ਦੇਸ਼ ਦੀ ਏਕਤਾ ਲਈ ਪੰ. ਡੋਗਰਾ ਦਾ ਮਿਸ਼ਨ ਪੂਰਾ ਹੋਇਆ ਪਰ ਮੌਤ ਤੋਂ 48 ਸਾਲਾਂ ਬਾਅਦ

10/23/2019 12:44:47 AM

ਗੋਪਾਲ ਸੱਚਰ

ਇਨ੍ਹੀਂ ਦਿਨੀਂ ਪੰ. ਪ੍ਰੇਮਨਾਥ ਡੋਗਰਾ ਦੀ ਜੈਅੰਤੀ ਮਨਾਈ ਜਾ ਰਹੀ ਹੈ, ਜਿਨ੍ਹਾਂ ਨੇ ਸਮਾਜ ਸੁਧਾਰ ਤੇ ਮਨੁੱਖਤਾ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਪਰ ਉਨ੍ਹਾਂ ਦਾ ਵੱਡਾ ਕਾਰਨਾਮਾ ਜੰਮੂ-ਕਸ਼ਮੀਰ ’ਚ ਵੱਖਵਾਦ ਦੀ ਸੋਚ ਦੇ ਵਿਰੁੱਧ ਸੰਘਰਸ਼ ਕਰਨਾ ਸੀ। ਵੱਖਵਾਦ ਦੀ ਸੋਚ ਲਈ ਉਹ ਭਾਰਤੀ ਸੰਵਿਧਾਨ ਦੀ ਧਾਰਾ-370 ਨੂੰ ਇਕ ਵੱਡੀ ਜੜ੍ਹ ਮੰਨਦੇ ਸਨ, ਜਿਸ ਦੇ ਖਾਤਮੇ ਲਈ ਉਨ੍ਹਾਂ ਨੇ ਉਮਰ ਭਰ ਤਿੱਖਾ ਸੰਘਰਸ਼ ਕੀਤਾ। ਉਸ ਵੇਲੇ ਦੇ ਸੱਤਾਧਾਰੀਆਂ ਨੇ ਉਨ੍ਹਾਂ ਨੂੰ ਆਪਣੇ ਜ਼ੁਲਮਾਂ ਦਾ ਨਿਸ਼ਾਨਾ ਬਣਾਇਆ ਪਰ ਉਹ ਹਰ ਇਮਤਿਹਾਨ ਦੀ ਘੜੀ ’ਚ ਚੱਟਾਨ ਵਾਂਗ ਡਟੇ ਰਹੇ, ਹਾਲਾਂਕਿ ਉਨ੍ਹਾਂ ਦੇ ਕਈ ਸੰਗੀ-ਸਾਥੀ ਡਗਮਗਾ ਗਏ ਅਤੇ ਮੈਦਾਨ ਛੱਡ ਗਏ।

ਸੰਘਰਸ਼ ਕਿਵੇਂ ਸ਼ੁਰੂ ਹੋਇਆ

ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੇ ਸੰਵਿਧਾਨ ਦਾ ਗਠਨ ਆਖਰੀ ਪੜਾਅ ’ਚ ਸੀ ਤਾਂ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਆਪਣੇ ਮਿੱਤਰ ਸ਼ੇਖ ਮੁਹੰਮਦ ਅਬਦੁੱਲਾ ਨੂੰ ਖੁਸ਼ ਰੱਖਣ ਲਈ ਜੰਮੂ-ਕਸ਼ਮੀਰ ਨੂੰ ਵੱਖਰਾ ਦਰਜਾ ਦੇਣ ਵਾਸਤੇ ਤਿਆਰ ਹੋ ਗਏ ਹਨ। ਜਿਸ ’ਤੇ ਪੰ. ਡੋਗਰਾ ਦੀ ਅਗਵਾਈ ਹੇਠ ਬਣੇ ਖੇਤਰੀ ਸੰਗਠਨ ‘ਜੰਮੂ-ਕਸ਼ਮੀਰ ਪਰਜਾ ਪ੍ਰੀਸ਼ਦ’ ਨੇ ਕਿਸੇ ਵੀ ਤਰ੍ਹਾਂ ਦੇ ਵੱਖਵਾਦ ਦੇ ਵਿਰੋਧ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਤੇ ਸੂਬੇ ਦੇ ਨਵੇਂ ਸੱਤਾਧਾਰੀ (ਨੈਸ਼ਨਲ ਕਾਨਫਰੰਸ ਦੇ ਨੇਤਾ) ਗੁੱਸੇ ਵਿਚ ਆ ਗਏ।

14 ਫਰਵਰੀ 1949 ਦੀ ਸ਼ਾਮ ਨੂੰ ਪੰ. ਡੋਗਰਾ ਦੇ ਗੁਆਂਢੀ ਅਤੇ ਰਿਸ਼ਤੇਦਾਰ ਪੰ. ਲੱਭੂ ਰਾਮ ਦੇ ਬੇਟੇ ਦਾ ਵਿਆਹ ਸੀ। ਇਕ ਸਮਾਗਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਕਿਸੇ ਨੇ ਸੂਚਨਾ ਦਿੱਤੀ ਕਿ ਪੰ. ਡੋਗਰਾ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਰਾਤ ਨੂੰ ਛਾਪਾ ਮਾਰ ਸਕਦੀ ਹੈ। ਇਹ ਸੂਚਨਾ ਮਿਲਣ ’ਤੇ ਕੁਝ ਮਿੱਤਰਾਂ ਨੇ ਪੰ. ਡੋਗਰਾ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਇਧਰ-ਓਧਰ ਕਿਤੇ ਚਲੇ ਜਾਣਾ ਚਾਹੀਦਾ ਹੈ ਪਰ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਪੰ. ਡੋਗਰਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਹੈ ਇਹ ਸਮਝਿਆ ਜਾਵੇ ਕਿ ਡੋਗਰਾ ਡਰ ਗਿਆ ਹੈ।

ਉਸੇ ਸਮੇਂ ਪੰ. ਡੋਗਰਾ ਉਥੋਂ ਆਪਣੇ ਘਰ ਪਹੁੰਚੇ ਅਤੇ ਇਕ ਪੰਡਿਤ ਨੂੰ ਬੁਲਾ ਕੇ ਰਾਤ ਨੂੰ ਹੀ ਸ਼ਕਤੀ ਪੂਜਨ ਕਰਵਾਇਆ ਅਤੇ ਜੇਲ ਜਾਣ ਲਈ ਤਿਆਰ ਹੋ ਗਏ। ਇਸੇ ਦੌਰਾਨ ਉਨ੍ਹਾਂ ਨੇ ਪਰਜਾ ਪ੍ਰੀਸ਼ਦ ਦੇ ਜਨਰਲ ਸਕੱਤਰ ਹੰਸਰਾਜ ਪਨਗੋਤਰਾ ਨੂੰ ਪ੍ਰੈੱਸ ਦੇ ਨਾਂ ਜਾਰੀ ਕਰਨ ਲਈ ਇਕ ਛੋਟਾ ਜਿਹਾ ਬਿਆਨ ਵੀ ਲਿਖਵਾਇਆ, ਜਿਸ ਵਿਚ ਕਿਹਾ ਗਿਆ ਕਿ ਮਹਾਰਾਜਾ ਹਰੀ ਸਿੰਘ ਨੇ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਸੇ ਰਲੇਵਾਂ ਪੱਤਰ ’ਤੇ ਦਸਤਖਤ ਕੀਤੇ ਹਨ, ਜਿਸ ’ਤੇ ਦੇਸ਼ ਦੇ ਬਾਕੀ 550 ਤੋਂ ਜ਼ਿਆਦਾ ਰਾਜਿਆਂ ਤੇ ਨਵਾਬਾਂ ਨੇ ਕੀਤੇ ਸਨ। ਇਸ ਲਈ ਜੰਮੂ-ਕਸ਼ਮੀਰ ਨੂੰ ਵੀ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਇਕ ਅਟੁੱਟ ਅੰਗ ਮੰਨਿਆ ਜਾਵੇ ਅਤੇ ਸੂਬੇ ਦੇ ਮਹਾਰਾਜਾ ਨੂੰ ਵੀ ਉਹੀ ਸਹੂਲਤਾਂ ਮਿਲਣ, ਜੋ ਬਾਕੀ ਸੂਬਿਆਂ ਦੇ ਮੁਖੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ।

ਗ੍ਰਿਫਤਾਰੀ ਲਈ ਪੁਲਸ ਦਾ ਘੇਰਾ

ਸਵੇਰ ਹੋਣ ਤੋਂ ਪਹਿਲਾਂ ਹੀ ਪੁਲਸ ਨੇ ਪੰ. ਡੋਗਰਾ ਦੀ ਰਿਹਾਇਸ਼ ਨੂੰ ਘੇਰ ਲਿਆ ਅਤੇ ਕੜਾਕੇ ਦੀ ਠੰਡ ਦੇ ਬਾਵਜੂਦ ਉਨ੍ਹਾਂ ਨੂੰ ਸਿੱਧੇ ਸ਼੍ਰੀਨਗਰ ਲਿਜਾਇਆ ਗਿਆ ਅਤੇ ਉਥੇ ਸੈਂਟਰਲ ਜੇਲ ਵਿਚ ਬੰਦ ਕਰ ਦਿੱਤਾ। ਉਨ੍ਹਾਂ ਵਿਰੁੱਧ ਵੱਡਾ ਦੋਸ਼ ਇਹ ਲਾਇਆ ਗਿਆ ਕਿ ਉਹ ਫਿਰਕੂ ਹਨ ਅਤੇ ਰਜਵਾੜਾਸ਼ਾਹੀ ਦੇ ਸਮਰਥਕ ਵੀ।

ਜੇਲ ਵਿਚ ਕੈਦੀਆਂ ਨਾਲ ਕਿਹੋ ਜਿਹਾ ਬੁਰਾ ਸਲੂਕ ਕੀਤਾ ਜਾਂਦਾ ਸੀ, ਇਸ ਦਾ ਜ਼ਿਕਰ ਪਰਜਾ ਪ੍ਰੀਸ਼ਦ ਦੇ ਇਕ ਸੀਨੀਅਰ ਵਰਕਰ ਰਾਮ ਗੁਪਤਾ ਨੇ ਆਪਣੀ ਜੇਲ ਡਾਇਰੀ ’ਚ ਵੀ ਕੀਤਾ ਹੈ। ਆਪਣੀ ਇਸ ਜੇਲ ਡਾਇਰੀ ਦਾ ਨਾਂ ਉਨ੍ਹਾਂ ਨੇ ‘ਵਿਸ਼ ਧਾਰਾ-370’ ਰੱਖਿਆ ਹੈ, ਜਿਸ ਵਿਚ ਇਹ ਦਰਜ ਹੈ ਕਿ ਪਰਜਾ ਪ੍ਰੀਸ਼ਦ ਦੇ ਨੇਤਾਵਾਂ ਦੀ ਨਿਗਰਾਨੀ ਲਈ ਪੈਂਦੇ ਖਾਨ ਅਤੇ ਹੋਰ ਉਨ੍ਹਾਂ ਕਬਾਇਲੀਆਂ ਨੂੰ ਨਿਯੁਕਤ ਕੀਤਾ ਗਿਆ ਸੀ, ਜਿਹੜੇ 1947 ’ਚ ਹਮਲਾਵਰ ਬਣ ਕੇ ਆਏ ਸਨ ਪਰ ਭਾਰਤੀ ਫੌਜੀਆਂ ਵਲੋਂ ਫੜੇ ਜਾਣ ਪਿੱਛੋਂ ਜੇਲ ਵਿਚ ਡੱਕ ਦਿੱਤੇ ਗਏ ਸਨ।

ਪਹਿਲਾ ਸੱਤਿਆਗ੍ਰਹਿ ਅੰਦੋਲਨ

ਪੰ. ਪ੍ਰੇਮਨਾਥ ਡੋਗਰਾ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਸ਼੍ਰੀਨਗਰ ਜੇਲ ਵਿਚ ਬੰਦ ਕੀਤੇ ਜਾਣ ਵਿਰੁੱਧ ਚੰਗਾ-ਖਾਸਾ ਤਣਾਅ ਪੈਦਾ ਹੋਇਆ। ਉਨ੍ਹਾਂ ਦੀ ਰਿਹਾਈ ਲਈ ਮਈ 1949 ’ਚ ਪਹਿਲਾ ਸੱਤਿਆਗ੍ਰਹਿ ਅੰਦੋਲਨ ਚੱਲਿਆ ਪਰ ਇਸ ਅੰਦੋਲਨ ਨੂੰ ਦਬਾਉਣ ਲਈ ਸਰਕਾਰ ਨੇ ਭੱਦੇ ਤੌਰ-ਤਰੀਕੇ ਅਪਣਾਏ, ਜਿਨ੍ਹਾਂ ’ਚੋਂ ਇਕ ਇਹ ਵੀ ਸੀ ਕਿ ਫੜੇ ਜਾਣ ਤੋਂ ਬਾਅਦ ਸੱਤਿਆਗ੍ਰਹੀਆਂ ਨੂੰ ਕੁੱਟਣ ਤੋਂ ਇਲਾਵਾ ਕੁਝ ਦੇ ਕੰਨਾਂ ’ਤੇ ਚਪੇੜਾਂ ਵੀ ਮਾਰੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਬੋਲੇ਼ੇ ਬਣਾ ਦਿੱਤਾ ਜਾਂਦਾ ਸੀ।

ਅਜਿਹੇ ਸੱਤਿਆਗ੍ਰਹੀਆਂ ’ਚੋਂ ਇਕ ਦੀਨਾਨਾਥ ਸ਼ਰਮਾ ਅਤੇ ਰਿਆਸੀ ਦੇ ਚੂਨੀਲਾਲ ਪੰਡੋਹ ਦਾ ਜ਼ਿਕਰ ਭਾਜਪਾ ਵਲੋਂ ਛਾਪੀ ਗਈ ਇਕ ਕਿਤਾਬ ਵਿਚ ਵੀ ਕੀਤਾ ਗਿਆ ਹੈ। ਸੱਤਿਆਗ੍ਰਹੀਆਂ ’ਤੇ ਤਸ਼ੱਦਦ ਦੀ ਇਹ ਲਹਿਰ ਦਿੱਲੀ ਤਕ ਪਹੁੰਚੀ ਅਤੇ ਕੁਝ ਸੰਸਦ ਮੈਂਬਰ ਹਾਲਾਤ ਦਾ ਜਾਇਜ਼ਾ ਲੈਣ ਜੰਮੂ ਗਏ, ਜਿਸ ਤੋਂ ਬਾਅਦ ਕੇਂਦਰ ਦੇ ਕੁਝ ਸੱਤਾਧਾਰੀਆਂ ਦੇ ਦਖਲ ਸਦਕਾ 8 ਅਕਤੂਬਰ 1949 ਨੂੰ ਪੰ. ਡੋਗਰਾ ਨੂੰ 8 ਮਹੀਨਿਆਂ ਬਾਅਦ ਜੇਲ ’ਚੋਂ ਰਿਹਾਅ ਕੀਤਾ ਗਿਆ।

ਵੱਡੇ ਅੰਦੋਲਨ ਦੀ ਤਿਆਰੀ

ਜੇਲ ’ਚੋਂ ਰਿਹਾਅ ਹੋਣ ਤੋਂ ਬਾਅਦ ਪੰ. ਡੋਗਰਾ ਨੇ ਦੇਸ਼ ਦੀ ਏਕਤਾ ਲਈ ਅੰਦੋਲਨ ਜਾਰੀ ਰੱਖਿਆ ਅਤੇ 1951 ’ਚ ਉਨ੍ਹਾਂ ਨੂੰ ਉਦੋਂ ਵੱਡਾ ਸਮਰਥਨ ਮਿਲਿਆ, ਜਦੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤੀ ਜਨਸੰਘ ਦਾ ਗਠਨ ਕੀਤਾ। ਪੰ. ਡੋਗਰਾ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਲੰਮੀ ਗੱਲਬਾਤ ਤੋਂ ਬਾਅਦ ਡਾ. ਮੁਖਰਜੀ ਨੇ ਇਹ ਨਾਅਰਾ ਬੁਲੰਦ ਕੀਤਾ ਕਿ ਇਕ ਦੇਸ਼ ਵਿਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚੱਲਣਗੇ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪਰਜਾ ਪ੍ਰੀਸ਼ਦ ਨੇ ਧਾਰਾ-370 ਅਤੇ ਵੱਖਵਾਦ ਵਿਰੁੱਧ ਇਕ ਵੱਡੇ ਸੱਤਿਆਗ੍ਰਹਿ ਅੰਦੋਲਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ।

ਪੰ. ਡੋਗਰਾ ਦਾ ਸਪੱਸ਼ਟ ਨਜ਼ਰੀਆ

ਪੰ. ਡੋਗਰਾ ਦਾ ਕਹਿਣਾ ਸੀ ਕਿ ਫਿਰਕੇ ਨੂੰ ਕਿਸੇ ਸਿਆਸੀ ਵੰਡ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ। ਫਿਰਕਾ ਤਾਂ ਈਸ਼ਵਰ ਦੀ ਪੂਜਾ ਦਾ ਇਕ ਤਰੀਕਾ ਹੋ ਸਕਦਾ ਹੈ ਪਰ ਫਿਰਕੇ ਦੇ ਆਧਾਰ ’ਤੇ ਵੰਡ ਖਤਰਨਾਕ ਸਥਿਤੀ ਪੈਦਾ ਕਰ ਦਿੰਦੀ ਹੈ। ਵੱਖਵਾਦ ਨੂੰ ਆਧਾਰ ਬਣਾਉਣਾ ਮਨੁੱਖੀ ਏਕਤਾ ਦੀਆਂ ਕਦਰਾਂ-ਕੀਮਤਾਂ ਦੇ ਉਲਟ ਸਿੱਧ ਹੁੰਦਾ ਹੈ। ਭਾਰਤ ਵਿਚ ਤਾਂ ਈਸ਼ਵਰ ਨੂੰ ਮੰਨਣ ਵਾਲੇ ਬਹੁਤ ਸਾਰੇ ਫਿਰਕੇ ਹਨ। ਜੇ ਫਿਰਕੇ ਨੂੰ ਕਿਸੇ ਸਿਆਸੀ ਵੰਡ ਦਾ ਆਧਾਰ ਮੰਨਿਆ ਜਾਵੇ ਤਾਂ ਭਾਰਤ ਨਾਂ ਦਾ ਸ਼ਾਇਦ ਹੀ ਕੋਈ ਦੇਸ਼ ਬਚੇਗਾ।

ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜਿਨ੍ਹਾਂ ਤੱਤਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਫਿਰਕੇ ਦੇ ਆਧਾਰ ’ਤੇ ਕੀਤੀ ਹੈ, ਉਨ੍ਹਾਂ ਨੇ ਮਨੁੱਖਤਾ ਨਾਲ ਬਹੁਤ ਬੇਇਨਸਾਫੀ ਕੀਤੀ ਹੈ ਅਤੇ ਇਹ ਵੰਡ ਇਕ ਵੱਡੀ ਦੁਰਘਟਨਾ ਮੰਨੀ ਜਾਣੀ ਚਾਹੀਦੀ ਹੈ।

ਧਾਰਾ-370 ਦਾ ਖਾਤਮਾ

ਜੰਮੂ-ਕਸ਼ਮੀਰ ’ਚ ਵੱਖਵਾਦ ਦੀਆਂ ਸਮੱਸਿਆਵਾਂ ਦੀ ਜੜ੍ਹ ਧਾਰਾ-370 ਅਤੇ 35ਏ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰ. ਡੋਗਰਾ ਅਤੇ ਉਨ੍ਹਾਂ ਦੇ ਸਾਥੀਆਂ ਦਾ 70 ਸਾਲ ਪੁਰਾਣਾ ਮਿਸ਼ਨ ਪੂਰਾ ਹੋਇਆ ਹੈ ਪਰ ਪੰਡਿਤ ਜੀ ਦੀ ਮੌਤ ਤੋਂ 48 ਸਾਲਾਂ ਬਾਅਦ। ਅੱਜ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਸੰਘਰਸ਼ ਕਿੰਨਾ ਵੱਡਾ ਸੀ ਅਤੇ ਇਸ ਧਾਰਾ ਨੂੰ ਹਟਾਉਣ ਲਈ ਕਿੰਨੇ ਦੇਸ਼ਭਗਤਾਂ ਨੇ ਆਪਣੀਆਂ ਜਾਨਾਂ ਵਾਰੀਆਂ। ਇਸ ਅੰਦੋਲਨ ’ਚ ਡਾ. ਮੁਖਰਜੀ ਨੂੰ ਵੀ ਆਪਣੀ ਕੁਰਬਾਨੀ ਦੇਣੀ ਪਈ।


Bharat Thapa

Content Editor

Related News