ਡਿਜੀਟਲ ਇੰਡੀਆ-ਜਿੱਥੇ ਗਿਆਨ ਹੀ ਸ਼ਕਤੀ ਹੈ

07/07/2021 3:23:07 AM

ਅਮਿਤਾਭ ਕਾਂਤ
ਮੈਂ ਲਗਭਗ ਤਿੰਨ ਦਹਾਕੇ ਪਹਿਲਾਂ, ਕੇਰਲ ਦੇ ਰਮਣੀਕ ਦਿਹਾਤੀ ਇਲਾਕੇ ’ਚ, ਰਵਾਇਤੀ ਮੱਛੀ ਪਾਲਣ ਖੇਤਰ ’ਚ ਕੰਮ ਕਰਦਾ ਰਿਹਾ ਹਾਂ। ਮੱਛੀ ਦੇ ਬਾਜ਼ਾਰ ਮੁੱਲ ਦਾ ਸਿਰਫ਼ 20 ਫੀਸਦੀ ਹਾਸਲ ਕਰਨ ਵਾਲੇ ਮਛੇਰਿਆਂ ਦਾ ਮੁਨਾਫ਼ਾ ਵਧਾਉਣ ਲਈ ਅਸੀਂ ਫਾਈਬਰ ਗਲਾਸ ਕ੍ਰਾਫਟ ਅਤੇ ਆਊਟਬੋਰਡ ਮੋਟਰ ਵਰਗੀ ਨਵੀਂ ਤਕਨੀਕ ਦੀ ਸ਼ੁਰੂਆਤ ਕੀਤੀ ਅਤੇ ਇੱਥੋਂ ਤੱਕ ਕਿ ਸਮੁੰਦਰ ਦੇ ਕੰਢੇ ਦੇ ਪੱਧਰ ਦੀ ਨਿਲਾਮੀ ਵੀ ਸ਼ੁਰੂ ਕੀਤੀ। ਹਾਲਾਂਕਿ ਸਭ ਤੋਂ ਵੱਡੀ ਚੁਣੌਤੀ ਜੋ ਬਣੀ ਰਹੀ, ਉਹ ਸੀ ਭੁਗਤਾਨ ਨੂੰ ਸਹੀ ਢੰਗ ਨਾਲ ਕਰਨ ਲਈ ਮਛੇਰਿਆਂ ਲਈ ਬੈਂਕ ਖਾਤੇ ਖੋਲ੍ਹਣਾ।

ਉਨ੍ਹਾਂ ਦਿਨਾਂ ’ਚ ਸਾਨੂੰ ਫਿਜ਼ੀਕਲ ਬੈਂਕਾਂ ਦਾ ਪਤਾ ਕਰਕੇ ਸਿੰਗਲ ਖਾਤਾਧਾਰਕ ਨੂੰ ਵੀ ਰਜਿਸਟਰ ਕਰਨ ’ਚ ਘੱਟ ਤੋਂ ਘੱਟ ਦਸ ਮਹੀਨੇ ਲੱਗਦੇ ਸਨ। ‘ਆਪਣੇ ਗਾਹਕ ਨੂੰ ਜਾਣੋ’ ਇਕ ਵਿਦੇਸ਼ੀ ਧਾਰਨਾ ਸੀ। 2021 ਤੱਕ ਆਉਂਦੇ-ਆਉਂਦੇ ਤੁਸੀਂ ਇਕ ਬੈਂਕ ਸ਼ਾਖਾ ’ਚ ਜਾ ਸਕਦੇ ਹੋ ਅਤੇ ਈ-ਕੇ. ਵਾਈ. ਸੀ. ਅਤੇ ਬਾਇਓਮੈਟ੍ਰਿਕਸ ਰਾਹੀਂ ਕੁਝ ਹੀ ਸਮੇਂ ’ਚ ਇਕ ਬੈਂਕ ਖਾਤਾ ਖੋਲ੍ਹ ਸਕਦੇ ਹੋ। ਮਹੀਨਿਆਂ ਤੋਂ ਮਿੰਟਾਂ ਤੱਕ ਉਡੀਕ ਸਮੇਂ ਨੂੰ ਘੱਟ ਕਰਦੇ ਹੋਏ, ਡਿਜੀਟਲ ਤਬਦੀਲੀ ਨੇ ਅਸਲ ’ਚ ਇਕ ਮਹੱਤਵਪੂਰਨ ਬਦਲਾਅ ਨੂੰ ਸਮਰੱਥ ਬਣਾਇਆ ਹੈ।

ਡਿਜੀਟਲ ਇੰਡੀਆ ਦੇ ਛੇ ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਜੀ ਨੇ ਇਸ ਨੂੰ ਸਹੀ ਮਾਇਨੇ ’ਚ ਭਾਰਤ ਦਾ ਟੈਕੇਡ ਦੱਸਿਆ ਹੈ। ਤਕਨੀਕੀ ਤਰੱਕੀ ਅਤੇ ਇੰਟਰਨੈੱਟ ਦੀ ਤੀਬਰ ਪਹੁੰਚ ਨੇ ਪੂਰੇ ਭਾਰਤ ’ਚ ਇਕ ਬਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਇਕ ਆਮ ਵਿੱਤੀ, ਆਰਥਿਕ ਅਤੇ ਡਿਜੀਟਲ ਈਕੋ ਸਿਸਟਮ ’ਚ ਸੰਗਠਿਤ ਕਰ ਦਿੱਤਾ ਹੈ। ਸਭ ਤੋਂ ਸਸਤੀ ਡਾਟਾ ਦਰ ਅਤੇ 700 ਮਿਲੀਅਨ ਦੇ ਲਗਭਗ ਇੰਟਰਨੈੱਟ ਵਰਤੋਂਕਾਰਾਂ ਦੇ ਨਾਲ ਹਰ 3 ਸੈਕੰਡ ’ਚ ਇਕ ਨਵਾਂ ਭਾਰਤੀ ਵਰਤੋਂਕਰਤਾ ਇੰਟਰਨੈੱਟ ਨਾਲ ਜੁੜਦਾ ਹੈ। ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ’ਚ ਜਨਤਕ ਨਿੱਜੀ ਹਿੱਸੇਦਾਰੀ ਜ਼ਰੀਏ ਸਾਰੇ ਪਿੰਡਾਂ ਲਈ ਸਰਕਾਰੀ ਫਾਈਬਰ ਕੁਨੈਕਟੀਵਿਟੀ ਨਾਲ 16 ਸੂਬਿਆਂ ’ਚ ਭਾਰਤ ਨੈੱਟ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਕ ਬਿਲੀਅਨ ਤੋਂ ਵੱਧ ਬਾਇਓਮੈਟ੍ਰਿਕਸ, ਇਕ ਬਿਲੀਅਨ ਤੋਂ ਵੱਧ ਮੋਬਾਇਲ ਅਤੇ ਲਗਭਗ ਇਕ ਬਿਲੀਅਨ ਬੈਂਕ ਖਾਤਿਆਂ ਨਾਲ ਅਸੀਂ ਪੂਰੀ ਆਬਾਦੀ ਨੂੰ ਮੈਪਿੰਗ ਕਰਦੇ ਹੋਏ ਦੁਨੀਆ ’ਚ ਸਭ ਤੋਂ ਵੱਡੀ ਪਛਾਣ ਪ੍ਰਣਾਲੀ ਦਾ ਨਿਰਮਾਣ ਕੀਤਾ ਹੈ। ਹੁਣ ਤੱਕ, 1.29 ਬਿਲੀਅਨ ਆਧਾਰ ਆਈ. ਡੀਜ਼ ਬਣਾਈਆਂ ਗਈਆਂ ਹਨ ਅਤੇ 55.97 ਬਿਲੀਅਨ ਦਾ ਤਸਦੀਕੀਕਰਨ ਕੀਤਾ ਗਿਆ ਹੈ। ਭਾਰਤ ਦੇ ਡਿਜੀਟਲੀਕਰਨ ਯਤਨਾਂ ਦਾ ਮੂਲ ਟੀਚਾ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਦੇ ਫਾਸਲੇ ਨੂੰ ਘੱਟ ਕਰਨਾ ਰਿਹਾ ਹੈ।

ਇਕ ਭੁਗਤਾਨ ਪ੍ਰਣਾਲੀ ਜੋ ਗੁਜਰਾਤ ਦੇ ਸਮੁੰਦਰੀ ਕੰਢੇ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਖੇਤਾਂ ਅਤੇ ਸਿੱਕਮ ਦੇ ਪਹਾੜਾਂ ’ਚ ਫੈਲੇ ਲੱਖਾਂ ਭਾਰਤੀਆਂ ਨੂੰ ਜੋੜਦੀ ਹੈ, ਡਿਜੀਟਲ ਭੁਗਤਾਨ ਲਈ ਯੂ. ਪੀ. ਆਈ. ਨੂੰ ਗਲੋਬਲ ਅਤੇ ਸਕੇਲੇਬਲ ਯੋਜਨਾ ਬਣਾਉਣ ਦਾ ਜ਼ਬਰਦਸਤ ਮੌਕਾ ਹੈ। ਇਕ ਵੱਡੇ ਕਾਰਪੋਰੇਟ ਨੂੰ ਮਜ਼ਬੂਤ ਬਣਾਉਣ ਤੋਂ ਲੈ ਕੇ ਸਬਜ਼ੀ ਵਿਕਰੇਤਾ ਨੂੰ ਮਜ਼ਬੂਤ ਬਣਾਉਣ ਤੱਕ, ਤੇਜ਼, ਰੀਅਲ ਟਾਈਮ ਮੋਬਾਇਲ ਭੁਗਤਾਨ ਦੀ ਸਹੂਲਤ ’ਚ ਭਾਰਤ ਦੀ ਸ਼ਾਨਦਾਰ ਸਫ਼ਲਤਾ ਦੀ ਕਹਾਣੀ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜੂਨ 2021 ਵਿਚ ਯੂ. ਪੀ. ਆਈ. ਨੇ 5.47 ਟ੍ਰਿਲੀਅਨ ਰੁਪਏ ਮੁੱਲ ਦੇ 2.8 ਬਿਲੀਅਨ ਲੈਣ-ਦੇਣ ਦਰਜ ਕੀਤੇ। ਯੂ. ਪੀ. ਆਈ. ਦਾ ਲੈਣ-ਦੇਣ ਹੁਣ ਅਮਰੀਕੀ ਐਕਸਪ੍ਰੈੱਸ ਦੀ ਵਿਸ਼ਵ ਪੱਧਰ ’ਤੇ ਲੈਣ-ਦੇਣ ਦੀ ਗਿਣਤੀ ਦੇ ਦੁੱਗਣੇ ਤੋਂ ਵੱਧ ਹੈ। ਹਾਲ ਹੀ ’ਚ, ਗੂਗਲ ਨੇ ਭਾਰਤ ’ਚ ਯੂ. ਪੀ. ਆਈ. ਨੂੰ ਸਫ਼ਲ ਲਾਗੂਕਰਨ ਦੀ ਸ਼ਲਾਘਾ ਕਰਦੇ ਹੋਏ, ਯੂ. ਐੱਸ. ਫੈਡਰਲ ਰਿਜ਼ਰਵ ਨੂੰ ਲਿਖਿਆ ਅਤੇ ਅਮਰੀਕਾ ਦੇ ਫੈਡਰਲ ਰਿਜ਼ਰਵ ਸਿਸਟਮ ਨੂੰ ਭਾਰਤ ਤੋਂ ਪ੍ਰੇਰਣਾ ਲੈਣ ਲਈ ਸੁਝਾਅ ਦਿੱਤਾ।

ਡਿਜੀਟਲ ਇੰਡੀਆ ਦ੍ਰਿਸ਼ ’ਚ ਇਕ ਜ਼ਿਕਰਯੋਗ ਇਨੋਵੇਸ਼ਨ (ਨਵੀਨਤਾ) ਜੀ 2ਬੀ (ਸਰਕਾਰ ਤੋਂ ਕਾਰੋਬਾਰ ਵੱਲ) ਸਰਕਾਰੀ ਈ-ਬਾਜ਼ਾਰ ਦੀ ਸ਼ੁਰੂਆਤ ਰਹੀ ਹੈ। ਜੀ. ਈ. ਐੱਮ. ਪੋਰਟਲ ਨੇ ਜਨਤਕ ਖਰੀਦ ਦ੍ਰਿਸ਼ ਨੂੰ ਬਦਲਣ ਲਈ ਟੈਕਨਾਲੋਜੀ ਦਾ ਸਫ਼ਲਤਾਪੂਰਵਕ ਲਾਭ ਉਠਾਇਆ ਹੈ। ਹੁਣ ਤੱਕ, ਪੋਰਟਲ ਨੇ 19.17 ਲੱਖ ਵਿਕਰੇਤਾ ਰਜਿਸਟ੍ਰੇਸ਼ਨ ਟੀਚੇ ਨੂੰ ਪਾਰ ਕਰ ਲਿਆ ਹੈ ਜੋ ਪਿਛਲੇ ਸਾਲ ਦੇ ਵਿਕਰੇਤਾਵਾਂ ਦੀ ਗਿਣਤੀ ਦਾ ਲਗਭਗ 5 ਗੁਣਾ ਹੈ। ਝਾਰਖੰਡ ਦੇ ਜਨਜਾਤੀ ਲੋਕਾਂ ਦੇ ਗਹਿਣੇ, ਕਸ਼ਮੀਰ ਦੇ ਸੁੱਕੇ ਮੇਵੇ, ਚੇਨਈ ਤੋਂ ਨ੍ਰਿਤ ਦੀ ਸਿੱਖਿਆ, ਓਡਿਸ਼ਾ ਦੇ ਵਸਤਰ, ਈ-ਕਾਮਰਸ ਅਤੇ ਇੰਟਰਨੈੱਟ ਦੇ ਸੰਯੋਜਨ ਨੇ ਉਤਪਾਦਾਂ ਅਤੇ ਕਾਰੋਬਾਰਾਂ ਦੇ ਵਧਣ-ਫੁੱਲਣ ਲਈ ਇਕ ਮਜ਼ਬੂਤ ਈਕੋ ਸਿਸਟਮ ਬਣਾਇਆ ਹੈ। ਇੰਟਰਨੈੱਟ ਲੱਖਾਂ ਭਾਰਤੀਆਂ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਉਸ ਨੂੰ ਕਾਰੋਬਾਰ ਬਣਾਉਣ ਅਤੇ ਵਿਸ਼ਵ ਪੱਧਰ ’ਤੇ ਗਾਹਕਾਂ ਨਾਲ ਗੱਲਬਾਤ ਕਰਨ ਲਈ ਸਭ ਤੋਂ ਵੱਡਾ ਸਹਾਇਕ ਰਿਹਾ ਹੈ।

ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਜਿਨ੍ਹਾਂ ਦੋ ਪ੍ਰਮੁੱਖ ਖੇਤਰਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ, ਉਹ ਹਨ ਸਿਹਤ ਅਤੇ ਸਿੱਖਿਆ। ਇਹ ਭਾਰਤੀ ਨਾਗਰਿਕਾਂ ਦੇ ਸਮੁੱਚੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਹੈ ਅਤੇ ਇਕ ਸਮੁੱਚੇ ਵਿਕਾਸ ਦੇ ਰਾਹ ਦਾ ਵਰਣਨ ਕਰਦੇ ਹਨ। ਭਾਰਤ ਦੇ ਅੰਦਰੂਨੀ ਰਾਜਾਂ ’ਚ ਸੁਨਹਿਰੇ ਰੰਗ ਦੇ ਲਾਭਾਰਥੀ ਕਾਰਡ ਕਈ ਲੋਕਾਂ ਲਈ ਜੀਵਨ ਰੱਖਿਅਕ ਮੰਨੇ ਜਾਂਦੇ ਹਨ, ਜੋ ਸਿਹਤ ਸੇਵਾ ਤੱਕ ਇਕੋ ਜਿਹੀ ਪਹੁੰਚ ਲਈ ਇਕ ਥਾਂ ਤੋਂ ਦੂਜੀ ਥਾਂ ਦੌੜ ਲਗਾਉਣ ਦੀਆਂ ਵੱਖ- ਵੱਖ ਔਕੜਾਂ ਨੂੰ ਦੂਰ ਕਰਦੇ ਹਨ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀ. ਐੱਮ. ਜੇ. ਏ. ਵਾਈ.) ਸਿਹਤ ਦੇਖਭਾਲ ਅਤੇ ਟੈਕਨਾਲੋਜੀ ਦਾ ਇਕ ਅਨੋਖਾ ਮੇਲ ਹੈ ਅਤੇ ਦੁਨੀਆ ’ਚ ਸਭ ਤੋਂ ਵਿਆਪਕ ਕੈਸ਼ਲੈੱਸ, ਸੰਪਰਕ ਰਹਿਤ, ਪੇਪਰਲੈੱਸ ਅਤੇ ਡਿਜੀਟਲ ਸਿਹਤ ਬੀਮਾ ਯੋਜਨਾ ਹੈ ਜੋ ਭਾਰਤ ਦੇ 500 ਮਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਕਵਰ ਕਰਦੀ ਹੈ ਜੋ ਯੂਰਪ ਦੀ ਆਬਾਦੀ ਦੇ ਬਰਾਬਰ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (ਐੱਨ. ਡੀ. ਐੱਚ. ਐੱਮ.) ਦੇ ਨਾਲ ਪੀ. ਐੱਮ. ਜੇ. ਏ. ਵਾਈ. ਭਾਰਤ ’ਚ ਇਕ ਸੰਪੂਰਨ ਸਿਹਤ ਦੇਖਭਾਲ ਡਲਿਵਰੀ ’ਚ ਵਿਆਪਕ ਤੌਰ ’ਤੇ ਸੁਧਾਰ ਕਰ ਰਿਹਾ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਇਕ ਖਾਹਿਸ਼ੀ ਜ਼ਿਲੇ ਚਿਤਰਕੂਟ ਤੋਂ ਉੱਭਰੀ ਹੈ। ਚਿਤਰਕੂਟ ਨੇ ਆਪਣੀਆਂ ਵਿਕਾਸਾਤਮਕ ਚੁਣੌਤੀਆਂ ਦੇ ਬਾਵਜੂਦ ਜ਼ਿਲੇ ਦੇ ਸਾਰੇ ਨਿਵਾਸੀਆਂ ਲਈ ਇਕ ਪ੍ਰਭਾਵੀ ਟੈਲੀਮੈਡੀਸਿਨ ਡਲਿਵਰੀ ਮੈਕੇਨਿਜ਼ਮ ਬਣਾਉਣ ਲਈ ਕਾਮਨ ਸਰਵਿਸ ਸੈਂਟਰਾਂ, ਪਿੰਡ ਪੱਧਰ ਦੇ ਉੱਦਮੀਆਂ ਅਤੇ ਆਸ਼ਾ ਵਰਕਰਾਂ ਦਾ ਹੈਰਾਨੀਜਨਕ ਢੰਗ ਨਾਲ ਲਾਭ ਉਠਾਇਆ ਹੈ। ਇਸ ਦਖਲ ਦੇ ਤਹਿਤ ਦੂਰ-ਦੁਰੇਡੇ ਦੇ ਇਲਾਕਿਆਂ ਦੇ ਮਰੀਜ਼ ਆਪਣੇ ਘਰਾਂ ਤੋਂ ਹਸਪਤਾਲਾਂ ਤੱਕ ਯਾਤਰਾ ਕੀਤੇ ਬਿਨਾਂ ਮਾਹਿਰ ਦੇਖਭਾਲ ਦਾ ਲਾਭ ਉਠਾ ਸਕਦੇ ਹਨ, ਜਿਸ ਨਾਲ ਕਾਫ਼ੀ ਸਮੇਂ ਅਤੇ ਧਨ ਦੀ ਬੱਚਤ ਹੋਵੇਗੀ।

ਡਿਜੀਟਲੀਕਰਨ ਅਤੇ ਇੰਟਰਨੈੱਟ ਦੀ ਪਹੁੰਚ ਨੇ ਭਾਰਤ ਭਰ ਵਿਚ ਵਿਦਿਆਰਥੀਆਂ ਲਈ ਸਿੱਖਣ ਦੇ ਨਤੀਜਿਆਂ ਵਿਚ ਸੁਧਾਰ ਲਿਆਉਣ ਵਿਚ ਬੇਮਿਸਾਲ ਯੋਗਦਾਨ ਦਿੱਤਾ ਹੈ। ਨਵਾਦਾ, ਬਿਹਾਰ ਦੇ ਦੂਰ-ਦੁਰੇਡੇ ਖਾਹਿਸ਼ੀ ਜ਼ਿਲੇ ਦੇ ਪ੍ਰਾਇਮਰੀ ਸਕੂਲਾਂ ਵਿਚ ਸਮਾਰਟ ਕਲਾਸਰੂਮ ਹਨ ਜੋ ਪੂਰੀ ਤਰ੍ਹਾਂ ਨਾਲ ਡਿਜੀਟਲ ਉਪਕਰਣਾਂ ਅਤੇ ਇੰਟਰਨੈੱਟ ਕੁਨੈਕਟੀਵਿਟੀ ਨਾਲ ਲੈਸ ਹਨ, ਜੋ ਦੁਨੀਆ ਦੇ ਗਿਆਨ ਨੂੰ ਭਾਰਤੀ ਪਿੰਡਾਂ ਤੱਕ ਲਿਆ ਰਹੇ ਹਨ। ਸਮਾਰਟ ਕਲਾਸਰੂਮ ਅਤੇ ਈ-ਲਰਨਿੰਗ ਦੇ ਮਾਡਲ ਨੂੰ ਰਾਜਾਂ ਵਿਚ ਤੇਜ਼ੀ ਨਾਲ ਦੁਹਰਾਇਆ ਗਿਆ ਹੈ, ਜਿਸ ਨਾਲ ਦਿਹਾਤੀ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਸਿੱਖਣ ਦੀ ਇਕ ਪੂਰੀ ਨਵੀਂ ਦੁਨੀਆ ਤੋਂ ਜਾਣੂ ਕਰਵਾਇਆ ਗਿਆ ਹੈ। ਮਹਾਮਾਰੀ ਦੌਰਾਨ ਸਰਕਾਰ ਦੁਆਰਾ ਸੰਚਾਲਿਤ ਕਈ ਆਨਲਾਈਨ ਸਿੱਖਿਆ ਮਾਡਲ ਜਿਵੇਂ ਦੀਕਸ਼ਾ, ਈ-ਪਾਠਸ਼ਾਲਾ, ਸਵਯੰ ਨੇ ਦੇਸ਼ ਦੇ ਸਭ ਤੋਂ ਦੂਰ ਦੇ ਇਲਾਕਿਆਂ ’ਚ ਵਿਦਿਆਰਥੀਆਂ ਲਈ ਲਗਾਤਾਰ ਸਿੱਖਿਆ ਯਕੀਨੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।

ਭਾਰਤ ਦੇ ਇਕ ਡਿਜੀਟਲ ਸਮਾਜ ਅਤੇ ਇਕ ਗਿਆਨ ਅਰਥਵਿਵਸਥਾ ’ਚ ਤਬਦੀਲੀ ਨਾਲ ਨਾਗਰਿਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ’ਚ ਕਾਫ਼ੀ ਸੁਧਾਰ ਆਇਆ ਹੈ। ਸਰਬਵਿਆਪੀ ਤੌਰ ’ਤੇ ਸੁਲਭ ਡਿਜੀਟਲ ਸੰਸਾਧਨ ਜਿਵੇਂ ਇੰਡੀਆ ਪੋਸਟ ਜੋ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰੀਕ੍ਰਿਤ ਅਤੇ ਨੈੱਟਵਰਕ ਵਾਲੀ ਡਾਕ ਪ੍ਰਣਾਲੀ ਹੈ, ਆਯੁਸ਼ ਸੰਜੀਵਨੀ ਐਪਲੀਕੇਸ਼ਨ, ਡਿਜੀਲਾਕਰ, ਉਮੰਗ ਐਪ, ਕਾਨੂੰਨੀ ਸਲਾਹ ਲਈ ਟੈਲੀ ਕਾਨੂੰਨ, ਸਟ੍ਰੀਟ ਵੈਂਡਰਾਂ ਲਈ ਸਵਨਿਧੀ ਯੋਜਨਾ ਅਤੇ ਗੈਸ ਸਿਲੰਡਰਾਂ ਦੀ ਅਾਸਾਨ ਬੁਕਿੰਗ ਲਈ 10,000 ਬੀ. ਪੀ. ਸੀ. ਐੱਲ. ਸੀ. ਐੱਸ. ਸੀ. ਕੇਂਦਰਾਂ ਦੀ ਸ਼ੁਰੂਆਤ ਕੁਝ ਅਜਿਹੇ ਤੰਤਰ ਹਨ ਜੋ ਭਾਰਤੀ ਨਾਗਰਿਕਾਂ ਲਈ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਦਾ ਕੰਮ ਕਰ ਰਹੇ ਹਨ। ਡਿਜੀਟਲ ਇੰਡੀਆ ਦਾ ਇਕ ਹੋਰ ਕ੍ਰਾਂਤੀਕਾਰੀ ਨਤੀਜਾ ਮਾਈਗੋਵ ਪਲੇਟਫਾਰਮ ਹੈ ਜੋ ਸਹਿਭਾਗੀ ਸ਼ਾਸਨ ਨੂੰ ਪ੍ਰੋਤਸਾਹਨ ਦੇਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਸੰਵਾਦਾਤਮਕ ਡਿਜੀਟਲ ਲੋਕਤੰਤਰ ਪੋਰਟਲ ਹੈ।

ਜਿਵੇਂ-ਜਿਵੇਂ ਭਾਰਤ ਡਾਟਾ ਮਜ਼ਬੂਤੀ ਨਾਲ ਡਾਟਾ ਇੰਟੈਲੀਜੈਂਟ ਬਣਨ ਵੱਲ ਵਧ ਰਿਹਾ ਹੈ, ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.)-ਪਾਣੀ ਦੀ ਉਪਲੱਬਧਤਾ ਦੇ ਨਤੀਜੇ, ਸਿਹਤ ’ਚ ਸੁਧਾਰ ਅਤੇ ਖੇਤੀਬਾੜੀ ਉਤਪਾਦਕਤਾ ਵਿਚ ਵਾਧਾ ਜਿਹੀਆਂ ਆਪਣੀਆਂ ਵੱਡੀ ਮਾਤਰਾ ਵਿਚ ਚੁਣੌਤੀਆਂ ਦਾ ਹੱਲ ਲੱਭੇਗਾ। ਅੱਗੇ ਚੱਲ ਕੇ, ਮੇਰਾ ਯਕੀਨ ਇਹ ਹੈ ਕਿ ਵਿਸ਼ਵ ਪੱਧਰੀ ਟੈਕਨਾਲੋਜੀ ਉਤਪਾਦਾਂ ਦੇ ਵਿਕਾਸ ਲਈ ਡਾਟਾ ਉਤਸੁਕ ਨੌਜਵਾਨ ਉੱਦਮੀਆਂ ਅਤੇ ਏ. ਆਈ.-ਸਮਰੱਥ ਨੀਤੀ ਵਾਤਾਵਰਣ ਨਾਲ ਮਹੱਤਵਪੂਰਨ ਇਨਪੁੱਟ ਦੀ ਲੋੜ ਹੋਵੇਗੀ। ਭਾਰਤ ਨੂੰ ਸਮਾਜਿਕ ਤੌਰ ’ਤੇ ਜਾਗਰੂਕ ਅਤੇ ਵਿਕਾਸਮੁਖੀ ਉਤਪਾਦ ਪ੍ਰਬੰਧਕਾਂ, ਏ. ਆਈ. ਵਿਗਿਆਨੀਆਂ, ਉਤਪਾਦ ਡਿਜ਼ਾਈਨਰਾਂ ਅਤੇ ਸਾਫਟਵੇਅਰ ਇੰਜੀਨੀਅਰਾਂ ਦੀ ਇਕ ਨਵੀਨ ਨਸਲ ਦਾ ਵਿਕਾਸ ਕਰਨਾ ਚਾਹੀਦਾ ਹੈ।

ਸਮਾਵੇਸ਼ੀ ਟੈਕਨਾਲੋਜੀ ਹੱਲਾਂ ਦਾ ਨਿਰਮਾਣ ਘੱਟ ਲਾਗਤ ’ਤੇ ਭਾਰੀ ਮਾਤਰਾ ’ਚ ਸੇਵਾਵਾਂ ਦੀ ਉਪਲੱਬਧਤਾ ਅਤੇ ਸਥਾਨਕ ਭਾਸ਼ਾਵਾਂ ਵਿਚ ਵੀਡੀਓ ਅਤੇ ਆਵਾਜ਼ ਦੀ ਸਹੂਲਤ ਬਾਰੇ ਹੈ। ਇਸ ਲਈ ਭਾਰਤ ਦੀਆਂ ਵੰਨ-ਸੁਵੰਨਤਾ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਦੇਸ਼ ਦੇ ਦੂਰ-ਦੁਰੇਡੇ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ ’ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਫੁੱਲ ਸਟੈਕ ਡਿਜ਼ਾਈਨ ਦ੍ਰਿਸ਼ਟੀਕੋਣ ਦੇ ਇਕ ਸੰਪੂਰਨ ਭੰਡਾਰ ਦੀ ਜ਼ਰੂਰਤ ਹੈ। ਡਿਜੀਟਲ ਤਬਦੀਲੀ ਦੀ ਇਕ ਅਹਿਮ ਸਫ਼ਲਤਾ ਦੀ ਕਹਾਣੀ ਲਿਖਣ ਦੇ ਲਈ ਭਾਰਤ ਦੇ ਦਿਹਾਤੀ ਅਤੇ ਮੁਕਾਬਲਤਨ ਡਿਸ-ਕੁਨੈਕਟਡ ਦੂਰ-ਦੁਰੇਡੇ ਦੇ ਸੂਬਿਆਂ ’ਚ ਰਹਿਣ ਵਾਲੀ ਆਬਾਦੀ ਦੀਆਂ ਇੱਛਾਵਾਂ ਅਤੇ ਸਮਰੱਥਾ ਨਾਲ ਪੂਰੀ ਤਰ੍ਹਾਂ ਜਾਣੂ ਹੋਣਾ ਲਾਜ਼ਮੀ ਹੈ। ਅਸੀਂ ਉਨ੍ਹਾਂ ਦੇ ਦਰਮਿਆਨ ਉੱਦਮਸ਼ੀਲਤਾ ਦੀ ਭਾਵਨਾ ਨੂੰ ਕਿਵੇਂ ਸਮਰੱਥ ਅਤੇ ਮਜ਼ਬੂਤ ਬਣਾਉਂਦੇ ਹਾਂ ਤਾਂ ਕਿ ਉਹ ਨਾ ਸਿਰਫ ਭਾਰਤ ਦੇ ਲੋਕਾਂ ਲਈ ਸਗੋਂ ਦੁਨੀਆ ਦੇ ਹੋਰ 5 ਬਿਲੀਅਨ ਲੋਕਾਂ ਜੋ ਗ਼ਰੀਬੀ ਤੋਂ ਦਰਮਿਆਨੇ ਵਰਗ ਵੱਲ ਵਧ ਰਹੇ ਹਨ, ਲਈ ਹੱਲ ਮੁਹੱਈਆ ਕਰਨ, ਨਾਲ ਹੀ ਉਹ ਟੈਕਨਾਲੋਜੀ ਸਮਰੱਥਾਵਾਂ ਅਤੇ ਡਾਟਾ ਦਾ ਲਾਭ ਉਠਾ ਸਕਣਗੇ ਅਤੇ ਅਗਲੇ ਡਿਜੀਟਲ ਇੰਡੀਆ ਟੈਕੇਡ ਦੀ ਨੀਂਹ ਤਿਆਰ ਹੋਵੇਗੀ।

(ਲੇਖਕ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਪ੍ਰਗਟਾਏ ਗਏ ਵਿਚਾਰ ਵਿਅਕਤੀਗਤ ਹਨ।)


Bharat Thapa

Content Editor

Related News