ਮੇਰੀ ਕੌਮ ਦੇ ਗੁਰਸਿੱਖ ਵੀਰੋ! ਸਵਾਰਥੀ ਹੋ ਕੇ ਕਿਹੜੇ ਰਾਹ ਤੁਰ ਪਏ?

05/18/2017 5:26:07 PM

 ਮੇਰੀ ਕੌਮ ਦੇ ਗੁਰਸਿੱਖ ਵੀਰੋ!  ਸਵਾਰਥੀ ਹੋ ਕੇ ਕਿਹੜੇ ਰਾਹ ਤੁਰ ਪਏ? 

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਸਿੱਖ ਕੌਮ ਅਣਖੀਲੀ, ਨਿਆਰੀ, ਧਰਮੀ ਅਤੇ ਜੁਝਾਰੂ ਕੌਮ ਹੈ ਇਸ ਨੂੰ ਮਹਾਨ ਬਖ਼ਸ਼ੀਸ਼ ਹੈ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਦੱਸੇ ਜੋਤਾਂ ਦੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਦੀ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਮਹਾ ਵਾਕਾਂ ਦੇ ਓਟ ਆਸਰੇ ਦੀ ਅਤੇ ਗੁਰੂ ਸਾਹਿਬਾਨਾਂ ਤੇ ਉਨਾਂ ਦੇ ਬੇਅੰਤ 
ਗੁਰਸਿੱਖ ਸੇਵਾਦਾਰਾਂ (ਸ਼ਹੀਦ ਸਿੰਘਾਂ) ਵੱਲੋਂ ਗੁਰਸਿੱਖੀ ਜੀਵਨ ਅਤੇ ਸ੍ਰਿਸ਼ਟੀ ਦੇ ਹਰ ਜੀਵ ਵਸਤੂ ਨੂੰ ਸੱਚੇ ਮਨ, ਪ੍ਰੇਮ, ਪਿਆਰ, ਸਤਿਕਾਰ ਦੀ ਅੱਖ ਨਾਲ ਦੇਖ ਹੱਸ ਕੇ ਗਲੇ ਲਗਾਉਣ ਵਾਲੇ ਰਾਖਿਆਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨਾਲ ਸਿਰਜੇ ਇਤਿਹਾਸ ਦੀ। 
ਇਨਾਂ ਮਹਾਨ ਦੇਣਾਂ ਦੇ ਸਦਕਾ ਅਕਾਲ ਪੁਰਖ ਪ੍ਰਮਾਤਮਾ ਵੱਲੋਂ ਜੀਵਨ ਨੂੰ ਸੁਚੱਜੇ ਢੰਗ ਨਾਲ
ਜਿਊਣ ਦੀ ਜਾਚ ਇਸ ਨਿਆਰੀ ਕੌਮ ਦੇ ਗੁਰਸਿੱਖ ਨੂੰ ਭਾਗਾਂ ਨਾਲ ਦਿੱਤੀ ਹੈ। ਇਸੇ ਸਦਕਾ ਹੀ ਤਾਂ ਹਰ ਜ਼ੁਲਮ ਦੇ ਅੱਗੇ ਨਿਡਰ ਹੋ ਕੇ ਸੱਚਾ ਗੁਰਸਿੱਖ ਸਰਬ ਧਰਮਾਂ ਨੂੰ ਸਮਾਨਤਾ ਦਿੰਦੇ ਹੋਏ ਮਾਨਵਤਾ ਵਿਚ ਵੱਧ ਰਹੇ ਜ਼ੁਲਮੀ ਦੇ ਜ਼ੁਲਮਾਂ ਤੋਂ ਦੁਖਿਆਰਿਆਂ ਨੂੰ ਛੁਟਕਾਰਾ ਦਿਵਾਉਣ ਅਤੇ ਕੁਦਰਤ ਦੇ ਸੁਹੱਪਣ ਨੂੰ ਬਰਕਰਾਰ ਰੱਖਣ ਲਈ ਸਿਰ ਧੜ ਦੀ ਬਾਜ਼ੀ ਲਗਾਉਣ ਲਈ ਤਤਪਰ ਹੋ ਉੱਠਦਾ ਏ।  
ਪਰ ਇਸ ਮਹਾਨ ਕੌਮ ਦੀ ਏਕਤਾ, ਪਰਪੱਕਤਾ, ਸੂਰਬੀਰਤਾ, ਦਿਆਲਤਾ ਤੇ ਸਮਾਨਤਾ ਵਾਲੇ ਬੇਅੰਤ ਗੁਣਾਂ ਨੂੰ ਪਤਾ ਨਹੀਂ ਕਿਸ ਚੰਦਰੀ ਨਜ਼ਰ ਦੇ ਵੈਰੀ ਦੀ ਨਜ਼ਰ ਲੱਗ ਗਈ ਹੈ ਕਿ ਅਜੋਕਾ ਸਿੱਖ ਹੋਰਾਂ (ਗ਼ਰੀਬ-ਗ਼ੁਰਬੇ, ਲਾਚਾਰ, ਲੋੜਵੰਦ) ਦੀ ਰਾਖੀ ਤਾਂ ਕੀ ਆਪਣੇ ਹੀ ਆਪਣਿਆਂ ਨੂੰ ਮਾਰਨ ਤੇ  ਆਪਣੇ ਹੀ ਕੌਮ ਦੇ ਵਜੂਦ ਨੂੰ ਖ਼ਤਮ ਕਰਨ ਦੀਆਂ ਘਿਣਾਉਣੀਆਂ ਸਾਜ਼ਿਸ਼ਾਂ ਕਰਨ ਲੱਗੇ ਹਨ । ਫਿਰ ਕਿਵੇਂ ਆਸਾਂ ਲਗਾਈਆਂ ਜਾ ਸਕਦੀਆਂ ਹਨ ਕਿ ਸਿੱਖ ਕੌਮ ਚੜ੍ਹਦੀ ਕਲਾ 'ਚ ਆ ਜਾਵੇਗੀ? ਇਕ ਸੱਚੇ ਗੁਰਸਿੱਖ ਦਾ ਇਹ ਸੋਚ ਸੋਚ ਮਨ ਬਹੁਤ ਵਿਆਕੁਲ ਦੁਖੀ ਹੋ ਰਿਹਾ ਹੋਵੇਗਾ।
ਅਫ਼ਸੋਸ ਤਾਂ ਇਸ ਗੱਲ ਦਾ ਵੀ ਹੈ ਕਿ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ਿਆ ਖ਼ਾਲਸਾਈ ਬਾਣੇ ਨੂੰ ਵੀ ਦਾਗ਼ ਕਿਉਂ ਲੱਗਦਾ ਜਾ ਰਿਹਾ ਹੈ? ਅਜੋਕਾ ਗੁਰਸਿੱਖੀ ਬਾਣਾ ਵੀ ਹੁਣ ਕਿੰਤੂ ਪਰਤੂੰ ਵੱਲ ਨੂੰ ਕਿਉਂ ਜਾਂਦਾ ਜਾ ਰਿਹਾ ਹੈ? ਮਾਫ਼ ਕਰਨਾ ਕਹਿਣ ਦੇਣਾ ਕਿ ਸਾਡੀਆਂ ਬੇਅਕਲੀਆਂ ਕਾਰਨ ਇਸ ਪਾਵਨ ਪਵਿੱਤਰ ਬਾਣੇ ਦੇ ਹੇਠ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਹਿਤ ਅਖੌਤੀ ਬੇਅੰਤ ਸਾਧਾਂ ਵੱਲੋਂ ਗੁਰਮਤਿ ਸਿਧਾਂਤਾਂ ਦੇ ਉਲਟ ਆਪਣੇ ਹੀ ਨਿਯਮਾਂ ਨੂੰ ਲਾਗੂ ਕਰ ਕੇ ਵਹਿਮਾਂ ਭਰਮਾਂ ਦੀ ਦਲਦਲ 'ਚ ਫਸਾਇਆ ਜਾ ਰਿਹਾ ਹੈ। ਫਿਰ ਸੱਚ ਹੀ ਤਾਂ ਹੈ ਕਿ ਧਾਰਮਿਕ-ਗੁਰਸਿੱਖੀ ਲਿਬਾਸਾਂ 'ਚ ਹੁਣ ਕਾਰੋਬਾਰ ਜੋ ਚੱਲਣ ਲੱਗ ਪਏ ਹਨ ਤਾਂਹਿਉ ਤਾਂ ਕੌਮ ਦੀ ਅਭਾਗੀ ਕਾਰਨ ਪਾਵਨ ਪਵਿੱਤਰ ਬਾਣੀ ਦੀਆਂ ਵੀ ਬੇਅਦਬੀਆਂ ਬੇਰੋਕ ਜਾਰੀ ਹਨ। 
ਅਕਾਲ ਪੁਰਖ ਪ੍ਰਮਾਤਮਾ ਦੀ ਰੂਹਾਨੀ ਜੋਤ ਤੇ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਨਾਂ ਨੂੰ ਦੁਨੀਆ ਭਰ ਦੇ ਧਰਮਾਂ ਵੱਲੋਂ ਸਰਬ ਧਰਮਾਂ ਦੇ ਸਾਂਝੇ ਗੁਰੂ ਹੋਣ ਦਾ ਮਹਾਨ ਇਲਾਹੀ ਜੋਤ ਦਾ ਰੁਤਬਾ ਦੁਨੀਆ ਦੇ ਹਰੇਕ ਸਤਿਕਾਰ ਯੋਗ ਧਰਮ ਵੱਲੋਂ ਦਿੱਤਾ ਗਿਆ ਹੈ। ਸਮਾਜ ਵਿਚ ਵੱਧ ਰਿਹਾ ਵੈਰ ਵਿਰੋਧ, ਵਹਿਮਾਂ ਭਰਮਾਂ, ਉੱਚ ਨੀਚ ਵਰਗੀਆਂ ਹੋਰ ਬੇਅੰਤ ਕਰੁੱਤੀਆਂ ਨੂੰ ਖ਼ਤਮ ਕਰਨ ਦਾ ਸਫਲਾ ਯਤਨ ਗੁਰੂ ਸਾਹਿਬ ਜੀ ਦੀਆਂ ਦਸ ਜੋਤਾਂ ਤੇ ਉਨਾਂ ਦੇ ਗੁਰਸਿੱਖ ਸੇਵਾਦਾਰਾਂ(ਸ਼ਹੀਦ ਸਿੰਘਾਂ) ਵੱਲੋਂ ਬੇਰੋਕ ਤੇ ਨਿਡਰਤਾ ਪੂਰਵਕ ਆਪਣਾ ਸਰਬੰਸ ਵਾਰ ਕੇ ਕੀਤਾ ਗਿਆ ਸੀ। ਪਰ ਅਜੋਕੇ ਸਮੇਂ ਵਿਚ ਇਹ ਸਾਰੀਆਂ ਅਲਾਮਤਾਂ ਫਿਰ ਤੋਂ ਮਾਨਵਤਾ ਅਤੇ ਕੁਦਰਤ ਦਾ ਘਾਣ ਕਰਨ ਲਈ ਆਪਣੇ ਪੈਰ ਪਸਾਰਦੀਆਂ ਜਾ ਰਹੀਆਂ ਹਨ। 
ਸਮਝ ਨਹੀਂ ਆ ਰਿਹਾ ਕਿ ਅਜੋਕੀ ਇਸ ਅਨੋਖੀ ਨਵੀਂ ਬਣ ਰਹੀ ਕੌਮ ਦਾ ਸਿੱਖ ਕਿਧਰ ਨੂੰ ਜਾਂਦਾ ਜਾ ਰਿਹਾ ਹੈ? ਕੁੱਝ ਬੀਤੇ ਦਿਨਾਂ ਤੋਂ ਹੋ ਰਹੀਆਂ ਫਿਰ ਇਤਿਹਾਸ ਨੂੰ ਲੈ ਕੇ ਵਿਵਾਦਿਤ ਹੋ ਰਹੀ ਬਹਿਸ ਉਹ ਵੀ ਪੰਥ ਪ੍ਰਸਿੱਧ ਸੰਪਰਦਾਵਾਂ 'ਚ ਅਤੇ ਉਨਾਂ ਦੀ ਇਸ ਬਹਿਸ ਨੂੰ ਸਮਝਣ ਅਤੇ ਪਰਖਣ ਵਾਲੇ ਉਹ ਖ਼ੁਦ ਹੀ ਕਿੰਤੂ ਪਰੰਤੂ ਵਿਚ ਉਲਝਦੇ ਜਾ ਰਹੇ ਹਨ। ਹਰ ਧਰਮ ਦੀਆਂ ਭਾਵਨਾਵਾਂ ਦੀ ਦਿਲੋਂ ਕਦਰ ਕਰਦਾ ਹੋਇਆ ਕਹਿ ਦੇਣਾ ਕਿ ਇੰਜ ਪ੍ਰਤੀਤ ਹੋ ਰਿਹਾ ਹੈ ਜਾਂ ਸੱਚ ਕਹਿਣ ਦੇਣਾ ਕਿ ਗੁਰੂ ਸਾਹਿਬ ਜੀ ਵੱਲੋਂ ਸਰਬੰਸ ਦਾਨ ਕਰ ਕੇ ਸਿਰਜੇ ਇਤਿਹਾਸ ਵਾਲੀ ਸਿੱਖ ਕੌਮ ਵੀ ਇੱਕ ਹੋਰ ਧਰਮ ਵਾਂਗ ਦੋ ਹਿੱਸੇ 'ਚ ਤਬਦੀਲ ਹੁੰਦੀ ਜਾ ਰਹੀ ਹੈ।
ਪਾਠਕ ਜਾਣੂੰ ਹੀ ਹਨ ਕਿ ਦਾਸ ਕਿਹੜੇ ਦੋ ਹਿੱਸਿਆਂ ਦੀ ਗੱਲ ਕਰਨ ਦਾ ਯਤਨ ਕਰ ਰਿਹਾ ਹੈ। ਦਾਸ ਵਲੋਂ ਹਰ ਉਸ 
ਗੁਰਸਿੱਖ ਅਤੇ ਸਹਿਜਧਾਰੀ ਵੀਰਾਂ/ਭੈਣਾਂ ਦੇ ਦੁੱਖ ਨੂੰ ਸਮਝਦੇ ਹੋਏ ਗੁਰੂ ਪਿਆਰੀ ਸੰਗਤ ਜੀਓ ਕਹਿਣ ਦੇਣਾ ਇਹ ਕੌਮ ਹੁਣ ਦਸਵੇਂ ਗੁਰੂ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖ਼ਾਲਸਾਈ ਖ਼ਾਲਸ ਕੌਮ ਨਹੀਂ ਪ੍ਰਤੀਤ ਹੋ ਰਹੀ। ਜਿਸ ਦੀ ਅਗਵਾਈ ਕਰਨ ਵਾਲੇ ਖ਼ੁਦ ਕਿਸੇ ਵੀ ਸੱਚ ਦੇ ਸਿੱਟੇ ਤੇ ਪਹੁੰਚਣ ਤੋਂ ਅਸਮਰਥ ਹੋ ਗਏ ਹੋਣ। ਰਤਾ ਭਰ ਵੀ ਕੋਈ ਇਹੋ ਜਿਹੇ ਨਹੀਂ ਦਿਖਾਈ ਦੇ ਰਿਹਾ ਜੋ ਗੁਰੂ ਸਾਹਿਬ ਜੀ ਵੱਲੋਂ ਦਰਸਾਏ 52 ਹੁਕਮਾਂ ਤੇ ਪਹਿਰਾ ਦੇਣ ਵਾਲਾ ਰਿਹਾ ਹੋਵੇਗਾ। ਪਰ ਜੋ ਹਨ ਉਹ ਅਸਲ ਗੁਰੂ ਪਿਆਰੇ ਗੁਰਸਿੱਖ ਪਤਾ ਨਹੀਂ ਇਸ ਹੋ ਰਹੀ ਸਵਾਰਥ ਦੀ ਹੁੰਦੀ ਲੜਾਈ ਨੂੰ ਦੇਖ ਕੇ ਕਿਧਰ ਅਲੋਪ ਹੁੰਦੇ ਜਾ ਰਹੇ ਹਨ। ਕਹਿਣ ਦੇਣਾ ਜੀ ਜੋ ਕਲਮ ਰਾਹੀ ਵੀ ਕੌਮ ਦੀ ਦਰਦ ਭਰੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ ਉਨਾਂ ਨੂੰ ਵੀ ਸਿਆਸਤ ਦੀ ਭੇਟ ਚੜ•ਚੁੱਕੇ ਅਗਵਾਈ ਕਰ ਰਹੇ ਕੁੱਝ ਲੋਕਾਂ ਵੱਲੋਂ ਧਮਕਾਇਆ ਜਾ ਰਿਹਾ ਹੈ।
ਪਤਾ ਨਹੀਂ ਕਿੰਨੇ ਹੀ ਸਵਾਲਾਂ ਨੇ ਅਨੇਕਾਂ ਮਨਾਂ ਨੂੰ ਫੇਰ ਘੇਰ ਲਿਆ ਹੈ। ਅੰਤਾਂ ਦੇ ਦੁੱਖ ਦੇਣ ਵਾਲੀਆਂ ਬੀਤੇ ਦਿਨਾਂ ਦੌਰਾਨ ਹੋਈਆਂ ਗੁਰੂ ਸਾਹਿਬ ਜੀ ਨਾਲ ਬੇਅੰਤ ਬੇਅਦਬੀਆਂ ਵਾਲੀਆਂ ਵਾਰਦਾਤਾਂ ਜੋ ਕਿ ਨਿਰੰਤਰ ਜਾਰੀ ਹਨ ਕਿਉਂ ਕਿਸੇ ਵੀ 
ਗੁਰਸਿੱਖ ਦੇ ਜੀਵਨ ਨੂੰ ਹਲੂਣਾ ਨਹੀਂ ਦੇ ਪਾਈਆਂ? ਕਿਉਂ ਇਨਾਂ ਵਾਰਦਾਤਾਂ ਦਾ ਹੱਲ ਕੱਢਣ ਤੋਂ ਹਾਰੇ ਹੋਏ ਮਹਿਸੂਸ ਕਰ ਰਹੇ ਆਪਾਂ ਖ਼ੁਦ ਆਪਣੇ ਆਪ ਨੂੰ ਖ਼ਤਮ ਕਰਨ ਤੇ ਉਤਾਰੂ ਹੋ ਉੱਠੇ ਹਾਂ? ਸ਼ਾਇਦ ਇੰਜ ਲੱਗਦਾ ਹੈ ਕਿ ਜਿਵੇਂ ਸ਼ਾਤਰ ਦਿਮਾਗ਼ ਵਾਲੇ ਕੌਮ ਦੇ ਦੋਸ਼ੀ ਆਪਣੀਆਂ ਚਾਲਾਂ 'ਚ ਸਫਲ ਹੁੰਦੇ ਜਾ ਰਹੇ ਹਨ।
ਅੰਤ ਨੂੰ ਦਾਸ ਆਪਣੀ ਨਿਮਾਣੀ ਕਲਮ ਦੁਆਰਾ ਬੇਨਤੀ ਕਰਦਾ ਹੈ ਕਿ ਆਪਣੇ ਆਪ ਨੂੰ ਅਤੇ ਆਪਣੇ ਵਜੂਦ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਨਾ ਕਰੋ। ਆਪਣੇ ਮਰ ਰਹੇ ਜ਼ਮੀਰ ਨੂੰ ਜਿਉਂਦਾ ਕਰੋ। ਅਜੋਕੇ ਨਾਜ਼ੁਕ ਹੋਏ ਹਾਲਤਾਂ 'ਚ ਕੌਮ ਦੀ ਚੜ੍ਹਦੀ ਕਲਾ ਲਈ ਏਕੇ 'ਤੇ ਪਰਪੱਕਤਾ ਦੀ ਲੋੜ ਹੈ। ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖ਼ਸ਼ੀ ਖੰਡੇ ਵਾਟੇ ਦੀ ਪਾਹੁਲ ਦੀ ਤਾਕਤ ਨੂੰ ਵੰਗਾਰਨ ਵਾਲੇ ਦੁਸ਼ਮਣ ਨੂੰ ਅਜੋਕੇ ਸਮੇਂ 'ਚ ਇਹ ਦੱਸਣ ਦੀ ਲੋੜ ਹੈ ਕਿ ਅਜੋਕਾ ਗੁਰੂ ਦਾ ਸਿੱਖ ''ਸਵਾ ਲਾਖ ਸੇ ਏ ਲੜਾਊਂ ” ਦੀ ਤਾਕਤ ਹੁਣ ਵੀ ਰੱਖਦਾ ਹੈ ਤੇ ਜ਼ਰੂਰਤ ਪੈਣ ਤੇ ਹੋਰਾਂ ਧਰਮਾਂ ਦੀ ਰਾਖੀ ਲਈ ਆਪਣਾ ਆਪ ਵਾਰ ਸਕਦਾ ਹੈ।
ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ• (ਬਈਏਵਾਲ)
ਸੰਗਰੂਰ @9914@622@5

Related News