ਧਰਤੀ ਨੂੰ ਬਚਾਉਣ ਲਈ ਇਸ ਹੱਥ ਦਿਓ ਉਸ ਹੱਥ ਲਓ
Friday, Apr 02, 2021 - 03:45 AM (IST)

ਰਿਤੂਪਰਣ ਦਵੇ
ਦੁਨੀਆ ਭਰ ’ਚ ਕੁਦਰਤ ਅਤੇ ਵਾਤਾਵਰਣ ਨੂੰ ਲੈ ਕੇ ਜਿੰਨੀ ਚਿੰਤਾ ਵਿਸ਼ਵ ਪੱਧਰੀ ਸੰਗਠਨਾਂ ਦੀਆਂ ਵੱਡੀਆਂ-ਵੱਡੀਆਂ ਬੈਠਕਾਂ ’ਚ ਦਿਸਦੀ ਹੈ, ਓਨੀ ਧਰਾਤਲ ’ਤੇ ਕਦੀ ਉਤਰਦੀ ਦਿਸੀ ਨਹੀਂ। ਸੱਚ ਤਾਂ ਇਹ ਹੈ ਕਿ ਦੁਨੀਆ ਦੇ ਵੱਡੇ-ਵੱਡੇ ਸ਼ਹਿਰਾਂ ’ਚ ਗਲੋਬਲ ਲੀਡਰਸ਼ਿਪ ਦੀ ਮੌਜੂਦਗੀ ਦੇ ਬਾਵਜੂਦ ਕੁਦਰਤ ਦੇ ਵਿਗੜਦੇ ਮਿਜਾਜ਼ ਨੂੰ ਕਾਬੂ ’ਚ ਨਹੀਂ ਲਿਆਂਦਾ ਜਾ ਸਕਿਆ। ਉਲਟਾ ਹਮੇਸ਼ਾ ਕਿਤੇ ਨਾ ਕਿਤੇ ਵਾਤਾਵਰਣ ਦੇ ਕਾਰਨ ਹੋਣ ਵਾਲੇ ਬੜੇ ਵੱਡੇ ਨੁਕਸਾਨ ਦੀਆਂ ਤਸਵੀਰਾਂ ਚਿੰਤਾ ਵਧਾਉਂਦੀਆਂ ਰਹਿੰਦੀਆਂ ਹਨ।
ਧਰਦੀ ਦੀ ਸੁੱਕਦੀ ਕੁੱਖ, ਅਾਸਮਾਨ ਦਾ ਹਫਦਾ ਰੂਪ ਬੀਤੀਆਂ ਇਕ-ਦੋ ਪੀੜ੍ਹੀਆਂ ਨੇ ਹੀ ਵੇਖਿਆ ਹੈ। ਇਸ ਤੋਂ ਪਹਿਲਾਂ ਹਰ ਪਿੰਡ ’ਚ ਖੂਹ, ਛੱਪੜ, ਤਲਾਬ ਸ਼ਾਨ ਹੁੰਦੇ ਸਨ। ਗਰਮੀ ਦੀ ਅਜਿਹੀ ਝੁਲਸਣ ਜ਼ਿਆਦਾ ਪੁਰਾਣੀ ਨਹੀਂ ਹੈ। ਕੁਝ ਵਰ੍ਹੇ ਪਹਿਲਾਂ ਤੱਕ ਬਿਨਾਂ ਪੱਖੇ ਵਿਹੜੇ ’ਚ ਆਉਣ ਵਾਲੀ ਮਿੱਠੀ ਨੀਂਦ ਬੇਸ਼ੱਕ ਹੀ ਹੁਣ ਯਾਦਾਂ ’ਚ ਹੀ ਹੈ ਪਰ ਇੰਨੀ ਜ਼ਿਆਦਾ ਪੁਰਾਣੀ ਗੱਲ ਵੀ ਤਾਂ ਨਹੀਂ। ਤਬਦੀਲੀ ਦੀ ਚਿੰਤਾ ਸਾਰਿਆਂ ਨੂੰ ਹੋਣੀ ਚਾਹੀਦੀ ਹੈ। ਸਾਰਿਆਂ ਤੋਂ ਮਤਲਬ ਪਠਾਰ ਤੋਂ ਲੈ ਕੇ ਪਹਾੜ ਅਤੇ ਬਚੇ-ਖੁਚੇ ਜੰਗਲਾਂ ਤੋਂ ਲੈ ਕੇ ਕੰਕਰੀਟ ਦੀਆਂ ਬਸਤੀਆਂ ਦੀ ਤਪਸ਼ ਤੱਕ ਇਸ ’ਤੇ ਵਿਚਾਰ ਹੋਣਾ ਚਾਹੀਦਾ ਹੈ।
ਵਧਦੀ ਆਬਾਦੀ, ਉਸੇ ਅਨੁਪਾਤ ’ਚ ਲੋੜਾਂ ਅਤੇ ਤੇਜ਼ ਹੱਲ ਦੇ ਤੌਰ ’ਤੇ ਮੌਜੂਦ ਕੁਦਰਤੀ ਸੋਮਿਆਂ ਦੀ ਬੇਤਰਤੀਬ ਖਿਚਾਈ ਹੀ ਕੁਦਰਤ ਦੇ ਨਾਲ ਧੱਕੇਸ਼ਾਹੀ ਦਾ ਅਸਲ ਕਾਰਨ ਹੈ। ਕੁਦਰਤੀ ਵਾਤਾਵਰਣ ਨੂੰ ਸਹੀ ਕਰਨ ਦੀ ਬਜਾਏ ਉਸ ਨੂੰ ਲੁੱਟਣ, ਦਰੜਣ ਅਤੇ ਤਬਾਹ ਕਰਨ ਦਾ ਕੰਮ ਹੀ ਅੱਜ ਸਾਰੀਆਂ ਯੋਜਨਾਵਾਂ ਦੇ ਨਾਂ ’ਤੇ ਹੋ ਰਿਹਾ ਹੈ!
ਭਾਰਤੀ ਵਾਤਾਵਰਣੀ ਹਾਲਤਾਂ ਨੂੰ ਦੇਖੀਏ ਤਾਂ ਵਾਤਾਵਰਣ ਅਤੇ ਪ੍ਰਦੂਸ਼ਣ ’ਤੇ ਚਿੰਤਾ ਦਿੱਲੀ ਜਾਂ ਸੂਬਿਆਂ ਦੀ ਰਾਜਧਾਨੀ ਦੀ ਬਜਾਏ ਹਰ ਪਿੰਡ ਤੇ ਮੁਹੱਲੇ ’ਚ ਹੋਣੀ ਚਾਹੀਦੀ ਹੈ। ਇਸ ਦੇ ਲਈ ਸਖਤ ਕਾਨੂੰਨਾਂ ਦੇ ਨਾਲ ਉਹੋ ਜਿਹੀ ਸਮਝ ਦਿੱਤੀ ਜਾਵੇ ਜੋ ਲੋਕਾਂ ਨੂੰ ਆਸਾਨੀ ਨਾਲ ਸਮਝ ਆਵੇ। ਲੋਕ ਜਾਣਨ ਕਿ ਕੁਦਰਤ ਅਤੇ ਸਾਡਾ ਸਬੰਧ ਪਹਿਲਾਂ ਕਿਹੋ ਜਿਹਾ ਸੀ ਅਤੇ ਹੁਣ ਕਿਹੋ ਜਿਹਾ ਹੈ। ਇਹ ਬੇਸ਼ੱਕ ਹੀ ਬੜੀ ਮਾਮੂਲੀ ਜਿਹੀ ਲੱਗਣ ਵਾਲੀ ਗੱਲ ਹੋਵੇ ਪਰ ਕਿੰਨੀ ਮਹੱਤਵਪੂਰਨ ਹੈ ਪਰ ਸਮਝਣਾ ਅਤੇ ਸਮਝਾਉਣਾ ਹੋਵੇਗਾ। ਕੁਝ ਸਾਲ ਪਹਿਲਾਂ ਇਕ ਇਸ਼ਤਿਹਾਰ ਰੇਡੀਓ ’ਤੇ ਖੂਬ ਸੁਣਾਈ ਦਿੰਦਾ ਸੀ ‘ਬੂੰਦ ਬੂੰਦ ਸੇ ਸਾਗਰ ਭਰਤਾ ਹੈ’ ਬਸ ਉਸ ਦੇ ਭਾਵ ਅਰਥ ਨੂੰ ਅੱਜ ਸਾਕਾਰ ਕਰਨਾ ਹੋਵੇਗਾ।
ਅੱਜ ਪਿੰਡ-ਪਿੰਡ ’ਚ ਕੰਕਰੀਟ ਦੇ ਨਿਰਮਾਣ ਤਾਪਮਾਨ ਵਧਾ ਰਹੇ ਹਨ। ਸਾਲ ਭਰ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਖੂਹ ਮੀਂਹ ਲੰਘਦੇ ਹੀ 5-6 ਮਹੀਨਿਆਂ ’ਚ ਸੁੱਕਣ ਲੱਗ ਜਾਂਦੇ ਹਨ। ਤਲਾਬਾਂ, ਛੱਪੜਾਂ ਦਾ ਵੀ ਇਹੀ ਹਾਲ ਹੈ। ਪਾਣੀ ਵਾਪਸ ਧਰਤੀ ’ਚ ਪਹੁੰਚ ਹੀ ਨਹੀਂ ਰਿਹਾ। ਨਦੀਆਂ ਤੋਂ ਪਾਣੀ ਦੀ 12 ਮਹੀਨੇ ਵਗਣ ਵਾਲੀ ਬੇਰੋਕ ਧਾਰਾ ਸੁੱਕ ਚੁੱਕੀ ਹੈ। ਉਲਟਾ ਰੇਤ ਦੇ ਫੇਰ ’ਚ ਵੱਡੀਆਂ-ਵੱਡੀਆਂ ਨਦੀਆਂ ਤੱਕ ਆਪਣੀ ਹੋਂਦ ਗੁਆਉਂਦੀਆਂ ਜਾ ਰਹੀਆਂ ਹਨ।
ਇਸ ਦੇ ਲਈ ਸ਼ੁਰੂਆਤ ਪਿੰਡ, ਮੁਹੱਲੇ ਅਤੇ ਘਰ ਤੋਂ ਕਰਨੀ ਪਵੇਗੀ। ਜਲ, ਜੰਗਲ ਅਤੇ ਜ਼ਮੀਨ ਦੇ ਮਹੱਤਵ ਨੂੰ ਸਭ ਨੂੰ ਸਮਝਣਾ ਅਤੇ ਸਮਝਾਉਣਾ ਹੋਵੇਗਾ। ‘ਇਸ ਹੱਥ ਲਵੋ ਉਸ ਹੱਥ ਦਿਓ’ ਦੇ ਫਾਰਮੂਲੇ ’ਤੇ ਹਰ ਕਿਸੇ ਨੂੰ ਸਖਤੀ ਨਾਲ ਅਮਲ ਕਰਨਾ ਹੋਵੇਗਾ। ਧਰਤੀ ਦਾ ਪਾਣੀ ਲੈਂਦੇ ਹਾਂ ਤਾਂ ਵਾਪਸ ਉਸ ਨੂੰ ਮੋੜਨ ਦੀ ਲਾਜ਼ਮੀਅਤਾ ਸਾਰਿਆਂ ’ਤੇ ਹੋਵੇ। ਜਿੰਨੇ ਜੰਗਲ ਵੱਢਦੇ ਹੋ ਓਨੇ ਹੀ ਵਾਪਸ ਤਿਆਰ ਕਰ ਕੇ ਮੋੜੋ। ਪਿੰਡ, ਨਗਰ, ਸ਼ਹਿਰ ਦੇ ਵਿਕਾਸ ਦੇ ਨਾਂ ’ਤੇ ਸੀਮੈਂਟ ਦੇ ਜੰਗਲ ਤਾਂ ਖੜ੍ਹੇ ਹੋ ਜਾਂਦੇ ਹਨ ਪਰ ਉਸ ਅਨੁਪਾਤ ’ਚ ਵਧਦੇ ਤਾਪਮਾਨ ਨੂੰ ਕਾਬੂ ’ਚ ਰੱਖਣ ਲਈ ਹਰਿਆਲੀ ਬਾਰੇ ਸੋਚਿਆ ਨਹੀਂ ਜਾਂਦਾ।
ਸੋਚੋ, ਕੁਝ ਸਾਲ ਪਹਿਲਾਂ ਅਜਿਹਾ ਸੀ ਤਾਂ ਹੁਣ ਕਿਉਂ ਨਹੀਂ ਹੋ ਸਕਦਾ? ਬਸ ਇੱਥੋਂ ਸ਼ੁਰੂਆਤ ਦੀ ਲੋੜ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰਾਂ ਵੱਲੋਂ ਵੀ ਸੀਮੈਂਟ ਦੀਆਂ ਬਣਨ ਵਾਲੀਆਂ ਸੜਕਾਂ ’ਚ ਅਜਿਹੀ ਸੁਰਾਖ ਤਕਨੀਕ ਹੋਵੇ ਜਿਸ ਨਾਲ ਸੜਕ ਦੀ ਮਜ਼ਬੂਤੀ ਵੀ ਰਹੇ ਅਤੇ ਮੀਂਹ ਦੇ ਪਾਣੀ ਦੀ ਇਕ-ਇਕ ਬੂੰਦ ਬਜਾਏ ਫਾਲਤੂ ਰੁੜ੍ਹ ਜਾਣ ਦੇ, ਵਾਪਸ ਧਰਤੀ ’ਚ ਜਾ ਸਮਾਏ।
ਖਾਲੀ ਥਾਵਾਂ ’ਤੇ ਹਰੇ ਘਾਹ ਦੇ ਮੈਦਾਨ ਵਿਕਸਿਤ ਕੀਤੇ ਜਾਣ ਜਿਸ ਨਾਲ ਵਧਦਾ ਤਾਪਮਾਨ ਕਾਬੂ ’ਚ ਰਹੇ। ਅਜਿਹਾ ਹੀ ਇਲਾਕੇ ਦੀ ਨਦੀ ਲਈ ਹੋਵੇ। ਉਸ ਨੂੰ ਬਚਾਉਣ ਅਤੇ ਸੰਭਾਲਣ ਲਈ ਫੰਡ ਹੋਵੇ, ਨਦੀ ਦੀ ਧਾਰਾ ਲਗਾਤਾਰ ਬਣਾਈ ਰੱਖਣ ਲਈ ਕੁਦਰਤੀ ਉਪਾਅ ਕੀਤੇ ਜਾਣ। ਕਟਾਅ ਰੋਕਣ ਲਈ ਪਹਿਲਾਂ ਵਰਗੇ ਰੁੱਖ-ਪੌਦੇ ਲੱਗਣ। ਰੇਤ ਮਾਫੀਆ ਦੀ ਭੈੜੀ ਨਜ਼ਰ ਤੋਂ ਬਚਾਇਆ ਜਾਵੇ। ਇਸ ਦੇ ਇਲਾਵਾ ਵਾਤਾਵਰਣ ’ਤੇ ਬੋਝ ਬਣਦਾ ਗੱਡੀਆਂ ਦਾ ਸੜਿਆ ਧੂੰਆਂ ਘਟੇ, ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਹੁੰਗਾਰਾ ਮਿਲੇ। ਜਨਤਕ ਵਾਹਨ ਪ੍ਰਣਾਲੀ ਦੀ ਵਰਤੋਂ ’ਤੇ ਧਿਆਨ ਹੋਵੇ।
ਧਰਤੀ ਦੀਆਂ ਕੁਦਰਤੀਆਂ ਤਬਦੀਲੀਆਂ ਲਈ ਥੋੜ੍ਹੀ ਸਖਤੀ ਅਤੇ ਨੇਕ ਨੀਤੀ ਦੀ ਲੋੜ ਹੈ। ਪੰਚਾਇਤ ਤੋਂ ਲੈ ਕੇ ਨਗਰ ਨਿਗਮ ’ਚ ਬੈਠਾ ਅਮਲਾ ਭਵਨਾਂ ਅਤੇ ਰਿਹਾਇਸ਼ੀ ਇਲਾਕੇ ਦੇ ਨਿਰਮਾਣ ਦੀ ਇਜਾਜ਼ਤ ਦੇ ਸਮਾਨ ਹੀ ਹਰਿਆਲੀ ਦੇ ਪ੍ਰਬੰਧਨ ’ਤੇ ਸਖਤ ਰਹੇ।
ਹਰ ਜ਼ਮੀਨ ’ਤੇ ਉਸਾਰੀ ਦੀ ਇਜਾਜ਼ਤ ਤੋਂ ਪਹਿਲਾਂ ਨਕਸ਼ੇ ’ਚ ਮੀਂਹ ਦੇ ਪਾਣੀ ਨੂੰ ਵਾਪਸ ਭੂ-ਗਰਭ ਤੱਕ ਪਹੁੰਚਾਉਣ, ਹਰ ਘਰ ’ਚ ਥਾਂ ਦੇ ਹਿਸਾਬ ਨਾਲ ਕੁਝ ਜ਼ਰੂਰੀ ਅਤੇ ਵਾਤਾਵਰਣ ਦੇ ਅਨੁਕੂਲ ਰੁੱਖਾਂ ਨੂੰ ਲਗਾਉਣ, ਲੋਕਾਂ ਨੂੰ ਘਰਾਂ ਦੀਆਂ ਛੱਤਾਂ, ਵਿਹੜੇ ’ਚ ਗਮਲਿਆਂ ’ਚ ਬਾਗਬਾਨੀ ਅਤੇ ਆਰਗੈਨਿਕ ਸਬਜ਼ੀਆਂ ਨੂੰ ਘਰਾਂ ’ਚ ਪੈਦਾ ਕਰਨ ਦੀ ਲਾਜ਼ਮੀਅਤਾ ਦਾ ਜ਼ਰੂਰੀ ਪ੍ਰਬੰਧ ਹੋਵੇ, ਤਾਂ ਕਿ ਬੱਚਤ ਦੇ ਨਾਲ ਸਿਹਤ ਦਾ ਲਾਭ ਵੀ ਹੋਵੇ। ਸਭ ਕੁਝ ਲਾਜ਼ਮੀ ਤੌਰ ’ਤੇ ਲਗਾਤਾਰ ਚੱਲਦੀ ਰਹਿਣ ਵਾਲੀ ਪ੍ਰਕਿਰਿਆ ਦੇ ਤਹਿਤ ਹੋਵੇ ਜਿਸ ’ਚ ਸਥਾਨਕ ਸਰਕਾਰ ਅਧੀਨ ਹਰ ਇਕ ਰਿਹਾਇਸ਼ ’ਚ ਪ੍ਰਬੰਧਨ ਦੀ ਜਾਣਕਾਰੀ ਪੋਰਟਲ ’ਤੇ ਸਾਰਿਆਂ ਨੂੰ ਦਿਸੇ ਤਾਂ ਕਿ ਜਨਤਕ ਕ੍ਰਾਸ ਚੈੱਕ ਦੀ ਸਥਿਤੀ ਬਣੀ ਰਹੇ। ਪਾਲਣ ਨਾ ਕਰਨ ਵਾਲਿਆਂ ਦੀ ਜਾਣਕਾਰੀ ਲੈਣ ਦੀ ਖੁਫੀਆ ਵਿਵਸਥਾ ਹੋਵੇ ਤਾਂ ਕਿ ਇਹ ਮਜਬੂਰੀ ਬਣ ਕੇ ਸਾਰਿਆਂ ਦੀਆਂ ਅਾਦਤਾਂ ’ਚ ਸ਼ਾਮਲ ਹੋ ਜਾਵੇ।
ਕੁਦਰਤ ਅਤੇ ਵਾਤਾਵਰਣ ਦੀ ਅਸਲੀ ਚਿੰਤਾ ਘਰ ਤੋਂ ਹੀ ਸ਼ੁਰੂ ਹੋਣ ਨਾਲ ਜਲਦੀ ਹੀ ਚੰਗੇ ਅਤੇ ਦੂਰਰਸੀ ਨਤੀਜੇ ਸਾਹਮਣੇ ਹੋਣਗੇ। ਜਲ, ਜੰਗਲ ਅਤੇ ਜ਼ਮੀਨ ਦੇ ਅਸਲੀ ਰੂਪ ਨੂੰ ਮੋੜ ਸਕਣਾ ਤਾਂ ਅਸੰਭਵ ਹੈ ਪਰ ਉਹੋ ਜਿਹਾ ਢੁੱਕਵਾਂ ਵਾਤਾਵਰਣ ਬਣਾ ਸਕਣਾ ਕਿਸੇ ਵੀ ਤਰ੍ਹਾਂ ਅਸੰਭਵ ਨਹੀਂ ਹੈ।