ਪਵਿੱਤਰ ਸੰਗਮ : ਕੁੰਭ ਅਤੇ ਆਧਿਆਤਮਿਕਤਾ ’ਤੇ ਵਿਚਾਰ
Wednesday, Feb 19, 2025 - 06:03 PM (IST)

ਇਸ ਸ਼ਾਂਤ ਸ਼ਾਮ ਨੂੰ ਜਦ ਮੈਂ ਆਪਣੇ ਦੋਸਤ ਨਾਲ ਬੈਠੀ ਸੀ ਅਤੇ ਸੂਰਜ ਆਸਮਾਨ ਨੂੰ ਕੋਮਲ ਰੰਗਾਂ ਨਾਲ ਰੰਗ ਰਿਹਾ ਸੀ ਤਾਂ ਕੁੰਭ ਮੇਲੇ ਦੀ ਮੇਰੀ ਹਾਲੀਆ ਯਾਤਰਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਿਸ ਨਾਲ ਅਧਿਆਤਮਿਕਤਾ ਅਤੇ ਮਨੁੱਖੀ ਸੁਭਾਅ ਬਾਰੇ ਇਕ ਡੂੰਘੀ ਗੱਲਬਾਤ ਸ਼ੁਰੂ ਹੋ ਗਈ। ਪ੍ਰਯਾਗਰਾਜ ’ਚ ਦੇਖੇ ਗਏ ਅਸਾਧਾਰਨ ਦ੍ਰਿਸ਼ਾਂ ਨੂੰ ਯਾਦ ਕਰਦੇ ਹੋਏ ਸ਼ਾਮ ਦੀ ਠੰਡੀ ਹਵਾ ਸਾਡੇ ਵਿਚਾਰਾਂ ਨੂੰ ਹੋਰ ਤੇਜ਼ ਕਰ ਰਹੀ ਸੀ।
ਮੇਰੇ ਦਿਮਾਗ ’ਚ ਚੱਲਦੀਆਂ ਤਸਵੀਰਾਂ ਇਕਦਮ ਸਾਫ ਸਨ-ਅਣਗਿਣਤ ਪਵਿੱਤਰ ਹਵਨ ਕੁੰਡਾਂ ’ਚ ਉਠਦਾ ਧੂੰਆਂ, ਤ੍ਰਿਵੈਣੀ ਸੰਗਮ ਦੀਆਂ ਲਹਿਰਾਂ ਵੱਲ ਵਧਦਾ ਮਨੁੱਖਾਂ ਦਾ ਅੰਤਹੀਣ ਸਮੁੰਦਰ ਅਤੇ ਆਪਣੇ ਰਵਾਇਤੀ ਉਪਕਰਨਾਂ ਦੇ ਨਾਲ ਸਮਾਰਟ ਫੋਨ ਫੜੇ ਸਾਧੂਆਂ ਦਾ ਦਿਲ ਖਿੱਚਵਾਂ ਦ੍ਰਿਸ਼। ਹਰੇਕ ਯਾਦ ਦਾ ਆਪਣਾ ਅਰਥ ਸੀ, ਜਿਸ ਨੇ ਸਾਨੂੰ ਪੁਰਾਤਨ ਅਤੇ ਆਧੁਨਿਕ ਦੇ ਉਸ ਅਨੋਖੇ ਮਿਸ਼ਰਣ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਜੋ ਅੱਜ ਦੀਆਂ ਅਧਿਆਤਮਿਕ ਸਭਾਵਾਂ ਨੂੰ ਪ੍ਰਭਾਸ਼ਿਤ ਕਰਦਾ ਹੈ।
ਜਿਉਂ-ਜਿਉਂ ਸ਼ਾਮ ਦੇ ਪਰਛਾਵੇਂ ਵਧਦੇ ਗਏ, ਮੈਂ ਖੁਦ ਨੂੰ ਕੁੰਭ ਦੇ ਅਦਭੁੱਤ ਮਾਹੌਲ ਦਾ ਵਰਣਨ ਕਰਦੇ ਹੋਏ ਪਾਇਆ-ਕਿਵੇਂ ਹਵਾ ਸਮੂਹਿਕ ਆਸਥਾ ਅਤੇ ਉਮੀਦ ਨਾਲ ਭਰੀ ਹੋਈ ਲਗ ਰਹੀ ਸੀ। ਸੰਗਮ ’ਤੇ ਪਵਿੱਤਰ ਡੁੱਬਕੀ ਲਗਾਉਣ ਲਈ ਧੀਰਜ ਨਾਲ, ਕੁਝ ਸਾਲਾਂ ਤੱਕ ਇੰਤਜ਼ਾਰ ਕਰ ਰਹੇ ਲੱਖਾਂ ਭਗਤਾਂ ਦੀ ਯਾਦ ਨੇ ਮਨੁੱਖੀ ਮਨੋਵਿਗਿਆਨ ਅਤੇ ਅਧਿਆਤਮਿਕ ਖੋਜ ਦੇ ਬਾਰੇ ’ਚ ਇਕ ਦਿਲਚਸਪ ਚਰਚਾ ਨੂੰ ਜਨਮ ਦਿੱਤਾ।
ਸਾਨੂੰ ਦੋਵਾਂ ਨੂੰ ਇਸ ਪੁਰਾਤਨ ਸਭਾ ਦੇ ਸਮਕਾਲੀਨ ਵਿਕਾਸ ਨੇ ਖਾਸ ਤੌਰ ’ਤੇ ਪ੍ਰਭਾਵਿਤ ਕੀਤਾ। ਮੈਂ ਸਾਧੂਆਂ ਨੂੰ ਸੋਸ਼ਲ ਮੀਡੀਆ ’ਤੇ ਸਰਗਰਮੀ ਨਾਲ ਜੁੜੇ ਹੋਏ, ਆਪਣੀਆਂ ਅਧਿਆਤਮਿਕ ਯਾਤਰਾਵਾਂ ਨੂੰ ਆਨਲਾਈਨ ਪੋਸਟ ਕਰਦੇ ਹੋਏ, ਮੋਬਾਈਲ ਸਕਰੀਨ ਦੀ ਚਮਕ ਦੇ ਉਲਟ ਉਨ੍ਹਾਂ ਦੇ ਭਗਵੇਂ ਕੱਪੜਿਆਂ ਨੂੰ ਚਮਕਦਿਆਂ ਹੋਏ ਦੇਖਣ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਇਸ ਵਿਸ਼ਲੇਸ਼ਣ ਨੇ ਸਾਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਕਿ ਕਿਵੇਂ ਤਕਨੀਕ ਨੇ ਸਭ ਤੋਂ ਰਵਾਇਤੀ ਅਧਿਆਤਮਿਕ ਰਿਵਾਜ਼ਾਂ ਨੂੰ ਵੀ ਬਦਲ ਦਿੱਤਾ ਹੈ, ਇਕ ਨਵੀਂ ਤਰ੍ਹਾਂ ਦਾ ਪਵਿੱਤਰ ਸਥਾਨ ਬਣਾ ਦਿੱਤਾ ਹੈ ਜੋ ਭੌਤਿਕ ਅਤੇ ਡਿਜੀਟਲ ਦੋਵਾਂ ਖੇਤਰਾਂ ’ਚ ਮੌਜੂਦ ਹੈ।
ਸਾਡੀ ਗੱਲਬਾਤ ਸੁਭਾਵਿਕ ਤੌਰ ’ਤੇ ਆਧੁਨਿਕ ਸਮੇਂ ’ਚ ਮਾਨਸਿਕ ਸਿਹਤ ਦੇ ਬਾਰੇ ’ਚ ਵਿਆਪਕ ਸਵਾਲਾਂ ਵੱਲ ਵਧ ਗਈ। ਅਸੀਂ ਚਰਚਾ ਕੀਤੀ ਕਿ ਕਿਵੇਂ ਮਨ ਸੰਗਮ ’ਤੇ ਮਿਲਣ ਵਾਲੀਆਂ ਨਦੀਆਂ ਵਾਂਗ ਆਪ ਖੁਦ ਦੇ ਸੰਗਮ ਦੀ ਭਾਲ ਕਰਦਾ ਹੈ- ਪ੍ਰੰਪਰਾ ਅਤੇ ਆਧੁਨਿਕਤਾ ਵਿਚਾਲੇ, ਅਧਿਆਤਮਿਕ ਖੋਜ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿਚਾਲੇ, ਵਿਅਕਤੀਗਤ ਅਤੇ ਅਭਿਆਸ ਅਤੇ ਭਾਈਚਾਰਕ ਤਜਰਬੇ ਵਿਚਾਲੇ।
ਸ਼ਾਮ ਦੀ ਚਰਚਾ ਨੇ ਮੈਨੂੰ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਾਰਨਾਂ ਦੀ ਯਾਦ ਦਿਵਾ ਦਿੱਤੀ, ਜਿਨ੍ਹਾਂ ਨੂੰ ਆਪਣੀ ਯਾਤਰਾ ਦੌਰਾਨ ਦੇਖਿਆ ਸੀ। ਜਦਕਿ ਨਸ਼ੇ ਵਾਲੇ ਪਦਾਰਥਾਂ ਦੇ ਸੇਵਨ ਵਰਗੇ ਸਪੱਸ਼ਟ ਖਤਰੇ ਦਿਖਾਈ ਦੇ ਰਹੇ ਸਨ। ਅਸੀਂ ਪਾਇਆ ਕਿ ਅਸੀਂ ਉਨ੍ਹਾਂ ਸੂਖਮ, ਰੋਜ਼ਾਨਾਂ ਦੀਆਂ ਆਦਤਾਂ ਵੱਲ ਜ਼ਿਆਦਾ ਖਿੱਚੇ ਜਾਂਦੇ ਸੀ ਜੋ ਹੌਲੀ-ਹੌਲੀ ਮਾਨਸਿਕ ਸਿਹਤ ਨੂੰ ਖਰਾਬ ਕਰ ਸਕਦੀਆਂ ਹਨ। ਲੋਕਾਂ ਨੂੰ ਅਧਿਆਤਮਿਕ ਜਾਗ੍ਰਿਤੀ ਦੀ ਭਾਲ ਕਰਦੇ ਹੋਏ ਦੇਖਣਾ ਅਤੇ ਨਾਲ ਹੀ ਆਪਣੇ ਉਪਕਰਨਾਂ ਨਾਲ ਬੱਝੇ ਰਹਿਣਾ, ਡਿਜੀਟਲ ਵੱਖ-ਵੱਖ ਅਤੇ ਜਾਗਰੂਕ ਜੁੜਾਅ ਦੇ ਬਾਰੇ ’ਚ ਇਕ ਵਿਚਾਰਸ਼ੀਲ ਗੱਲਬਾਤ ਨੂੰ ਜਨਮ ਦਿੰਦਾ ਹੈ।
ਅਸੀਂ ਪਤਾ ਲਗਾਇਆ ਕਿ ਿਕਵੇਂ ਆਧੁਨਿਕ ਆਦਤਾਂ ਸਾਡੀ ਬੌਧਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ-ਘੱਟ ਨੀਂਦ ਤੋਂ ਲੈ ਕੇ ਬਹੁਤ ਜ਼ਿਆਦਾ ਇਕੱਲੇਪਨ ਤੱਕ, ਗਤੀਹੀਣ ਜੀਵਨਸ਼ੈਲੀ ਤੋਂ ਲੈ ਕੇ ਬਿਨਾਂ ਸੋਚੇ-ਸਮਝੇ ਬਹੁਤ ਜ਼ਿਆਦਾ ਵਰਤੋਂ ਤੱਕ, ਰਵਾਇਤੀ ਸਾਧੂਆਂ ਦੇ ਅਨੁਸ਼ਾਸਿਤ ਜੀਵਨ ਨਾਲ ਮੁਕਾਬਲੇ ਨੂੰ ਸੰਤੁਲਨ ਅਤੇ ਕਲਿਆਣ ’ਤੇ ਇਕ ਮਜ਼ੇਦਾਰ ਦ੍ਰਿਸ਼ ਮੁਹੱਈਆ ਕੀਤਾ।
ਜਿਉਂ-ਜਿਉਂ ਸ਼ਾਮ ਢਲਦੀ ਗਈ, ਸਾਡੀ ਗੱਲਬਾਤ ਭਾਈਚਾਰੇ ਅਤੇ ਜੁੜਾਅ ਦੀ ਭੂਮਿਕਾ ’ਤੇ ਆ ਗਈ। ਕੁੰਭ ਦੇ ਤਜਰਬੇ ਨੇ ਇਸ ਗੱਲ ’ਤੇ ਰੌਸ਼ਨੀ ਪਾਈ ਕਿ ਕਿਵੇਂ ਮਨੁੱਖ ਸੁਭਾਵਿਕ ਤੌਰ ’ਤੇ ਸੰਗਮ ਦੀ ਭਾਲ ਕਰਦਾ ਹੈ- ਦੂਜਿਆਂ ਨਾਲ , ਉੱਚ ਅਰਥ ਦੇ ਨਾਲ, ਖੁਦ ਦੇ ਨਾਲ। ਫਿਰ ਵੀ ਆਧੁਨਿਕ ਜੀਵਨ ਅਕਸਰ ਸਾਨੂੰ ਵੱਖਵਾਦ ਵੱਲ ਲੈ ਜਾਂਦਾ ਹੈ, ਭਾਵੇਂ ਹੀ ਸਾਡੇ ਉਪਕਰਨ ਜ਼ਿਆਦਾ ਕੁਨੈਕਟੀਵਿਟੀ ਦਾ ਵਾਅਦਾ ਕਰਦੇ ਹੋਣ।
ਅਣਗਿਣਤ ਸ਼ਰਧਾਲੂਆਂ ਨੂੰ ਪਵਿੱਤਰ ਇਸ਼ਨਾਨ ਕਰਦੇ ਹੋਏ ਦੇਖਣ ਦੀ ਯਾਦ ਨੇ ਸਾਨੂੰ ਬਦਲਾਅ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ। ਲੋਕ ਇਸ ਨੂੰ ਕਿਵੇਂ ਚਾਹੁੰਦੇ ਹਨ, ਰਵਾਇਤੀ ਅਧਿਆਤਮਿਕ ਰਿਵਾਜ਼ਾਂ ਦੇ ਰਾਹੀਂ ਜਾਂ ਆਧੁਨਿਕ ਸਰੋਤਾਂ ਦੇ ਰਾਹੀਂ? ਅਸੀਂ ਸੋਚਿਆ ਕਿ ਕੀ ਸੰਗਮ ਦੇ ਪਵਿੱਤਰ ਜਲ ਨਾਲ ਅਸਲ ’ਚ ਉੱਥੇ ਇਸ਼ਨਾਨ ਕਰਨ ਵਾਲੇ ਸਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਂ ਕੀ ਅਸਲ ਜਾਗ੍ਰਿਤੀ ਉਨ੍ਹਾਂ ਦੇ ਅੰਦਰ ਦੇ ਇਰਾਦੇ ਅਤੇ ਭਰੋਸੇ ਨਾਲ ਆਈ।
ਜਿਉਂ-ਜਿਉਂ ਸਾਡੇ ਚਿੰਤਨ ਦੀ ਸ਼ਾਮ ਖਤਮ ਹੋਣ ਨੂੰ ਆਈ, ਸਾਨੂੰ ਅਹਿਸਾਸ ਹੋਇਆ ਕਿ ਕੁੰਭ ਨੇ ਸਾਨੂੰ ਸਿਰਫ ਅਧਿਆਤਮਿਕ ਤਮਾਸ਼ਾ ਨਹੀਂ ਦਿੱਤਾ ਹੈ, ਇਸ ਨੇ ਸਾਨੂੰ ਪ੍ਰੰਪਰਾ, ਤਕਨੀਕ ਅਤੇ ਮਾਨਸਿਕ ਸਿਹਤ ਦੇ ਨਾਲ ਆਪਣੇ ਸਬੰਧਾਂ ਦੀ ਜਾਂਚ ਕਰਨ ਲਈ ਇਕ ਸ਼ਕਤੀਸ਼ਾਲੀ ਲੈਂਜ਼ ਮੁਹੱਈਆ ਕਰਵਾਇਆ ਹੈ। ਪਵਿੱਤਰ ਅਗਨੀ ਤੋਂ ਨਿਕਲਣ ਵਾਲਾ ਧੂੰਆਂ, ਜੋ ਮੇਰੀ ਯਾਤਰਾ ਦੌਰਾਨ ਬਹੁਤ ਪ੍ਰਚਲਤ ਲੱਗ ਰਿਹਾ ਸੀ, ਹੁਣ ਅਰਥ ਅਤੇ ਮਾਨਸਿਕ ਸ਼ਾਂਤੀ ਦੀ ਸਾਡੀ ਖੋਜ ’ਚ ਪੁਰਾਣੇ ਅਤੇ ਨਵੇਂ ਦੇ ਆਪਸ ’ਚ ਘੁਲਣ-ਮਿਲਣ ਦੇ ਤਰੀਕੇ ਦਾ ਇਕ ਰੂਪਕ ਲੱਗ ਰਿਹਾ ਸੀ।
ਸਾਡੀ ਸ਼ਾਮ ਦੀ ਚਰਚਾ ਤੋਂ ਪਤਾ ਲੱਗਾ ਕਿ ਅਧਿਆਤਮਿਕ ਖੋਜ ਦੇ ਸਾਧਨ ਅਤੇ ਪ੍ਰਗਟਾਵੇ ਭਾਵੇਂ ਹੀ ਵਿਕਸਿਤ ਹੋ ਸਕਦੇ ਹਨ ਪਰ ਜੁੜਾਅ, ਅਰਥ ਅਤੇ ਕਲਿਆਣ ਦੀ ਬੁਨਿਆਦੀ ਮਨੁੱਖੀ ਇੱਛਾ ਬਿਨਾਂ ਬਦਲੇ ਰਹਿੰਦੀ ਹੈ। ਭਾਵੇਂ ਪੁਰਾਤਨ ਯੱਗ ਦੇ ਰਾਹੀਂ ਹੋਵੇ ਜਾਂ ਆਧੁਨਿਕ ਅਭਿਆਸ ਦੇ ਅਸੀਂ ਸਾਰੇ ਪਵਿੱਤਰ ਸੰਗਮ ਦੇ ਆਪਣੇ ਖੁਦ ਦੇ ਵਿਚਾਰ ਦੀ ਭਾਲ ਕਰਦੇ ਹਾਂ ਜਿੱਥੇ ਪ੍ਰੰਪਰਾ, ਨਵਾਚਾਰ ਅਤੇ ਵਿਅਕਤੀਗਤ ਵਿਕਾਸ ਦੀਆਂ ਨਦੀਆਂ ਆਪਣੀਆਂ ਵਿਅਕਤੀਗਤ ਧਾਰਾਵਾਂ ਨਾਲੋਂ ਕਿਤੇ ਜ਼ਿਆਦਾ ਵੱਡੀ ਚੀਜ਼ ਬਣਾਉਣ ਲਈ ਮਿਲਦੀਆਂ ਹਨ।
ਜਿਵੇਂ ਹੀ ਹਨੇਰੇ ਭਰੇ ਆਕਾਸ਼ ’ਚ ਪਹਿਲੇ ਤਾਰੇ ਦਿਖਾਈ ਦੇਣ ਲੱਗੇ, ਸਾਡੀ ਗੱਲਬਾਤ ਰਾਹੀਂ ਕੁੰਭ ਦੀਆਂ ਇਨ੍ਹਾਂ ਯਾਦਾਂ ਦੀ ਜਾਂਚ ਕਰਨ ਤੋਂ ਪ੍ਰਾਪਤ ਅੰਤਰਦ੍ਰਿਸ਼ਟੀ ਗੂੜੀ ਅਤੇ ਵਿਵਹਾਰਕ ਦੋਵੇਂ ਹੀ ਮਹਿਸੂਸ ਹੋਈ। ਇਹ ਯਾਦ ਦਿਵਾਉਂਦਾ ਹੈ ਕਿ ਕਦੇ-ਕਦੇ ਸਭ ਤੋਂ ਵੱਡੀ ਸਮਝ ਤਜਰਬੇ ਨਾਲ ਨਹੀਂ ਸਗੋਂ ਉਸ ਤੋਂ ਬਾਅਦ ਹੋਣ ਵਾਲੇ ਵਿਚਾਰਸ਼ੀਲ ਪ੍ਰਤੀਬਿੰਬ ਤੋਂ ਆਉਂਦੀ ਹੈ।
ਡਾ. ਤਨੂ ਜੈਨ