ਕੁੜੀਆਂ ਨੂੰ ਮਿਲੇ ਭੈਅ ਮੁਕਤ ਵਾਤਾਵਰਣ ਦੀ ਗਾਰੰਟੀ

Wednesday, Jan 24, 2024 - 05:21 PM (IST)

ਕੁੜੀਆਂ ਨੂੰ ਮਿਲੇ ਭੈਅ ਮੁਕਤ ਵਾਤਾਵਰਣ ਦੀ ਗਾਰੰਟੀ

ਪਰਿਵਾਰਾਂ ’ਚ ਬੇਟਾ-ਬੇਟੀ ਦਰਮਿਆਨ ਵਿਤਕਰੇ ਅਤੇ ਬੇਟੀਆਂ ਨਾਲ ਪਰਿਵਾਰ ’ਚ ਆਏ ਦਿਨ ਹੋਣ ਵਾਲੇ ਜ਼ੁਲਮਾਂ ਵਿਰੁੱਧ ਸਮਾਜ ਨੂੰ ਜਾਗਰੂਕ ਕਰਨ ਲਈ ਦੇਸ਼ ਦੀ ਆਜ਼ਾਦੀ ਪਿੱਛੋਂ ਹੀ ਯਤਨ ਹੁੰਦੇ ਰਹੇ ਹਨ। ਹਾਲਾਂਕਿ ਇਕ ਸਮਾਂ ਅਜਿਹਾ ਸੀ, ਜਦੋਂ ਜ਼ਿਆਦਾਤਰ ਪਰਿਵਾਰਾਂ ’ਚ ਬੇਟੀ ਨੂੰ ਪਰਿਵਾਰ ’ਤੇ ਬੋਝ ਸਮਝਿਆ ਜਾਂਦਾ ਸੀ ਅਤੇ ਇਸ ਲਈ ਬਹੁਤ ਸਾਰੀਆਂ ਥਾਵਾਂ ’ਤੇ ਤਾਂ ਬੇਟੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਕੁੱਖ ’ਚ ਹੀ ਮਾਰ ਦਿੱਤਾ ਜਾਂਦਾ ਸੀ। ਇਹੀ ਕਾਰਨ ਸੀ ਕਿ ਬਹੁਤ ਲੰਬੇ ਅਰਸੇ ਤੱਕ ਲਿੰਗ ਅਨੁਪਾਤ ਬੁਰੀ ਤਰ੍ਹਾਂ ਗੜਬੜਾਇਆ ਰਿਹਾ। ਜੇ ਬੇਟੀ ਦਾ ਜਨਮ ਹੋ ਵੀ ਜਾਂਦਾ ਸੀ ਤਾਂ ਉਸ ਦਾ ਬਾਲ ਵਿਆਹ ਕਰਾ ਕੇ ਉਸ ਦੀ ਜ਼ਿੰਮੇਵਾਰੀ ਤੋਂ ਮੁਕਤੀ ਪਾਉਣ ਦੀ ਸੋਚ ਸਮਾਜ ’ਚ ਸਮਾਈ ਸੀ।

ਆਜ਼ਾਦੀ ਪਿੱਛੋਂ ਬੇਟੀਆਂ ਪ੍ਰਤੀ ਸਮਾਜ ਦੀ ਇਸ ਸੋਚ ਨੂੰ ਬਦਲਣ ਅਤੇ ਬੇਟੀਆਂ ਨੂੰ ਆਤਮਨਿਰਭਰ ਬਣਾ ਕੇ ਦੇਸ਼ ਦੇ ਪਹਿਲੇ ਪੌਡੇ ’ਤੇ ਲਿਆਉਣ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਅਤੇ ਕਾਨੂੰਨ ਲਾਗੂ ਕੀਤੇ ਗਏ। ਉਸੇ ਦਾ ਨਤੀਜਾ ਹੈ ਕਿ ਹੁਣ ਬੱਚੀਆਂ ਵੀ ਹਰ ਖੇਤਰ ’ਚ ਬੇਟਿਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਰਾਸ਼ਟਰ ਦੇ ਵਿਕਾਸ ’ਚ ਅਹਿਮ ਯੋਗਦਾਨ ਦੇ ਰਹੀਆਂ ਹਨ। ਅੱਜ ਲਗਭਗ ਹਰ ਖੇਤਰ ’ਚ ਕੁੜੀਆਂ ਦੀ ਵੀ ਹਿੱਸੇਦਾਰੀ ਹੈ ਅਤੇ ਹੁਣ ਤਾਂ ਉਹ ਫੌਜ ’ਚ ਵੀ ਵੱਧ-ਚੜ੍ਹ ਕੇ ਆਪਣੀ ਹਿੰਮਤ ਦਿਖਾ ਰਹੀਆਂ ਹਨ।

ਕੁੜੀਆਂ ਦੀ ਸਿੱਖਿਆ ਦੇ ਮਹੱਤਵ, ਉਨ੍ਹਾਂ ਦੀ ਸਿਹਤ ਅਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਸਮਾਜ ਨੂੰ ਜਾਗਰੂਕ ਬਣਾਉਣ ਲਈ ਸਾਲ 2008 ’ਚ ਬਾਲ ਵਿਕਾਸ ਮੰਤਰਾਲਾ ਵੱਲੋਂ ਹਰ ਸਾਲ 24 ਜਨਵਰੀ ਨੂੰ ਰਾਸ਼ਟਰੀ ਬਾਲਿਕਾ ਦਿਵਸ ਮਨਾਏ ਜਾਣ ਦਾ ਫੈਸਲਾ ਿਲਆ ਗਿਆ ਸੀ ਅਤੇ ਪਹਿਲੀ ਵਾਰ 24 ਜਨਵਰੀ, 2009 ਨੂੰ ਦੇਸ਼ ’ਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ। 24 ਜਨਵਰੀ ਨੂੰ ਹੀ ਇਹ ਦਿਵਸ ਮਨਾਏ ਜਾਣ ਦੀ ਸ਼ੁਰੂਆਤ ਦੇ ਪਿੱਛੇ ਪ੍ਰਮੁੱਖ ਕਾਰਨ ਇਹੀ ਸੀ ਕਿ ਸਾਲ 1966 ’ਚ ਇਸੇ ਦਿਨ ‘ਆਇਰਨ ਲੇਡੀ’ ਵਜੋਂ ਵਿਸ਼ਵ ਪ੍ਰਸਿੱਧ ਹੋਈ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਬਣੀ ਸੀ।

ਇਸ ਦਿਵਸ ਨੂੰ ਮਨਾਉਣ ਦਾ ਮਕਸਦ ਭਾਰਤ ਦੀਆਂ ਕੁੜੀਆਂ ਨੂੰ ਸਹਾਇਤਾ ਅਤੇ ਮੌਕੇ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਸਸ਼ਕਤੀਕਰਨ ਲਈ ਉਚਿਤ ਯਤਨ ਕਰਨਾ ਹੈ। ਯੂਨੀਸੇਫ ਅਨੁਸਾਰ ਹਰੇਕ ਲੜਕੀ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਿੱਖਿਅਤ ਬਚਪਨ ਦਾ ਅਧਿਕਾਰ ਹੈ। ਇਕ ਕਹਾਵਤ ਹੈ ਕਿ ਜਦੋਂ ਇਕ ਕੁੜੀ ਦਾ ਜਨਮ ਹੁੰਦਾ ਹੈ ਤਾਂ ਹਜ਼ਾਰਾਂ ਸੁਫ਼ਨੇ ਜਨਮ ਲੈਂਦੇ ਹਨ। ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਦਾ ਕਹਿਣਾ ਸੀ ਕਿ ਜਦੋਂ ਤੁਸੀਂ ਇਕ ਲੜਕੀ ਨੂੰ ਸਿੱਖਿਅਤ ਕਰਦੇ ਹੋ ਤਾਂ ਤੁਸੀਂ ਇਕ ਰਾਸ਼ਟਰ ਨੂੰ ਸਿੱਖਿਅਤ ਕਰਦੇ ਹੋ। ਇਸੇ ਤਰ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਮਿਸ਼ੇਲ ਓਬਾਮਾ ਨੇ ਵੀ ਕਿਹਾ ਸੀ ਕਿ ਜਦੋਂ ਕੁੜੀਆਂ ਸਿੱਖਿਅਤ ਹੁੰਦੀਆਂ ਹਨ ਤਾਂ ਉਨ੍ਹਾਂ ਦਾ ਦੇਸ਼ ਜ਼ਿਆਦਾ ਮਜ਼ਬੂਤ ਅਤੇ ਖੁਸ਼ਹਾਲ ਹੁੰਦਾ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਕਿਸੇ ਸਮਾਜ ਦੀ ਸੱਭਿਅਤਾ ਦਾ ਅਸਲੀ ਮਾਪ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਪ੍ਰਤੀ ਉਸ ਦਾ ਵਿਹਾਰ ਹੈ।

ਕੁੜੀਆਂ ਦੀ ਸਥਿਤੀ ’ਚ ਸੁਧਾਰ ਲਿਆਉਣ ਲਈ ਭਾਰਤ ’ਚ ਆਜ਼ਾਦੀ ਪਿੱਛੋਂ ਹੀ ਸਰਕਾਰਾਂ ਨੇ ਲਗਾਤਾਰ ਕਦਮ ਉਠਾਏ ਹਨ। ਸਮਾਜ ’ਚ ਲੜਕਾ-ਲੜਕੀ ਦੇ ਭੇਦਭਾਵ ਨੂੰ ਖਤਮ ਕਰਨ ਦੇ ਮਕਸਦ ਨਾਲ ਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’, ਲੜਕੀਆਂ ਲਈ ਮੁਫਤ ਜਾਂ ਰਿਆਇਤੀ ਸਿੱਖਿਆ, ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਔਰਤਾਂ ਲਈ ਰਿਜ਼ਰਵੇਸ਼ਨ ਵਰਗੀਆਂ ਕਈ ਮੁਹਿੰਮਾਂ ਅਤੇ ਪ੍ਰੋਗਰਾਮ ਸ਼ੁਰੂ ਕੀਤੇ ਗਏ। ਅਜਿਹੇ ਹੀ ਯਤਨਾਂ ਦਾ ਨਤੀਜਾ ਹੈ ਕਿ ਅੱਜ ਲਗਭਗ ਹਰ ਖੇਤਰ ’ਚ ਕੁੜੀਆਂ ਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ ਹੈ ਪਰ ਫਿਰ ਵੀ ਸਮਾਜ ’ਚ ਉਨ੍ਹਾਂ ਦੀ ਸੁਰੱਖਿਆ ਲਈ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਭਾਵੇਂ ਹੀ ਕੁੜੀਆਂ ਨਾਲ ਹੋਣ ਵਾਲੇ ਅਪਰਾਧਾਂ ਵਿਰੁੱਧ ਕਈ ਕਾਨੂੰਨ ਬਣਾਏ ਜਾ ਰਹੇ ਹਨ ਅਤੇ ‘ਸੇਵ ਦਿ ਗਰਲ ਚਾਈਲਡ’ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਫਿਰ ਵੀ ਸਮਾਜ ’ਚ ਕੁੜੀਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਦਾ ਸਿਲਸਿਲਾ ਘੱਟ ਹੋਣ ਦੀ ਬਜਾਏ ਲਗਾਤਾਰ ਵਧ ਰਿਹਾ ਹੈ।

ਬਾਲਿਕਾ ਦਿਵਸ ਮਨਾਉਣ ਦਾ ਮੂਲ ਮਕਸਦ ਇਹੀ ਹੈ ਕਿ ਕੁੜ ੀਆਂ ਲਈ ਇਕ ਅਜਿਹਾ ਸਮਾਜ ਬਣਾਇਆ ਜਾਵੇ, ਜਿੱਥੇ ਉਨ੍ਹਾਂ ਦੀ ਭਲਾਈ ਦੀ ਹੀ ਗੱਲ ਹੋਵੇ ਪਰ ਜਿਸ ਤਰ੍ਹਾਂ ਦੇਸ਼ ਭਰ ’ਚ ਕੁੜੀਆਂ ਅਤੇ ਅੱਲ੍ਹੜਾਂ ਨਾਲ ਛੇੜਖਾਨੀ, ਦੁਰਵਿਹਾਰ ਅਤੇ ਜਬਰ-ਜ਼ਨਾਹ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਅਜਿਹੇ ’ਚ ਕਾਫੀ ਚਿੰਤਾਜਨਕ ਤਸਵੀਰ ਉਭਰਦੀ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਇਕ ਰਿਪੋਰਟ ਮੁਤਾਬਕ 2013 ਤੋਂ 2017 ਦਰਮਿਆਨ ਦੁਨੀਆ ਭਰ ’ਚ ਲਿੰਗ ਚੋਣ ਰਾਹੀਂ 14.2 ਕਰੋੜ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਦੀ ਕੁੱਖ ’ਚ ਹੀ ਮਾਰ ਦਿੱਤਾ ਗਿਆ, ਜਿਨ੍ਹਾਂ ’ਚ 4.6 ਕਰੋੜ ਅਜਿਹੀਆਂ ਭਰੂਣ ਹੱਤਿਆਵਾਂ ਸਖਤ ਕਾਨੂੰਨਾਂ ਦੇ ਬਾਵਜੂਦ ਭਾਰਤ ’ਚ ਹੋਈਆਂ ਹਨ। ਹਾਲਾਂਕਿ ਲਿੰਗ ਅਨੁਪਾਤ ਦੇ ਮਾਮਲੇ ’ਚ ਸਥਿਤੀ ’ਚ ਕੁਝ ਸੁਧਾਰ ਜ਼ਰੂਰ ਹੋਇਆ ਹੈ ਪਰ ਸਥਿਤੀ ਅਜੇ ਵੀ ਤਸੱਲੀਬਖਸ਼ ਨਹੀਂ ਹੈ।

ਆਜ਼ਾਦੀ ਪਿੱਛੋਂ ਕੁੜੀਆਂ ਦੀ ਸਥਿਤੀ ’ਚ ਸੁਧਾਰ ਦੇ ਬਾਵਜੂਦ ਉਨ੍ਹਾਂ ਨੂੰ ਖੁਦ ਨੂੰ ਸਾਬਤ ਕਰਨ ਲਈ ਲੜਕਿਆਂ ਦੇ ਮੁਕਾਬਲੇ ਵੱਧ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਨ. ਸੀ. ਆਰ. ਬੀ. ਅਨੁਸਾਰ, ਬਾਲਿਕਾ ਦਿਵਸ ਸ਼ੁਰੂ ਕਰਨ ਪਿੱਛੋਂ ਸਾਲ 2009 ’ਚ ਔਰਤਾਂ ਪ੍ਰਤੀ ਜ਼ੁਲਮਾਂ ’ਚ 4.05 ਫੀਸਦੀ, 2010 ’ਚ 4.79, 2011 ’ਚ 7.05, 2012 ’ਚ 6.83 ਫੀਸਦੀ ਦਾ ਵਾਧਾ ਹੋਇਆ ਅਤੇ ਉਸ ਪਿੱਛੋਂ ਵੀ ਜ਼ੁਲਮਾਂ ਦਾ ਸਿਲਸਿਲਾ ਘੱਟ ਹੋਣ ਦੀ ਬਜਾਏ ਲਗਾਤਾਰ ਵਧਦਾ ਗਿਆ ਹੈ।

ਵੱਖ-ਵੱਖ ਰਿਪੋਰਟਾਂ ਤੋਂ ਇਹ ਤੱਥ ਵੀ ਸਾਹਮਣੇ ਆਉਂਦੇ ਰਹੇ ਹਨ ਕਿ ਦੇਸ਼ ’ਚ ਹਰ 16 ਮਿੰਟ ’ਚ ਇਕ ਜਬਰ-ਜ਼ਨਾਹ ਹੋਇਆ ਹੈ, ਰੋਜ਼ਾਨਾ ਔਸਤਨ 77 ਮਾਮਲੇ ਸਰੀਰਕ ਸ਼ੋਸ਼ਣ ਦੇ ਦਰਜ ਹੁੰਦੇ ਹਨ ਅਤੇ ਲਗਭਗ 70 ਫੀਸਦੀ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ। 2021 ’ਚ ਤਾਂ ਔਰਤਾਂ ਪ੍ਰਤੀ ਅਪਰਾਧਾਂ ’ਚ 63 ਫੀਸਦੀ ਤੱਕ ਦਾ ਵਾਧਾ ਦਰਜ ਹੋਇਆ। ਔਰਤਾਂ ਦੀ ਸਮੱਗਲਿੰਗ ਦੇ ਮਾਮਲੇ ’ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੁਝ ਮਾਮਲਿਆਂ ’ਚ ਦਰਿੰਦਿਆਂ ਵੱਲੋਂ ਜਬਰ-ਜ਼ਨਾਹ ਪਿੱਛੋਂ ਮਾਸੂਮ ਕੁੜੀਆਂ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ।

ਅੱਜ ਵੀ ਕੰਨਿਆ ਭਰੂਣ ਹੱਤਿਆ ਤੋਂ ਲੈ ਕੇ ਲਿੰਗਕ ਨਾਬਰਾਬਰੀ ਅਤੇ ਸੈਕਸ ਸ਼ੋਸ਼ਣ ਤੱਕ ਔਰਤਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਕੋਈ ਕਮੀ ਨਹੀਂ ਹੈ। ਲਿੰਗਕ ਭੇਦਭਾਵ ਸਮਾਜ ’ਚ ਅੱਜ ਵੀ ਇਕ ਵੱਡੀ ਸਮੱਸਿਆ ਹੈ, ਜਿਸ ਦਾ ਸਾਹਮਣਾ ਕੁੜੀਆਂ ਅਤੇ ਔਰਤਾਂ ਨੂੰ ਜ਼ਿੰਦਗੀ ਭਰ ਕਰਨਾ ਪੈਂਦਾ ਹੈ। ਬਾਲਿਕਾ ਦਿਵਸ ਵਰਗੇ ਆਯੋਜਨਾਂ ਦੀ ਸਾਰਥਿਕਤਾ ਉਦੋਂ ਹੋਵੇਗੀ, ਜਦੋਂ ਨਾ ਸਿਰਫ ਕੁੜੀਆਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਹੋਣ, ਸਗੋਂ ਸਮਾਜ ’ਚ ਹਰੇਕ ਲੜਕੀ ਨੂੰ ਉਚਿਤ ਮਾਣ- ਸਨਮਾਨ ਵੀ ਮਿਲੇ। ਸਮਾਜ ’ਚ ਇਹ ਸੋਚ ਵਿਕਸਿਤ ਕਰਨ ਦੀ ਲੋੜ ਹੈ ਕਿ ਇਹੀ ਲੜਕੀਆਂ ਨਾ ਸਿਰਫ ਸਾਡਾ ਬਿਹਤਰੀਨ ਅੱਜ ਹਨ, ਸਗੋਂ ਦੇਸ਼ ਦਾ ਸੁਨਹਿਰਾ ਭਵਿੱਖ ਵੀ ਹਨ।

ਯੋਗੇਸ਼ ਕੁਮਾਰ ਗੋਇਲ


author

Rakesh

Content Editor

Related News