ਡਾ. ਕੋਟਨਿਸ ਅਤੇ ਨੂਰ ਇਨਾਇਤ ਦੀ ਯਾਦ

8/30/2020 4:02:44 AM

ਡਾ. ਵੇਦਪ੍ਰਤਾਪ ਵੈਦਿਕ

ਕਮਲਾ ਹੈਰਿਸ ਦੇ ਕਾਰਨ ਅਮਰੀਕਾ ’ਚ ਤਾਂ ਭਾਰਤ ਦਾ ਡੰਕਾ ਵੱਜ ਹੀ ਰਿਹਾ ਹੈ, ਨਾਲ ਦੀ ਨਾਲ ਇਹ ਵੀ ਖੁਸ਼ਖਬਰੀ ਹੈ ਕਿ ਚੀਨ ’ਚ ਡਾ. ਦਵਾਰਕਾਨਾਥ ਕੋਟਨਿਸ ਅਤੇ ਲੰਦਨ ’ਚ ਨੁਰੂਨਿੰਸਾ ਇਨਾਇਤ ਖਾਨ ਨੂੰ ਵੀ ਉਨ੍ਹਾਂ ਦੀ ਕੁਰਬਾਨੀ ਲਈ ਬੜੇ ਪ੍ਰੇਮ ਨਾਲ ਯਾਦ ਕੀਤਾ ਜਾ ਰਿਹਾ ਹੈ। ਡਾ. ਕੋਟਨਿਸ ਦੀ ਯਾਦ ’ਚ ਇਕ ਕਾਂਸੇ ਦਾ ਬੁੱਤ ਚੀਨ ’ਚ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਨੁਰੂਨਿੰਸਾ (ਨੂਰ) ਦੇ ਸਨਮਾਨ ’ਚ ਲੰਦਨ ’ਚ ਇਕ ਨੀਲੀ ਤਖਤੀ ਲਗਾਈ ਜਾ ਰਹੀ ਹੈ। ਇਨ੍ਹਾਂ ਭਾਰਤੀ ਮਰਦ ਅਤੇ ਔਰਤ ਦੇ ਯੋਗਦਾਨ ਤੋਂ ਭਾਰਤ ਦੀਆਂ ਨਵੀਆਂ ਪੀੜ੍ਹੀਆਂ ਨੂੰ ਜਾਣੂ ਹੋਣਾ ਚਾਹੀਦਾ ਹੈ। ਜਿਨ੍ਹਾਂ ਭਾਰਤੀਆਂ ਨੂੰ ਵਿਦੇਸ਼ੀ ਲੋਕ ਇੰਨੀ ਸ਼ਰਧਾ ਨਾਲ ਯਾਦ ਕਰਦੇ ਹਨ, ਉਨ੍ਹਾਂ ਦਾ ਯੋਗ ਬਣਦਾ ਸਨਮਾਨ ਭਾਰਤ ’ਚ ਵੀ ਹੋਣਾ ਚਾਹੀਦਾ ਹੈ।

ਡਾ. ਕੋਟਨਿਸ ਅਤੇ ਹੋਰ ਚਾਰ ਭਾਰਤੀ ਡਾਕਟਰ 1938 ’ਚ ਚੀਨ ’ਚ ਗਏ ਸਨ। ਉਨ੍ਹਾਂ ਦਿਨਾਂ ’ਚ ਚੀਨ ’ਤੇ ਜਾਪਾਨ ਨੇ ਹਮਲਾ ਕਰ ਦਿੱਤਾ ਸੀ। ਨਹਿਰੂ ਜੀ ਅਤੇ ਸੁਭਾਸ਼ ਬਾਬੂ ਨੇ ਚੀਨੀ ਕਮਿਊਨਿਸਟ ਪਾਰਟੀ ਦੀ ਬੇਨਤੀ ’ਤੇ ਇਨ੍ਹਾਂ ਡਾਕਟਰਾਂ ਨੂੰ ਚੀਨ ਭੇਜਿਆ ਸੀ। ਡਾ. ਕੋਟਨਿਸ 28 ਸਾਲ ਦੇ ਸਨ। ਉਹ ਸਭ ਤੋਂ ਪਹਿਲਾਂ ਵੁਹਾਨ ਸ਼ਹਿਰ ਪਹੁੰਚੇ ਸਨ ਜੋ ਅੱਜਕਲ ਕੋਰੋਨਾ ਲਈ ਬਹੁ-ਚਰਚਿਤ ਹੈ। ਉਥੇ ਉਨ੍ਹਾਂ ਨੇ ਸੈਂਕੜੇ ਚੀਨੀ ਮਰੀਜ਼ਾਂ ਦੀ ਜੀਅ-ਜਾਨ ਨਾਲ ਸੇਵਾ ਕੀਤੀ ਅਤੇ ਇਕ ਚੀਨੀ ਨਰਸ ਗੁਓ ਕਵਿਗਲਾਨ ਨਾਲ ਵਿਆਹ ਵੀ ਕਰਾ ਲਿਆ। ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ ਜਿਸਦਾ ਨਾਂ ਉਨ੍ਹਾਂ ਨੇ ਰੱਖਿਆ-ਯਿਨ ਹੁਆ-ਭਾਵ ਭਾਰਤ-ਚੀਨ। ਦਸੰਬਰ 1942 ’ਚ ਉਨ੍ਹਾਂ ਦਾ ਉਥੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦਿਹਾਂਤ ’ਤੇ ਮਾਓਤਸੇ ਤੁੰਗ ਅਤੇ ਮਦਾਮ ਸਨ ਯਾਤ ਸੇਨ ਨੇ ਉਨ੍ਹਾਂ ਨੂੰ ਬਹੁਤ ਹੀ ਨਿੱਘੀ ਸ਼ਰਧਾਂਜਲੀ ਭੇਟ ਕੀਤੀ । ਉਨ੍ਹਾਂ ਦੀ ਪਤਨੀ ਦਾ ਦਿਹਾਂਤ 2012 ’ਚ 96 ਸਾਲ ਦੀ ਉਮਰ ’ਚ ਹੋਇਆ। ਉਹ ਇਕ ਵਾਰ ਭਾਰਤ ਵੀ ਆਈ ਸੀ। ਚੀਨ ਦਾ ਜੋ ਵੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਭਾਰਤ ਆਉਂਦਾ ਹੈ, ਉਹ ਪੁਣੇ ਨਿਵਾਸੀ ਡਾ. ਕੋਟਨਿਸ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਮਿਲਦਾ ਹੈ। ਹੋ ਸਕਦਾ ਹੈ ਕਿ ਚੀਨ ਇਨ੍ਹੀਂ ਦਿਨੀਂ ਉਨ੍ਹਾਂ ਦੇ ਨਾਂ ਦੀ ਮਾਲਾ ਇਸ ਲਈ ਵੀ ਜਪ ਰਿਹਾ ਹੈ ਕਿ ਗਲਵਾਨ ਦੇ ਹੱਤਿਆਕਾਂਡ ਦਾ ਅਸਰ ਉਹ ਘਟਾਉਣਾ ਚਾਹੁੰਦਾ ਹੈ।

ਜਿਥੋਂ ਤੱਕ ਕੁਮਾਰੀ ਨੂਰ ਦਾ ਸਵਾਲ ਹੈ, ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਦੇ ਪ੍ਰਮੁੱਖ ਮੁਸਲਿਮ ਸਨ। ਉਨ੍ਹਾਂ ਦੀ ਮਾਂ ਤਾਂ ਟੀਪੂ ਸੁਲਤਾਨ ਦੀ ਰਿਸ਼ਤੇਦਾਰ ਸੀ। ਉਨ੍ਹਾਂ ਦੀ ਦਾਦੀ ਓਰਾ ਬੇਕਰ ਅਮਰੀਕੀ ਸੀ। ਓਰਾ ਦੇ ਭਰਾ ਅਮਰੀਕੀ ਯੋਗੀ ਸਨ। ਨੂਰ ਦਾ ਜਨਮ ਮਾਸਕੋ ’ਚ 1 ਜਨਵਰੀ 1914 ਨੂੰ ਹੋਇਆ। ਸਤੰਬਰ 1919 ਤੋਂ ਉਨ੍ਹਾਂ ਦਾ ਪਰਿਵਾਰ ਲੰਦਨ ’ਚ ਰਹਿਣ ਲੱਗਾ। ਇਹ ਲੋਕ ਸੂਫੀ ਸਨ। 1920 ’ਚ ਇਹ ਲੋਕ ਫਰਾਂਸ ਜਾ ਵੱਸੇ। 1939 ’ਚ ਨੂਰ ਨੇ ਬੱੁਧ ਦੀਆਂ ਜਾਤਕ ਕਥਾਵਾਂ ’ਤੇ ਇਕ ਪੁਸਤਕ ਲਿਖੀ। ਜਦੋਂ ਦੂਜੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਨੂਰ ਦਾ ਪਰਿਵਾਰ ਵਾਪਸ ਲੰਦਨ ਚਲਾ ਗਿਆ।

ਲੰਦਨ ਜਾ ਕੇ ਨੂਰ ਨੇ ਬ੍ਰਿਟਿਸ਼ ਫੌਜ ’ਚ ਵਾਇਰਲੈੱਸ ਆਪ੍ਰੇਟਰ ਦਾ ਅਹੁਦਾ ਲੈ ਲਿਆ। 1943 ’ਚ ਨੂਰ ਨੂੰ ਬ੍ਰਿਟੇਨ ਨੇ ਆਪਣੇ ਖੁਫੀਆ ਵਿਭਾਗ ’ਚ ਨਿਯੁਕਤੀ ਦੇ ਦਿੱਤੀ ਤਾਂ ਕਿ ਉਹ ਫਰਾਂਸ ਜਾ ਕੇ ਜਰਮਨ ਨਾਜ਼ੀ ਫੌਜ ਵਿਰੁੱਧ ਜਾਸੂਸੀ ਕਰੇ। ਨੂਰ ਨੇ ਜ਼ਬਰਦਸਤ ਕੰਮ ਕੀਤਾ ਪਰ ਨਾਜ਼ੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਕੇ 1944 ’ਚ ਉਸਦੀ ਹੱਤਿਆ ਕਰ ਦਿੱਤੀ। ਨੂਰ ਦੇ ਅਹਿਸਾਨ ਨੂੰ ਅੰਗਰੇਜ਼ ਅੱਜ ਤੱਕ ਨਹੀਂ ਭੁੱਲੇ। ਭਾਰਤ ਨੂੰ ਆਪਣੀ ਧੀ ’ਤੇ ਮਾਣ ਹੈ।


Bharat Thapa

Content Editor Bharat Thapa