ਦਿੱਲੀ ਗੁਰਦੁਆਰਾ ਕਮੇਟੀ : ਗੱਦੀ ਹਾਸਲ ਕਰਨ ਦੀ ‘ਸੰਜੀਵਨੀ’ ਬਣਿਆ ਬਾਲਾ ਸਾਹਿਬ ਹਸਪਤਾਲ

Friday, Aug 13, 2021 - 03:46 AM (IST)

ਦਿੱਲੀ ਗੁਰਦੁਆਰਾ ਕਮੇਟੀ : ਗੱਦੀ ਹਾਸਲ ਕਰਨ ਦੀ ‘ਸੰਜੀਵਨੀ’ ਬਣਿਆ ਬਾਲਾ ਸਾਹਿਬ ਹਸਪਤਾਲ

ਸੁਨੀਲ ਪਾਂਡੇ 
ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਦੇ ਪਵਿੱਤਰ ਸੰਸਕਾਰ ਕੰਪਲੈਕਸ ’ਚ ਬਣਨ ਵਾਲਾ ਸ੍ਰੀ ਬਾਲਾ ਸਾਹਿਬ ਹਸਪਤਾਲ ਸਿਆਸਤ ਦੀ ਭੇਟ ਚੜ੍ਹ ਗਿਆ। ਲਿਹਾਜ਼ਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਵਾਰ 22 ਅਗਸਤ ਨੂੰ ਹੋਣ ਵਾਲੀਆਂ ਆਮ ਚੋਣਾਂ ਵੀ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਹੀ ਹੋਣਗੀਆਂ।

ਇਹ ਤੀਸਰੀਆਂ ਚੋਣਾਂ ਹੋਣਗੀਆਂ, ਜਿਸ ’ਚ ਸਿਆਸਤ ਦੇ ਮੁੱਖ ਕੇਂਦਰ ਬਿੰਦੂ ’ਚ ਬਾਲਾ ਸਾਹਿਬ ਹਸਪਤਾਲ ਹੀ ਹੋਵੇਗਾ। ਸਾਲ 2013 ’ਚ ਇਸੇ ਹਸਪਤਾਲ ਦੇ ਕਾਰਨ ਤਤਕਾਲੀਨ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਕੁਰਸੀ ਗਈ ਸੀ। ਇਸਦੇ ਬਾਅਦ 2017 ਦੀਆਂ ਚੋਣਾਂ ’ਚ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਸਪਤਾਲ ਨੂੰ ਹੀ ਕੇਂਦਰ ਬਿੰਦੂ ਰੱਖਦੇ ਹੋਏ ਚੋਣ ਫਤਿਹ ਕੀਤੀ।

ਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 125 ਬਿਸਤਰਿਆਂ ਦਾ ਹਸਪਤਾਲ ਖੋਲ੍ਹਣ ਦਾ ਐਲਾਨ ਕੀਤਾ ਸੀ। 13 ਅਗਸਤ ਨੂੰ ਇਸ ਦਾ ਉਦਘਾਟਨ ਹੋਣਾ ਸੀ ਪਰ ਵਿਰੋਧੀਆਂ ਨੇ ਚੋਣ ਜ਼ਾਬਤਾ ਦੀ ਉਲੰਘਣਾ ਦੱਸਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ।

ਕੀ ਹੈ ਬਾਲਾ ਸਾਹਿਬ ਹਸਪਤਾਲ ਦੀ ਕਹਾਣੀ

ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਦੀ ਕਹਾਣੀ 1978 ਤੋਂ ਸ਼ੁਰੂ ਹੁੰਦੀ ਹੈ, ਜਦੋਂ ਜਥੇਦਾਰ ਸੰਤੋਸ਼ ਸਿੰਘ ਨੇ ਰਿੰਗ ਰੋਡ ਅਤੇ ਗੁਰਦੁਆਰਾ ਬਾਲਾ ਸਾਹਿਬ ਦਰਮਿਆਨ 12 ਏਕੜ ਦੀ ਸਰਕਾਰੀ ਜ਼ਮੀਨ ਦੇ ਟੁਕੜੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਰਿੰਗ ਰੋਡ ’ਤੇ ਇਕ ਗੇਟ ਲਗਾ ਦਿੱਤਾ ਸੀ। ਬਾਅਦ ’ਚ ਡੀ. ਡੀ. ਏ. ਨੇ ਵਿਰੋਧ ਕੀਤਾ ਤਾਂ ਲੰਗਰ ਅਤੇ ਪਿਆਊ ਦੀ ਵਿਵਸਥਾ ਸ਼ੁਰੂ ਕਰ ਦਿੱਤੀ।

ਇਸ ਜ਼ਮੀਨ ਦੇ ਸੱਜੇ-ਖੱਬੇ ਡੀ. ਡੀ. ਏ. ਦੀ ਕਾਲੋਨੀ ਬਣੀ ਹੈ। ਇਸ ਜ਼ਮੀਨ ’ਤੇ ਵੀ ਫਲੈਟ ਬਣਨੇ ਸਨ, ਇਸ ਦਰਮਿਆਨ ਦਸੰਬਰ 1981 ’ਚ ਜਥੇਦਾਰ ਸੰਤੋਸ਼ ਸਿੰਘ ਦੀ ਮੌਤ ਹੋ ਗਈ। 1982 ’ਚ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਜੀ. ਕੇ. ਨੇ ਯੂਥ ਅਕਾਲੀ ਦਲ ਬਣਾਇਆ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਜ਼ਮੀਨ ਨੂੰ ਗੁਰਦੁਆਰੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। 1982 ’ਚ ਜ਼ਮੀਨ ’ਤੇ ਕਿਸਾਨ ਖੇਤੀ ਕਰਦੇ ਸਨ। ਕਿਸਾਨਾਂ ਨੇ ਉਸ ਜ਼ਮੀਨ ਨੂੰ ਗੁਰਦੁਆਰੇ ਲਈ ਸੌਂਪ ਦਿੱਤਾ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਮਦਦ ਨਾਲ ਰਿੰਗ ਰੋਡ ’ਤੇ ਕੰਡਿਆਲੀ ਤਾਰ ਲਗਵਾਈ ਗਈ। ਰਾਤੋ-ਰਾਤ ਕਬਜ਼ਾ ਕੀਤਾ ਗਿਆ ਅਤੇ ਕੰਡਿਆਲੀ ਤਾਰ ਦੀ ਚਾਰਦੀਵਾਰੀ ਬਣੀ ਅਤੇ ਦਰਮਿਆਨ ’ਚ ਇਕ ਕਮਰਾ ਬਣਾਇਆ ਗਿਆ। ਸੌ ਤੋਂ ਵੱਧ ਲੜਕਿਆਂ ਨੇ ਰਾਤ ਭਰ ’ਚ ਜ਼ਮੀਨ ਨੂੰ ਪੱਧਰਾ ਕਰ ਦਿੱਤਾ। ਜ਼ਮੀਨ ’ਤੇ ਕਮਰਾ ਬਣਦੇ ਹੀ ਉਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ। ਇਸ ਦੇ ਬਾਅਦ ਲਗਭਗ 10-12 ਦਿਨ ਲੋਕ ਉੱਥੇ ਡਟੇ ਰਹੇ।

ਉਸ ਸਮੇਂ ਗਿਆਨੀ ਜ਼ੈਲ ਸਿੰਘ ਗ੍ਰਹਿ ਮੰਤਰੀ ਸਨ। ਅਦਾਲਤ ਦਾ ਹੁਕਮ ਡੀ. ਡੀ. ਏ. ਦੇ ਪੱਖ ’ਚ ਆ ਗਿਆ ਅਤੇ ਮੌਕੇ ’ਤੇ ਭਾਰੀ ਪੁਲਸ ਬਲ ਪਹੁੰਚ ਗਿਆ। ਮਾਹੌਲ ਗਰਮਾ ਗਿਆ ਅਤੇ ਪੁਲਸ ਨੇ ਭਾਰੀ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਪਰ ਸਿੱਖਾਂ ਨੇ ਥਾਂ ਨਾ ਛੱਡੀ।

ਮਾਮਲਾ ਵਧਦਾ ਦੇਖ ਕੇ ਗਿਆਨੀ ਜ਼ੈਲ ਸਿੰਘ ਨੇ ਮਤਾ ਭੇਜਿਆ ਕਿ 6 ਏਕੜ ਡੀ. ਡੀ. ਏ. ਅਤੇ 6 ਏਕੜ ਜ਼ਮੀਨ ਗੁਰਦੁਆਰੇ ਨੂੰ ਦੇ ਦਿੱਤੀ ਜਾਵੇ। ਸਿੱਖਾਂ ਨੇ ਇਹ ਮੁੱਦਾ ਠੁਕਰਾ ਦਿੱਤਾ। ਇਸ ਦਰਮਿਆਨ ਕੇਂਦਰ ਸਰਕਾਰ ਨੂੰ ਜਾਪਿਆ ਕਿ ਮਾਹੌਲ ਖਰਾਬ ਹੋ ਸਕਦਾ ਹੈ। ਇਸ ਲਈ ਮਾਮਲੇ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਗਿਆ।

ਇਸ ਦੇ ਬਾਅਦ ਸਾਲ 1995 ’ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਅਤੇ ਮਨਜੀਤ ਸਿੰਘ ਮੈਂਬਰ ਬਣੇ। ਪਰਮਜੀਤ ਸਿੰਘ ਸਰਨਾ ਵੀ ਪਹਿਲੀ ਵਾਰ ਚੋਣ ਲੜੇ ਅਤੇ ਜਿੱਤੇ। ਸਰਨਾ ਪ੍ਰਧਾਨ ਅਤੇ ਡਾ. ਜਸਪਾਲ ਸਿੰਘ ਜਨਰਲ ਸਕੱਤਰ ਬਣੇ। ਇਸ ਦਰਮਿਆਨ ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਸੰਤੋਸ਼ ਸਿੰਘ ਦਾ ਸੁਪਨਾ ਸੀ ਕਿ ਇਸ ਜ਼ਮੀਨ ’ਤੇ ਹਸਪਤਾਲ, ਮੈਡੀਕਲ ਅਤੇ ਨਰਸਿੰਗ ਕਾਲਜ ਬਣਨਾ ਚਾਹੀਦਾ ਹੈ। ਸਾਲ 1986 ’ਚ ਹਸਪਤਾਲ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਉਸ ਸਮੇਂ ਡੀ. ਡੀ. ਏ. ਨੇ ਲਗਭਗ 32 ਕਰੋੜ ਰੁਪਏ ਕੀਮਤ ਪਾਈ।

ਇਸ ਦਰਮਿਆਨ ਸਰਨਾ ਦੀ ਕਮੇਟੀ ਚਲੀ ਗਈ ਅਤੇ 2000 ’ਚ ਜਥੇਦਾਰ ਅਵਤਾਰ ਸਿੰਘ ਹਿੱਤ ਦੀ ਅਗਵਾਈ ’ਚ ਨਵੀਂ ਕਮੇਟੀ ਬਣੀ। ਕੁਲਮੋਹਨ ਸਿੰਘ ਜਨਰਲ ਸਕੱਤਰ ਬਣੇ ਅਤੇ ਡੀ. ਡੀ. ਏ. ਨਾਲ ਗੱਲ ਸ਼ੁਰੂ ਹਈ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੋਲੋਂ ਦੁਬਾਰਾ ਨੀਂਹ ਪੱਥਰ ਰਖਵਾਇਆ ਗਿਆ। 2000 ’ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਦਬਾਅ ਬਣਾਇਆ ਗਿਆ ਕਿ ਪੁਰਾਣੇ ਰੇਟ ’ਤੇ ਪੈਸਾ ਲਿਆ ਜਾਵੇ। ਗੱਲ ਬਣ ਗਈ ਅਤੇ 32 ਲੱਖ ਰੁਪਏ ਦੇ ਕੇ ਜ਼ਮੀਨ ਦੀ ਲੀਜ਼ ਗੁਰਦੁਆਰੇ ਦੇ ਨਾਂ ’ਤੇ ਹੋ ਗਈ।

ਸਾਲ 2002 ’ਚ ਸਰਨਾ ਫਿਰ ਆ ਗਏ ਅਤੇ 500 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਹਸਪਤਾਲ ਦੇ ਲਈ ਮਨੀਪਾਲ ਨਾਲ ਸਮਝੌਤਾ ਕੀਤਾ। ਅੱਗੇ ਜਾ ਕੇ ਮਨੀਪਾਲ ਦੀ ਹਾਲਤ ਖਰਾਬ ਹੋ ਗਈ। ਇਨ੍ਹਾਂ ਨੇ ਸਮਝੌਤਾ ਰੱਦ ਕਰ ਕੇ ਬੀ. ਐੱਲ. ਕਪੂਰ ਨਾਲ ਕਰ ਲਿਆ। ਇਸ ਦਰਮਿਆਨ ਅਕਾਲੀ ਨੇਤਾ ਕੁਲਦੀਪ ਸਿੰਘ ਭੋਗਲ ਨੇ ਪੁਲਸ ਕੋਲ ਕੇਸ ਕਰ ਦਿੱਤਾ। ਦੋਸ਼ ਲਗਾਇਆ ਕਿ ਸਰਨਾ ਨੇ ਪ੍ਰਾਈਵੇਟ ਹੱਥਾਂ ’ਚ ਹਸਪਤਾਲ ਵੇਚ ਦਿੱਤਾ ਹੈ। ਇਸ ਦੇ ਬਾਅਦ ਹਸਪਤਾਲ ਦਾ ਕੰਮ ਰੁਕ ਗਿਆ। ਭੋਗਲ ਦੀ ਸ਼ਿਕਾਇਤ ’ਤੇ ਡੀ. ਡੀ. ਏ. ਨੇ ਲੀਜ਼ ਕੈਂਸਲ ਕਰ ਦਿੱਤੀ, ਜਿਸ ਨੂੰ ਦੁਬਾਰਾ ਰੀਨਿਊ ਕਰਨ ਲਈ ਗੁਰਦੁਆਰਾ ਕਮੇਟੀ ਨੂੰ 1.45 ਲੱਖ ਰੁਪਏ ਭਰਨੇ ਪਏ। 2013 ’ਚ ਮਨਜੀਤ ਸਿੰਘ ਆ ਗਏ, ਉਸ ਸਮੇਂ ਕਬਜ਼ਾ ਬੀ. ਐੱਲ. ਕਪੂਰ ਦੇ ਕੋਲ ਸੀ।

2015-16 ’ਚ ਕੋਰਟ ’ਚ ਸਮਝੌਤਾ ਹੋਇਆ। ਕਮੇਟੀ ਨੇ 13.75 ਕਰੋੜ ਰੁਪਏ ਕੋਰਟ ਰਾਹੀਂ ਬੀ. ਐੱਲ. ਕਪੂਰ ਨੂੰ ਦਿੱਤੇ ਅਤੇ ਹਸਪਤਾਲ ਦਾ ਕਬਜ਼ਾ ਵਾਪਸ ਲਿਆ। 2017-18 ’ਚ ਹਸਪਤਾਲ ਬਣਾਉਣ ਲਈ ਜੋ ਪਰਮਿਸ਼ਨ ਚਾਹੀਦੀ ਸੀ, ਉਸ ਦੀ ਕਾਰਵਾਈ ਸ਼ੁਰੂ ਕੀਤੀ ਪਰ ਇਸ ਦਰਮਿਆਨ ਮਨਜੀਤ ਸਿੰਘ ਜੀ. ਕੇ. 2018 ’ਚ ਕਮੇਟੀ ਤੋਂ ਅਸਤੀਫਾ ਦੇ ਕੇ ਬਾਹਰ ਚਲੇ ਗਏ, ਜਿਸ ਦੇ ਬਾਅਦ ਸਿਰਸਾ ਨੇ ਕਮੇਟੀ ਦੀ ਕਮਾਨ ਸੰਭਾਲੀ। ਆਖਰੀ ਚੋਣ ਸਮੇਂ ਉਨ੍ਹਾਂ ਨੇ 125 ਬਿਸਤਰਿਆਂ ਦਾ ਕੋਵਿਡ ਹਸਪਤਾਲ ਬਣਾਉਣਾ ਸ਼ੁਰੂ ਕੀਤਾ। 13 ਅਗਸਤ ਨੂੰ ਇਸ ਦੀ ਸ਼ੁਰੂਆਤ ਵੀ ਹੋਣੀ ਸੀ ਪਰ ਹੁਣ ਉਹ ਵੀ ਰੁਕ ਗਿਆ।

ਅਤੇ ਅਖੀਰ ’ਚ : ਸਿੱਖ ਸੰਗਤਾਂ ਲਈ ਆਲੀਸ਼ਾਨ ਹਸਪਤਾਲ ਬਣਾਉਣ ਦਾ ਵਾਅਦਾ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਹਿਸਾਬ ਅਤੇ ਫਾਇਦੇ ਨੂੰ ਦੇਖਦੇ ਹੋਏ ਬਾਲਾ ਸਾਹਿਬ ਨੂੰ ਮੁੱਦਾ ਬਣਾ ਰਹੀਆਂ ਹਨ, ਜਦਕਿ ਸੱਚਾਈ ਇਹ ਹੈ ਕਿ ਬਿਲਡਿੰਗ ਖਰਾਬ ਹੋ ਚੁੱਕੀ ਹੈ। ਨੀਂਹ ’ਚ ਪਾਣੀ ਭਰ ਚੁੱਕਾ ਹੈ। ਨਕਸ਼ੇ ਦੇ ਹਿਸਾਬ ਨਾਲ ਵੀ ਨਹੀਂ ਬਣੀ ਹੈ। ਇਸ ਸਭ ਦੇ ਬਾਵਜੂਦ ਸੰਗਤ ਹਸਪਤਾਲ ਨਾ ਬਣਾਉਣ ਲਈ ਕਿਸ ਨੂੰ ਦੋਸ਼ੀ ਅਤੇ ਜ਼ਿੰਮੇਵਾਰ ਠਹਿਰਾਵੇਗੀ, ਇਹ ਤਾਂ 25 ਅਗਸਤ ਨੂੰ ਆਉਣ ਵਾਲਾ ਨਤੀਜਾ ਦੱਸੇਗਾ ਪਰ ਜੋ ਵੀ ਆਵੇਗਾ ਜੇਕਰ ਉਹ ਚੰਗੀ ਨੀਅਤ ਨਾਲ ਹਸਪਤਾਲ ਬਣਾਉਣਾ ਚਾਹੇਗਾ ਤਾਂ ਉਸ ਨੂੰ 30 ਪਰਮਿਸ਼ਨਾਂ ਲੈਣੀਆਂ ਹੀ ਹੋਣਗੀਆਂ।


author

Bharat Thapa

Content Editor

Related News