ਸਾਨੂੰ ਵਿਕਸਿਤ ਰਾਸ਼ਟਰ ਬਣਨ ਤੋਂ ਕੌਣ ਰੋਕ ਰਿਹਾ ਹੈ

Thursday, Mar 06, 2025 - 05:31 PM (IST)

ਸਾਨੂੰ ਵਿਕਸਿਤ ਰਾਸ਼ਟਰ ਬਣਨ ਤੋਂ ਕੌਣ ਰੋਕ ਰਿਹਾ ਹੈ

ਸਾਡੇ ਵਿਚੋਂ ਜ਼ਿਆਦਾਤਰ ਲੋਕ ਭਾਰਤ ਨੂੰ ਜਲਦੀ ਹੀ ਇਕ ਵਿਕਸਿਤ ਦੇਸ਼ ਵਜੋਂ ਦੇਖਣਾ ਚਾਹੁੰਦੇ ਹਨ। ਇਸ ਸੰਕਲਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵਾਰ ਦੁਹਰਾਇਆ ਹੈ। ਇਸ ਸਮੇਂ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਜਲਦੀ ਹੀ ਇਹ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੀ ਆਰਥਿਕ ਮਹਾਸ਼ਕਤੀ ਬਣਨ ਜਾ ਰਿਹਾ ਹੈ ਪਰ ਕੀ ਵਿਕਸਿਤ ਦੇਸ਼ ਬਣਨਾ ਇੰਨਾ ਆਸਾਨ ਹੋਵੇਗਾ?

ਕਿਉਂਕਿ ਬਹੁਤ ਸਾਰੀਆਂ ਬਾਹਰੀ ਤਾਕਤਾਂ ਦੇਸ਼ ਦੀ ਤਰੱਕੀ ਵਿਚ ਰੁਕਾਵਟ ਪਾਉਣ ਲਈ ਯੋਜਨਾਬੱਧ ਯਤਨ ਕਰ ਰਹੀਆਂ ਹਨ, ਜਿਸ ਦਾ ਜ਼ਿਕਰ ਮੈਂ ਆਪਣੇ ਪਿਛਲੇ ਕਾਲਮ ‘ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਤੋਂ ਸਾਵਧਾਨ ਰਹੋ!’ ਵਿਚ ਕੁਝ ਹੱਦ ਤੱਕ ਕੀਤਾ ਸੀ ਪਰ ਰੁਕਾਵਟਾਂ ਇੱਥੇ ਤੱਕ ਸੀਮਤ ਨਹੀਂ ਹਨ। ਅਸੀਂ ਖੁਦ, ਆਪਣੇ ਬਹੁਤ ਸਾਰੇ ਪੱਖਪਾਤਾਂ ਅਤੇ ਆਦਤਾਂ ਦੇ ਕਾਰਨ, ਜਾਣੇ-ਅਣਜਾਣੇ ਵਿਚ ਦੇਸ਼ ਦੀ ਤਰੱਕੀ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰ ਰਹੇ ਹਾਂ। ਮੈਂ ਕੁਝ ਦਿਨ ਪਹਿਲਾਂ ਪਰਿਵਾਰਕ ਕਾਰਨਾਂ ਕਰ ਕੇ ਪੰਜਾਬ ਦੇ ਗੁਰਦਾਸਪੁਰ ਵਿਚ ਆਪਣੇ ਜੱਦੀ ਪਿੰਡ ਲਾਲੋਵਾਲ ਗਿਆ ਸੀ। ਮੇਰੀ ਵਾਪਸੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ‘ਵੰਦੇ ਭਾਰਤ’ ਰੇਲਗੱਡੀ ਰਾਹੀਂ ਸੀ, ਜੋ ਕਿ ਬਿਨਾਂ ਸ਼ੱਕ ਇਕ ਆਧੁਨਿਕ, ਆਰਾਮਦਾਇਕ ਅਤੇ ਉੱਚ-ਸ਼੍ਰੇਣੀ ਦੀ ਰੇਲਗੱਡੀ ਹੈ ਪਰ ਮੈਨੂੰ ਸਟੇਸ਼ਨ ’ਤੇ ਸਫ਼ਾਈ ਦੀ ਘਾਟ ਦਿਸੀ।

ਉੱਪਰ ਜਾਣ ਵਾਲੀ ਐਸਕੇਲੇਟਰ (ਸਵੈ-ਚਲਿਤ ਪੌੜੀ) ਨਾ ਸਿਰਫ਼ ਖਰਾਬ ਸੀ, ਸਗੋਂ ਇਸ ਉੱਤੇ ਧੂੜ ਦੀ ਮੋਟੀ ਪਰਤ ਕਾਰਨ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ ਕਿ ਇਸ ਦੀ ਮੁਰੰਮਤ ਲੰਬੇ ਸਮੇਂ ਤੋਂ ਨਹੀਂ ਹੋਈ ਹੈ। ਵੱਖ-ਵੱਖ ਥਾਵਾਂ ’ਤੇ ਪਾਨ-ਗੁਟਖਾ ਥੁੱਕਣ ਨਾਲ ਸਥਿਤੀ ਹੋਰ ਵੀ ਬਦਸੂਰਤ ਹੋ ਰਹੀ ਸੀ। ਇਹ ਸਭ ਕੁਝ ਸਿਰਫ਼ ਅੰਮ੍ਰਿਤਸਰ ਸਟੇਸ਼ਨ ਤੱਕ ਸੀਮਤ ਨਹੀਂ ਹੈ। ਆਪਣੀ ਯਾਤਰਾ ਦੌਰਾਨ, ਜਦੋਂ ਵੀ ਮੈਂ ਬਾਹਰ ਝਾਤੀ ਮਾਰਦਾ, ਮੈਨੂੰ ਰਿਹਾਇਸ਼ੀ ਖੇਤਰ ਦੇ ਨਾਲ ਲੱਗਦੇ ਰੇਲਵੇ ਟਰੈਕ ਦੇ ਦੋਵੇਂ ਪਾਸੇ ਕੂੜੇ ਦੇ ਢੇਰ ਦਿਖਾਈ ਦਿੰਦੇ। ਸਮਾਜ ਵਿਰੋਧੀ ਅਨਸਰਾਂ ਵਲੋਂ ਰੇਲਗੱਡੀਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਨ੍ਹਾਂ ਵਿਚ ਲੱਗੀਆਂ ਚੀਜ਼ਾਂ ਦੀ ਚੋਰੀ, ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ।

ਇਹ ਸਥਿਤੀ ਸਿਰਫ਼ ਰੇਲਵੇ ਜਾਇਦਾਦ ਤੱਕ ਸੀਮਤ ਨਹੀਂ ਹੈ। ਹਾਲ ਹੀ ਵਿਚ ਉੱਤਰ ਪ੍ਰਦੇਸ਼ ਤੋਂ ਦੋ ਵੱਖ-ਵੱਖ ਘਟਨਾਵਾਂ ਮੀਡੀਆ ਵਿਚ ਸਾਹਮਣੇ ਆਈਆਂ। ਇਸ ਵਿਚ, ਪਹਿਲਾ ਮਾਮਲਾ ਜੇਵਰ ਵਿਚ ਉਸਾਰੀ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 8 ਕਿਲੋਮੀਟਰ ਦੂਰ ਆਰ.ਆਰ. ਕਾਲੋਨੀ ਵਿਚ ਸਥਿਤ ਖੰਡਰ ਸਰਕਾਰੀ ਸਕੂਲ ਨਾਲ ਜੁੜਿਆ ਹੋਇਆ ਸੀ। ਇਸ ਵਿਚ ਬੱਚਿਆਂ ਦੀਆਂ ਸੀਟਾਂ ਟੁੱਟੀਆਂ ਮਿਲੀਆਂ। ਟਾਇਲਟ ਗੰਦੇ ਪਾਏ ਗਏ। ਸਕੂਲ ਦੇ ਵਿਹੜੇ ਵਿਚ ਕੂੜਾ ਖਿੰਡਿਆ ਹੋਇਆ ਸੀ ਅਤੇ ਪਾਣੀ ਦਾ ਹੈਂਡ ਪੰਪ ਗੰਦਗੀ ਨਾਲ ਭਰਿਆ ਹੋਇਆ ਸੀ।

ਜਦੋਂ ਇਹ ਖ਼ਬਰ ਜਨਤਕ ਹੋਈ ਤਾਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਇਕ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਇਹ ਦੁੱਖ ਦੀ ਗੱਲ ਹੈ ਕਿ ਜਿੱਥੇ ਇਕ ਪਾਸੇ ਅਮੀਰ ਪਰਿਵਾਰ ਆਪਣੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਕੂਲਾਂ ਵਿਚ ਪੜ੍ਹਨ ਲਈ ਭੇਜਦੇ ਹਨ, ਉੱਥੇ ਹੀ ਦੂਜੇ ਪਾਸੇ, ਵੱਡੀ ਗਿਣਤੀ ਵਿਚ ਲੋਕ ਅਜਿਹੇ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਜੇਵਰ ਵਰਗੇ ਸਕੂਲਾਂ ਵਿਚ ਮੁੱਢਲੀ ਸਿੱਖਿਆ ਦੇ ਨਾਲ-ਨਾਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ। ਦੂਜਾ ਮਾਮਲਾ ਪ੍ਰਸ਼ਾਸਕੀ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦਾ ਹੈ। ਉੱਤਰ ਪ੍ਰਦੇਸ਼ ਦੇ ਬਲੀਆ ਵਿਚ ਪ੍ਰਾਇਮਰੀ ਹੈਲਥ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪੈਰਾ ਮੈਡੀਕਲ ਸਟਾਫ ਦੀ ਨਿਯੁਕਤੀ ਕਰਨ ਦੇ ਇਕ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿਚ 15 ਦੋਸ਼ੀ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਧੋਖਾਦੇਹੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਬਲੀਆ ਦੇ ਮੁੱਖ ਮੈਡੀਕਲ ਅਫਸਰ ਨੇ ਸਿਹਤ ਕੇਂਦਰ ਵਿਚ ਤਾਇਨਾਤ ਨਰਸ ਨੂੰ ਡੀਹਾਈਡ੍ਰੇਸ਼ਨ ਤੋਂ ਪੀੜਤ ਮਰੀਜ਼ਾਂ ਨੂੰ ਪਾਣੀ ਵਿਚ ਓ.ਆਰ.ਐੱਸ. ਮਿਲਾਉਣ ਦੇ ਅਨੁਪਾਤ ਬਾਰੇ ਸਾਧਾਰਨ ਜਿਹਾ ਸਵਾਲ ਪੁੱਛਿਆ ਜਿਸ ਦਾ ਉਹ ਜਵਾਬ ਨਹੀਂ ਦੇ ਸਕੀ। ਇਸ ’ਤੇ ਜਦੋਂ ਜਾਂਚ ਕਮੇਟੀ ਨੇ ਕਰਮਚਾਰੀਆਂ ਨੂੰ ਆਪਣੀ ਨਿਯੁਕਤੀ ਨਾਲ ਸਬੰਧਤ ਦਸਤਾਵੇਜ਼ ਲਿਆਉਣ ਲਈ ਕਿਹਾ ਤਾਂ ਉਹ ਸਾਰੇ ਫਰਾਰ ਹੋ ਗਏ।

ਉੱਤਰ ਪ੍ਰਦੇਸ਼ ਸਰਕਾਰ ਦੇ ਮੈਡੀਕਲ ਵਿਭਾਗ ਵਿਚ ਤਾਇਨਾਤ ਨਰਸਾਂ ਦੀ ਤਨਖਾਹ ਲਗਭਗ 70,000 ਰੁਪਏ ਪ੍ਰਤੀ ਮਹੀਨਾ ਹੈ। ਇਹ ਸਪੱਸ਼ਟ ਹੈ ਕਿ ਇਹ ਵਿੱਤੀ ਧੋਖਾਦੇਹੀ ਸਾਲਾਂ ਤੋਂ ਚੱਲ ਰਹੀ ਹੈ, ਜੋ ਕਿ ਕਿਸੇ ਉੱਚ-ਪੱਧਰੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਇਹ ਸਿਰਫ਼ 2 ਮਿਸਾਲਾਂ ਹਨ। ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਘੱਟ ਜਾਂ ਵੱਧ ਹੱਦ ਤੱਕ, ਇਸੇ ਤਰ੍ਹਾਂ ਦੀ ਸਥਿਤੀ ਮੌਜੂਦ ਹੈ। ਇਨ੍ਹਾਂ ਸਮੱਸਿਆਵਾਂ ਦਾ ਹੱਲ ਰਾਕੇਟ ਵਿਗਿਆਨ ਨਹੀਂ ਹੈ। ਦੇਸ਼ ਵਿਚ ਕਿਤੇ ਵੀ ਕੂੜਾ ਆਪਣੇ ਆਪ ਪੈਦਾ ਨਹੀਂ ਹੁੰਦਾ। ਗੰਦਗੀ ਆਪਣੇ ਆਪ ਨਹੀਂ ਫੈਲਦੀ। ਭ੍ਰਿਸ਼ਟਾਚਾਰ ਆਪਣੇ ਆਪ ਪੈਦਾ ਨਹੀਂ ਹੁੰਦਾ।

ਇਸ ਸਭ ਦਾ ਮੂਲ ਕਾਰਨ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਸਫਲ ਹੋਣਾ ਅਤੇ ਆਮ ਲੋਕਾਂ ਦੀ ਆਪਣੇ ਨਾਗਰਿਕ ਫਰਜ਼ ਪ੍ਰਤੀ ਉਦਾਸੀਨਤਾ ਹੈ। ਕਿਉਂਕਿ ਇਹ ਦੋਵੇਂ ਮਿਲ ਕੇ ਇਕ ਵੱਡਾ ਵੋਟ ਬੈਂਕ ਬਣਾਉਂਦੇ ਹਨ, ਇਸ ਲਈ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਇਸ ਨੂੰ ਮੁੱਦਾ ਬਣਾਉਣ ਤੋਂ ਬਚਦੀਆਂ ਹਨ।

ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਅੱਜ ਵੀ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਪੜ੍ਹਾਈ ਦੀ ਬਜਾਏ ਨੌਕਰੀਆਂ ਦੀ ਫੈਕਟਰੀ ਜ਼ਿਆਦਾ ਬਣਦੀ ਜਾ ਰਹੀ ਹੈ। ਜ਼ਿਆਦਾਤਰ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਜੇਕਰ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਸੇਵਾਮੁਕਤੀ ਤੱਕ ਬਿਨਾਂ ਕਿਸੇ ਸਖ਼ਤ ਮਿਹਨਤ ਦੇ ਇਸ ਅਹੁਦੇ ’ਤੇ ਬਣੇ ਰਹਿਣਗੇ ਅਤੇ ਢੁੱਕਵਾਂ ਮੌਕਾ ਮਿਲਣ ’ਤੇ ਵਾਧੂ ਆਮਦਨ ਦਾ ਪ੍ਰਬੰਧ ਵੀ ਕਰ ਸਕਣਗੇ। ਇਹ ਸੋਚ ਅਸਲ ਵਿਚ ਲੋਕਾਂ ਦੀਆਂ ਵਧਦੀਆਂ ਇੱਛਾਵਾਂ, ਜਿਸ ਵਿਚ ਲਾਲਚ ਅਤੇ ਰਾਤੋ-ਰਾਤ ਅਮੀਰ ਬਣਨ ਦੀ ਇੱਛਾ ਸ਼ਾਮਲ ਹੈ, ਤੋਂ ਪ੍ਰੇਰਿਤ ਹੈ।

ਮਾੜੀ ਸਿੱਖਿਆ ਦੇ ਕਾਰਨ ਜ਼ਿਆਦਾਤਰ ਨੌਜਵਾਨ ਨਾ ਸਿਰਫ਼ ਬੇਰੋਜ਼ਗਾਰ ਰਹਿੰਦੇ ਹਨ ਸਗੋਂ ਅੱਜ ਦੇ ਸਖ਼ਤ ਮੁਕਾਬਲੇ ਵਿਚ ਉਹ ਕਿਸੇ ਵੀ ਨਵੇਂ ਯੁੱਗ ਦੇ ਹੁਨਰ ਆਧਾਰਤ ਉਦਯੋਗ ਵਿਚ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਵੀ ਨਹੀਂ ਰਹਿੰਦੇ। ਦੇਸ਼ ਦੇ ਹਰ ਵਰਗ ਦੇ ਲੋਕ, ਭਾਵੇਂ ਉਹ ਛੋਟੇ ਹੋਣ ਜਾਂ ਵੱਡੇ, ਅਕਸਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ, ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਉਂਦੇ ਹਨ ਅਤੇ ਇਹ ਸਭ ਕਰਦੇ ਹੋਏ ਉਹ ਦੋਸ਼ ਤੋਂ ਵੀ ਮੁਕਤ ਹੁੰਦੇ ਹਨ। ਇਹ ਸਪੱਸ਼ਟ ਹੈ ਕਿ ਜ਼ਮੀਨੀ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਦੁਸ਼ਟ ਚੱਕਰ, ਲੋਕਾਂ ਵਿਚ ਨੈਤਿਕ ਭਾਵਨਾ ਦੀ ਘਾਟ, ਧਰਮ ਤੋਂ ਪ੍ਰੇਰਿਤ ਫਿਰਕਾਪ੍ਰਸਤੀ, ਮਾੜੀ ਸਿੱਖਿਆ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਅਕੁਸ਼ਲਤਾ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।

ਦੇਸ਼ ਵਿਚ ਰੋਜ਼ਗਾਰ ਦੇ ਮੌਕੇ ਅਤੇ ਏਕੀਕ੍ਰਿਤ ਵਿਕਾਸ ਤਾਂ ਹੀ ਸੰਭਵ ਹੈ, ਜਦੋਂ ਗੁਣਵੱਤਾ ਅਤੇ ਪ੍ਰਤੀਯੋਗੀ ਸਿੱਖਿਆ ਪ੍ਰਣਾਲੀ ’ਤੇ ਜ਼ੋਰ ਦੇਣ ਦੇ ਨਾਲ-ਨਾਲ, ਨੌਕਰਸ਼ਾਹੀ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦਾ ਇਕ ਹਿੱਸਾ ਅਕੁਸ਼ਲਤਾ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਕੇ ਈਮਾਨਦਾਰੀ ਨਾਲ ਦੇਸ਼ ਦੀ ਸੇਵਾ ਵਿਚ ਸ਼ਾਮਲ ਹੋ ਜਾਵੇ। ਕੀ ਇਹ ਨੇੜਲੇ ਭਵਿੱਖ ਵਿਚ ਸੰਭਵ ਹੈ?

-ਬਲਬੀਰ ਪੁੰਜ


 


author

Tanu

Content Editor

Related News