ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ : ਵਾਤਾਵਰਣ ਨਾਲ ਖਿਲਵਾੜ

Monday, Jul 14, 2025 - 05:12 PM (IST)

ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ : ਵਾਤਾਵਰਣ ਨਾਲ ਖਿਲਵਾੜ

ਗ੍ਰੇਟ ਨਿਕੋਬਾਰ ਆਈਲੈਂਡ, ਜੋ ਕਿ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਹਿੱਸਾ ਹੈ, ਆਪਣੀ ਵਿਲੱਖਣ ਜੈਵ ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਇਹ ਟਾਪੂ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ, ਇੰਦਰਾ ਪੁਆਇੰਟ, ਹੋਣ ਦੇ ਨਾਲ-ਨਾਲ ਯੂਨੈਸਕੋ ਬਾਇਓਸਫੀਅਰ ਰਿਜ਼ਰਵ ਵੀ ਹੈ। ਕੁਝ ਸਮਾਂ ਪਹਿਲਾਂ ਨੀਤੀ ਆਯੋਗ ਦੁਆਰਾ ਪ੍ਰਸਤਾਵਿਤ 72,000 ਕਰੋੜ ਰੁਪਏ ਦੇ ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ ਦਾ ਉਦੇਸ਼ ਇਸ ਖੇਤਰ ਨੂੰ ਵਿਸ਼ਵ ਵਪਾਰ, ਸੈਰ-ਸਪਾਟਾ ਅਤੇ ਰਣਨੀਤਿਕ ਮਹੱਤਵ ਦਾ ਕੇਂਦਰ ਬਣਾਉਣਾ ਹੈ। ਇਸ ਪ੍ਰਾਜੈਕਟ ਵਿਚ ਇਕ ਅੰਤਰਰਾਸ਼ਟਰੀ ਕੰਟੇਨਰ ਟ੍ਰਾਂਸਸ਼ਿਪਮੈਂਟ ਟਰਮੀਨਲ, ਇਕ ਗ੍ਰੀਨਫੀਲਡ ਹਵਾਈ ਅੱਡਾ, ਇਕ ਟਾਊਨਸ਼ਿਪ ਅਤੇ ਇਕ ਗੈਸ ਅਤੇ ਸੂਰਜੀ ਊਰਜਾ ਆਧਾਰਿਤ ਪਾਵਰ ਪਲਾਂਟ ਦਾ ਨਿਰਮਾਣ ਸ਼ਾਮਲ ਹੈ। ਵਾਤਾਵਰਣ ਪ੍ਰੇਮੀਆਂ, ਆਦਿਵਾਸੀ ਅਧਿਕਾਰ ਕਾਰਕੁੰਨਾਂ ਅਤੇ ਵਿਰੋਧੀ ਪਾਰਟੀਆਂ ਨੇ ਇਸ ਪ੍ਰਾਜੈਕਟ ’ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ।

ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ 2021 ਵਿਚ ਨੀਤੀ ਆਯੋਗ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਟਾਪੂ ਨੂੰ ਇਕ ਆਰਥਿਕ ਅਤੇ ਰਣਨੀਤਿਕ ਹੱਬ ਵਜੋਂ ਵਿਕਸਤ ਕਰਨਾ ਸੀ। ਇਹ ਟਾਪੂ ਮਲੱਕਾ ਜਲਡਮਰੂਮੱਧ ਦੇ ਨੇੜੇ ਸਥਿਤ ਹੈ, ਜੋ ਕਿ ਦੁਨੀਆ ਦੇ ਸਭ ਤੋਂ ਰੁਝੇਵੇਂ ਭਰੇ ਸਮੁੰਦਰੀ ਮਾਰਗਾਂ ਵਿਚੋਂ ਇਕ ਹੈ। ਇਸ ਪ੍ਰਾਜੈਕਟ ਤਹਿਤ 16,610 ਹੈਕਟੇਅਰ ਜ਼ਮੀਨ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿਚ 130.75 ਵਰਗ ਕਿਲੋਮੀਟਰ ਦਾ ਸ਼ੁੱਧ ਜੰਗਲੀ ਖੇਤਰ ਸ਼ਾਮਲ ਹੈ। ਇਸ ਪ੍ਰਾਜੈਕਟ ਨੂੰ ਰਾਸ਼ਟਰੀ ਸੁਰੱਖਿਆ ਅਤੇ ਭਾਰਤ ਦੀ ‘ਐਕਟ ਈਸਟ’ ਨੀਤੀ ਤਹਿਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਇਸਦੇ ਵਾਤਾਵਰਣ ਅਤੇ ਸਮਾਜਿਕ ਪ੍ਰਭਾਵਾਂ ਨੇ ਇਸ ਨੂੰ ਵਿਵਾਦਾਂ ਦੇ ਕੇਂਦਰ ਵਿਚ ਲਿਆਂਦਾ ਹੈ।

ਗ੍ਰੇਟ ਨਿਕੋਬਾਰ ਟਾਪੂ ਨੂੰ 1989 ਵਿਚ ਬਾਇਓਸਫੀਅਰ ਰਿਜ਼ਰਵ ਘੋਸ਼ਿਤ ਕੀਤਾ ਗਿਆ ਸੀ ਅਤੇ 2013 ਵਿਚ ਯੂਨੈਸਕੋ ਦੇ ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਸੀ। ਇਹ ਟਾਪੂ 1,767 ਪ੍ਰਜਾਤੀਆਂ ਦੇ ਨਾਲ ਇਕ ਅਮੀਰ ਜੈਵ ਵਿਭਿੰਨਤਾ ਦਾ ਘਰ ਹੈ, ਜਿਸ ਵਿਚ 11 ਥਣਧਾਰੀ, 32 ਪੰਛੀ ਅਤੇ 7 ਸੱਪ ਪ੍ਰਜਾਤੀਆਂ ਸ਼ਾਮਲ ਹਨ, ਜੋ ਕਿ ਇਸ ਖੇਤਰ ਵਿਚ ਸਥਾਨਕ ਹਨ। ਇਸ ਪ੍ਰਾਜੈਕਟ ਲਈ ਲਗਭਗ 9.6 ਲੱਖ ਤੋਂ 10 ਲੱਖ ਰੁੱਖ ਕੱਟੇ ਜਾਣਗੇ, ਜਿਸ ਨਾਲ ਟਾਪੂ ਦੇ ਪ੍ਰਾਚੀਨ ਮੀਂਹ ਦੇ ਜੰਗਲਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਇਹ ਨਾ ਸਿਰਫ਼ ਸਥਾਨਕ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਪ੍ਰਭਾਵਿਤ ਕਰੇਗਾ ਬਲਕਿ ਕੋਰਲ ਰੀਫਸ ਅਤੇ ਸਮੁੰਦਰੀ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾਏਗਾ।

ਗੈਲਾਥੀਆ ਖਾੜੀ, ਜਿੱਥੇ ਟ੍ਰਾਂਸਸ਼ਿਪਮੈਂਟ ਟਰਮੀਨਲ ਪ੍ਰਸਤਾਵਿਤ ਹੈ, ਲੈਦਰਬੈਕ ਕੱਛੂਆਂ ਅਤੇ ਨਿਕੋਬਾਰ ਮੈਗਾਪੋਡ ਪੰਛੀਆਂ ਲਈ ਇਕ ਪ੍ਰਮੁੱਖ ਪ੍ਰਜਨਨ ਸਥਾਨ ਹੈ। 2021 ਵਿਚ ਗੈਲਾਥੀਆ ਖਾੜੀ ਵਾਈਲਡਲਾਈਫ ਸੈਂਚੁਰੀ ਨੂੰ ਡੀਨੋਟੀਫਾਈ ਕੀਤਾ ਗਿਆ ਸੀ, ਜੋ ਕਿ ਭਾਰਤ ਦੀ ਰਾਸ਼ਟਰੀ ਸਮੁੰਦਰੀ ਕੱਛੂ ਸੰਭਾਲ ਯੋਜਨਾ (2021) ਦੇ ਉਲਟ ਹੈ। ਇਹ ਕੱਛੂਆਂ ਅਤੇ ਹੋਰ ਸਮੁੰਦਰੀ ਪ੍ਰਜਾਤੀਆਂ ਲਈ ਇਕ ਗੰਭੀਰ ਖ਼ਤਰਾ ਪੈਦਾ ਕਰਦਾ ਹੈ, ਕਿਉਂਕਿ ਬੰਦਰਗਾਹ ਨਿਰਮਾਣ, ਡਰੇਜਿੰਗ ਅਤੇ ਜਹਾਜ਼ਾਂ ਦੀ ਆਵਾਜਾਈ ਨਾਲ ਪ੍ਰਦੂਸ਼ਣ ਉਨ੍ਹਾਂ ਦੇ ਪ੍ਰਜਨਨ ਅਤੇ ਬਚਾਅ ਨੂੰ ਪ੍ਰਭਾਵਿਤ ਕਰੇਗਾ।

ਇਹ ਟਾਪੂ ਸ਼ੋਮਪੇਨ ਅਤੇ ਨਿਕੋਬਾਰੀ ਆਦਿਵਾਸੀ ਭਾਈਚਾਰਿਆਂ ਦਾ ਘਰ ਹੈ, ਜਿਨ੍ਹਾਂ ਨੂੰ ਖਾਸ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀ. ਵੀ. ਟੀ. ਜੀ.) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਭਾਈਚਾਰੇ ਆਪਣੀ ਰੋਜ਼ੀ-ਰੋਟੀ ਅਤੇ ਸੱਭਿਆਚਾਰ ਲਈ ਜੰਗਲਾਂ ਅਤੇ ਕੁਦਰਤੀ ਸਰੋਤਾਂ ’ਤੇ ਨਿਰਭਰ ਕਰਦੇ ਹਨ। ਇਹ ਪ੍ਰਾਜੈਕਟ ਉਨ੍ਹਾਂ ਦੇ ਰਵਾਇਤੀ ਖੇਤਰਾਂ ਦੇ 10 ਫੀਸਦੀ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਉਨ੍ਹਾਂ ਦੀ ਸਮਾਜਿਕ ਬਣਤਰ ਅਤੇ ਰੋਜ਼ੀ-ਰੋਟੀ ਨੂੰ ਖ਼ਤਰਾ ਹੋਵੇਗਾ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਾਹਰੀ ਲੋਕਾਂ ਨਾਲ ਸੰਪਰਕ ਇਨ੍ਹਾਂ ਕਬੀਲਿਆਂ ਵਿਚ ਬਿਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਆਬਾਦੀ ਵਿਨਾਸ਼ ਵੱਲ ਵਧ ਸਕਦੀ ਹੈ।

ਗ੍ਰੇਟ ਨਿਕੋਬਾਰ ਟਾਪੂ ਅੰਡੇਮਾਨ-ਸੁਮਾਤਰਾ ਫਾਲਟ ਲਾਈਨ ’ਤੇ ਸਥਿਤ ਹੈ, ਜੋ ਕਿ ਭੂਚਾਲਾਂ ਅਤੇ ਸੁਨਾਮੀ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ। 2004 ਦੀ ਸੁਨਾਮੀ ਨੇ ਇਸ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਵਾਤਾਵਰਣ ਪ੍ਰਭਾਵ ਮੁਲਾਂਕਣ ਨੇ ਭੂਚਾਲ ਦੇ ਜੋਖਮਾਂ ਦਾ ਘੱਟ ਅੰਦਾਜ਼ਾ ਲਗਾਇਆ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਾਜੈਕਟ ਲਈ ਸਾਈਟ-ਵਿਸ਼ੇਸ਼ ਭੂਚਾਲ ਅਧਿਐਨ ਨਹੀਂ ਕੀਤੇ ਗਏ ਹਨ। ਇਸ ਨਾਲ ਇਕ ਵੱਡੀ ਆਫ਼ਤ ਆ ਸਕਦੀ ਹੈ।

ਪ੍ਰਾਜੈਕਟ ਲਈ ਕੱਟੇ ਗਏ ਜੰਗਲਾਂ ਦੀ ਪੂਰਤੀ ਲਈ ਹਰਿਆਣਾ ਅਤੇ ਮੱਧ ਪ੍ਰਦੇਸ਼ ਵਿਚ ਮੁਆਵਜ਼ਾ ਦੇਣ ਵਾਲੇ ਜੰਗਲਾਤ ਦੀ ਤਜਵੀਜ਼ ਹੈ ਪਰ ਇਹ ਖੇਤਰ ਨਿਕੋਬਾਰ ਦੀ ਜੈਵ ਵਿਭਿੰਨਤਾ ਨਾਲ ਕੋਈ ਸਮਾਨਤਾ ਨਹੀਂ ਰੱਖਦੇ। ਇਹ ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨ ਵਿਚ ਅਸਮਰੱਥ ਹੈ।

ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਵਾਤਾਵਰਣ ਪ੍ਰਵਾਨਗੀ ਪ੍ਰਕਿਰਿਆ ਅਤੇ ਮੁਲਾਂਕਣ ਦਸਤਾਵੇਜ਼ਾਂ ਨੂੰ ਗੁਪਤ ਰੱਖਿਆ ਗਿਆ ਹੈ। ਮਾਹਿਰਾਂ ਦਾ ਤਰਕ ਹੈ ਕਿ ਸਿਰਫ਼ ਹਵਾਈ ਅੱਡੇ ਦਾ ਹੀ ਰਣਨੀਤਿਕ ਮਹੱਤਵ ਹੋ ਸਕਦਾ ਹੈ, ਪੂਰੇ ਪ੍ਰਾਜੈਕਟ ਦਾ ਨਹੀਂ। ਪਾਰਦਰਸ਼ਤਾ ਦੀ ਇਹ ਘਾਟ ਪ੍ਰਾਜੈਕਟ ਦੀ ਜਾਇਜ਼ਤਾ ਬਾਰੇ ਸਵਾਲ ਖੜ੍ਹੇ ਕਰਦੀ ਹੈ।

ਵਿਰੋਧੀ ਪਾਰਟੀਆਂ, ਖਾਸ ਕਰ ਕੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਪ੍ਰਾਜੈਕਟ ਨੂੰ ‘ਵਾਤਾਵਰਣ ਅਤੇ ਮਾਨਵਤਾਵਾਦੀ ਆਫ਼ਤ’ ਕਿਹਾ ਹੈ। ਵਾਤਾਵਰਣ ਪ੍ਰੇਮੀਆਂ ਅਤੇ ਸਿਵਲ ਸੋਸਾਇਟੀ ਸੰਗਠਨਾਂ ਨੇ ਇਸ ਨੂੰ ਜੈਵ ਵਿਭਿੰਨਤਾ ਅਤੇ ਆਦਿਵਾਸੀ ਅਧਿਕਾਰਾਂ ਲਈ ਖ਼ਤਰਾ ਕਿਹਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵੱਲੋਂ 2023 ਵਿਚ ਪ੍ਰਾਜੈਕਟ ਦੇ ਵਾਤਾਵਰਣ ਅਤੇ ਜੰਗਲਾਤ ਕਲੀਅਰੈਂਸ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਕਮੇਟੀ ਸਥਾਪਤ ਕਰਨ ਦੇ ਬਾਵਜੂਦ, ਪ੍ਰਾਜੈਕਟ ਨੂੰ ਅੱਗੇ ਵਧਾਉਣ ਵਿਚ ਜਲਦਬਾਜ਼ੀ ਜਾਪਦੀ ਹੈ।

ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੋ ਸਕਦਾ ਹੈ, ਪਰ ਇਸਦੇ ਵਾਤਾਵਰਣ ਅਤੇ ਸਮਾਜਿਕ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਾਰਦਰਸ਼ੀ ਅਤੇ ਵਿਆਪਕ ਵਾਤਾਵਰਣ ਪ੍ਰਭਾਵ ਮੁਲਾਂਕਣ, ਆਦਿਵਾਸੀ ਭਾਈਚਾਰਿਆਂ ਨਾਲ ਸਹੀ ਸਲਾਹ-ਮਸ਼ਵਰਾ ਅਤੇ ਭੂਚਾਲ ਦੇ ਜੋਖਮਾਂ ਦਾ ਸਹੀ ਮੁਲਾਂਕਣ ਜ਼ਰੂਰੀ ਹੈ। ਇਸ ਦੇ ਨਾਲ ਹੀ, ਪ੍ਰਾਜੈਕਟ ਦੀ ਆਰਥਿਕ ਵਿਵਹਾਰਕਤਾ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਭਾਰਤ ਵਿਚ ਵਿਸ਼ਾਖਾਪਟਨਮ ਵਿਖੇ ਹਾਲ ਹੀ ਵਿਚ ਸ਼ੁਰੂ ਕੀਤਾ ਗਿਆ ਟ੍ਰਾਂਸਸ਼ਿਪਮੈਂਟ ਟਰਮੀਨਲ ਪਹਿਲਾਂ ਹੀ ਵਿਸ਼ਵ ਵਪਾਰ ਵਿਚ ਯੋਗਦਾਨ ਪਾ ਰਿਹਾ ਹੈ।

ਵਾਤਾਵਰਣ ਅਤੇ ਜੈਵ ਵਿਭਿੰਨਤਾ ਦੀ ਰੱਖਿਆ ਲਈ ਕਈ ਕਦਮ ਚੁੱਕੇ ਜਾ ਸਕਦੇ ਹਨ। ਜਿਵੇਂ ਕਿ ਪ੍ਰਾਜੈਕਟ ਖੇਤਰ ਨੂੰ ਸੀ. ਆਰ. ਜ਼ੈੱਡ 1ਏ ਖੇਤਰਾਂ ਤੋਂ ਬਾਹਰ ਰੱਖਣਾ। ਆਦਿਵਾਸੀ ਭਾਈਚਾਰਿਆਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਭੂਚਾਲ ਦੇ ਜੋਖਮਾਂ ਲਈ ਸਾਈਟ-ਵਿਸ਼ੇਸ਼ ਅਧਿਐਨ ਕੀਤੇ ਜਾਣੇ ਚਾਹੀਦੇ ਹਨ। ਨਿਕੋਬਾਰ ਦੇ ਅੰਦਰ ਹੀ ਜੰਗਲਾਤ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਗ੍ਰੇਟ ਨਿਕੋਬਾਰ ਟਾਪੂ ਭਾਰਤ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦਾ ਇਕ ਹਿੱਸਾ ਹੈ। ਇਸ ਨੂੰ ਬਚਾਉਣ ਲਈ ਵਿਕਾਸ ਅਤੇ ਸੰਭਾਲ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ। ਗੁੰਮਰਾਹਕੁੰਨ ਤੱਥਾਂ ਦੇ ਆਧਾਰ ’ਤੇ ਜਲਦਬਾਜ਼ੀ ਵਿਚ ਲਏ ਗਏ ਫੈਸਲੇ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਗੇ ਬਲਕਿ ਭਾਰਤ ਦੀਆਂ ਵਿਸ਼ਵਵਿਆਪੀ ਵਾਤਾਵਰਣ ਸੁਰੱਖਿਆ ਵਚਨਬੱਧਤਾਵਾਂ ਨੂੰ ਵੀ ਕਮਜ਼ੋਰ ਕਰਨਗੇ।

ਵਿਨੀਤ ਨਾਰਾਇਣ


author

Rakesh

Content Editor

Related News