‘ਇਤਿਹਾਸ ਨੂੰ ਇਤਿਹਾਸ’ ਵਾਂਗ ਹੀ ਦੇਖਿਆ ਜਾਵੇ
Sunday, Feb 18, 2024 - 01:22 PM (IST)
ਸਾਡੇ ਮਹਿਬੂਬ ਇਤਿਹਾਸਕਾਰ ਇਰਫਾਨ ਹਬੀਬ ਪੱਕੇ ਮਾਰਕਸਵਾਦੀ ਹਨ ਪਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਅੰਦਰ ਵੀ ਧਰਮ (ਫਿਰਕੇ ਦੇ ਅਰਥ ’ਚ) ਦਾ ਇਕ ਚਿਹਰਾ ਹੈ, ਜਿਸ ਵੱਲ ਉਨ੍ਹਾਂ ਦੀਆਂ ਨਜ਼ਰਾਂ ਰਹਿ-ਰਹਿ ਕੇ ਝੁਕਦੀਆਂ ਰਹਿੰਦੀਆਂ ਹਨ। ਉਂਝ, ਮਾਰਕਸਵਾਦ ਦਾ ਹੁਣ ਤੱਕ ਦਾ ਇਤਿਹਾਸ ਦੇਖੀਏ ਤਾਂ ਇਹ ਵੀ ਕਿਸੇ ਧਰਮ ਤੋਂ ਘੱਟ ਨਹੀਂ ਹੈ ਅਤੇ ਇਸ ’ਚ ਵੀ ਅਫੀਮ ਵਾਲੇ ਭਰਪੂਰ ਗੁਣ ਪਾਏ ਜਾਂਦੇ ਹਨ।
ਖੈਰ, ਇਰਫਾਨ ਸਾਹਿਬ ਨਾਲ ਬਸ ਇਕ ਵਾਰ ਦਾ ਆਪਣਾ ਅਸਿੱਧਾ ਸੰਵਾਦ ਰਿਹਾ ਹੈ। ਅਸਿੱਧਾ ਇਸ ਲਈ ਕਿ ਆਹਮਣਾ-ਸਾਹਮਣਾ ਕਰਨ ਦੀ ਲੋੜ ਨਹੀਂ ਸੀ। ਇਕ ਚੈਨਲ ’ਤੇ ਗਾਂਧੀ ਦੀ ਵਿਚਾਰਾਧਾਰਾ ’ਤੇ ਮੈਂ ਤੇ ਉਨ੍ਹਾਂ ਨੇ ਇਕੱਠਿਆਂ ਗੱਲ ਰੱਖਣੀ ਸੀ। ਉਨ੍ਹਾਂ ਨੇ ਆਪਣੀ ਗੱਲ ਰੱਖੀ ਤੇ ਮੈਂ ਆਪਣੀ। ਉਨ੍ਹਾਂ ਸਾਹਮਣੇ ਮੇਰੇ ਵਰਗੇ ਲੋਕ ਤਾਂ ਬੱਚਿਆਂ ਤੋਂ ਵੀ ਘੱਟ ਸਾਬਤ ਹੋਣਗੇ, ਇਸ ਲਈ ਬਹਿਸ ਕਰਨ ਦੀ ਲੋੜ ਨਹੀਂ ਸੀ।
ਮਥੁਰਾ ਅਤੇ ਕਾਸ਼ੀ ’ਤੇ ਇਰਫਾਨ ਸਾਹਿਬ ਨੇ ਬਿਆਨ ਦਿੱਤਾ ਹੈ। ਅਹਿਮ ਹੈ ਕਿ ਉਨ੍ਹਾਂ ਨੇ ਇਤਿਹਾਸਕਾਰ ਦੋ ਚੋਲਾ ਪਹਿਨੇ ਏਜੰਡਾਧਾਰੀਆਂ ਜਾਂ ਓਵੈਸੀ ਵਰਗਿਆਂ ਵਾਂਗ ਔਰੰਗਜ਼ੇਬ ਨੂੰ ਸਾਫ-ਪਾਕ ਸਾਬਤ ਕਰਨ ਦੀ ਕੋਈ ਕੋਸ਼ਿਸ ਨਹੀਂ ਕੀਤੀ। ਉਨ੍ਹਾਂ ਨੇ ਸਾਫ ਮੰਨਿਆ ਹੈ ਕਿ ਔਰੰਗਜ਼ੇਬ ਨੇ ਕਾਸ਼ੀ ਅਤੇ ਮਥੁਰਾ ’ਚ ਹਿੰਦੂ ਮੰਦਰਾਂ ਨੂੰ ਢਾਹ ਦਿੱਤਾ ਸੀ ਅਤੇ ਇਹ ਕਰ ਕੇ ਉਸ ਨੇ ਗਲਤ ਕੀਤਾ ਸੀ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਇਹ ਸਾਬਤ ਕਰਨ ਲਈ ਕਿਸੇ ਸਰਵੇਖਣ ਜਾਂ ਅਦਾਲਤ ਦੇ ਹੁਕਮ ਦੀ ਲੋੜ ਨਹੀਂ ਹੈ ਕਿ ਵਾਰਾਣਸੀ ਅਤੇ ਮਥੁਰਾ ’ਚ ਮੰਦਰ ਤੋੜੇ ਗਏ ਸਨ ਕਿਉਂਕਿ ਇਤਿਹਾਸ ਦੀਆਂ ਕਿਤਾਬਾਂ ’ਚ ਪਹਿਲਾਂ ਹੀ ਇਸ ਦਾ ਜ਼ਿਕਰ ਕੀਤਾ ਗਿਆ ਹੈ।
ਮਜ਼੍ਹਬੀ ਜਾਂ ਗੈਰ-ਮਜ਼੍ਹਬੀ ਵਿਚਾਰਧਾਰਾਵਾਂ ਤੋਂ ਪਰ੍ਹੇ ਜਾ ਕੇ ਇਤਿਹਾਸ ਨੂੰ ਇਤਿਹਾਸ ਵਾਂਗ ਹੀ ਦੇਖਿਆ ਜਾਵੇ ਤਾਂ ਇਰਫਾਨ ਸਾਹਿਬ ਦੇ ਇੱਥੋਂ ਤੱਕ ਦੇ ਬਿਆਨ ’ਚ ਕੋਈ ਸਮੱਸਿਆ ਨਹੀਂ ਹੈ। ਸਮੱਸਿਆ ਇਸ ਤੋਂ ਅੱਗੇ ਹੈ। ਅੱਗੇ ਉਨ੍ਹਾਂ ਨੇ ਕਿਹਾ ਹੈ ਕਿ ਔਰੰਗਜ਼ੇਬ ਨੇ ਜੋ ਕੀਤਾ, ਉਸ ਨੂੰ 300 ਸਾਲ ਬਾਅਦ ਦਰੁਸਤ ਕਰਨ ਦੀ ਉਚਿਤਤਾ ਨਹੀਂ ਹੈ। ਇਰਫਾਨ ਸਾਹਿਬ ਦੇ ਹਿਸਾਬ ਨਾਲ ਅਾਖਿਰ 300 ਸਾਲ ਤੋਂ ਉੱਥੇ ਮਸਜਿਦ ਬਣੀ ਹੋਈ ਹੈ ਅਤੇ ਔਰੰਗਜ਼ੇਬ ਨੇ ਭਾਵੇਂ ਹੀ ਉੱਥੇ ਮੰਦਰਾਂ ਦੀ ਥਾਂ ਮਸਜਿਦ ਬਣਵਾਈ ਹੋਵੇ ਪਰ ਹੁਣ ਉਨ੍ਹਾਂ ਨੂੰ ਤੋੜ ਕੇ ਫਿਰ ਤੋਂ ਮੰਦਰ ਬਣਾਉਣਾ ਉਚਿਤ ਨਹੀਂ ਹੈ, ਉਹ ਵੀ ਉਸ ਵੇਲੇ, ਜਦਕਿ ਦੇਸ਼ ’ਚ ਸੰਵਿਧਾਨ ਲਾਗੂ ਹੈ। ਉਹ ਕਹਿੰਦੇ ਹਨ ਕਿ ਜੋ ਕੰਮ ਔਰੰਗਜ਼ੇਬ ਨੇ ਕੀਤਾ, ਉਹੀ ਕੰਮ ਹੁਣ ਤੁਸੀਂ ਕਰਨ ਜਾ ਰਹੇ ਹੋ, ਅਜਿਹੇ ’ਚ ਤੁਹਾਡੇ ਅਤੇ ਔਰੰਗਜ਼ੇਬ ’ਚ ਕੀ ਫਰਕ ਰਹਿ ਗਿਆ?
ਇਸ ਮਾਮਲੇ ’ਚ ਇਰਫਾਨ ਸਾਹਿਬ ਨਾਲ ਮੈਂ ਸਹਿਮਤ ਨਹੀਂ ਹਾਂ। ਆਖਿਰ ਗਲਤੀ ਦਰੁਸਤ ਹੋ ਸਕਦੀ ਹੈ ਤਾਂ ਪ੍ਰੇਸ਼ਾਨੀ ਕੀ? ਜੇ ਮੰਦਰ ਨੂੰ ਤੋੜ ਕੇ ਬਣਾਈ ਗਈ ਮਸਜਿਦ ਸਿਰਫ ਇਸ ਲਈ ਬਣੀ ਰਹਿਣ ਦਿੱਤੀ ਜਾਵੇ ਕਿ ਉਹ 300 ਸਾਲ ਪਹਿਲਾਂ ਤੋਂ ਬਣੀ ਹੋਈ ਹੈ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਦੀਆਂ ਤੱਕ ਮਸਜਿਦ ਦੀ ਨੀਂਹ ’ਚ ਮੌਜੂਦ ਰਹੀ ਮੰਦਰ ਦੀ ਪਿੱਠਭੂਮੀ ’ਤੇ ਕੀ ਵਿਸਰਨ ਦੀ ਧੂੜ ਚੜ੍ਹਾਅ ਦਿੱਤੀ ਜਾਵੇ?
ਕੀ ਸਦੀਆਂ ਪਹਿਲਾਂ ਤੋਂ ਮਸਜਿਦ ਦੀ ਥਾਂ ਮੌਜੂਦਾ ਆਸਥਾ ਦੇ ਮੰਦਰ ਦੀ ਤੁਲਨਾ ’ਚ ਇਕ ਕੌਮ ਦੇ ਸਵੈਮਾਣ ਨੂੰ ਤੋੜਨ ਲਈ ਨਫਰਤ ਦੇ ਭਾਵ ਨਾਲ ਬਣਾਈ ਗਈ ਇਸ ਮਸਜਿਦ ਦੇ ਢਾਂਚੇ ਨੂੰ ਵੱਡਾ ਮੰਨ ਲਿਆ ਜਾਵੇ? ਜੇ ਸੱਚਮੁੱਚ ਕਿਤੇ ਕੋਈ ਗਲਤੀ ਹੈ, ਤਾਂ ਉਸ ਨੂੰ ਦਰੁਸਤ ਕਰਨ ਦੀ ਉਚਿਤਤਾ ਵੀ ਆਖਿਰ ਕਿਉਂ ਨਹੀਂ?
ਅਤੀਤ ਦੀ ਇੰਨੀ ਵੱਡੀ ਘਟਨਾ ਨੂੰ ‘ਜੋ ਹੋਇਆ ਸੋ ਹੋਇਆ’ ਕਹਿ ਕੇ ਭੁਲਾ ਦੇਣਾ ਕੀ ਇੰਨਾ ਸੌਖਾ ਹੈ? ਮੁਗਲਾਂ ਵੱਲੋਂ ਮੰਦਰ ਨੂੰ ਤੋੜ ਕੇ ਮਸਜਿਦ ਬਣਾ ਦੇਣਾ, ਇਕ ਇਮਾਰਤ ਨੂੰ ਦੂਜੀ ਇਮਾਰਤ ’ਚ ਬਦਲ ਦੇਣਾ ਹੀ ਨਹੀਂ ਸੀ। ਇਹ ਦੂਜੀ ਕੌਮ ਦੀ ਜਾਇਦਾਦ ’ਤੇ ਕਬਜ਼ਾ ਕਰ ਲੈਣਾ ਜਾਂ ਉਸ ਨੂੰ ਹੜੱਪ ਲੈਣਾ ਤਾਂ ਸੀ ਹੀ, ਬੁੱਤ ਤੋੜਨ ਵਾਲੇ ਦੇ ਹੰਕਾਰੀ ਭਾਵ ਨਾਲ ਦੂਜੀ ਕੌਮ ਦੇ ਸੱਭਿਆਚਾਰਕ ਅਤੇ ਧਾਰਮਿਕ ਚਿੰਨ੍ਹਾਂ ਨੂੰ ਮਿਟਾ ਦੇਣ ਦੀ ਮੁਹਿੰਮ ਵੀ ਸੀ। ਹੋ ਸਕਦਾ ਹੈ, ਕੁਝ ਲੋਕਾਂ ਨੂੰ ‘ਰੇਸਕੋਰਸ ਰੋਡ’ ਨੂੰ ‘ਲੋਕ ਕਲਿਆਣ ਮਾਰਗ’ ਬਣਾ ਦੇਣਾ, ‘ਕਿੰਗਜ਼ਵੇ’ ਨੂੰ ‘ਰਾਜਪਥ’ ਦੇ ਹੰਕਾਰ ਤੋਂ ਹੇਠਾਂ ਉਤਾਰ ਕੇ ‘ਕਰਤੱਵ ਪਥ’ ’ਚ ਬਦਲ ਦੇਣਾ, ‘ਇੰਡੀਅਨ ਪੀਨਲ ਕੋਡ’ ਨੂੰ ‘ਭਾਰਤੀ ਦੰਡ ਵਿਧਾਨ’ ਬਣਾ ਦੇਣਾ, ਫੈਜ਼ਾਬਾਦ ਨੂੰ ‘ਅਯੁੱਧਿਆ’ ਦਾ ਮੂਲ ਨਾਂ ਦੇ ਦੇਣਾ, ‘ਮੁਗਲ ਗਾਰਡਨ’ ਨੂੰ ‘ਅੰਮ੍ਰਿਤ ਉਦਯਾਨ’ ’ਚ ਬਦਲਣਾ ਜਾਂ ਇੰਡੀਆ ਗੇਟ ਦੇ ਸਰਕਲ ’ਤੇ ਕਿੰਗ ਜਾਰਜ ਦੀ ਥਾਂ ਸੁਭਾਸ਼ ਚੰਦਰ ਬੋਸ ਦਾ ਬੁੱਤ ਲਾ ਦੇਣਾ ਅਖਰੇ ਜਾਂ ਗਲਤ ਅਤੇ ਅਣਉਚਿਤ ਲੱਗੇ, ਪਰ ਮੈਂ ਸਮਝਦਾ ਹਾਂ ਕਿ ਜੋ ਕੌਮ ਵਿਰਾਸਤ ਦੇ ਮਾਣ ’ਤੇ ਧਿਆਨ ਨਹੀਂ ਦੇ ਸਕਦੀ ਉਹ ਆਪਣਾ ਆਤਮਸਨਮਾਨ ਅਤੇ ਸਵੈਮਾਣ ਵੀ ਨਹੀਂ ਬਚਾ ਸਕਦੀ।
ਜੇ ਅੱਜ ਕਾਸ਼ੀ ਜਾਂ ਮਥੁਰਾ ’ਚ ਦੁਬਾਰਾ ਨਿਰਮਾਣ ਹੁੰਦਾ ਹੈ ਤਾਂ ਇਸ ’ਤੇ ਇਹ ਕਹਿਣਾ ਸਰਾਸਰ ਗਲਤ ਹੈ ਕਿ ‘ਜੋ ਕੰਮ ਔਰੰਗਜ਼ੇਬ ਨੇ ਕੀਤਾ ਉਹੀ ਕੰਮ ਹੁਣ ਤੁਸੀਂ ਆਪ ਕਰ ਰਹੇ ਹਨ, ਅਜਿਹੇ ’ਚ ਤੁਹਾਡੇ ’ਚ ਅਤੇ ਔਰੰਗਜ਼ੇਬ ’ਚ ਕੀ ਫਰਕ ਰਹਿ ਗਿਆ?’ ਜੇ ਇਹ ਸਮਝਣਾ ਪਵੇ ਕਿ ਔਰੰਗਜ਼ੇਬ ਦੇ ਕੰਮ ’ਚ ਅਤੇ ਹੁਣ ਦੇ ਕੰਮ ’ਚ ਮੁੱਢਲਾ ਫਰਕ ਹੈ, ਤਾਂ ਇਹ ਸਮਝਦਾਰਾਂ ਦੀ ਸਮਝਦਾਰੀ ’ਤੇ ਤਰਸ ਖਾਣ ਵਾਲੀ ਗੱਲ ਹੋਵੇਗੀ। ਅਜਿਹਾ ਨਹੀਂ ਸੀ ਕਿ ਹਿੰਦੂਆਂ ਨੇ ਮਥੁਰਾ ਜਾਂ ਕਾਸ਼ੀ ’ਚ ਕਿਸੇ ਮਸਜਿਦ ਨੂੰ ਤੋੜ ਕੇ ਮੰਦਰ ਬਣਾ ਲਿਆ ਹੋਵੇ ਅਤੇ ਤਦ ਔਰੰਗਜ਼ੇਬ ਨੇ ਮੰਦਰ ਨੂੰ ਤੋੜ ਕੇ ਦੁਬਾਰਾ ਮਸਜਿਦ ਬਣਾਈ ਹੋਵੇ।
ਸੱਚਾਈ ਇਹ ਹੈ ਕਿ ਮੁਗਲਾਂ ਨੇ ਭਾਰਤੀ ਸਮਾਜ ਦੇ ਮਾਣਮੱਤੇ ਅਤੇ ਆਤਮਸਨਮਾਨ ਦੇ ਭਾਵ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਕੰਮ ਕੀਤਾ ਸੀ। ਅਜਿਹਾ ਵੀ ਨਹੀਂ ਹੈ ਕਿ ਉਹ ਇਕਤਰਫਾ ਤੌਰ ’ਤੇ ਗਲਤ ਹੀ ਸਨ। ਆਪਣੇ ਹਿਸਾਬ ਨਾਲ ਆਪਣੀ ਨਜ਼ਰ ’ਚ ਉਹ ਠੀਕ ਹੀ ਕਰ ਰਹੇ ਸਨ।
ਉਹ ਇਸਲਾਮ ਦੀਆਂ ਤਤਕਾਲੀ ਵਿਆਖਿਆਵਾਂ ਦੇ ਹਿਸਾਬ ਨਾਲ ਜੰਨਤ ਬਣਾਉਣ ਅਤੇ ਲਿਆਉਣ ਦਾ ਕੰਮ ਕਰ ਰਹੇ ਸਨ। ਅੰਗ੍ਰੇਜ਼ਾਂ ਤੋਂ ਪਹਿਲਾਂ ਅੰਗ੍ਰੇਜ਼ਾਂ ਵਾਂਗ ਹੀ ਉਹ ਭਾਰਤ ਨੂੰ ਸੱਭਿਅਤਾ ਦਾ ਪਾਠ ਪੜ੍ਹਾ ਰਹੇ ਸਨ। ਅਸਲ ’ਚ ਗੱਲ ਇਹ ਵੀ ਹੈ ਕਿ ਜਿਨ੍ਹਾਂ ਕੌਮਾਂ ਦੀ ਆਪਣੀ ਕੋਈ ਖੁਸ਼ਹਾਲ ਵਿਰਾਸਤ ਨਹੀਂ ਹੁੰਦੀ, ਉਹ ਕੌਮਾਂ ਦੂਜੀਆਂ ਕੌਮਾਂ ਦੀ ਮਾਣਮੱਤੀ ਵਿਰਾਸਤ ਦੀ ਅਹਿਮੀਅਤ ਵੀ ਠੀਕ ਤਰ੍ਹਾਂ ਨਹੀਂ ਸਮਝਦੀਆਂ ਅਤੇ ਅਕਸਰ ਨਫਰਤ ਵੱਸ ਉਨ੍ਹਾਂ ਨੂੰ ਨਸ਼ਟ ਕਰਨ ਦਾ ਕੰਮ ਕਰਨ ਲੱਗਦੀਆਂ ਹਨ।
ਅਯੁੱਧਿਆ ’ਚ ਅੱਜ ਜੇ ਰਾਮ ਦਾ ਮੰਦਰ ਬਣਿਆ ਹੈ ਤਾਂ ਇਹ ਕਿਸੇ ਤਰ੍ਹਾਂ ਦੀ ਨਫਰਤ ਦੇ ਵੱਸ ਨਹੀਂ ਹੈ ਸਗੋਂ ਇਕ ਕੌਮ ਦੀ ਆਸਥਾ ਅਤੇ ਸੱਭਿਆਚਾਰ ਦੇ ਪ੍ਰਤੀਕ ਨੂੰ ਮੁੜ ਜੀਵਨ ਦੇਣ ਵਰਗਾ ਹੈ। ਇਹ ਕਿੰਨਾ ਜ਼ਰੂਰੀ ਸੀ, ਇਸ ਦਾ ਅਹਿਸਾਸ ਇਰਫਾਨ ਹਬੀਬ ਦੀਆਂ ਮਾਰਕਸਵਾਦੀ ਨਾਸਤਿਕ ਭਾਵਨਾਵਾਂ ਦੇ ਸਹਾਰੇ ਸੰਭਵ ਨਹੀਂ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੁਸਲਮਾਨਾਂ ਦੀ ਇਕ ਵੱਡੀ ਗਿਣਤੀ ਨੇ ਇਸ ਵਿਰਾਸਤ ਦਾ ਮਹੱਤਵ ਸਮਝਿਆ ਹੈ ਅਤੇ ਰਾਮ ਮੰਦਰ ਨੂੰ ਭਰਪੂਰ ਹਮਾਇਤ ਦਿੱਤੀ ਹੈ, ਸਗੋਂ ਦਰਸ਼ਨਾਰਥੀ ਬਣ ਕੇ ਉਹ ਰਾਮ ਮੰਦਰ ਤੱਕ ਗਏ ਹਨ ਅਤੇ ਜਾ ਰਹੇ ਹਨ।
ਬਹਿਸ ਲੰਬੀ ਹੋ ਸਕਦੀ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਦੇਸ਼ ਬਹੁਭਾਸ਼ਾਈ ਅਤੇ ਕਈ ਧਰਮਾਂ ਵਾਲਾ ਹੈ। ਇਸਲਾਮ ਦੇ ਪੈਰੋਕਾਰਾਂ ਲਈ ਆਪਣਾ ਵੱਡਾ ਦਿਲ ਦਿਖਾਉਣ ਦਾ ਵਕਤ ਹੈ। ਅਖੀਰ ਉਹ ਵੀ ਇੱਥੋਂ ਦੀ ਮਿੱਟੀ ’ਚ ਜਨਮੇ ਹਨ ਅਤੇ ਰਾਮ-ਕ੍ਰਿਸ਼ਨ ਉਨ੍ਹਾਂ ਦੇ ਵੀ ਪੂਰਵਜ ਹਨ। ਮਾਨਤਾਵਾਂ ਭਾਵੇਂ ਬਦਲ ਲਈਆਂ ਹੋਣ ਪਰ ਪੂਰਵਜਾਂ ਦੀ ਵਿਰਾਸਤ ਅਤੇ ਮਾਣ ਸਾਂਝਾ ਹੈ। ਇਤਿਹਾਸ ’ਤੇ ਕਿੰਨੀ ਵੀ ਪੋਚਾ-ਪਾਚੀ ਕੀਤੀ ਜਾਵੇ ਪਰ ਮੰਦਰ ਵਿਰੋਧੀਆਂ ਨੂੰ ਵੀ ਪਤਾ ਹੈ ਕਿ ਮੁਗਲਾਂ ਨੇ ਇਸ ਦੇਸ਼ ਦੇ ਇਕ-ਦੋ ਨਹੀਂ ਹਜ਼ਾਰਾਂ ਮੰਦਰਾਂ ਨੂੰ ਤੋੜਿਆ।
ਬੁੱਤ ਤੋੜਨ ਦਾ ਇਹ ਮਨੋਭਾਵ ਅਫਗਾਨਿਸਤਾਨ ਵਰਗੇ ਦੇਸ਼ ’ਚ ਅੱਜ ਵੀ ਦੇਖਿਆ ਜਾ ਸਕਦਾ ਹੈ ਜਿੱਥੇ ਆਏ ਦਿਨ ਹੁਣ ਤੱਕ ਬੋਧੀਆਂ-ਹਿੰਦੂਆਂ ਦੇ ਬਚੇ ਹੋਏ ਚਿੰਨ੍ਹਾਂ ਨੂੰ ਜ਼ਮੀਨਦੋਜ਼ ਕੀਤਾ ਜਾਂਦਾ ਰਿਹਾ ਹੈ। ਥੋੜ੍ਹੀ ਦੇਰ ਲਈ ਕਲਪਨਾ ਕਰੋ ਕਿ ਜੇ ਇਸ ਦੇਸ਼ ’ਚ ਹਿੰਦੂ ਘੱਟਗਿਣਤੀ ਹੁੰਦੇ ਅਤੇ ਮੁਸਲਮਾਨ ਬਹੁਗਿਣਤੀ ਅਤੇ ਆਸਥਾ ਦੇ ਇਹ ਕੇਂਦਰ ਮੁਸਲਮਾਨਾਂ ਦੇ ਹੁੰਦੇ, ਤਾਂ ਕੀ ਹੁੰਦਾ? ਕੀ ਉਹੀ ਨਾ ਹੁੰਦਾ, ਜੋ ਓਵੈਸੀ ਦਾ ਭਰਾ ਆਪਣੇ ਭਾਸ਼ਣਾਂ ’ਚ ਬੋਲਦਾ ਰਿਹਾ ਹੈ?
ਸੰਸਾਰ ਦੇ ਸਾਰੇ ਮੁਸਲਿਮ ਰਾਸ਼ਟਰਾਂ ਦਾ ਅਤੀਤ ਅਤੇ ਵਰਤਮਾਨ ਦੇਖੋ ਅਤੇ ਸੋਚੋ ਕਿ ਬਹੁ-ਗਿਣਤੀ ਸਥਿਤੀ ’ਚ ਕੀ ਮੁਸਲਮਾਨ ਭਾਈਚਾਰਾ ਆਪਣੇ ਆਸਥਾ ਦੇ ਕੇਂਦਰਾਂ ਲਈ ਇਸ ਤਰ੍ਹਾਂ ਨਾਲ ਅਦਾਲਤੀ ਲੜਾਈ ਲੜਨ ਦੀ ਤਕਲੀਫ ਉਠਾਉਂਦਾ? ਗੰਗਾ-ਯਮੁਨੀ ਤਹਿਜ਼ੀਬ ਦੇ ਹਮਾਇਤੀ ਅਤੇ ਮਜ਼੍ਹਬ ਤੋਂ ਪਹਿਲਾਂ ਧਰਮ ਨੂੰ ਅੱਗੇ ਰੱਖਣ ਦੇ ਚਾਹਵਾਨ ਕੁਝ ਮੁਸਲਮਾਨ ਭਾਵੇਂ ਹੀ ਅਜਿਹਾ ਕਰਨ ਦੀ ਗੱਲ ਕਰਦੇ ਪਰ ਸਭ ਤੋਂ ਪਹਿਲਾਂ ਉਹ ਹੀ ਜ਼ਿਬ੍ਹਾ ਕੀਤੇ ਜਾਂਦੇ।