ਦੇਵੇਂਦਰ ਫੜਨਵੀਸ ‘ਅਲੱਗ-ਥਲੱਗ’ ਹਨ ਜਾਂ ਫਿਰ ਸ਼ਕਤੀਸ਼ਾਲੀ

11/06/2019 1:45:30 AM

ਐੱਮ. ਗਾਡਗਿਲ

ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਕਿਉਂਕਿ ਗੱਲਬਾਤ ਦਾ ਦੌਰ ਚੱਲ ਰਿਹਾ ਹੈ, ਇਸ ਲਈ ਇਸ ਵਿਚ ਕੋਈ ਆਪਾ-ਵਿਰੋਧ ਨਹੀਂ ਹੋਣਾ ਚਾਹੀਦਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੋਰ ਸ਼ਕਤੀਸ਼ਾਲੀ ਬਣ ਕੇ ਸ਼ਿਵ ਸੈਨਾ ’ਤੇ ਪਾਰ ਪਾਉਣਗੇ ਜਾਂ ਫਿਰ ਅਲੱਗ-ਥਲੱਗ ਹੋ ਜਾਣਗੇ।

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਗੱਲਬਾਤ ’ਤੇ ਰੋਕ ਲਾਉਂਦਿਆਂ ਭਾਜਪਾ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੇ ਸ਼ਿਵ ਸੈਨਾ ਨਾਲ ਬਰਾਬਰ ਦੀ ਹਿੱਸੇਦਾਰੀ ਦਾ ਵਾਅਦਾ ਕੀਤਾ ਸੀ, ਜਿਸ ਵਿਚ ਦੋਵੇਂ ਪਾਰਟੀਆਂ ਮੁੱਖ ਮੰਤਰੀ ਦੇ ਅਹੁਦੇ ’ਤੇ ਢਾਈ-ਢਾਈ ਸਾਲਾਂ ਤਕ ਆਪੋ-ਆਪਣੇ ਉਮੀਦਵਾਰ ਬਿਠਾਉਣਗੀਆਂ।

ਦੂਜੇ ਪਾਸੇ ਦਿੱਲੀ ਤੋਂ ਇਸ ਮੁੱਦੇ ’ਤੇ ਕੁਲ ਮਿਲਾ ਕੇ ਚੁੱਪ ਵੱਟ ਲਈ ਗਈ। ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਅੰਦਰਖਾਤੇ ਅਮਿਤ ਸ਼ਾਹ ਅਤੇ ਊਧਵ ਠਾਕਰੇ ਵਿਚਾਲੇ ਕੋਈ ਅਜਿਹਾ ਸਮਝੌਤਾ ਹੋਇਆ ਹੈ ਜਾਂ ਨਹੀਂ? ਫੜਨਵੀਸ ਨੇ ਸ਼ਿਵ ਸੈਨਾ ਨੂੰ ਕਿਹਾ ਹੈ ਕਿ ਉਸ ਨਾਲ 50-50 ਫਾਰਮੂਲੇ ’ਤੇ ਕੋਈ ਡੀਲ ਨਹੀਂ ਹੋਈ। ਇਸੇ ਨੂੰ ਲੈ ਕੇ ਊਧਵ ਠਾਕਰੇ ਨੇ ਗੱਲਬਾਤ ਅੱਗੇ ਵਧਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਹੈ ਕਿ ਉਹ ਝੂਠ ਬੋਲ ਰਹੇ ਹਨ।

ਦੂਜੇ ਪਾਸੇ ਨਵੀਂ ਵਿਧਾਨ ਸਭਾ ਬਣਾਉਣ ਦੀ ਆਖਰੀ ਤਰੀਕ 8 ਨਵੰਬਰ ਨੇੜੇ ਆ ਰਹੀ ਹੈ। ਇਸ ਲਈ ਫੜਨਵੀਸ ਆਪਣੇ ਸਾਰੇ ਦੋਸਤਾਂ ਅਤੇ ਸਹਿਯੋਗੀਆਂ ਤੋਂ ਅਲੱਗ-ਥਲੱਗ ਹੋਏ ਨਜ਼ਰ ਆ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਬਾਅਦ ਯੂਥ ਭਾਜਪਾ ਨੇਤਾ ਫੜਨਵੀਸ ਪਾਰਟੀ ਦੀ ਯੋਜਨਾ ਦੇ ਤਹਿਤ ਭਵਿੱਖ ਲਈ ਯਤਨਸ਼ੀਲ ਰਹੇ।

ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ 130-140 ਸੀਟਾਂ ਮਿਲਣ ਦੀ ਉਮੀਦ ਸੀ ਪਰ ਇਹ 105 ਸੀਟਾਂ ਹੀ ਜਿੱਤ ਸਕੀ। ਇਸੇ ਨਤੀਜੇ ਕਾਰਣ ਫੜਨਵੀਸ ਦੇ ਦੁਬਾਰਾ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਕਮਜ਼ੋਰ ਹੋ ਗਈਆਂ। ਇਸ ’ਤੇ ਫੜਨਵੀਸ ਨੇ ਹਾਸੇ ਵਿਚ ਕਹਿ ਦਿੱਤਾ ਕਿ ‘‘ਦੇਖਦੇ ਹਾਂ, ਮੈਂ ਨਾਗਪੁਰ ਜਾਂਦਾ ਹਾਂ ਜਾਂ ਫਿਰ ਪੁਣੇ।’’

ਨਾਗਪੁਰ ਫੜਨਵੀਸ ਦਾ ਗ੍ਰਹਿ ਚੋਣ ਹਲਕਾ ਹੈ ਅਤੇ ਪੁਣੇ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਫੜਨਵੀਸ ਨੂੰ ਚੁਣੌਤੀ ਦੇਣ ਵਾਲੇ ਚੰਦਰਕਾਂਤ ਪਾਟਿਲ ਆਉਂਦੇ ਹਨ, ਜਿਨ੍ਹਾਂ ਨੇ ਫਸਵੀਂ ਟੱਕਰ ਵਿਚ ਚੋਣ ਜਿੱਤੀ ਸੀ। ਚੋਣਾਂ ਵਿਚ ਫੜਨਵੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟਾਈਲ ’ਚ ਚੋਣ ਮੁਹਿੰਮ ਦੌਰਾਨ ਜ਼ੋਰਦਾਰ ਢੰਗ ਨਾਲ ਨਾਅਰਾ ਦਿੱਤਾ–‘ਪੁਨਹ ਮੀਚ’, ਭਾਵ ‘ਮੈਂ ਦੁਬਾਰਾ ਸੱਤਾ ਵਿਚ ਆਵਾਂਗਾ’ ਜਾਂ ‘ਇਕ ਵਾਰ ਫਿਰ ਫੜਨਵੀਸ ਸਰਕਾਰ’।

ਉਨ੍ਹਾਂ ਨੇ ਚੋਣਾਂ ਵਿਚ ਅੱਧਾ ਦਰਜਨ ਮਾਮਲਿਆਂ ’ਤੇ ਜ਼ੋਰ ਦਿੱਤਾ, ਜਿਨ੍ਹਾਂ ਵਿਚ ਦਿਹਾਤੀ ਖੇਤਰ ਦੀਆਂ ਮਜਬੂਰੀਆਂ, ਮੀਂਹ ਕਾਰਣ ਹੜ੍ਹ, ਬੇਰੋਜ਼ਗਾਰੀ ਆਦਿ ਸ਼ਾਮਿਲ ਸਨ। ਇਹ ਮੁੱਦੇ ਸਾਰਿਆਂ ਲਈ ਕੰਮ ਨਹੀਂ ਕਰ ਸਕੇ ਅਤੇ ਇਨ੍ਹਾਂ ਨੇ ਫੜਨਵੀਸ ਦੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਵੱਖ ਕਰ ਕੇ ਰੱਖ ਦਿੱਤਾ। ਸ਼ਿਵ ਸੈਨਾ ’ਤੇ ਪਾਰ ਪਾਉਣ ਲਈ ਉਨ੍ਹਾਂ ਨੂੰ ਚੰਗੇ ਦੋਸਤਾਂ ਦੀ ਭਾਲ ਸੀ ਅਤੇ ਉਨ੍ਹਾਂ ਦਾ ਸਮਰਥਨ ਹਾਸਿਲ ਕਰਨਾ ਜ਼ਰੂਰੀ ਸੀ ਪਰ ਦਿੱਲੀ ਤੋਂ ਵੀ ਉਨ੍ਹਾਂ ਨੂੰ ਇਹ ਸਭ ਨਹੀਂ ਮਿਲਿਆ ਅਤੇ ਉਹ ਇਕੱਲੇ ਨਜ਼ਰ ਆਏ।

ਮਹਾਰਾਸ਼ਟਰ ਵਿਚ ਭਾਜਪਾ ਦੇ ਸਭ ਤੋਂ ਸਫਲ ਮੁੱਖ ਮੰਤਰੀ ਹੁੰਦੇ ਹੋਏ ਵੀ ਫੜਨਵੀਸ ਅੱਜ ਇਕੱਲੇ ਹੋ ਚੁੱਕੇ ਹਨ। 31 ਅਕਤੂਬਰ 2014 ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਮੋਦੀ ਦੀ ਕਿਤਾਬ ਦਾ ਇਕ ਸਫ਼ਾ ਚੁੱਕਿਆ ਹੋਇਆ ਹੈ। ਉਹ ਨੌਕਰਸ਼ਾਹਾਂ ਨਾਲ ਘਿਰੇ ਹੋਏ ਸਨ ਅਤੇ ਆਪਣੇ ਦਫਤਰ ਵਿਚ ਬੈਠੇ-ਬੈਠੇ ਆਪਣੀ ਕੈਬਨਿਟ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਸਨ। ਵਿਰੋਧੀਆਂ ਦੇ ਪਰ ਕੁਤਰ ਦਿੱਤੇ ਗਏ, ਜ਼ਮੀਨ ਘਪਲੇ ਵਿਚ ਨਾਂ ਆਉਣ ਤੋਂ ਬਾਅਦ ਏਕਨਾਥ ਖੜਸੇ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ, ਸਿੱਖਿਆ ਮੰਤਰੀ ਵਿਨੋਦ ਤਾਵੜੇ ਤੋਂ ਪਹਿਲਾਂ ਮੈਡੀਕਲ ਐਜੂਕੇਸ਼ਨ ਅਤੇ ਉਸ ਤੋਂ ਬਾਅਦ ਸਕੂਲ ਐਜੂਕੇਸ਼ਨ ਦਾ ਮੰਤਰੀ ਅਹੁਦਾ ਵੀ ਖੋਹ ਲਿਆ ਗਿਆ। ਇਸੇ ਤਰ੍ਹਾਂ ਪੰਕਜਾ ਮੁੰਡੇ ਤੋਂ ਵੀ ਜਲ ਸੁਰੱਖਿਆ ਮਹਿਕਮਾ ਵਾਪਿਸ ਲੈ ਲਿਆ ਗਿਆ ਅਤੇ ਉਸ ਦਾ ਨਾਂ ਵੀ ਚਿੱਕੀ ਘਪਲੇ ਵਿਚ ਆ ਗਿਆ ਹੈ।

ਹੁਣ ਲੈ-ਦੇ ਕੇ ਫੜਨਵੀਸ ਕੋਲ ਇਕ ਹੀ ਦੋਸਤ ਬਚਿਆ ਹੈ ਅਤੇ ਉਹ ਹੈ ਪਾਣੀ ਦੇ ਸੋਮਿਆਂ ਬਾਰੇ ਅਤੇ ਮੈਡੀਕਲ ਸਿੱਖਿਆ ਮੰਤਰੀ ਰਿਹਾ ਗਿਰੀਸ਼ ਮਹਾਜਨ। ਫੜਨਵੀਸ ਨੂੰ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦਾ ਸਮਰਥਨ ਵੀ ਹਾਸਿਲ ਸੀ। ਜਦੋਂ ਕਦੇ ਵੀ ਮੁਸ਼ਕਿਲ ਸਥਿਤੀਆਂ ਆਈਆਂ, ਦੋਹਾਂ ਨੇਤਾਵਾਂ ਨੇ ਫੋਨ ’ਤੇ ਆਪਸ ਵਿਚ ਗੱਲਬਾਤ ਕੀਤੀ। ਗੱਲਬਾਤ ਦੀ ਮੇਜ਼ ’ਤੇ ਊਧਵ ਵਰਗੇ ਨੇਤਾ ਦਾ ਸਾਥ ਫੜਨਵੀਸ ਲਈ ਫਾਇਦੇਮੰਦ ਸੀ ਪਰ ਫੜਨਵੀਸ ਨੇ ਇਨ੍ਹਾਂ ਪੁਰਾਣੀਆਂ ਗੱਲਾਂ ਦੀਆਂ ਖਿੜਕੀਆਂ ਬੰਦ ਕਰਦਿਆਂ ਹੁਣ ਇਹ ਕਹਿ ਦਿੱਤਾ ਕਿ ਭਾਜਪਾ-ਸ਼ਿਵ ਸੈਨਾ ਵਿਚਾਲੇ ਬਰਾਬਰ ਦੀ ਹਿੱਸੇਦਾਰੀ ਦੀ ਗੱਲ ਤਾਂ ਕਦੇ ਹੋਈ ਹੀ ਨਹੀਂ।

ਊਧਵ ਠਾਕਰੇ ਹੁਣ ਫੜਨਵੀਸ ਦੇ ਦੂਤਾਂ ਨਾਲ ਗੱਲਬਾਤ ਕਰਨ ਲਈ ਤਿਆਰ ਸਨ। ਸੂਤਰਾਂ ਮੁਤਾਬਿਕ 50-50 ਫਾਰਮੂਲਾ ਤਾਂ ਊਧਵ ਅਤੇ ਅਮਿਤ ਸ਼ਾਹ ਵਿਚਾਲੇ ਮਾਤੋਸ਼੍ਰੀ ’ਚ ਤੈਅ ਹੋਇਆ ਸੀ। ਜੋ ਫੜਨਵੀਸ ਕਹਿ ਰਹੇ ਹਨ, ਉਹੀ ਸੱਚ ਹੈ ਅਤੇ ਅਮਿਤ ਸ਼ਾਹ ਨੂੰ ਫੜਨਵੀਸ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਆਉਣਾ ਅਤੇ ਬਿਆਨ ਜਾਰੀ ਕਰਨਾ ਚਾਹੀਦਾ ਹੈ ਪਰ ਦਿੱਲੀ ਬਿਲਕੁਲ ਹੀ ਚੁੱਪ ਵੱਟੀ ਬੈਠੀ ਹੈ।

ਦੂਜੇ ਪਾਸੇ ਸ਼ਿਵ ਸੈਨਾ ਦੇ ਇਕ ਨੇਤਾ ਨੇ ਕਿਹਾ ਹੈ ਕਿ ਜੇ ਅਮਿਤ ਸ਼ਾਹ ਹਰਿਆਣਾ ’ਚ ਦੁਸ਼ਯੰਤ ਚੌਟਾਲਾ ਦੀ ਪਾਰਟੀ ‘ਜਜਪਾ’ ਨਾਲ ਡੀਲ ਕਰ ਸਕਦੇ ਹਨ ਤਾਂ ਫਿਰ ਮਹਾਰਾਸ਼ਟਰ ਵਿਚ ਕਿਉਂ ਨਹੀਂ? ਉਨ੍ਹਾਂ ਨੂੰ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ।

ਹਾਲਾਂਕਿ ਅਜਿਹੇ ਬਿਆਨ ਦੀ ਤਹਿ ਤਕ ਨਹੀਂ ਪਹੁੰਚਿਆ ਜਾ ਸਕਿਆ ਅਤੇ ਇਹ ਇਕ ਮਸ਼ਵਰੇ ਵਾਂਗ ਹੀ ਲੱਗਾ, ਨਾਲ ਹੀ ਇਹ ਫੜਨਵੀਸ ਦੀਆਂ ਅੱਖਾਂ ਵਿਚ ਵੀ ਰੜਕਿਆ। ਦਿੱਲੀ ਦੇ ਕੁਝ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਮਿਤ ਸ਼ਾਹ ਸ਼ਿਵ ਸੈਨਾ ਨਾਲ ਕਿਸੇ ਵੀ ਗੱਲਬਾਤ ਲਈ ਸਾਹਮਣੇ ਨਹੀਂ ਆਉਣਾ ਚਾਹੁੰਦੇ। ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਤਾਂ ਹੀ ਸਾਹਮਣੇ ਆਉਣਗੇ, ਜੇ ਇਸ ਮਾਮਲੇ ’ਤੇ ਕੋਈ ਅਸਲੀ ਪ੍ਰੋਗਰੈੱਸ ਹੋਵੇਗੀ।

ਸੂਤਰਾਂ ਮੁਤਾਬਿਕ ਇਸ ਅਸਲੀ ਪ੍ਰੋਗਰੈੱਸ ਦਾ ਮਤਲਬ ਸ਼ਿਵ ਸੈਨਾ ਨੂੰ ਡਿਪਟੀ ਸੀ. ਐੱਮ. ਦਾ ਅਹੁਦਾ ਦੇਣਾ ਅਤੇ ਸ਼ਿਵ ਸੈਨਾ ਨੂੰ ਉਸ ਦੀਆਂ ਸੀਟਾਂ ਮੁਤਾਬਿਕ ਮੰਤਰੀ ਅਹੁਦੇ ਦੇਣਾ ਹੈ। ਅਸਲ ਵਿਚ ਵੋਟਾਂ ਦੇ ਪ੍ਰਤੀਸ਼ਤ ਵਿਚ ਭਾਰੀ ਫਰਕ ਹੈ। ਮਹਾਰਾਸ਼ਟਰ ਵਿਚ ਭਾਜਪਾ ਦਾ ਮਕਸਦ ਇਕ ਪ੍ਰਮੁੱਖ ਪਾਰਟੀ ਵਜੋਂ ਉੱਭਰਨਾ ਅਤੇ ਕਾਂਗਰਸ ਲਈ ਰਾਹ ਬੰਦ ਕਰਨਾ ਹੈ।

ਸਿਆਸੀ ਮਾਹਿਰ ਪ੍ਰਕਾਸ਼ ਅਕੋਲਕਰ ਦਾ ਕਹਿਣਾ ਹੈ ਕਿ ਫੜਨਵੀਸ ਨੇ ਚਬਾਉਣ ਨਾਲੋਂ ਜ਼ਿਆਦਾ ਵੱਢ ਖਾਧਾ ਹੈ। ਪ੍ਰਕਾਸ਼ ਦਾ ਮੰਨਣਾ ਹੈ ਕਿ 2014 ’ਚ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਨੇ ਭਾਜਪਾ ਨੂੰ ਸਮਰਥਨ ਦੇਣ ਬਾਰੇ ਸੋਚਿਆ ਸੀ ਪਰ ਸ਼ਿਵ ਸੈਨਾ ਨਾਲ ਗੱਠਜੋੜ ਕਰਨਾ ਫੜਨਵੀਸ ਦੀ ਹੀ ਪਸੰਦ ਸੀ। ਹੁਣ ਪਾਰਟੀ ਹਾਈਕਮਾਨ ਇਹ ਕਹਿਣ ਲਈ ਮਜਬੂਰ ਹੈ ਕਿ ਫੜਨਵੀਸ ਨੇ ਹੀ ਇਹ ਮੁਸ਼ਕਿਲਾਂ ਪੈਦਾ ਕੀਤੀਆਂ, ਹੁਣ ਉਹੀ ਇਸ ਮਾਮਲੇ ਨਾਲ ਨਜਿੱਠਣ। (‘ਮੁੰ. ਮਿ.)


Bharat Thapa

Content Editor

Related News