ਮੈਂ ਜ਼ਿੰਦਗੀ ਬਾਰੇ ਥੋੜ੍ਹਾ ਹੋਰ ਸੋਚਣ ਨੂੰ ਮਜਬੂਰ ਹੋ ਗਿਆ

Friday, Nov 08, 2024 - 06:55 PM (IST)

ਮੈਂ ਜ਼ਿੰਦਗੀ ਬਾਰੇ ਥੋੜ੍ਹਾ ਹੋਰ ਸੋਚਣ ਨੂੰ ਮਜਬੂਰ ਹੋ ਗਿਆ

ਇਸ ਹਫ਼ਤੇ ਦਾ ਕਾਲਮ ਡਾਕਟਰ ਸੰਦੀਪ ਚੈਟਰਜੀ (63) ਅਤੇ ਰਤੁਲ ਸੂਦ (58) ਬਾਰੇ ਹੈ, ਜਿਹੜੇ ਦੋਵੇਂ ਕੋਲਕਾਤਾ ਦੇ ਹਨ, ਜਿਨ੍ਹਾਂ ਨੂੰ ਮੈਂ ਜਾਣਦਾ ਸੀ। ਇਸ ਹਫਤੇ ਦਾ ਕਾਲਮ ਦਿੱਲੀ ਦੇ ਦੋ ਵਿਅਕਤੀਆਂ ਰੋਹਿਤ ਬਲ (63) ਅਤੇ ਬਿਬੇਕ ਦੇਬ ਰਾਏ (69) ਬਾਰੇ ਹੈ, ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ ਸੀ, ਪਰ ਜਿਨ੍ਹਾਂ ਬਾਰੇ ਮੈਂ ਸਿਰਫ ਪੜ੍ਹਿਆ ਸੀ। ਚਾਰੋਂ ਚਲੇ ਗਏ।

ਇਹ ਕੋਈ ਚਹੁੰ-ਪੱਖੀ ਮੌਤ ਦਾ ਲੇਖ ਨਹੀਂ ਹੈ। ਨਾ ਹੀ ਇਹ ਚਾਰ ਸਫਲ ਸੱਜਣਾਂ ਲਈ ਇਕ ਸੋਗ-ਗੀਤ ਹੈ, ਜਿਹੜੇ ਇਕ ਸ਼ਹਿਰੀ ਜੰਗਲ ਭਾਵ ਸ਼ਹਿਰ ’ਚ ਰਹਿੰਦੇ ਸਨ। ਉਨ੍ਹਾਂ ਦੀਆਂ ਹਾਲੀਆ ਮੌਤਾਂ, ਉਹ ਸਾਰੇ ਮੇਰੀ ਹੀ ਉਮਰ ਦੇ ਸਨ, ਨੇ ਮੈਨੂੰ ਜ਼ਿੰਦਗੀ ਬਾਰੇ ਅਤੇ ਕਿਵੇਂ ਜਿਊਣਾ ਹੈ, ਬਾਰੇ ਥੋੜ੍ਹਾ ਹੋਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜਿਵੇਂ ਕਿ ਜੌਨ ਲੈਨਨ ਨੇ ਕਿਹਾ ਸੀ-‘‘ਜ਼ਿੰਦਗੀ ਉਹ ਹੈ ਜੋ ਤਦ ਤੁਹਾਡੇ ਕੋਲ ਹੁੰਦੀ ਹੈ, ਜਦੋਂ ਤੁਸੀਂ ਹੋਰ ਯੋਜਨਾਵਾਂ ਬਣਾਉਣ ਵਿਚ ਰੁੱਝੇ ਹੁੰਦੇ ਹੋ!’’

ਵੱਡਾ ਹੋਣ ’ਤੇ, ਫੁੱਟਬਾਲ ਮੇਰੀ ਮਨਪਸੰਦ ਆਊਟਡੋਰ ਖੇਡ ਸੀ, ਜਿਸ ਨੂੰ ਮੈਂ ਖੇਡਦਾ ਸੀ। ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕੋਗੇ ਕਿ ਮੇਰੀ ਮਨਪਸੰਦ ਇਨਡੋਰ ‘ਗੇਮ’ ਕੀ ਸੀ। ਕੰਟਰੈਕਟ ਬ੍ਰਿਜ! ਮੇਰੇ ਡੈਡੀ ਨੇ ਮੇਰੇ ਦੋ ਛੋਟੇ ਭਰਾਵਾਂ (ਐਂਡੀ, ਬੈਰੀ) ਅਤੇ ਮੈਨੂੰ ਸਾਡੀ ਜਵਾਨੀ ਵਿਚ ਹੀ ਬ੍ਰਿਜ ਸਿੱਖਣ ਲਈ ਉਤਸ਼ਾਹਿਤ ਕੀਤਾ।

ਮੇਰੇ 20 ਅਤੇ 30 ਦੇ ਦਹਾਕੇ ਵਿਚ ਇਕ ਸਮਾਂ ਸੀ ਜਦੋਂ ਮੈਂ ਹਫ਼ਤੇ ਵਿਚ ਤਿੰਨ ਵਾਰ ਬ੍ਰਿਜ ਖੇਡਦਾ ਸੀ। ਸਥਾਨਕ ਕਲੱਬ ਪੱਧਰ ਤੋਂ ਅੱਗੇ ਕਦੇ ਨਹੀਂ ਖੇਡਿਆ, ਪਰ ਖੇਡ ਨੂੰ ਪਿਆਰ ਕਰਦਾ ਸੀ। ਅਫਸੋਸ! ਮੁੰਬਈ ਦੇ ਟੈਲੀਵਿਜ਼ਨ ਸਟੂਡੀਓਜ਼ ਵਿਚ ਮਲਟੀ-ਕੈਮ ਕੁਇਜ਼ ਸ਼ੋਅ ਦੀ ਸ਼ੂਟਿੰਗ ਅਤੇ ਰਾਜਨੀਤੀ ਵਿਚ ਪਿਛਲੇ ਦੋ ਦਹਾਕਿਆਂ ਦੇ ਵਿਚਕਾਰ, ਇਹ ਦਿਲਚਸਪ ਕਾਰਡ ਗੇਮ ਇਕ ਦੂਰ ਦੀ ਯਾਦ ਬਣ ਕੇ ਰਹਿ ਗਈ ਸੀ।

ਪਿਛਲੇ ਹਫ਼ਤੇ ਇਹ ਬਦਲ ਗਈ।

25 ਤੋਂ ਵੱਧ ਸਾਲਾਂ ਬਾਅਦ, ਮੇਰੇ ਪੁਰਾਣੇ ਬ੍ਰਿਜ ਦੇ ਦੋਸਤਾਂ ਨੇ ਕੋਲਕਾਤਾ ਦੇ ਕਲੱਬ ‘ਡੀ’ ਵਿਚ ਤਿੰਨ ਘੰਟੇ ਦੇ ਸੈਸ਼ਨ ਦਾ ਆਯੋਜਨ ਕੀਤਾ, ਜਿਸ ਨੂੰ ਅਸੀਂ ਆਪਣਾ ਦੂਜਾ ਘਰ ਕਹਿੰਦੇ ਹਾਂ। ਇਨ੍ਹਾਂ ਵਿਚ ਜੋਅ (94), ਇਲਿਆਸ (84), ਨਿੱਕੀ (79) ਅਤੇ ਇਕ 63 ਸਾਲਾ ਵਿਅਕਤੀ ਸ਼ਾਮਲ ਸਨ। ਖੇਡ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਮੈਂ ਆਪਣੀ ਛੋਹ ਨਹੀਂ ਗੁਆਈ ਹੈ।

ਕਿੰਨੀ ਖੂਬ ਦੁਪਹਿਰ ਸੀ। ਬੱਚਿਆਂ ਵਰਗੇ ਉਤਸ਼ਾਹ ਨਾਲ ਮੈਂ ਆਪਣੇ ਦੋ ਭੈਣ-ਭਰਾਵਾਂ ਨਾਲ ਸੈਸ਼ਨ ਦੀ ਇਕ ਫੋਟੋ ਸਾਂਝੀ ਕੀਤੀ। ਇੱਥੇ, ਉਨ੍ਹਾਂ ਵਿਚੋਂ ਇਕ ਨੇ ਵ੍ਹਟਸਐਪ ’ਤੇ ਜੋ ਜਵਾਬ ਦਿੱਤਾ, ਉਹ ਸ਼ਬਦ ਹਨ-

‘‘ਇਹ ਦੁਪਹਿਰ ਤਿੰਨ ਕਾਰਨਾਂ ਕਰ ਕੇ ਬਹੁਤ ਵੱਡੀ ਸੀ :

1) ਕਿ ਤੁਸੀਂ ਡੂੰਘਾਈ ਨਾਲ ਜਾਣਨ ਲਈ ਸਮਾਂ ਕੱਢਿਆ- ਅਤੇ ਉਹ ਕੀਤਾ ਜੋ ਅਸਲ ’ਚ ਕਰਨਾ ਚਾਹੁੰਦੇ ਸਨ, ਭਾਵੇਂ ਹੀ ਇਹ ਕਦੇ-ਕਦਾਈਂ ਹੀ ਕਿਉਂ ਨਾ ਹੋਵੇ!

2) ਇਹ ਸੱਜਣ 94, 84 ਅਤੇ 79 ਦੀ ਉਮਰ ’ਚ ਵੀ ਫਿੱਟ ਅਤੇ ਮਾਨਸਿਕ ਤੌਰ ’ਤੇ ਸੁਚੇਤ ਹਨ-ਅਤੇ ਜੋ ਕਰਨਾ ਚਾਹੁੰਦੇ ਹਨ, ਕਰ ਰਹੇ ਹਨ!

3) ਤੁਸੀਂ ਅਜੇ ਵੀ ਇਸ ’ਚ ਚੰਗੇ ਹੋ-ਇਸ ਦਾ ਮਤਲਬ ਹੈ ਕਿ ਜਦੋਂ ਤੁਹਾਨੂੰ ਲੋੜ ਹੋਵੇ, ਤਾਂ ਤੁਹਾਡਾ ਦਿਮਾਗ ਖੁਦ ਨੂੰ ‘ਸਾਫ’ ਕਰ ਸਕਦਾ ਹੈ।’’

ਇਸ ਵਿਸ਼ੇ ’ਤੇ ਮੈਂ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਜਿਊਣ ਬਾਰੇ ਹੋਰ ਕੀ ਕਹਿਣਾ ਹੈ? ਯਕੀਨਨ ਤੌਰ ’ਤੇ ਸਾਨੂੰ ਕੁਝ ਹੋਰ ਪੈਰਾਗ੍ਰਾਫ ਲਿਖਣ ਦੀ ਲੋੜ ਹੈ। ਜਾਂ ਸ਼ਾਇਦ ਇਕ ਜਾਂ ਦੋ ਕਿੱਸੇ ਵੀ ਦੱਸੀਏ। ਅਖੀਰ, ਇਸ ਅਖਬਾਰ ਨਾਲ ਸਮਝ ਇਹ ਹੈ ਕਿ ਮੈਂ ਜੋ ਕਾਲਮ ਲਿਖਦਾ ਹਾਂ, ਉਹ ‘ਲਗਭਗ 800 ਸ਼ਬਦਾਂ ਦਾ’ ਹੋਣਾ ਚਾਹੀਦਾ ਹੈ। ਹੁਣ ਸ਼ਬਦਾਂ ਦੀ ਗਿਣਤੀ 550 ਹੈ।

ਤਾਂ ਹੁਣ ਕੀ? ਟੀਚਾ, ਨਿਸ਼ਾਨੇ ਜਾਂ ਮੰਜ਼ਿਲ ਤਕ ਪੁੱਜਣ ਲਈ ਹੋਰ 200 ਸ਼ਬਦ ਲਿਖੀਏ? ਜਾਂ ਬੱਸ ਸਫਰ ਦਾ ਆਨੰਦ ਲਈਏ।

ਮੈਂ ਬਾਅਦ ਵਾਲਾ ਬਦਲ ਚੁਣਾਂਗਾ। ਧੰਨਵਾਦ...!

ਡੇਰੇਕ ਓ ਬ੍ਰਾਇਨ (ਸੰਸਦ ਮੈਂਬਰ ਅਤੇ ਟੀ.ਐੱਮ.ਸੀ. ਸੰਸਦੀ ਦਲ (ਰਾਜ ਸਭਾ) ਦੇ ਆਗੂ)


author

Rakesh

Content Editor

Related News