ਪੰਜਾਬ-ਹਰਿਆਣਾ ਹਾਈ ਕੋਰਟ : 4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਲਾਜ਼ਮੀ ਕਰਨ ਦਾ ਹੁਕਮ
Sunday, Nov 10, 2024 - 02:28 AM (IST)
ਹਾਲਾਂਕਿ ਦੋਪਹੀਆ ਵਾਹਨਾਂ ’ਤੇ ਸਵਾਰੀ ਸਮੇਂ ਹੈਲਮੇਟ ਪਾਉਣਾ ਲਾਜ਼ਮੀ ਹੈ ਪਰ ਬਾਈਕ ਸਵਾਰ ਬੱਚੇ ਇਸ ਨਿਯਮ ਦੀ ਪਾਲਣਾ ਨਹੀਂ ਕਰਦੇ ਜੋ ਹਾਦਸੇ ਦੀ ਸਥਿਤੀ ’ਚ ਸਿਰ ’ਤੇ ਲੱਗਣ ਵਾਲੀਆਂ ਸੱਟਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਕਾਰਨ ਹੈ।
ਇਸੇ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ‘ਸ਼ੀਲ ਨਾਗੂ’ ਅਤੇ ਜਸਟਿਸ ‘ਅਨਿਲ ਸ਼ੇਤਰਪਾਲ’ ਦੀ ਬੈਂਚ ਨੇ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਦੋਪਹੀਆ ਵਾਹਨਾਂ ’ਤੇ ਹੈਲਮੇਟ ਲਾਜ਼ਮੀ ਕਰਨ ਦਾ ਹੁਕਮ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਖਰੜਾ ਤਿਆਰ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਅਗਿਆਨਤਾ ਹਾਦਸਿਆਂ ਦਾ ਕਾਰਨ ਬਣਦੀ ਹੈ, ਇਸ ਲਈ ਲੋਕਾਂ ਨੂੰ ਆਵਾਜਾਈ ਦੇ ਹੋਰ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਵੀ ਜ਼ਰੂਰੀ ਹੈ। ਜਿਵੇਂ ਕਿ ਵਾਹਨ ਹਮੇਸ਼ਾ ਆਪਣੀ ਸਾਈਡ ’ਚ ਹੀ ਹੌਲੀ ਰਫਤਾਰ ਨਾਲ ਚਲਾਉਣਾ ਚਾਹੀਦਾ ਹੈ ਅਤੇ ਦੋਪਹੀਆ ਵਾਹਨ ਚਾਲਕ ਅਤੇ ਬੱਚਿਆਂ ਲਈ ਹੈਲਮੇਟ ਦੇ ਨਾਲ-ਨਾਲ ਅੱਖਾਂ ’ਤੇ ਐਨਕ ਲਾਉਣਾ ਵੀ ਲਾਜ਼ਮੀ ਹੋਣਾ ਚਾਹੀਦਾ ਹੈ।
ਖੇਤਾਂ ਦੇ ਕੰਢੇ ਸੜਕਾਂ ਹੋਣ ਕਾਰਨ ਅੱਖ ’ਚ ਕੋਈ ਕੀੜਾ ਆਦਿ ਪੈ ਜਾਣ ਨਾਲ ਵੀ ਹਾਦਸਾ ਹੋ ਸਕਦਾ ਹੈ। ਦੋਪਹੀਆ ਵਾਹਨ ’ਤੇ ਜਿੱਥੋਂ ਤਕ ਹੋ ਸਕੇ 2 ਤੋਂ ਵੱਧ ਸਵਾਰੀਆਂ ਨਹੀਂ ਹੋਣੀਆਂ ਚਾਹੀਦੀਆਂ ਜਦ ਕਿ ਲੋਕ 4-4 ਸਵਾਰੀਆਂ ਬਿਠਾ ਲੈਂਦੇ ਹਨ।
ਜਦੋਂ ਤਕ ਲੋਕ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਦੇ ਖਤਰੇ ਨਹੀਂ ਸਮਝਣਗੇ ਅਤੇ ਪੁਲਸ ਪ੍ਰਸ਼ਾਸਨ ਸਖਤੀ ਨਹੀਂ ਵਰਤੇਗਾ, ਤਦ ਤਕ ਹੈਲਮੇਟ ਨਾ ਪਹਿਨਣ ’ਤੇ ਹਾਦਸੇ ਦੀ ਸਥਿਤੀ ’ਚ ਸਿਰ ’ਤੇ ਸੱਟ ਲੱਗਣ ਨਾਲ ਮੌਤਾਂ ਹੁੰਦੀਆਂ ਹੀ ਰਹਿਣਗੀਆਂ। ਇਸ ਲਈ ਹਾਈ ਕੋਰਟ ਦਾ ਉਪਰੋਕਤ ਹੁਕਮ ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਇਲਾਵਾ ਦੂਸਰੇ ਸੂਬਿਆਂ ’ਚ ਵੀ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
-ਵਿਜੇ ਕੁਮਾਰ