ਬੱਚਿਆਂ ਦੀ ਆਨਲਾਈਨ ਪੜ੍ਹਾਈ ਕਿੰਨੀ ਸਾਰਥਕ

11/11/2020 3:08:31 AM

ਮਧੁਰੇਂਦਰ ਸਿਨ੍ਹਾ

ਭਾਰਤ ਨੂੰ ਡਿਜੀਟਲ ਬਣਾਉਣ ਦਾ ਜੋ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੇਖਿਆ ਸੀ, ਉਸ ਨੂੰ ਕੋਰੋਨਾ ਨੇ ਕਾਫੀ ਹੱਦ ਤੱਕ ਪੂਰਾ ਕਰ ਦਿੱਤਾ। ਉਹ ਮੁਹਿੰਮ, ਜਿਸ ’ਚ ਅਜੇ ਕਈ ਸਾਲ ਹੋਰ ਲੱਗ ਜਾਣੇ ਸਨ, ਨੂੰ ਇਸ ਮਹਾਮਾਰੀ ਨੇ ਨਿਸ਼ਾਨੇ ਦੇ ਨੇੜੇ ਪਹੁੰਚਾ ਦਿੱਤਾ ਹੈ। ਅੱਜ ਲੈਣ-ਦੇਣ ਹੀ ਨਹੀਂ ਸਗੋਂ ਪੜ੍ਹਾਈ ਅਤੇ ਉਹ ਵੀ ਬੱਚਿਆਂ ਦੀ, ਡਿਜੀਟਲ ਹੋ ਗਈ ਹੈ। ਪੂਰੇ ਦੇਸ਼ ’ਚ ਲੱਖਾਂ ਬੱਚੇ ਆਪਣੇ ਘਰਾਂ ’ਚ ਆਨਲਾਈਨ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਦੇ ਸਭ ਵਿਸ਼ਿਆਂ ਦੇ ਅਧਿਆਪਕ ਉਨ੍ਹਾਂ ਨੂੰ ਹਰ ਰੋਜ਼ ਪੜ੍ਹਾ ਰਹੇ ਹਨ। ਹੋਰਨਾਂ ਸੋਮਿਆਂ ਤੋਂ ਵੀ ਬੱਚੇ ਵਿੱਦਿਆ ਹਾਸਲ ਕਰ ਰਹੇ ਹਨ। ਇਸ ਨੇ ਉਨ੍ਹਾਂ ਨੂੰ ਸਮਰੱਥ ਬਣਾਇਆ ਹੈ। ਦੇਸ਼ ਲਈ ਆਉਣ ਵਾਲੇ ਸਮੇਂ ’ਚ ਇਕ ਪੂਰੀ ਪਨੀਰੀ ਤਿਆਰ ਹੋ ਰਹੀ ਹੈ, ਜੋ ਇਕ ਮਜ਼ਬੂਤ ਰੁੱਖ ਵਜੋਂ ਖੜ੍ਹੀ ਹੋਵੇਗੀ।

ਦਿਲਚਸਪ ਗੱਲ ਇਹ ਹੈ ਕਿ ਬੱਚਿਆਂ ਦੀ ਆਨਲਾਈਨ ਪੜ੍ਹਾਈ ਨਾ ਸਿਰਫ ਸਕੂਲ ਕਰਵਾ ਰਹੇ ਹਨ, ਸਗੋਂ ਕਈ ਸਟਾਰਟਅਪ ਵੀ ਇਸ ’ਚ ਲੱਗੇ ਹੋਏ ਹਨ। ਤੁਸੀਂ ਬਾਈਜੂ ਵਰਗੀਆਂ ਕੰਪਨੀਆਂ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ, ਜੋ ਅੱਜ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਦੇ ਹਨ। ਅਜਿਹੇ ਕਈ ਸਟਾਰਟਅਪ ਹਨ, ਜੋ ਸਿੱਖਿਆ ਦੇ ਖੇਤਰ ’ਚ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਐਡਟੇਕ ਕੰਪਨੀਆਂ ਕਿਹਾ ਜਾਂਦਾ ਹੈ। ਇਨ੍ਹਾਂ ਕੰਪਨੀਆਂ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਿਕ ਉਨ੍ਹਾਂ ਦਾ ਕੁਲ ਸਾਲਾਨਾ ਕਾਰੋਬਾਰ ਕਰੋੜਾਂ ਡਾਲਰ ਦਾ ਹੈ। ਭਾਰਤ ਇਸ ਸਮੇਂ ਈ-ਲਰਨਿੰਗ ਖੇਤਰ ’ਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਅੱਜ ਪਿੰਡ-ਪਿੰਡ, ਸ਼ਹਿਰ-ਸ਼ਹਿਰ ਆਨਲਾਈਨ ਪੜ੍ਹਾਈ ਹੋ ਰਹੀ ਹੈ। ਸਰਕਾਰੀ ਸਕੂਲ ਜੋ ਕਦੇ ਪੱਛੜੇ ਮੰਨੇ ਜਾਂਦੇ ਸਨ, ਉੱਥੇ ਵੀ ਆਨਲਾਈਨ ਪੜ੍ਹਾਈ ਹੁੰਦੀ ਨਜ਼ਰ ਆਵੇਗੀ।

ਦੇਸ਼ ’ਚ ਇਸ ਸਮੇਂ ਛੋਟੇ-ਵੱਡੇ ਕਈ ਸਟਾਰਟਅਪ ਕੰਮ ਕਰ ਰਹੇ ਹਨ। ਇਨ੍ਹਾਂ ’ਚ ਬੈਂਗਲੁਰੂ ਸਥਿਤ ਬਾਈਜੂ ਸਭ ਤੋਂ ਅੱਗੇ ਹੈ। ਬਾਈਜੂ ਰਵਿੰਦਰਨ, ਜੋ ਇੰਜੀਨੀਅਰਿੰਗ ਦੀ ਪੜ੍ਹਾਈ ਪਿੱਛੋਂ ਇਕ ਬ੍ਰਿਟਿਸ਼ ਕੰਪਨੀ ’ਚ ਕੰਮ ਕਰ ਰਹੇ ਸਨ, ਦੇ ਮਨ ਵਿਚ ਇਹ ਸਟਾਰਟਅਪ ਸ਼ੁਰੂ ਕਰਨ ਦਾ ਵਿਚਾਰ ਆਇਆ ਅਤੇ ਉਨ੍ਹਾਂ ਇਕ ਲਰਨਿੰਗ ਐਪ ਬਣਾਇਆ। ਸਿਰਫ 10 ਸਾਲਾਂ ’ਚ ਉਹ ਲਗਭਗ 2 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਬਣ ਗਏ। ਉਨ੍ਹਾਂ ਦੀ ਕੰਪਨੀ ਕਲਾਸ 1 ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਦੀ ਪੜ੍ਹਾਈ ਕਰਵਾਉਂਦੀ ਹੈ। ਉਨ੍ਹਾਂ ਦੀ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਕੰਪਨੀ ਨੇ 2015 ’ਚ ਬਾਈਜੂ ਲਰਨਿੰਗ ਐਪ ਲਾਂਚ ਕੀਤਾ। ਹੁਣ ਤੱਕ ਇਸ ਦੇ 6 ਕਰੋੜ 4 ਲੱਖ ਡਾਊਨਲੋਡ ਹੋ ਚੁੱਕੇ ਹਨ।

ਇਸ ਸਮੇਂ ਇਸ ਦੇ 42 ਲੱਖ ਪੇਡ ਵਿਦਿਆਰਥੀ ਹਨ। ਇਸ ਤੋਂ ਹੀ ਇਸ ਦੀ ਸਫਲਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬਾਈਜੂ ਦੇ ਨਾਲ-ਨਾਲ ਡਿਜ਼ਨੀ, ਇਮੋਟਿਕਸ, ਆਈਚੈਂਪ, ਪਲੇਸ਼ਿਫੂ, ਸਮਾਰਟਵਿਟੀ, ਜਫਰ, ਐਡੂਓਰਾ ਆਦਿ ਵਰਗੇ ਦਰਜਨਾਂ ਸਟਾਰਟਅਪ ਆਪਣੇ ਐਪ ਰਾਹੀਂ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਨ੍ਹਾਂ ’ਚੋਂ ਸਭ ਦੇ ਵੱਖ-ਵੱਖ ਮਾਡਲ ਹਨ ਅਤੇ ਉਨ੍ਹਾਂ ਰਾਹੀਂ ਬੱਚੇ ਸਿੱਖ ਵੀ ਰਹੇ ਹਨ। ਇਨ੍ਹਾਂ ਕੰਪਨੀਆਂ ਨੂੰ ਚਲਾਉਣ ਵਾਲੇ ਤਿੱਖੇ ਦਿਮਾਗ ਦੇ ਨੌਜਵਾਨ ਹਨ, ਜੋ ਬੱਚਿਆਂ ਦੀਆਂ ਆਦਤਾਂ, ਉਨ੍ਹਾਂ ਦੀਆਂ ਲੋੜਾਂ ਅਤੇ ਪ੍ਰੇਸ਼ਾਨੀਆਂ ਸਮਝਦੇ ਹਨ। ਇਸ ਕਾਰਨ ਉਹ ਤੇਜ਼ੀ ਨਾਲ ਸਫਲਤਾ ਹਾਸਲ ਕਰ ਰਹੇ ਹਨ।

ਰਵਿੰਦਰਨ ਬਾਈਜੂ ਦੇ ਨਾਲ-ਨਾਲ ਐਡੂਓਰਾ ਦੀ 26 ਸਾਲਾ ਪ੍ਰਮੋਟਰ ਅਕਾਂਕਸ਼ਾ ਚਤੁਰਵੇਦੀ ਨੇ ਇੰਗਲੈਂਡ ਦੇ ਨਾਲ ਹੀ ਅਮਰੀਕਾ ਦੇ ਹਾਵਰਡ ਅਤੇ ਕੋਲੰਬੀਆ ਵਰਗੇ ਚੋਟੀ ਦੇ ਅਦਾਰਿਆਂ ’ਚ ਪੜ੍ਹਾਈ ਕੀਤੀ ਅਤੇ ਭਾਰਤ ਆ ਕੇ ਹੁਣ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੀ ਹੈ। ਵਧੇਰੇ ਸਟਾਰਟਅਪ ਆਈ ਆਈ. ਆਈ. ਟੀਅਨ ਚਲਾ ਰਹੇ ਹਨ। ਉਹ ਮਾਡਰਨ ਟੈਕਨਾਲੋਜੀ ਨਾਲ ਲੈਸ ਹਨ। ਉਨ੍ਹਾਂ ਦੀ ਸੋਚ ਵੱਖਰੀ ਹੈ। ਉਹ ਬੱਚਿਆਂ ਨੂੰ ਸਮਝਾਉਣ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ।

ਆਈ. ਆਈ. ਟੀ. ਦਿੱਲੀ ਐਲੂਮਨਸ ਐਸੋਸੀਏਸ਼ਨ ਦੇ ਮੁਖੀ ਰਵਿੰਦਰ ਕੁਮਾਰ ਕਹਿੰਦੇ ਹਨ, ‘‘ਭਾਰਤ ’ਚ ਐਡੂਟੇਕ ਸਟਾਰਟਅਪਸ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ’ਚ ਪੜ੍ਹਾਈ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਜ਼ਬਰਦਸਤ ਕੰਮ ਕੀਤਾ ਹੈ। ਆਈ. ਆਈ. ਟੀ. ਦਿੱਲੀ ਦੇ ਸਾਬਕਾ ਵਿਦਿਆਰਥੀਆਂ ਨੇ ਕਈ ਪ੍ਰਮੁੱਖ ਐਡੂਟੇਕ ਸਟਾਰਟਅਪ ਜਿਵੇਂ ਅਪਗ੍ਰੇਡ ਮਯੰਕ ਕੁਮਾਰ, ਫਾਲਗੁਨ ਕੋਂਪਪੱਲੀ ਅਤੇ ਰਵਿਜੋਤ ਚੁੱਘ, ਐਡੂਇਜਫਨ ਪ੍ਰਵੀਨ ਤਿਆਗੀ, ਡੇਬੁਟਾਂਟ ਤਨੁਸ਼੍ਰੀ ਨਾਗੋਰੀ ਅਤੇ ਅਦਿਤਯ ਸ਼ੰਕਰ, ਿੲਕੋਵੇਸ਼ਨ ਰਿਤੇਸ਼ ਸਿੰਘ ਅਤੇ ਅਕਸ਼ਤ ਗੋਇਲ, ਕੋਰਸਲੋਕ ਰੇਖਾ ਚੰਦੂ ਲਾਲ, ਨੀਟਪ੍ਰੇਪ ਕਪਿਲ ਗੁਪਤਾ ਆਦਿ।

ਰਵਿੰਦਰ ਕੁਮਾਰ ਦੱਸਦੇ ਹਨ ਕਿ ਇਹ ਸਟਾਰਟਅਪ ਨਵੀਂ ਟੈਕਨਾਲੋਜੀ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਏ.ਆਰ- ਵੀ.ਆਰ. (ਆਗਮੇਂਟੇਡ ਰਿਐਲਿਟੀ-ਵਰਚੂਅਲ ਰਿਐਲਿਟੀ) ਅਤੇ ਇਸ ਤੋਂ ਇਲਾਵਾ ਉਹ ਕੋਗਨਿਟਿਵ ਸਾਇੰਸ ਦੀ ਵੀ ਲਰਨਿੰਗ ਲਈ ਵਰਤੋਂ ਕਰ ਰਹੇ ਹਨ। ਇਨ੍ਹਾਂ ਰਾਹੀਂ ਵਿਦਿਆਰਥੀ ਵਰਚੂਅਲ ਦੁਨੀਆ ’ਚ ਗੁਆਚ ਜਾਂਦਾ ਹੈ ਅਤੇ ਉਨ੍ਹਾਂ ਗੱਲਾਂ ਦਾ ਉਸ ’ਤੇ ਡੂੰਘਾ ਅਸਰ ਪੈਂਦਾ ਅਤੇ ਚੀਜ਼ਾਂ ਸਾਫ ਹੋ ਜਾਂਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਪੜ੍ਹਾਈ ਟੈਕਨਾਲੋਜੀ ਅਤੇ ਰਵਾਇਤੀ ਢੰਗ ਦੋਵਾਂ ਰਾਹੀਂ ਹੋਵੇਗੀ। ਸਭ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਡਿਜੀਟਲ ਪੜ੍ਹਾਈ ਇਕ ਤਰ੍ਹਾਂ ਦਾ ਪ੍ਰੈਕਟੀਕਲ ਹੈ, ਜੋ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਤਿਆਰ ਕਰਦਾ ਹੈ। ਇਸ ’ਚ ਇਸ ਗੱਲ ਦੀ ਪੂਰੀ ਵਿਵਸਥਾ ਰਹਿੰਦੀ ਹੈ ਕਿ ਜੋ ਵਿਸ਼ਾ ਜਾਂ ਗੱਲ ਇਕ ਵਾਰ ਸਮਝ ’ਚ ਨਾ ਆਵੇ, ਉਸ ਨੂੰ ਵਾਰ-ਵਾਰ ਸਮਝਾਇਆ ਜਾ ਸਕੇ-ਸਕੂਲਾਂ ਦੇ ਬਿਲਕੁਲ ਉਲਟ।

ਬੱਚਿਆਂ ਦਾ ਦਿਮਾਗ ਬਹੁਤ ਕੋਮਲ ਅਤੇ ਜਿਗਿਆਸੂ ਹੁੰਦਾ ਹੈ। ਉਹ ਹਮੇਸ਼ਾ ਕੁਝ ਸਿੱਖਣ ਲਈ ਬੇਚੈਨ ਰਹਿੰਦਾ ਹੈ। ਮਨੋਵਿਗਿਆਨੀ ਪੁਲਕਿਤ ਸ਼ਰਮਾ ਕਹਿੰਦੇ ਹਨ-ਇਨ੍ਹਾਂ ਗੈਜੇਟਸ ਰਾਹੀਂ ਪੜ੍ਹਾਈ ਕਰਨ ’ਚ ਮੁਸ਼ਕਲ ਆਉਂਦੀ ਹੈ। ਕਈ ਵਾਰ ਇੰਟਰਨੈੱਟ ਵੀ ਸਲੋਅ ਹੁੰਦਾ ਹੈ। ਇਸ ਕਾਰਨ ਵੀ ਪ੍ਰੇਸ਼ਾਨੀ ਹੁੰਦੀ ਹੈ। ਘਰਾਂ ’ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਹੁੰਦੀਅਾਂ ਹਨ ਅਤੇ ਆਨਲਾਈਨ ਕਲਾਸਾਂ ’ਚ ਇਕਾਗਰਤਾ ਦੀ ਕਮੀ ਹੁੰਦੀ ਹੈ। ਬਹੁਤ ਦੇਰ ਤੱਕ ਗੈਜੇਟ ’ਤੇ ਧਿਆਨ ਲਾਉਣ ਨਾਲ ਮਾਨਸਿਕ ਥਕਾਵਟ ਵੀ ਹੁੰਦੀ ਹੈ ਅਤੇ ਚਿੜਚਿੜਾਪਨ ਵਧਦਾ ਹੈ। ਘਰ ’ਚ ਪੜ੍ਹਾਈ ਹੁੰਦੀ ਹੈ ਤਾਂ ਮਾਤਾ-ਪਿਤਾ ਵੀ ਦਬਾਅ ਪਾਉਂਦੇ ਹਨ, ਜਿਸ ਕਾਰਨ ਬੱਚਿਆਂ ਦਾ ਸਟਰੈੱਸ ਲੈਵਲ ਵਧਦਾ ਹੈ। ਸਕੂਲ ’ਚ ਉਨ੍ਹਾਂ ਨੂੰ ਕੁਝ ਆਜ਼ਾਦੀ ਤਾਂ ਮਿਲਦੀ ਹੀ ਹੈ। ਗੈਜੇਟ ਸਕੂਲ ਦੀ ਥਾਂ ਤਾਂ ਨਹੀਂ ਲੈ ਸਕਦੇ, ਇਸ ਕਾਰਨ ਬੱਚੇ ਦੋਸਤਾਂ ਨੂੰ ਮਿਸ ਕਰਦੇ ਹਨ। ਉਹ ਖੇਡ ਨਹੀਂ ਸਕਦੇ। ਇਸ ਕਾਰਨ ਉਨ੍ਹਾਂ ਦਾ ਦਿਮਾਗ ਮੱਠਾ ਹੋਣ ਲੱਗਦਾ ਹੈ। ਕੋਰੋਨਾ ਕਾਰਨ ਬੱਚੇ ਉਂਝ ਵੀ ਸਟਰੈੱਸ ’ਚ ਹਨ, ਇਹ ਉਨ੍ਹਾਂ ਲਈ ਸੰਘਰਸ਼ ਦਾ ਸਮਾਂ ਹੈ।

ਪਰ ਇਕ ਹੋਰ ਗੱਲ ਵੀ ਹੈ। ਡਿਜੀਟਲ ਨੇ ਗਰੀਬ ਅਤੇ ਅਮੀਰ ਵਿਦਿਆਰਥੀਆਂ ਦਰਮਿਆਨ ਪਾੜਾ ਹੋਰ ਵੀ ਚੌੜਾ ਕਰ ਦਿੱਤਾ ਹੈ। ਯੂਨੈਸਕੋ ਦੀ ਇਕ ਰਿਪੋਰਟ ਮੁਤਾਬਕ 77 ਫੀਸਦੀ ਦੇਸ਼ਾਂ ’ਚ ਅਜੇ ਵੀ ਸਕੂਲ ਨਹੀਂ ਖੁੱਲ੍ਹੇ ਹਨ। ਡਿਜੀਟਲ ਪੜ੍ਹਾਈ ਦੀ ਤਾਂ ਗੱਲ ਹੀ ਬੇਤੁਕੀ ਹੈ। ਇਸ ਕਾਰਨ ਉਹ ਵਿਦਿਆਰਥੀ ਜੋ ਕੁਝ ਸਮੇਂ ਬਾਅਦ ਪੈਸੇ ਕਮਾਉਣ ਵਾਲੇ ਸਨ, ਹੁਣ ਅਗਲੇ ਸਾਲ ਦੀ ਉਡੀਕ ਕਰਨਗੇ। ਲੰਮੇ ਸਮੇਂ ਤੱਕ ਸਕੂਲਾਂ ਦੇ ਬੰਦ ਰਹਿਣ ਕਾਰਨ ਪੜ੍ਹਾਈ ਦੀ ਉਨ੍ਹਾਂ ਦੀ ਇੱਛਾ ਘਟ ਜਾਵੇਗੀ। ਇਸ ਗੱਲ ਦਾ ਵੀ ਖਦਸ਼ਾ ਹੈ ਕਿ ਜੇ ਸਕੂਲ 6-7 ਮਹੀਨੇ ਹੋਰ ਬੰਦ ਰਹੇ ਤਾਂ ਲਗਭਗ 1 ਕਰੋੜ ਬੱਚੇ ਕਦੇ ਵੀ ਸਕੂਲ ਵਾਪਸ ਨਹੀਂ ਜਾਣਗੇ। ਅਜਿਹੇ ਹਾਲਾਤ ਇਸ ਲਈ ਪੈਦਾ ਹੋ ਰਹੇ ਹਨ ਕਿਉਂਕਿ ਦੁਨੀਆ ਦੇ ਵਧੇਰੇ ਦੇਸ਼ਾਂ ’ਚ ਇੰਟਰਨੈੱਟ ਸ਼ੈਸ਼ਵ ਕਾਲ ’ਚ ਹੈ। ਕਈਆਂ ’ਚ ਤਾਂ ਹੈ ਹੀ ਨਹੀਂ। ਅਸੀਂ ਭਾਰਤੀ ਇਸ ਪੱਖੋਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਇੰਟਰਨੈੱਟ ਦਾ ਮੂਲ ਢਾਂਚਾ ਮਜ਼ਬੂਤ ਹੈ। ਇਸ ਰਾਹੀਂ ਅਸੀਂ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੇ ਹਾਂ। ਹਾਂ, ਪਿੰਡਾਂ ’ਚ ਕੁਝ ਸਮੱਸਿਆ ਜ਼ਰੂਰ ਆ ਰਹੀ ਹੈ।


Bharat Thapa

Content Editor

Related News