ਵਾਤਾਵਰਣ ਅਤੇ ਮਹਾਤਮਾ ਗਾਂਧੀ ਦੇ ਵਿਚਾਰ
Friday, Oct 04, 2019 - 01:28 AM (IST)

ਬਲਬੀਰ ਪੁੰਜ
2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਗਈ। ਇਸੇ ਦਿਨ ਤੋਂ ਮੌਜੂਦਾ ਭਾਰਤੀ ਲੀਡਰਸ਼ਿਪ ਨੇ ‘ਸਵੱਛ ਭਾਰਤ’ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਵਾਤਾਵਰਣ ਵਿਰੋਧੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਦੇਸ਼ ’ਚੋਂ ਖਤਮ ਕਰਨ ਦਾ ਅੰਦੋਲਨ ਹੋਰ ਤੇਜ਼ ਕਰ ਦਿੱਤਾ।
ਇਸ ਵਾਰ ਗਾਂਧੀ ਜਯੰਤੀ ਇਸ ਲਈ ਵੀ ਅਹਿਮ ਰਹੀ ਕਿਉਂਕਿ ਬੀਤੀ 23 ਸਤੰਬਰ ਨੂੰ ਅਮਰੀਕਾ ਦੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ’ਚ ਪੌਣ-ਪਾਣੀ ਵਿਚ ਤਬਦੀਲੀ ’ਤੇ ਇਕ ਵਿਸ਼ਵ ਪੱਧਰੀ ਸੰਮੇਲਨ ਵੀ ਹੋਇਆ, ਜਿਸ ਵਿਚ ਵਾਤਾਵਰਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਸੀ।
ਨਿਊਯਾਰਕ ਦੀ ਗਿਣਤੀ ਦੁਨੀਆ ਦੇ ਉਨ੍ਹਾਂ ਖੁਸ਼ਹਾਲ ਸ਼ਹਿਰਾਂ ਵਿਚ ਹੁੰਦੀ ਹੈ, ਜੋ ਉਦਯੋਗਕੀਕਰਨ ਸਮੇਤ ਪੱਛਮੀ ਦੁਨੀਆ ਦੇ ਵਿਚਾਰ ਅਤੇ ਆਚਰਣ ਦੀ ਨੁਮਾਇੰਦਗੀ ਕਰਦੇ ਹਨ। ਇਥੇ ਦੁਨੀਆ ਭਰ ਦੇ ਦੇਸ਼ਾਂ ਤੋਂ ਆਏ ਨੁਮਾਇੰਦਿਆਂ ਦਾ ਪੌਣ-ਪਾਣੀ ਵਿਚ ਤਬਦੀਲੀ ’ਤੇ ਸਵੈਚਿੰਤਨ ਕਰਨਾ ਅਤੇ ਉਸ ਪ੍ਰਤੀ ਲੋਕਾਂ, ਸਮਾਜ ਦਾ ਕੀ ਫਰਜ਼ ਹੋਵੇ, ਇਸ ’ਤੇ ਖੁੱਲ੍ਹ ਕੇ ਵਿਚਾਰ ਕਰਨਾ ਬਹੁਤ ਅਹਿਮ ਹੈ।
ਇਹ ਨਿਰਵਿਵਾਦ ਹੈ ਕਿ ਅੱਤਵਾਦ ਤੋਂ ਬਾਅਦ ਪੂਰੀ ਦੁਨੀਆ ਨੂੰ ਜੇ ਕਿਸੇ ਚੀਜ਼ ਤੋਂ ਸਭ ਤੋਂ ਵੱਧ ਖਤਰਾ ਹੈ ਤਾਂ ਉਹ ਹੈ ਸਾਡੇ ਪੌਣ-ਪਾਣੀ ’ਚ ਨਾਂਹਪੱਖੀ ਤਬਦੀਲੀ, ਦੂਸ਼ਿਤ ਵਾਤਾਵਰਣ ਅਤੇ ਪ੍ਰਦੂਸ਼ਣ। ਸੱਚ ਤਾਂ ਇਹ ਹੈ ਕਿ ਜਿਸ ਤੀਬਰਤਾ ਨਾਲ ਸਮਾਜ ਵਿਕਾਸ (ਕਈ ਅਰਥਾਂ ਵਿਚ ਤਬਾਹੀ) ਵੱਲ ਵਧ ਰਿਹਾ ਹੈ, ਉਸ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਪ੍ਰਦੂਸ਼ਣ ਅਤੇ ਇਸ ਨਾਲ ਸਬੰਧਿਤ ਸਮੱਸਿਆਵਾਂ ਵਧ ਗਈਆਂ ਹਨ।
ਕਈ ਸੰਸਾਰਕ ਖੋਜਾਂ ਇਸ ਸਿੱਟੇ ’ਤੇ ਪਹੁੰਚੀਆਂ ਹਨ ਕਿ ਵਾਤਾਵਰਣ ਦੇ ਮੌਜੂਦਾ ਸੰਕਟ ਦੀ ਮੁੱਖ ਵਜ੍ਹਾ 19ਵੀਂ ਸਦੀ ਦਾ ਉਦਯੋਗਕੀਕਰਨ ਹੈ, ਜੋ ਹੁਣ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ। ਇਹ ਗੱਲ ਵੱਖਰੀ ਹੈ ਕਿ ਤਕਨੀਕੀ ਸੁਧਾਰਾਂ ਦੇ ਸਿੱਟੇ ਵਜੋਂ ਕਈ ਦੇਸ਼ਾਂ ਨੇ ਨਾ ਸਿਰਫ ਵਾਤਾਵਰਣ ਦੇ ਅਨੁਕੂਲ ਤਕਨੀਕਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਸਗੋਂ ਉਨ੍ਹਾਂ ਵਲੋਂ ਨਵੇਂ ਕੌਮਾਂਤਰੀ ਮਾਪਦੰਡਾਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
‘ਗਾਂਧੀ ਦਾ ਚਰਖਾ’
ਇਸ ਪਿਛੋਕੜ ’ਚ ਗਾਂਧੀ ਜੀ ਨੇ 20ਵੀਂ ਸਦੀ ’ਚ ਸੰਸਾਰਕ ਬਸਤੀਵਾਦੀ ਤਾਕਤਾਂ ਵਿਰੁੱਧ ਸਦੀਆਂ ਪੁਰਾਣੀ ਭਾਰਤੀ ਖੋਜ ਚਰਖੇ ਨੂੰ ਸਾਹਮਣੇ ਲਿਆਂਦਾ ਤਾਂ ਉਹ ਨਾ ਸਿਰਫ ਮਜ਼ਾਕ ਦੇ ਪਾਤਰ ਬਣੇ, ਸਗੋਂ ਚਰਖੇ ਨੂੰ ਉਦਯੋਗਕੀਕਰਨ ਦੇ ਵਿਰੋਧ ਦਾ ਪ੍ਰਤੀਕ ਵੀ ਮੰਨਿਆ ਗਿਆ। ਇਹ ਹਾਸੋਹੀਣੀ ਗੱਲ ਹੀ ਹੈ ਕਿ ਅੱਜ ਉਹੀ ਸਮਾਜ ਪੌਣ-ਪਾਣੀ ’ਚ ਤਬਦੀਲੀ ਤੋਂ ਚਿੰਤਤ ਹੋ ਕੇ ਮਨੁੱਖ ਅਤੇ ਜੈਵ ਪ੍ਰਣਾਲੀ ਦਰਮਿਆਨ ਸੁਹਿਰਦਤਾ ਭਰੇ ਸਬੰਧ ਹੋਣ ਦੀ ਵਕਾਲਤ ਕਰ ਰਿਹਾ ਹੈ ਅਤੇ ਉਦਯੋਗਕੀਕਰਨ ਕਾਰਣ ਵਾਤਾਵਰਣ ਨੂੰ ਪੁੱਜੇ ਨੁਕਸਾਨ ਦਾ ਗੰਭੀਰ ਨੋਟਿਸ ਵੀ ਲੈ ਰਿਹਾ ਹੈ, ਜਿਸ ਦੀ ਕਲਪਨਾ ਗਾਂਧੀ ਜੀ ਕਈ ਦਹਾਕੇ ਪਹਿਲਾਂ ਕਰ ਚੁੱਕੇ ਸਨ।
20ਵੀਂ ਸਦੀ ਦੇ ਸ਼ੁਰੂ ’ਚ ਆਉਣ ਵਾਲੇ ਵਾਤਾਵਰਣ ਸਬੰਧੀ ਸੰਕਟ ਤੋਂ ਗਾਂਧੀ ਜੀ ਦਾ ਦੁਨੀਆ ਨੂੰ ਚੌਕਸ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਦਾ ਪ੍ਰੇਰਣਾਸ੍ਰੋਤ ਵੈਦਿਕ ਹਿੰਦੂ ਦਰਸ਼ਨ ਸੀ, ਜੋ ਕੁਦਰਤ ਨਾਲ ਦੋਸਤਾਨਾ ਰਵੱਈਏ, ਪਿਆਰ ਅਤੇ ਸਾਰੇ ਜੀਵਾਂ ਨੂੰ ਜਿਉਣ ਦਾ ਬਰਾਬਰ ਹੱਕ ਦੇਣ ਦਾ ਸੰਦੇਸ਼ ਦਿੰਦਾ ਹੈ। ਇਸੇ ਤੋਂ ਹੀ ਗਾਂਧੀ ਜੀ ਨੂੰ ਅਹਿੰਸਾ ਦੀ ਪ੍ਰੇਰਣਾ ਮਿਲੀ।
ਗਾਂਧੀ ਜੀ ਦੀ ਧਰਮ ਨਿਰਪੱਖਤਾ ਦੀਆਂ ਜੜ੍ਹਾਂ ਵੀ ‘ਸੱਚ ਇਕ ਹੈ, ਇਸ ਨੂੰ ਪਾਉਣ ਦੇ ਰਾਹ ਵੱਖ-ਵੱਖ ਹੋ ਸਕਦੇ ਹਨ’ ਦੇ ਬਹੁਲਤਾਵਾਦੀ ਹਿੰਦੂ ਚਿੰਤਨ ਨਾਲ ਹੀ ਸਿੰਜੀਆਂ ਹੋਈਆਂ ਹਨ। ਉਨ੍ਹਾਂ ਦਾ ਸੱਤਿਆਗ੍ਰਹਿ ਵੀ ਇਸੇ ਮੰਤਰ ’ਤੇ ਆਧਾਰਿਤ ਸੀ ਕਿ ਜਿੱਤ ਸੱਚ ਦੀ ਹੀ ਹੁੰਦੀ ਹੈ, ਨਾ ਕਿ ਝੂਠ ਦੀ ਅਤੇ ਇਸੇ ਰਾਹ ’ਤੇ ਚੱਲਦਿਆਂ ਮਨੁੱਖੀ ਜੀਵਨ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਸੱਚ ਨੂੰ ਉਨ੍ਹਾਂ ਨੇ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਵਿਚ ਦੇਖਿਆ ਅਤੇ ਉਨ੍ਹਾਂ ਦੇ ਬਨਵਾਸ ਨੂੰ ਧਰਮ ਦੀ ਪਾਲਣਾ ਮੰਨਦੇ ਹੋਏ ਰਾਮਰਾਜ ਦੀ ਕਲਪਨਾ ਕੀਤੀ।
ਇਹ ਤ੍ਰਾਸਦੀ ਹੈ ਕਿ ਗਾਂਧੀ ਜੀ ਦੀ ਵਿਰਾਸਤ ਨੂੰ ਆਪਣੀ ਦੱਸਣ ਅਤੇ ਉਨ੍ਹਾਂ ਨੂੰ ਆਦਰਸ਼ ਮੰਨਣ ਵਾਲੇ ਆਪੇ ਬਣੇ ਸੈਕੁਲਰਿਸਟ ਅੱਜ ਸ਼੍ਰੀ ਰਾਮ ਦਾ ਨਾਂ ਆਉਂਦਿਆਂ ਹੀ ਭੜਕ ਉੱਠਦੇ ਹਨ।
ਸਵੱਛਤਾ ਨੂੰ ਤਰਜੀਹ
ਗਾਂਧੀ ਜੀ ਨੇ ਆਪਣੇ ਜੀਵਨ ਕਾਲ ਵਿਚ ਸਵੱਛਤਾ ਨੂੰ ਤਰਜੀਹ ਦਿੱਤੀ ਸੀ, ਜਿਸ ’ਤੇ ਕੇਂਦਰ ਦੀ ਮੋਦੀ ਸਰਕਾਰ ਪਿਛਲੇ 65 ਮਹੀਨਿਆਂ ਤੋਂ ਅਮਲ ਕਰ ਰਹੀ ਹੈ। ਬਿਨਾਂ ਸ਼ੱਕ ਰਾਜਗ ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਦੀ ਚਲਾਈ ਮੁਹਿੰਮ ਸਵਾਗਤਯੋਗ ਹੈ ਪਰ ਕੀ ਇਹ ਕਾਫੀ ਹੋਵੇਗੀ?
ਉਦਯੋਗਕੀਕਰਨ ਦੇ ਗਰਭ ’ਚੋਂ ਨਿਕਲੇ ਪਲਾਸਟਿਕ ਦਾ ਭਾਰਤ ਵਿਚ ਆਗਮਨ 1960 ਦੇ ਦਹਾਕੇ ਵਿਚ ਹੋਇਆ। ਉਦੋਂ ਦੁਨੀਆ ਵਿਚ 50 ਲੱਖ ਟਨ ਪਲਾਸਟਿਕ ਬਣਾਇਆ ਜਾਂਦਾ ਸੀ, ਜੋ ਅੱਜ 300 ਕਰੋੜ ਟਨ ਨੂੰ ਪਾਰ ਕਰ ਗਿਆ ਹੈ, ਭਾਵ ਅੱਜ ਦੁਨੀਆ ਦੇ ਹਰੇਕ ਵਿਅਕਤੀ ਲਈ ਲੱਗਭਗ ਅੱਧਾ ਕਿਲੋ ਪਲਾਸਟਿਕ ਹਰ ਸਾਲ ਬਣ ਰਿਹਾ ਹੈ। ਇਸ ਨੂੰ ਲੈ ਕੇ ਦੋ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ। ਪਹਿਲੀ ਇਹ ਕਿ ਪਲਾਸਟਿਕ ਜਿਓਲੋਜੀਕਲ ਤੰਤਰ ਲਈ ਖਤਰਨਾਕ ਹੈ, ਤਾਂ ਦੂਜੀ ਇਹ ਕਿ ਪਲਾਸਟਿਕ ਲੱਕੜੀ ਅਤੇ ਕਾਗਜ਼ ਦਾ ਉੱਤਮ ਬਦਲ ਹੈ।
ਸਾਰੀਆਂ ਅਵਸਥਾਵਾਂ ਵਿਚ ਇਸਤੇਮਾਲ ਹੋਣ ਵਾਲਾ ਪਲਾਸਟਿਕ ਪੈਟਰੋਲੀਅਮ ਤੋਂ ਪ੍ਰਾਪਤ ਕੈਮੀਕਲਾਂ ਅਤੇ ਕਾਰਬਨਿਕ ਪਦਾਰਥਾਂ, ਜਿਵੇਂ ਸੈਲਿਊਲੋਜ਼ ਕੋਲਾ, ਕੁਦਰਤੀ ਗੈਸ ਦੇ ਮਿਸ਼ਰਣ ਨਾਲ ਬਣਦਾ ਹੈ, ਜਿਸ ਦਾ ਪੌਣ-ਪਾਣੀ ਜਾਂ ਵਾਤਾਵਰਣ ਨਾਲ ਸਿੱਧਾ ਸੰਪਰਕ ਮਨੁੱਖਾਂ ਅਤੇ ਸਾਰੇ ਜੀਵਾਂ ਲਈ ਹਾਨੀਕਾਰਕ ਹੈ।
ਕੀ ਪਲਾਸਟਿਕ-ਰਹਿਤ ਸਮਾਜ ਦੀ ਕਲਪਨਾ ਸੰਭਵ ਹੈ? ਆਧੁਨਿਕ ਯੁੱਗ ਵਿਚ ਸਭ ਤੋਂ ਸਸਤਾ, ਤੁਲਨਾਤਮਕ ਤੌਰ ’ਤੇ ਟਿਕਾਊ ਅਤੇ ਜਲ-ਰੋਧਕ ਹੋਣ ਕਰ ਕੇ ਪਲਾਸਟਿਕ ਦੀ ਵਰਤੋਂ ਦਹਾਕਿਆਂ ਤੋਂ ਘਰ ਦੇ ਸਾਮਾਨ, ਬੱਚਿਆਂ ਦੇ ਖਿਡੌਣਿਆਂ, ਗੱਡੀਆਂ ਦੇ ਯੰਤਰਾਂ, ਟੀ. ਵੀ., ਮੋਬਾਇਲ, ਕ੍ਰੈਡਿਟ-ਡੈਬਿਟ ਕਾਰਡ, ਕੁਰਸੀਆਂ, ਪੇਪਰ ਕਲਿਪ ਆਦਿ ਤੋਂ ਲੈ ਕੇ ਪੁਲਾੜ ਮੁਹਿੰਮ ਨਾਲ ਸਬੰਧਿਤ ਉੱਚ ਪੱਧਰ ਦੇ ਉਤਪਾਦਾਂ ਲਈ ਕੀਤੀ ਜਾ ਰਹੀ ਹੈ। ਜਦੋਂ ਤਕ ਵੱਖ-ਵੱਖ ਪੱਧਰ ’ਤੇ ਪਲਾਸਟਿਕ ਦਾ ਬਿਹਤਰ, ਉਪਯੋਗੀ ਅਤੇ ਭਰੋਸੇਮੰਦ ਬਦਲ ਨਹੀਂ ਲੱਭਿਆ ਜਾਂਦਾ, ਉਦੋਂ ਤਕ ਦੁਨੀਆ’ਚ ਪਲਾਸਟਿਕ-ਰਹਿਤ ਸਮਾਜ ਦੀ ਕਲਪਨਾ ਕਰਨੀ ਫਜ਼ੂਲ ਹੈ।
ਕਿਵੇਂ ਬਚੀਏ ਪਲਾਸਟਿਕ ਦੇ ਬੁਰੇ ਅਸਰਾਂ ਤੋਂ
ਹੁਣ ਸਵਾਲ ਉੱਠਦਾ ਹੈ ਕਿ ਪਲਾਸਟਿਕ ਦੇ ਜਾਨਲੇਵਾ ਬੁਰੇ ਅਸਰਾਂ ਤੋਂ ਕਿਵੇਂ ਬਚਿਆ ਜਾਵੇ? ਮੈਂ ਅਮਰੀਕਾ ਸਮੇਤ ਜ਼ਿਆਦਾਤਰ ਯੂਰਪੀ ਦੇਸ਼ਾਂ ਦਾ ਦੌਰਾ ਕਰ ਚੁੱਕਾ ਹਾਂ ਅਤੇ ਮਹਿਸੂਸ ਕੀਤਾ ਹੈ ਕਿ ਉਥੇ ਭਾਰਤ ਨਾਲੋਂ ਕਿਤੇ ਜ਼ਿਆਦਾ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਮੇਰੇ ਇਸ ਦਾਅਵੇ ਨੂੰ ਉਦਯੋਗਿਕ ਸੰਸਥਾ ‘ਫਿੱਕੀ’ ਦੇ ਇਕ ਅੰਕੜੇ ਨਾਲ ਵੀ ਬਲ ਮਿਲਦਾ ਹੈ। ‘ਫਿੱਕੀ’ ਅਨੁਸਾਰ ਅਮਰੀਕਾ ਵਿਚ ਹਰੇਕ ਵਿਅਕਤੀ ਔਸਤਨ 109 ਕਿਲੋ ਪਲਾਸਟਿਕ ਸਾਲਾਨਾ ਇਸਤੇਮਾਲ ਕਰਦਾ ਹੈ ਅਤੇ ਯੂਰਪ ਵਿਚ ਇਹ ਦਰ 65 ਕਿਲੋ ਹੈ, ਜਦਕਿ ਚੀਨ 38 ਕਿਲੋ ਨਾਲ ਤੀਜੇ ਨੰਬਰ ’ਤੇ ਹੈ। ਇਸ ਮਾਮਲੇ ਵਿਚ ਭਾਰਤ ਦਾ ਅੰਕੜਾ 11 ਕਿਲੋ ਹੈ।
ਕੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਸਮੇਤ ਪੱਛਮੀ ਦੇਸ਼ਾਂ ਵਿਚ ਪਲਾਸਟਿਕ ਦੇ ਕੂੜੇ ਸਮੇਤ ਹੋਰ ਕੂੜਾ ਸੜਕਾਂ, ਨਾਲੀਆਂ, ਨਦੀਆਂ ਵਿਚ ਸੁੱਟਣ ਦੀ ਕੋਈ ਸ਼ਿਕਾਇਤ ਮਿਲਦੀ ਹੈ? ਬਿਲਕੁਲ ਨਹੀਂ। ਅਜਿਹਾ ਇਸ ਲਈ ਹੈ ਕਿਉਂਕਿ ਉਥੋਂ ਦੇ ਲੋਕ ਸਾਫ-ਸਫਾਈ ਪ੍ਰਤੀ ਨਾ ਸਿਰਫ ਪੂਰੀ ਤਰ੍ਹਾਂ ਨਾਲ ਜਾਗਰੂਕ ਹਨ, ਸਗੋਂ ਰਾਸ਼ਟਰ ਪ੍ਰਤੀ ਆਪਣੇ ਫਰਜ਼ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ। ਇਹੋ ਨਹੀਂ ਇਨ੍ਹਾਂ ਦੇਸ਼ਾਂ ’ਚ ਵਰ੍ਹਿਆਂ ਤੋਂ ਸਰਕਾਰੀ ਪੱਧਰ ’ਤੇ ਪਲਾਸਟਿਕ ਦੇ ਕੂੜੇ ਨੂੰ ਵੱਖਰੇ ਤੌਰ ਤੇ ਇਕੱਠਾ ਕਰਨ, ਉਸ ਨੂੰ ਰੀਸਾਈਕਲ ਕਰਨ ਅਤੇ ਡਿਸਪੋਜ਼ਲ ਦਾ ਠੋਸ ਪ੍ਰਬੰਧ ਹੈ, ਜਿਸ ਵਿਚ ਸਥਾਨਕ ਲੋਕਾਂ ਦਾ ਵੀ ਸਹਿਯੋਗ ਮਿਲਦਾ ਹੈ।
ਇਸ ਪਿਛੋਕੜ ’ਚ ਭਾਰਤ ਦੀ ਸਥਿਤੀ ਕੀ ਹੈ? ਬੇਸ਼ੱਕ ਹੀ ਸਾਡਾ ਦੇਸ਼ ਪਲਾਸਟਿਕ ਦੀ ਪ੍ਰਤੀ ਵਿਅਕਤੀ ਔਸਤਨ ਖਪਤ ਦੇ ਮਾਮਲੇ ਵਿਚ ਅਮਰੀਕਾ, ਬ੍ਰਿਟੇਨ ਆਦਿ ਪੱਛਮੀ ਦੇਸ਼ਾਂ ਤੋਂ ਪਿੱਛੇ ਹੋਵੇ ਪਰ ਦੁਨੀਆ ਦੀ ਦੂਜੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਕਰ ਕੇ ਇਥੇ ਸਥਿਤੀ ਭਿਆਨਕ ਬਣ ਗਈ ਹੈ। ਅੰਕੜਿਆਂ ਮੁਤਾਬਿਕ ਸਾਡਾ ਦੇਸ਼ ਹਰ ਸਾਲ 94.6 ਲੱਖ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ, ਜਿਸ ’ਚੋਂ 21 ਫੀਸਦੀ ਕਦੇ ਇਕੱਠਾ ਹੀ ਨਹੀਂ ਹੁੰਦਾ, ਤਾਂ 43 ਫੀਸਦੀ ਦੀ ਵਰਤੋਂ ਪੈਕੇਜਿੰਗ ਲਈ ਕੀਤੀ ਜਾਂਦੀ ਹੈ।
ਕੀ ਇਹ ਸੱਚ ਨਹੀਂ ਕਿ ਹਰ ਤਰ੍ਹਾਂ ਦਾ ਕੂੜਾ (ਘਟੀਆ ਪੱਧਰ ਦੇ ਪਾਲੀਥੀਨ ਸਮੇਤ) ਸੜਕਾਂ, ਨਾਲੀਆਂ, ਨਦੀਆਂ, ਜਨਤਕ ਪਾਰਕਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਖਿੱਲਰਿਆ ਮਿਲਦਾ ਹੈ, ਜਿਸ ਦੇ ਲਈ ਅਸੀਂ ਲੋਕ ਹੀ ਜ਼ਿੰਮੇਵਾਰ ਹਾਂ। ਦੁੱਖ ਇਸ ਗੱਲ ਦਾ ਵੀ ਹੈ ਕਿ ਖਾਣੇ ਦੀ ਭਾਲ ’ਚ ਹੋਰਨਾਂ ਆਵਾਰਾ ਪਸ਼ੂਆਂ ਦੇ ਨਾਲ-ਨਾਲ ਗਊਆਂ ਵੀ ਸੜਕਾਂ ’ਤੇ ਉਸੇ ਕੂੜੇ ’ਚ ਮੂੰਹ ਮਾਰਦੀਆਂ ਦੇਖਣ ਨੂੰ ਮਿਲਦੀਆਂ ਹਨ ਅਤੇ ਇਹ ਆਵਾਰਾ ਪਸ਼ੂ ਸੜਕ ਹਾਦਸਿਆਂ ਦੀ ਵਜ੍ਹਾ ਬਣਦੇ ਹਨ।
ਪਿਛਲੇ ਸਾਲ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਗਊ ਦੇ ਪੇਟ ’ਚੋਂ ਆਪ੍ਰੇਸ਼ਨ ਕਰ ਕੇ 80 ਕਿਲੋ ਪਾਲੀਥੀਨ ਕੱਢਿਆ ਗਿਆ ਸੀ। ਇਹ ਸਥਿਤੀ ਇਸ ਦੇ ਬਾਵਜੂਦ ਹੈ, ਜਦੋਂ ਦੇਸ਼ ਦੇ ਕਰੋੜਾਂ ਲੋਕਾਂ ਲਈ ਗਊ ‘ਪੂਜਨੀਕ’ ਹੈ ਅਤੇ ਨਾਲ ਹੀ ਖ਼ੁਦ ਗਾਂਧੀ ਜੀ ਵੀ ਗਊ ਰੱਖਿਆ ਦਾ ਸੱਦਾ ਦੇ ਚੁੱਕੇ ਸਨ। ਸੜਕਾਂ ’ਤੇ ਘੁੰਮਦੀਆਂ ਆਵਾਰਾ ਗਊਆਂ ਦੀ ਸੰਭਾਲ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਸਾਰੀਆਂ ਸੂਬਾਈ ਸਰਕਾਰਾਂ ਅਤੇ ਸਬੰਧਿਤ ਪ੍ਰਸ਼ਾਸਨ ਨੂੰ ਉਚਿਤ ਉਪਾਅ ਕਰਨੇ ਚਾਹੀਦੇ ਹਨ।
ਬਿਨਾਂ ਸ਼ੱਕ ਭਾਰਤੀ ਲੀਡਰਸ਼ਿਪ, ਆਰ. ਐੱਸ. ਐੱਸ.ਅਤੇ ਉਸ ਤੋਂ ਪ੍ਰੇਰਿਤ ਸੰਗਠਨ ਆਪਣੇ ਰਵੱਈਏ ’ਚ ਬਾਪੂ ਦੇ ਚਿੰਤਨ ਨਾਲ ਕਿਤੇ ਜ਼ਿਆਦਾ ਜੁੜੇ ਨਜ਼ਰ ਆਉਂਦੇ ਹਨ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਫ-ਸਫਾਈ ਦੇ ਸੰਦਰਭ ਵਿਚ ਮਿਲੇ ‘ਚੈਂਪੀਅਨਜ਼ ਆਫ ਦਿ ਅਰਥ’ ਅਤੇ ‘ਗਲੋਬਲ ਗੋਲਕੀਪਰ’ ਵਰਗੇ ਕੌਮਾਂਤਰੀ ਐਵਾਰਡਾਂ ਤੋਂ ਵੀ ਸਿੱਧ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਜਦੋਂ ਤਕ ਅਸੀਂ ਸਾਫ-ਸਫਾਈ ਅਤੇ ਵਾਤਾਵਰਣ ਪ੍ਰਤੀ ਚੌਕਸ ਨਹੀਂ ਹੋਵਾਂਗੇ, ਆਪਣੇ ਰਵੱਈਏ ’ਚ ਤਬਦੀਲੀ ਨਹੀਂ ਲਿਆਵਾਂਗੇ ਅਤੇ ਸਥਾਨਕ ਪ੍ਰਸ਼ਾਸਨ ਲੋਕਾਂ ਪ੍ਰਤੀ ਆਪਣੀ ਜੁਆਬਦੇਹੀ ਅਤੇ ਰਾਸ਼ਟਰ ਪ੍ਰਤੀ ਨਾਗਰਿਕ ਆਪਣੇ ਫਰਜ਼ ਨੂੰ ਨਹੀਂ ਸਮਝਣਗੇ, ਉਦੋਂ ਤਕ ਬਾਪੂ ਗਾਂਧੀ ਨੂੰ ਸਾਡੀ ਸ਼ਰਧਾਂਜਲੀ ਫਜ਼ੂਲ ਹੈ।