਦ ਪੀੜਤਾਂ ਦੀ ‘ਹੋਣੀ’ ’ਤੇ ਖੀਵਾ-ਖੀਵਾ ਮੁਸਕਰਾ ਵੀ ਰਹੇ ਹੋਣ। ਇਹ ਸਾਰਾ ਕੁਝ ‘ਸੱਤਾ ’ਤੇ ਕਬਜ਼ੇ ਨੂੰ ਪੱਕੇ ਪੈਰੀਂ ਕਰਨ ਲਈ ਕੀਤਾ ਜਾ ਰਿਹਾ ਹੈ। ਸਾਰੇ ਸੰਸਾਰ ਨੂੰ ਪਰਿਵਾਰ (ਕੁਟੰਬ) ਕਹਿਣ ਵਾਲੇ ਤੇ ‘ਮਰਿਆਦਾ ਪੁਰਸ਼ੋਤਮ’ ਦੇ ਅਨੁਆਈ ਹੋਣ ਦਾ ਦਾਅਵਾ ਕਰਨ ਵਾਲੇ ਸਭ ਨੇਤਾ, ਧਰਮ ਗੁਰੂ ਤੇ ਸਮਾਜ ਸੇਵਾ ਦਾ ਮੁਖੌਟਾ ਪਾਈ ਬਾਜ਼ਾਰਾਂ ’ਚ ਘੁੰਮ ਰਹੇ ਲੋਕ ਮਣੀਪੁਰ ’ਚ ਵਾਪਰਨ ਵਾਲੇ ਅਨਰਥ ਦੇਖ ਕੇ ‘ਮੌਨ ਵਰਤ’ ਧਾਰ ਗਏ। ਸੁਪਰੀਮ ਕੋਰਟ ਸੰਵਿਧਾਨਕ ਮਰਿਆਦਾਵਾਂ ਦੀ ਪਾਲਣਾ ਕਰਨ ਲਈ ਕੇਂਦਰੀ ਤੇ ਸੂਬਾਈ ਸਰਕਾਰਾਂ ਨੂੰ ਤਾੜਨਾ ਕਰਨ ਤੋਂ ਸਿਵਾਏ ਹੋਰ ਕਰ ਵੀ ਕੀ ਸਕਦੀ ਹੈ? ਜਦੋਂ ਹਾਕਮਾਂ ਨੇ ਕੰਨਾਂ ’ਚ ਕੌੜਾ ਤੇਲ ਪਾ ਲਿਆ ਹੋਵੇ ਤੇ ਅੱਖਾਂ ’ਤੇ ਪੱਟੀਆਂ ਬੰਨ੍ਹ ਲਈਆਂ ਹੋਣ, ਤਦ ਕੋਈ ਆਵਾਜ਼ ਜਾਂ ਅਣਹੋਣੀ ਵਾਰਦਾਤ ਵੀ ਹੈਸਿਆਰਿਆਂ ਦੇ ਦਿਲਾਂ ਨੂੰ ਪਿਘਲਾ ਨਹੀਂ ਸਕਦੀ। ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਜਿਸ ਢੰਗ ਨਾਲ ਹੜਦੁੰਗੀ ਧਮਕੀਆਂ ਦੇ ਰਹੇ ਹਨ, ਉਹ ਸਾਡੇ ਲੋਕਰਾਜੀ ਇਤਿਹਾਸ ਦਾ ਬਿਲਕੁਲ ਨਿਵੇਕਲਾ ਪੰਨਾ ਬਣ ਗਿਆ ਹੈ। ਫਾਸ਼ੀਵਾਦੀ ਮਾਹੌਲ ਅੰਦਰ ਸੱਚ ਬੋਲਣਾ, ਸੱਚ ਲਿਖਣਾ, ਸੱਚ ’ਤੇ ਅਮਲ ਕਰਨਾ ਸਭ ਕੁਝ ਖਤਰਿਆਂ ਭਰਪੂਰ ਬਣਦਾ ਜਾ ਰਿਹਾ ਹੈ। ਕਮਾਲ ਤਾਂ ਇਹ ਹੈ ਕਿ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ‘ਅੰਮ੍ਰਿਤ ਕਾਲ’ ’ਚੋਂ ਗੁਜ਼ਰ ਰਿਹਾ ਹੈ।

ਜਦੋਂ ਕੋਈ ਰਾਜਸੀ ਦਲ ਜਾਂ ਆਗੂ ਮਣੀਪੁਰ ਤੇ ਹਰਿਆਣੇ ’ਚ ਵਾਪਰੀਆਂ ਦੁਖਦ ਘਟਨਾਵਾਂ ਬਾਰੇ ਆਵਾਜ਼ ਉਠਾਉਂਦਾ ਹੈ, ਤਦ ਉਸ ’ਤੇ ਸਰਕਾਰੀ ਪੱਖ ‘ਰਾਜਨੀਤੀ ਕਰਨ’ ਦਾ ਇਲਜ਼ਾਮ ਲਗਾ ਦਿੰਦਾ ਹੈ। ਕੀ ਰਾਜਨੀਤੀ ਲੋਕਾਂ ਨਾਲ ਧੋਖਾ ਕਰਨ ਜਾਂ ਧਨ ਇਕੱਠਾ ਕਰਨ ਲਈ ਹੁੰਦੀ ਹੈ? ਜੇਕਰ ਸਮਾਜ ਅੰਦਰ ਹੋ ਰਹੇ ਜ਼ੁਲਮਾਂ ਤੇ ਬੇਇਨਸਾਫੀਆਂ ਵਿਰੁੱਧ ਆਵਾਜ਼ ਹੀ ਨਹੀਂ ਉਠਾਉਣੀ ਤਾਂ ਫਿਰ ਰਾਜਨੀਤੀ ਕਿਸ ‘ਬਲਾ’ ਦਾ ਨਾਂ ਹੈ? ਅਸਲ ’ਚ ਹੁਕਮਰਾਨ ਸੱਚ ਨੂੰ ਲੋਕਾਂ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ।

ਅਜੇ ਮਣੀਪੁਰ ਘਟਨਾਵਾਂ ਦੇ ਸੰਦਰਭ ’ਚ ਲੋਕਾਂ ਦੇ ਹੰਝੂ ਰੁਕੇ ਵੀ ਨਹੀਂ ਸਨ ਕਿ ਨੂਹ (ਹਰਿਆਣਾ) ’ਚ ਫਿਰਕੂ ਘਟਨਾਵਾਂ ਦਾ ਦੌਰ ਚੱਲ ਪਿਆ। ਇਕ ‘ਲੋਕ ਰਾਖੇ’ ਨੇ ਤਿੰਨ ਮੁਸਲਮਾਨਾਂ ਤੇ ਇਕ ਆਪਣੇ ਹਮਜੋਲੀ ਦੀ ਗੋਲੀਆਂ ਮਾਰ ਕੇ ਦਿਨ-ਦਿਹਾੜੇ ਹੱਤਿਆ ਕਰ ਦਿੱਤੀ। ਇਸੇ ਲੜੀ ਦੇ ਅਗਲੇ ਪੜਾਅ ’ਚ ਇਕ ਧਾਰਮਿਕ ਜਲੂਸ ’ਚ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ। ਮੌਤਾਂ ਦੀ ਗਿਣਤੀ 6 ਹੋ ਗਈ, ਸੈਂਕੜੇ ਲੋਕ ਜ਼ਖ਼ਮੀ ਹਨ ਤੇ ਲੱਖਾਂ ਦੀ ਸੰਪਤੀ ਸੜ ਕੇ ਰਾਖ ਬਣ ਗਈ ਹੈ। ਹਰਿਆਣੇ ਸੂਬੇ ਅੰਦਰ ਕੁਝ ਥਾਵਾਂ ’ਤੇ ਕਰਫਿਊ, 6 ਜ਼ਿਲਿਆਂ ’ਚ ਦਫ਼ਾ 144 ਲਾਗੂ ਕਰਨਾ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਲਈ ਕਾਫ਼ੀ ਹੈ। ਖਬਰਾਂ ਆ ਰਹੀਆਂ ਹਨ ਕਿ ਇਸ ਇਲਾਕੇ ’ਚੋਂ ਘੱਟਗਿਣਤੀ ਮੁਸਲਿਮ ਭਾਈਚਾਰਾ ਡਰ ਤੇ ਸਹਿਮ ਕਾਰਨ ਆਪਣੇ ਘਰਾਂ ਤੋਂ ਅਣਜਾਣੀਆਂ ਥਾਵਾਂ ਲਈ ਕੂਚ ਕਰ ਰਿਹਾ ਹੈ।

ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਥਿਤੀ ਕੰਟਰੋਲ ਹੇਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੋਸ਼ੀਆਂ ਦੀ ਫੜੋ-ਫੜੀ ਸ਼ੁਰੂ ਹੋ ਚੁੱਕੀ ਹੈ। ਗੋਦੀ ਮੀਡੀਆ ਆਪਣੇ ‘ਪਵਿੱਤਰ ਫਰਜ਼ਾਂ’ ਨੂੰ ਨਿਭਾਉਂਦਾ ਹੋਇਆ ‘ਪੱਥਰਬਾਜ਼ਾਂ’ (ਭਾਵ ਮੁਸਲਿਮ ਭਾਈਚਾਰੇ) ਨੂੰ ਸਬਕ ਸਿਖਾਉਣ ਦੀਆਂ ਖਬਰਾਂ ਪੂਰੇ ਜ਼ੋਰ ਨਾਲ ਨਸ਼ਰ ਕਰ ਰਿਹਾ ਹੈ। ਹਰਿਆਣੇ ਦੇ ਮੁੱਖ ਮੰਤਰੀ ਜੀ ਨੇ ਸਾਫ਼ ਸ਼ਬਦਾਂ ’ਚ ਆਖ ਦਿੱਤਾ ਹੈ ਕਿ ‘‘ਸਰਕਾਰ ਹਰ ਆਦਮੀ ਦੀ ਰੱਖਿਆ ਨਹੀਂ ਕਰ ਸਕਦੀ।’’ ਅਜਿਹਾ ਸੱਚ ਬੋਲਣ ’ਤੇ ਖੱਟੜ ਸਾਹਿਬ ਜੀ ਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ! ਸਰਕਾਰਾਂ ਅਮੀਰਾਂ ਨੂੰ ਅਮੀਰ ਕਰਨ ਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਣ, ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਭਰਨ, ਸਮਾਜ ਅੰਦਰ ਪਿਛਾਖੜੀ ਤੇ ਹਨੇਰ ਬਿਰਤੀ ਵਿਚਾਰ ਫੈਲਾਉਣ ਅਤੇ ਸਭ ਤੋਂ ਵੱਧ ਸਰਕਾਰੀ ਵਿਰੋਧ ਨੂੰ ਜਬਰ-ਜ਼ੁਲਮ ਨਾਲ ਦਬਾਉਣ ਲਈ ਹੁੰਦੀਆਂ ਹਨ, ਨਾ ਕਿ ਲੋਕਾਈ ਦੀ ਰਾਖੀ ਲਈ।

ਸੰਭਵ ਹੈ ਕੁਝ ਲੋਕ ਸਹਿਮਤ ਨਾ ਹੋਣ ਪਰ ਹਕੀਕਤ ਇਹ ਹੈ ਕਿ ਦੇਸ਼ ਪਿਛਲੇ ਕੁਝ ਸਾਲਾਂ ਤੋਂ ਵੱਡੇ ਸਮਾਜਿਕ ਤਣਾਅ, ਫਿਰਕੂ ਨਫਰਤ, ਅਸਹਿਣਸ਼ੀਲਤਾ ਤੇ ਬੇਵਿਸ਼ਵਾਸੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਹਰ ਦਿਨ ਧਰਮ ਤੇ ਜਾਤੀ ਦੇ ਨਾਂ ’ਤੇ ਦੰਗੇ ਹੋ ਰਹੇ ਹਨ। ਬੇਗੁਨਾਹ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਕ ਪਾਸੇ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਦੇਸ਼ ਦੀ 80 ਫੀਸਦੀ ਹਿੰਦੂ ਵਸੋਂ ਦਾ ਧਰਮ ਵੱਡੇ ਖਤਰਿਆਂ ’ਚ ਘਿਰਿਆ ਹੋਇਆ ਹੈ। ਕਿਸ ਤੋਂ? 20 ਪ੍ਰਤੀਸ਼ਤ ਮੁਸਲਿਮ ਭਾਈਚਾਰੇ ਤੋਂ, ਮਨੂੰਵਾਦੀ ਸਮਾਜਿਕ ਵਿਵਸਥਾ ਦੇ ਵਿਰੋਧੀਆਂ ਵਲੋਂ ਤੇ ਬਰਾਬਰਤਾ, ਆਜ਼ਾਦੀ ਤੇ ਲੁੱਟ-ਖਸੁੱਟ ਰਹਿਤ ਸਮਾਜ ਸਿਰਜਣ ਲਈ ਸੰਘਰਸ਼ਸ਼ੀਲ ਤਾਕਤਾਂ ਤੋਂ! ਇਸ ਮਾਹੌਲ ਅੰਦਰ ਧਾਰਮਿਕ ਘੱਟਗਿਣਤੀਆਂ ’ਚ ਵੀ ਸਥਿਤੀ ਦਾ ਲਾਹਾ ਲੈਣ ਲਈ ਐਸੇ ਲੋਕ ਸਿਰ ਚੁੱਕ ਲੈਂਦੇ ਹਨ, ਜੋ ਸਮਾਜਿਕ ਖਿਚਾਅ ਵਧਾਉਣ ਲਈ ਉਤੇਜਿਤ ਬਿਆਨਬਾਜ਼ੀ ਸ਼ੁਰੂ ਕਰ ਦਿੰਦੇ ਹਨ। ਹਰ ਰੰਗ ਦੇ ਫਿਰਕੂ ਟੋਲਿਆਂ ਤੇ ਸੰਗਠਨਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਂਝ ਇਹ ਦੋਨੋਂ ਕਾਰਜ ਇਕ ਹੀ ‘ਧਿਰ’ ਵੱਲੋਂ ਵੀ ਅਮਲ ’ਚ ਲਿਆਂਦੇ ਜਾ ਸਕਦੇ ਹਨ? ਦੇਸ਼ ਅੰਦਰ ਧਰਮ, ਜਾਤੀ ਜਾਂ ਆਸਥਾ ਦੇ ਆਧਾਰ ’ਤੇ ਕੋਈ ਵੀ ਹਿੰਸਕ ਕਾਰਵਾਈ ਜਾਂ ਦੰਗਾ ਜਿਸ ਧਿਰ ਲਈ ਫਾਇਦੇਮੰਦ ਹੋ ਸਕਦਾ ਹੈ, ਉਹੀ ਧਿਰ ਇਹ ਕੁਕਰਮ ਕਰੇਗੀ ਜਾਂ ਕਰਵਾਏਗੀ। ਪੀੜਤ ਧਿਰ ਤਾਂ ਬੱਕਰੇ ਵਾਂਗ ਕਿਸੇ ਦੂਸਰੇ ਦਾ ਸ਼ਿਕਾਰ ਕਰਨ ਨਾਲੋਂ ਆਪਣੀ ਜਾਨ ਬਚਾਉਣ ਲਈ ਹੀ ਫਿਕਰਮੰਦ ਰਹਿੰਦੀ ਹੈ। ਅਜੋਕੀ ਸਥਿਤੀ ਲਈ ਲਾਜ਼ਮੀ ਤੌਰ ’ਤੇ ਉਹੀ ਲੋਕ ਜ਼ਿੰਮੇਵਾਰ ਹਨ, ਜੋ ਦੇਸ਼ ਦੇ ਮੌਜੂਦਾ ਸੰਵਿਧਾਨ ਵਲੋਂ ਸਥਾਪਤ ਧਰਮਨਿਰਪੱਖਤਾ, ਲੋਕਰਾਜ ਤੇ ਸੰਘਾਤਮਕ ਢਾਂਚੇ ਦੀ ਥਾਂ ਇਕ ‘ਧਰਮ ਆਧਾਰਿਤ’ ਗੈਰ-ਲੋਕਰਾਜੀ ਵਿਵਸਥਾ ਕਾਇਮ ਕਰਨ ਲਈ ਯਤਨਸ਼ੀਲ ਹਨ, ਜਿਥੇ ਘੱਟਗਿਣਤੀ ਧਾਰਿਮਕ ਭਾਈਚਾਰਿਆਂ ਤੇ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ‘ਗੁਲਾਮੀ ਤੇ ਤਸੀਹਿਆਂ’ ਨੂੰ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਦੇਸ਼ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਲੋਕਾਂ ਨੇ ਇਕਮੁੱਠ ਹੋ ਕੇ ‘ਆਪਾ-ਵਾਰੂ ਪ੍ਰੰਪਰਾਵਾਂ’ ਉਪਰ ਚੱਲਦਿਆਂ ਮਾਣਮੱਤੀਆਂ ਕੁਰਬਾਨੀਆਂ ਕੀਤੀਆਂ ਤੇ ਆਜ਼ਾਦੀ ਮਿਲਣ ਉਪਰੰਤ ਸਾਰੀਆਂ ਮੁਸ਼ਕਿਲਾਂ ਤੇ ਖਾਮੀਆਂ ਦੇ ਬਾਵਜੂਦ ਵੱਖ-ਵੱਖ ਧਰਮਾਂ, ਕੌਮੀਅਤਾਂ, ਜਾਤੀਆਂ, ਬੋਲੀਆਂ ਤੇ ਸੱਭਿਆਚਾਰਾਂ ਵਾਲੇ ਲੋਕਾਂ ਦੀ ਅਨੇਕਤਾ ’ਚ ਏਕਤਾ’ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਏਕਤਾ ਤੇ ਆਜ਼ਾਦੀ ਨੂੰ ਬਰਕਰਾਰ ਰੱਖਿਆ। ਅੱਜ ਇਹ ਸਭ ਕੁਝ ਵੱਡੇ ਖਤਰਿਆਂ ’ਚ ਹੈ। ਇਹ ਵਰਤਾਰਾ ਦੇਸ਼ ਦੇ 140 ਕਰੋੜ ਲੋਕਾਂ ਦੀ ਹੋਂਦ ਲਈ ਹੀ ਘਾਤਕ ਹੈ। ਨਾਲ ਹੀ ਅਜਿਹਾ ਉਨ੍ਹਾਂ ਸਭ ਲੋਕਾਂ ਲਈ ਖਤਰੇ ਦੀ ਘੰਟੀ ਹੈ, ਜੋ ਆਪਣੀ ਸੱਚੀ-ਸੁੱਚੀ ਕਿਰਤ ਨਾਲ ਖੁਸ਼ੀ/ਗਮੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹ ਵਰਤਾਰਾ ਸਾਡੇ ਦੇਸ਼ ਦੇ ਉਨ੍ਹਾਂ ਮਹਾਨ ਧਾਰਮਿਕ ਤੇ ਸਮਾਜਿਕ ਆਗੂਆਂ, ਬੁੱਧੀਜੀਵੀਆਂ, ਸਮਾਜ ਸੁਧਾਰਕਾਂ ਤੇ ਇਨਕਲਾਬੀਆਂ ਦੀ ਵਿਰਾਸਤ ਨਾਲ ਧ੍ਰੋਹ ਹੈ, ਜਿਨ੍ਹਾਂ ਨੇ ਹਨੇਰੇ ਪਲਾਂ ’ਚ ਵੀ ਰੌਸ਼ਨੀ ਦਾ ਚਿਰਾਗ਼ ਬਲਦਾ ਰੱਖਿਆ। ਖਤਰਾ ਸਾਂਝਾ ਹੈ, ਚਿੰਤਾਵਾਂ ਤੇ ਉਪਰਾਲੇ ਵੀ ਸਾਂਝੇ ਹੋਣੇ ਚਾਹੀਦੇ ਹਨ, ਇਸ ਮਾਹੌਲ ਨੂੰ ਠੱਲ੍ਹਣ ਲਈ! ਕਿਉਂਕਿ ‘‘ਲਗੇਗੀ ਆਗ਼ ਤੋਂ ਆਏਂਗੇ ਘਰ ਕਈ ਜ਼ਦ ਮੇਂ, ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜ੍ਹੀ ਹੈ।’’ - ਰਾਹਤ ਇੰਦੌਰੀ

ਮੰਗਤ ਰਾਮ ਪਾਸਲਾ


Rakesh

Content Editor

Related News