ਹਿਮਾਚਲ ’ਚ ਆਫਤ ਦੀ ਬਰਸਾਤ! ਆਪਣਿਆਂ ਦੀ ਤਲਾਸ਼ ’ਚ ਹੰਝੂਆਂ ਦੇ ਹੜ੍ਹ
Monday, Aug 05, 2024 - 11:25 AM (IST)
ਪਹਾੜ ਦੇਖਣ ’ਚ ਜਿੰਨੇ ਖੂਬਸੂਰਤ ਅਤੇ ਕੁਦਰਤੀ ਸੁੰਦਰਤਾ ਨਾਲ ਲਬਰੇਜ਼ ਨਜ਼ਰ ਆਉਂਦੇ ਹਨ, ਬਰਸਾਤ ਦੇ ਮੌਸਮ ’ਚ ਇਹ ਪਹਾੜ ਓਨੇ ਹੀ ਘਾਤਕ ਅਤੇ ਜਾਨਲੇਵਾ ਹੋ ਜਾਂਦੇ ਹਨ ਜਿਵੇਂ ਸਭ ਕੁਝ ਹੇਠਾਂ ਆਉਣ ਨੂੰ ਤੁੱਲਿਆ ਹੋਵੇ। ਹਿਮਾਚਲ ਪ੍ਰਦੇਸ਼ ’ਚ ਹਰ ਸਾਲ ਭਾਰੀ ਬਰਸਾਤ ਅਤੇ ਗੁੰਝਲਦਾਰ ਭੂਗੋਲਿਕ ਸਥਿਤੀਆਂ ਕਾਰਨ ਭਾਰੀ ਨੁਕਸਾਨ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਝੱਲਣਾ ਪੈਂਦਾ ਹੈ, ਕੋਈ ਆਪਣਾ ਸਭ ਕੁਝ ਗੁਆ ਦਿੰਦਾ ਹੈ ਤਾਂ ਕੋਈ ਆਪਣਿਆਂ ਨੂੰ ਹੀ ਗੁਆ ਦਿੰਦਾ ਹੈ।
ਪਹਾੜ, ਨਦੀਆਂ, ਮੈਦਾਨ, ਬਰਫ, ਚੌਗਾਨ, ਮੰਦਰ, ਫਲ਼-ਫੁੱਲ਼, ਝਰਨੇ ਆਦਿ ਸਭ ਕੁਝ ਹੈ ਇਸ ਪਵਿੱਤਰ ਧਰਤੀ ’ਤੇ, ਜਿਸ ਦਾ ਨਾਂ ਹੈ ਹਿਮਾਚਲ ਪ੍ਰਦੇਸ਼। ਹਿਮਾਚਲ ਅਨੇਕ ਭੂਗੋਲਿਕ ਚੁਣੌਤੀਆਂ ਨਾਲ ਘਿਰਿਆ ਹੋਇਆ ਸੂਬਾ ਹੈ ਅਤੇ ਇਨ੍ਹਾਂ ਚੁਣੌਤੀਆਂ ਨਾਲ ਲੜ ਕੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਬੀਤਦੀ ਹੈ ਪਰ ਮੰਨੋ ਹੁਣ ਇਨ੍ਹਾਂ ਨੂੰ ਇਨ੍ਹਾਂ ਹਾਲਾਤ ’ਚ ਜਿਊਣ ਦੀ ਆਦਤ ਜਿਹੀ ਪੈ ਗਈ ਹੈ ਪਰ ਵਰਤਮਾਨ ਸਮੇਂ ’ਚ ਇਨ੍ਹਾਂ ਲੋਕਾਂ ਲਈ ਸਭ ਤੋਂ ਵੱਡਾ ਸੰਕਟ ਵੀ ਇਨ੍ਹਾਂ ਦੇ ਹੀ ਇਹ ਪਹਾੜ ਟੁੱਟ ਕੇ ਬਿੱਫਰ ਰਹੇ ਹਨ।
ਇਨ੍ਹਾਂ ਦੇ ਖਤਰੇ ਤੋਂ ਇੱਥੋਂ ਦੇ ਲੋਕਾਂ ਦੇ ਹੱਥ-ਪੈਰ ਫੁੱਲਣ ਲੱਗ ਗਏ ਹਨ ਅਤੇ ਅਖੀਰ ਹੋਵੇ ਵੀ ਕਿਉਂ ਨਾ... ਜਦ ਇਕ ਅੱਧਾ ਪੱਥਰ ਡਿੱਗੇ ਤਾਂ ਉਸ ਤੋਂ ਬਚਿਆ ਵੀ ਜਾਵੇ ਪਰ ਜਦੋਂ ਜਿਸ ਸੜਕ ’ਤੇ ਚੱਲਦੇ ਹਾਂ ਉਹ ਸੜਕ ਜਾਂ ਉਪਰੋਂ ਸਾਰਾ ਪਹਾੜ ਹੀ ਟੁੱਟ ਕੇ ਹੇਠਾਂ ਆ ਕੇ ਆਪਣੀ ਗੋਦ ’ਚ ਸਭ ਕੁਝ ਲੈ ਜਾਣ ’ਤੇ ਤੁੱਲਿਆ ਹੋਵੇ ਤਾਂ ਕੋਈ ਕੀ ਕਰੇਗਾ! ਇਹ ਚਿੰਤਾ ਦਾ ਵਿਸ਼ਾ ਹੈ। ਇਹ ਵੀ ਸੋਚਣਾ ਹੋਵੇਗਾ ਕਿ ਅਖੀਰ ਸਾਲ ਦਰ ਸਾਲ ਬੱਦਲ ਫਟਣ ਅਤੇ ਮੀਂਹ ਤੇ ਜ਼ਮੀਨ ਖਿਸਕਣ ਦੀ ਬਿਪਤਾ ਦਾ ਪੱਧਰ ਇੰਨਾ ਭਿਆਨਕ ਕਿਉਂ ਹੁੰਦਾ ਜਾ ਰਿਹਾ ਹੈ। ਕੀ ਹਿਮਾਚਲ ਦੇ ਪਹਾੜਾਂ ’ਤੇ ਵੱਧ ਬੋਝ ਹੋ ਗਿਆ ਹੈ ਜਾਂ ਸੰਤੁਲਨ ਵਿਗੜ ਗਿਆ ਹੈ। ਆਏ ਦਿਨ ਖਬਰਾਂ ਦੀਆਂ ਸੁਰਖੀਆਂ ’ਚ ਦੇਖਣ ਨੂੰ ਮਿਲਦਾ ਹੈ ਪਹਾੜਾਂ ’ਤੇ ਗੰਦ ਹੀ ਗੰਦ, ਕਿਤੇ ਇਸ ਦਾ ਕਾਰਨ ਵਿਗੜਦਾ ਕੁਦਰਤੀ ਸੰਤੁਲਨ ਤਾਂ ਨਹੀਂ।
ਹਰ ਸਾਲ ਵਾਂਗ ਇਸ ਸਾਲ ਵੀ 31 ਜੁਲਾਈ ਦੀ ਰਾਤ ਕਾਲੀ ਰਾਤ ਬਣ ਕੇ ਆਫਤ ਦਾ ਮੀਂਹ ਪਿਆ, ਮੰਡੀ, ਕੁੱਲੂ ਤੇ ਰਾਮਪੁਰ ’ਚ ਤਾਂ ਜਿਵੇਂ ਕਹਿਰ ਵਰਤਿਆ ਹੋਵੇ, ਇਸ ਮੀਂਹ ਨਾਲ ਨਦੀ-ਨਾਲੇ ਉੱਛਲ ਗਏ ਅਤੇ ਆਪਣੇ ਨਾਲ ਸਭ ਕੁਝ ਵਹਾਅ ਕੇ ਲੈ ਗਏ, 47 ਲੋਕ ਲਾਪਤਾ ਹੋਏ ਤੇ 6 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਉਨ੍ਹਾਂ ਦੇ ਪਰਿਵਾਰਾਂ ਨੂੰ ਅੰਤਿਮ ਸੰਸਕਾਰ ਕਰਨ ਦਾ ਮੌਕਾ ਮਿਲਿਆ ਪਰ ਜੋ ਲੋਕ ਲਾਪਤਾ ਹਨ, ਉਨ੍ਹਾਂ ਦੇ ਪਰਿਵਾਰ ਅਜੇ ਵੀ ਉਨ੍ਹਾਂ ਦੇ ਵਾਪਸ ਪਰਤਣ ਦੀ ਆਸ ਲਾਈ ਬੈਠੇ ਹਨ। ਬਚਾਅ ਦਲ ਆਪਣਾ ਕਾਰਜ ਕਰ ਰਹੇ ਹਨ ਅਤੇ ਲੋਕਾਂ ਨੂੰ ਬਚਾਉਣ ਦਾ ਕਾਰਜ ਜਾਰੀ ਹੈ।
ਸਮੇਜ ਪਿੰਡ ਦਾ ਤਾਂ ਜਿਵੇਂ ਨਕਸ਼ਾ ਹੀ ਬਦਲ ਗਿਆ ਹੋਵੇ, ਜਿੱਥੇ ਪਹਿਲਾਂ ਘਰ, ਮਕਾਨ, ਸਕੂਲ, ਖੇਤ, ਸਭ ਕੁਝ ਸੀ ਉੱਥੇ ਅੱਜ ਸਿਰਫ ਮਲਬਾ ਹੀ ਰਹਿ ਗਿਆ ਹੈ, ਸਹਾਰਾ ਹੈ ਤਾਂ ਟੈਂਟਾਂ ਦਾ। 3 ਦਿਨ ਬੀਤਣ ਪਿੱਛੋਂ ਵੀ 47 ਲੋਕਾਂ ਦਾ ਸ਼ਿਮਲਾ ’ਚ, 9 ਲੋਕਾਂ ਦਾ ਕੁੱਲੂ ’ਚ ਤੇ 5 ਦਾ ਮੰਡੀ ’ਚ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਨਿਰੰਤਰ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਤੇ ਫਲੈਸ਼ ਫਲੱਡ ਦੀਆਂ ਸੰਭਾਵਨਾਵਾਂ ਅਜੇ ਵੀ ਬਣੀਆਂ ਹੋਈਆਂ ਹਨ। ਇਸ ਨੂੰ ਮੀਂਹ ਕਹੀਏ, ਬਰਸਾਤ, ਮਾਨਸੂਨ, ਆਫਤ ਜਾਂ ਕਹਿਰ, ਅਖੀਰ ਕਹੀਏ ਤਾਂ ਕੀ ਕਹੀਏ ਕਿਉਂਕਿ ਗਰਮੀ ਤੋਂ ਤੰਗ ਆ ਕੇ ਲੋਕ ਸੋਚ ਹੀ ਰਹੇ ਸਨ ਕਿ ਕਾਸ਼! ਮੀਂਹ ਪੈ ਜਾਵੇ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੱਥੇ ਮੀਂਹ ਨਹੀਂ ਕਹਿਰ ਵਰ੍ਹੇਗਾ ਅਤੇ ਅਜਿਹਾ ਵਰ੍ਹੇਗਾ ਕਿ ਕਈਆਂ ਦੀ ਜੀਵਨ ਲੀਲ੍ਹਾ ਹੀ ਖਤਮ ਕਰ ਦੇਵੇਗਾ।
ਹਿਮਾਚਲ ਪ੍ਰਦੇਸ਼ ਇਕ ਅਜਿਹਾ ਨਾਂ ਹੈ ਜਿਸ ਦੇ ਨਾਂ ’ਚ ਹੀ ਕੁਦਰਤੀ ਸੁੰਦਰਤਾ ਅਤੇ ਸ਼ਾਂਤੀ ਅਤੇ ਕੁਦਰਤ ਮਾਂ ਦੀ ਗੋਦ ’ਚ ਵਸੇ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ। ਪਹਾੜਾਂ ਦੀ ਖੂਬਸੂਰਤੀ ਜਿੱਥੇ ਇਕ ਪਾਸੇ ਲੋਕਾਂ ਨੂੰ ਖਿੱਚਦੀ ਹੈ, ਉੱਥੇ ਹੀ ਦੂਜੇ ਪਾਸੇ ਇਹ ਪਹਾੜ ਹਰ ਸਾਲ ਕਈ ਲੋਕਾਂ ਦੀ ਜਾਨ ਲੈ ਲੈਂਦੇ ਹਨ। ਕਈ ਲੋਕ ਆਪਣੇ ਰੈਣ-ਬਸੇਰਿਆਂ ਤੋਂ ਬੇਘਰ ਹੋ ਜਾਂਦੇ ਹਨ ਤੇ ਕਿਸੇ ਨੂੰ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਇਹੀ ਸੱਚਾਈ ਹੈ ਇਸ ਬਰਸਾਤ ’ਚ, ਤਾਂ ਪਤਾ ਨਹੀਂ ਕੁਦਰਤ ਆਪਣੇ ਉਜਾੜੇ ਦਾ ਪੂਰਾ ਹਿਸਾਬ ਬਰਾਬਰ ਕਰਨ ’ਤੇ ਤੁਲੀ ਹੋਵੇ।
ਬਰਸਾਤ ਹਰ ਵਾਰ ਹੁੰਦੀ ਹੈ ਪਰ ਇਸ ਵਾਰ ਤਾਂ ਅਜੇ ਢੰਗ ਨਾਲ ਸ਼ੁਰੂ ਹੀ ਨਹੀਂ ਹੋਈ ਕਿ ‘ਮੰਨ ਲਵੋ ਜਿਵੇਂ ਪਾਣੀ ਦੀ ਥਾਂ ਆਫਤ ਵਰ੍ਹ ਰਹੀ ਹੋਵੇ’ ਜਾਂ ਕਿਹਾ ਜਾ ਸਕਦਾ ਹੈ ਕਿ ਪਿਛਲੀਆਂ ਬਰਸਾਤਾਂ ਤੋਂ ਕੋਈ ਸਿੱਖਿਆ ਨਹੀਂ ਲਈ ਗਈ, ਜਿਸ ਦਾ ਖਮਿਆਜ਼ਾ ਇਸ ਬਰਸਾਤ ’ਚ ਭੁਗਤਣਾ ਪੈ ਰਿਹਾ ਹੈ। ਇਹ ਮਾਨਸੂਨ ਹਿਮਾਚਲ ਲਈ ਆਫਤ ਬਣ ਕੇ ਵਰ੍ਹ ਰਹੀ ਹੈ। ਇਸ ਲਈ ਮੌਜੂਦਾ ਸਮੇਂ ’ਚ ਲੋੜ ਹੈ ਕਿ ਕੁਦਰਤੀ ਜਲ ਖੇਤਰਾਂ ਨਦੀਆਂ, ਨਾਲਿਆਂ ਤੋਂ ਜਿੰਨੀ ਦੂਰ ਰਿਹਾ ਜਾਵੇ ਓਨਾ ਹੀ ਜ਼ਿੰਦਗੀ ਲਈ ਲਾਭਦਾਇਕ ਹੈ। ਦੂਜੇ ਬੰਨ੍ਹੇ ਹਿਮਾਚਲ ਪ੍ਰਦੇਸ਼ ਇਕ ਸੈਲਾਨੀ ਸੂਬਾ ਹੈ ਜਿੱਥੇ ਕੁਦਰਤ ਦੀ ਸੁੰਦਰਤਾ ਦਾ ਨਜ਼ਾਰਾ ਲੈਣ ਦੇ ਸ਼ੌਕ ਕਾਰਨ ਹੋਰ ਸੂਬਿਆਂ ਤੋਂ ਲੋਕ ਖੁੱਲ੍ਹੇ ਜਾਂ ਖਰਾਬ ਮੌਸਮ ’ਚ ਵੀ ਬਿਖੜੇ ਖੇਤਰਾਂ ’ਚ ਘੁੰਮਣ ਨਿਕਲ ਜਾਂਦੇ ਹਨ ਪਰ ਬਰਸਾਤ ਕਾਰਨ ਕਿੰਨੌਰ ਜ਼ਿਲੇ ਦੇ ‘ਪਾਗਲ ਨਾਲਾ’ ਵਰਗੇ ਕਈ ਅਜਿਹੇ ਨਦੀ-ਨਾਲੇ ਹਿਮਾਚਲ ’ਚ ਹਨ ਜੋ ਕਦੀ ਵੀ ਹੜ੍ਹ ਦਾ ਰੂਪ ਧਾਰਨ ਕਰ ਕੇ ਤਬਾਹੀ ਮਚਾ ਦਿੰਦੇ ਹਨ।
ਇਸ ਲਈ ਸੈਲਾਨੀਆਂ ਨੂੰ ਵੀ ਇਸ ਮੌਸਮ ’ਚ ਪਹਾੜਾਂ ਦਾ ਰੁਖ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਖੁਦ ਤਾਂ ਮੁਸੀਬਤ ’ਚ ਫਸਣਗੇ ਹੀ, ਨਾਲ ਹੀ ਪ੍ਰਸ਼ਾਸਨ ਨੂੰ ਵੀ ਬਚਾਅ ਕਾਰਜਾਂ ’ਚ ਲੱਗਣ ਦਾ ਕੰਮ ਬਿਨ੍ਹਾਂ ਵਜ੍ਹਾ ਸੌਂਪ ਦੇਣਗੇ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸੈਲਾਨੀ ਹਿਮਾਚਲ ’ਚ ਸ਼ੁੱਧ ਪੌਣ-ਪਾਣੀ ਦਾ ਆਨੰਦ ਲੈਣ ਭਾਵੇਂ ਹੀ ਬਰਸਾਤ ’ਚ ਰੁਖ ਕਰਦੇ ਹਨ ਪਰ ਮੈਦਾਨੀ ਇਲਾਕਿਆਂ ਤੋਂ ਆਏ ਇਨ੍ਹਾਂ ਸੈਲਾਨੀਆਂ ਨੂੰ ਪਹਾੜਾਂ ’ਚ ਵਿਸ਼ੇਸ਼ ਸਾਵਧਾਨੀ ਅਪਣਾਉਣ ਦੀ ਲੋੜ ਹੁੰਦੀ ਹੈ ਜਿਸ ਨੂੰ ਉਹ ਦਰਕਿਨਾਰ ਕਰ ਕੇ ਹਾਦਸਿਆਂ ਦੀ ਬੁਰਕੀ ਬਣ ਜਾਂਦੇ ਹਨ। ਪਹਾੜਾਂ ’ਚ ਰਹਿਣ ਵਾਲੇ ਲੋਕ ਇੱਥੋਂ ਦੀ ਭੂਗੋਲਿਕ ਹਾਲਤ ਤੋਂ ਭਲੀ-ਭਾਂਤ ਜਾਣੂ ਹੁੰਦੇ ਹਨ, ਮੈਦਾਨੀ ਇਲਾਕਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਖਾਸ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਕਈ ਸੈਲਾਨੀ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।
ਮੈਦਾਨੀ ਇਲਾਕਿਆਂ ਤੇ ਪਹਾੜਾਂ ਦੀ ਡਰਾਈਵਿੰਗ ’ਚ ਰਾਤ-ਦਿਨ ਦਾ ਫਰਕ ਹੈ। ਸਪੀਡ ’ਤੇ ਕੰਟ੍ਰੋਲ ਦੇ ਨਾਲ ਹੀ ਹਰ ਪਲ ਚੌਕਸ ਰਹਿਣਾ ਜ਼ਰੂਰੀ ਹੈ। ਨਦੀਆਂ-ਨਾਲਿਆਂ ਦੇ ਕੰਢਿਆਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਗਰਮੀਆਂ ’ਚ ਪਹਾੜਾਂ ’ਚ ਤੇਜ਼ੀ ਨਾਲ ਬਰਫ ਪਿਘਲਦੀ ਹੈ। ਇਸ ਨਾਲ ਨਦੀਆਂ-ਨਾਲਿਆਂ ਦਾ ਪਾਣੀ ਦਾ ਪੱਧਰ ਵਧ ਜਾਂਦਾ ਹੈ। ਵੱਡੇ ਨਦੀਆਂ-ਨਾਲਿਆਂ ’ਤੇ ਕਈ ਪਣ-ਬਿਜਲੀ ਪ੍ਰਾਜੈਕਟ ਹਨ। ਪਾਣੀ ਦਾ ਪੱਧਰ ਵਧਣ ’ਤੇ ਪ੍ਰਾਜੈਕਟਾਂ ਦੇ ਬੰਨ੍ਹਾਂ ਤੋਂ ਅਚਾਨਕ ਪਾਣੀ ਛੱਡਿਆ ਜਾਂਦਾ ਹੈ। ਇਸ ਨਾਲ ਜਾਨ ਖਤਰੇ ’ਚ ਪੈ ਸਕਦੀ ਹੈ ਪਰ ਪ੍ਰਸ਼ਾਸਨ ਵੱਲੋਂ ਚੌਕਸ ਕੀਤੇ ਜਾਣ ਦੇ ਬਾਵਜੂਦ ਜਾਨ ਤਲੀ ’ਤੇ ਰੱਖ ਕੇ ਸੈਲਾਨੀ ਨਦੀਆਂ-ਨਾਲਿਆਂ ਤੇ ਝੀਲਾਂ ’ਚ ਵੜ ਜਾਂਦੇ ਹਨ। ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਲੋਕਾਂ ਨੂੰ ਅਗਲੀ ਸਥਿਤੀ ਦਾ ਅੰਦਾਜ਼ਾ ਲਾ ਕੇ ਬੁੱਧੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਸੁਰੱਖਿਅਤ ਰਿਹਾ ਜਾ ਸਕੇ ਅਤੇ ਜਾਨ ਤੇ ਮਾਲ ਦੇ ਨੁਕਸਾਨ ਤੋਂ ਨਿਸ਼ਚਿੰਤ ਹੋਇਆ ਜਾ ਸਕੇ।
ਪ੍ਰਸ਼ਾਸਨ ਆਪਣਾ ਕੰਮ ਤਾਂ ਕਰੇਗਾ ਹੀ ਪਰ ਕੁਦਰਤ ਦੇ ਅੱਗੇ ਅਖੀਰ ਕਿਸ ਦੀ ਚੱਲਦੀ ਹੈ। ਵਰਤਮਾਨ ਮੌਸਮ ਦੇ ਮੱਦੇਨਜ਼ਰ ਬਿਨਾਂ ਵਜ੍ਹਾ ਸਫਰ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਦੋਂ, ਕਿੱਥੋਂ ਸੜਕ ਧੱਸ ਜਾਵੇ ਜਾਂ ਪੱਥਰ ਤੁਹਾਡੇ ’ਤੇ ਆ ਕੇ ਡਿੱਗ ਜਾਵੇ। ਇਸ ਲਈ ਜ਼ਰੂਰੀ ਹੈ ਕਿ ਲੋੜ ਨਾ ਹੋਵੇ ਤਾਂ ਬਿਨਾਂ ਵਜ੍ਹਾ ਖਰਾਬ ਮੌਸਮ ’ਚ ਸਫਰ ਤੋਂ ਪ੍ਰਹੇਜ਼ ਕਰਨਾ ਜ਼ਿੰਦਗੀ ਲਈ ਲਾਭਦਾਇਕ ਹੈ।