ਦਿੱਲੀ ਗੁਰਦੁਆਰਾ ਕਮੇਟੀ : ਭ੍ਰਿਸ਼ਟਾਚਾਰ ਦੇ ਦੋਸ਼-ਜਵਾਬੀ ਦੋਸ਼

02/20/2020 1:55:13 AM

ਜਸਵੰਤ ਸਿੰਘ ਅਜੀਤ

ਇਕ ਵਿਚਾਰ : ਬੀਤੇ ਕਾਫੀ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਕਰੋੜਾਂ ਰੁਪਏ ਦੇ ਕਥਿਤ ਘਪਲੇ ਹੋਣ ਦੇ ਦੋਸ਼-ਜਵਾਬੀ ਦੋਸ਼ ਲਾਏ ਜਾਣ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਨਿਕਲਦਾ ਹੋਵੇਗਾ, ਜਿਸ ਦਿਨ ਇਕ ਜਾਂ ਦੂਜੀ ਧਿਰ ਵਲੋਂ ਵਿਰੋਧੀ ਧਿਰ ’ਤੇ ਲਾਏ ਗਏ ਦੋਸ਼ਾਂ-ਜਵਾਬੀ ਦੋਸ਼ਾਂ ’ਤੇ ਆਧਾਰਿਤ ਇਕ-ਦੋ ਖਬਰਾਂ ਪੜ੍ਹਨ ਨੂੰ ਨਾ ਮਿਲਣ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਕਰੋੜਾਂ ਰੁਪਏ ਦੇ ਹੋ ਰਹੇ ਕਥਿਤ ਘਪਲਿਆਂ ਦੇ ਨਾਂ ’ਤੇ ਦੋਸ਼-ਜਵਾਬੀ ਦੋਸ਼ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਦਿਖਾਈ ਦੇ ਰਿਹਾ ਹੈ, ਉਹ ਕਿੱਥੇ ਜਾ ਕੇ ਰੁਕੇਗਾ, ਕਿਹਾ ਨਹੀਂ ਜਾ ਸਕਦਾ ਪਰ ਇਸ ਨਾਲ ਲੋਕਾਂ ’ਚ ਜੋ ਇਹ ਸੰਦੇਸ਼ ਜਾ ਰਿਹਾ ਹੈ ਕਿ ਸਿੱਖਾਂ ਦੇ ਇਹ ਪਵਿੱਤਰ ਗੁਰਧਾਮ ਹੁਣ ਧਰਮ ਦੇ ਸ੍ਰੋਤ ਨਹੀਂ ਰਹੇ, ਸਗੋਂ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ, ਉਸ ਨਾਲ ਆਮ ਸਿੱਖਾਂ ਦਾ ਹੀ ਨਹੀਂ, ਸਗੋਂ ਉਨ੍ਹਾਂ ਗੈਰ- ਸਿੱਖਾਂ ਦਾ ਸਿਰ ਵੀ ਸ਼ਰਮ ਨਾਲ ਝੁਕ ਰਿਹਾ ਹੈ, ਜਿਨ੍ਹਾਂ ਦੀ ਗੁਰੂਘਰ ਪ੍ਰਤੀ ਆਸਥਾ (ਸ਼ਰਧਾ) ਬਣੀ ਚੱਲੀ ਆ ਰਹੀ ਹੈ ਅਤੇ ਜਿਥੋਂ ਉਹ ਪਿਆਰ, ਸਦਭਾਵਨਾ ਅਤੇ ਸਮਾਨਤਾ ਦਾ ਸੰਦੇਸ਼ ਹਾਸਲ ਕਰਦੇ ਆ ਰਹੇ ਹਨ। ਹਾਲਾਂਕਿ ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਕਿ ਇਨ੍ਹਾਂ ਦੋਸ਼ਾਂ-ਜਵਾਬੀ ਦੋਸ਼ਾਂ ਵਿਚ ਕਿੰਨੀ ਸੱਚਾਈ ਹੈ ਅਤੇ ਇਨ੍ਹਾਂ ਵਿਚ ਕਿੰਨੀ ਸਿਆਸੀ ਵਿਰੋਧ ਦੀ ਭਾਵਨਾ ? ਪਰ ਇਹ ਤਾਂ ਮੰਨਣਾ ਹੀ ਹੋਵੇਗਾ ਕਿ ਦੋਸ਼-ਜਵਾਬੀ ਦੋਸ਼ ਦਾ ਜੋ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ, ਉਸ ਨਾਲ ਸਮੁੱਚੇ ਰੂਪ ਵਿਚ ਸਿੱਖਾਂ ਅਤੇ ਉਨ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਦਿੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਦੂਜਾ ਪੱਖ : ਗੁਰਦੁਆਰਾ ਕਮੇਟੀ ਵਿਚ ਭ੍ਰਿਸ਼ਟਾਚਾਰ : ਬੀਤੇ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਿਚ ਭ੍ਰਿਸ਼ਟਾਚਾਰ ਪਾਏ ਜਾਣ ਦੀ ਗੱਲ ਕੋਈ ਨਵੀਂ ਨਹੀਂ ਹੈ। ਦਿੱਲੀ ਗੁਰਦੁਆਰਾ ਕਮੇਟੀ ਵਿਚ ਭ੍ਰਿਸ਼ਟਾਚਾਰ ਹੋਣ ਅਤੇ ਉਸ ’ਚ ਸੱਤਾਧਾਰੀਆਂ ਦੇ ਸ਼ਾਮਲ ਹੋਣ ਦੇ ਦੋਸ਼ ਉਸ ਸਮੇਂ ਤੋਂ ਹੀ ਲੱਗਦੇ ਚੱਲੇ ਆ ਰਹੇ ਹਨ, ਜਦੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸਿਰਫ 11 ਮੈਂਬਰੀ ਕਮੇਟੀ ’ਤੇ ਹੀ ਹੋਇਆ ਕਰਦੀ ਸੀ, ਹੁਣ ਤਾਂ ਇਸ ਦੇ ਮੈਂਬਰਾਂ ਦੀ ਗਿਣਤੀ 56 ਤਕ ਪਹੁੰਚ ਗਈ ਹੈ (51 ਮਤਦਾਨ ਕਰਨ ਦੇ ਅਧਿਕਾਰੀ, 5 ਤਖਤਾਂ ਦੇ ਜਥੇਦਾਰ, ਜਿਨ੍ਹਾਂ ਨੂੰ ਮਤਦਾਨ ਦਾ ਅਧਿਕਾਰ ਨਹੀਂ) ਇਸ ਦੇ ਨਾਲ ਹੀ ਇਨ੍ਹਾਂ ਗੁਰਦੁਆਰਿਆਂ ਦੀ ਜੋ ਗੋਲਕ ਹਜ਼ਾਰਾਂ ਤੋਂ ਲੱਖਾਂ ਵੱਲ ਵਧ ਰਹੀ ਸੀ, ਉਹ ਹੁਣ ਕਰੋੜਾਂ ਦੇ ਅੰਕੜਿਆਂ ਨੂੰ ਪਾਰ ਕਰ ਕੇ ਅਰਬਾਂ ਤਕ ਪਹੁੰਚ ਗਈ ਹੈ।

...ਅਤੇ ਭ੍ਰਿਸ਼ਟਾਚਾਰ ਨੇ ਹੱਦ ਪਾਰ ਕੀਤੀ : ਦਿੱਲੀ ਦੇ ਸਿੱਖ ਜਾਣਦੇ ਹਨ ਕਿ 20 ਸਾਲ ਪਹਿਲਾਂ (ਸੰਨ 2000) ’ਚ ਇੱਕ ਅਕਾਲੀ ਦਲ ਦੇ ਰਾਸ਼ਟਰੀ ਨੇਤਾਵਾਂ ਨੇ ਆਪਣੇ ਦਲ ਦੇ ਹੀ ਮੁਖੀ ਵਿਸ਼ੇਸ਼ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਵਾ ਕੇ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਇਕ ਅਤੇ 5 ਤੋਂ 8 ਲੱਖ ਰੁਪਏ ਦਾ ਮੁੱਲ ਅਦਾ ਕਰ ਕੇ ਵਿਰੋਧੀ ਮੈਂਬਰਾਂ ਦੀਆਂ ਵਫਾਦਾਰੀਆਂ ਖਰੀਦੀਆਂ, ਤਾਂ ਦੂਸਰੇ ਪਾਸੇ ਆਪਣੇ ਹੀ ਕਈ ਮੈਂਬਰਾਂ ਨੂੰ ਵਫਾਦਾਰ ਬਣਾਈ ਰੱਖਣ ਲਈ ਉਨ੍ਹਾਂ ਨੂੰ 5-5 ਲੱਖ ਤਕ ਦੀ ‘ਰਿਸ਼ਵਤ’ ਵੀ ਅਦਾ ਕੀਤੀ। ਇੰਨਾ ਹੀ ਨਹੀਂ, ਇਨ੍ਹਾਂ ਜ਼ਮੀਰਫਰੋਸ਼ਾਂ, ਜਿਨ੍ਹਾਂ ਦੇ ਸਹਿਯੋਗ ਨਾਲ ਅਕਾਲੀ ਦਲ ਨੇ ਿਜੱਤ ਹਾਸਲ ਕੀਤੀ, ਉਨ੍ਹਾਂ ਨੂੰ ਅੰਮ੍ਰਿਤਸਰ ਲਿਜਾ ਕੇ, ਇਸ ‘ਪੰਥਕ ਸੇਵਾ’ ਦੇ ਬਦਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੀ ਬਖਸ਼ਿਸ਼ ਕਰਵਾ ਕੇ ਸਨਮਾਨਿਤ ਵੀ ਕਰਵਾਇਆ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਸਵੀਕਾਰ ਕਰਨਾ ਹੋਵੇਗਾ ਕਿ ਗੁਰਦੁਆਰਾ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਹੋਣ ਦੀਆਂ ਜੋ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਉਨ੍ਹਾਂ ਤੋਂ ਨਾ ਤਾਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਰਗੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਹੀ ਮੁਕਤ ਹਨ ਸਗੋਂ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਥਾਪਿਤ ਛੋਟੇ-ਵੱਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ ਜਾਂ ਹੋਰ ਨਾਵਾਂ ਨਾਲ ਸਥਾਪਿਤ ਧਾਰਮਿਕ ਸੰਸਥਾਵਾਂ ਵੀ ਭ੍ਰਿਸ਼ਟਾਚਾਰ ਆਦਿ ਵਰਗੇ ਦੋਸ਼ਾਂ ਤੋਂ ਮੁਕਤ ਨਹੀਂ ਹਨ। ਫਰਕ ਸਿਰਫ ਇੰਨਾ ਹੈ ਕਿ ਹਰ ਕਮੇਟੀ ’ਚ ਹੋਣ ਵਾਲਾ ਭ੍ਰਿਸ਼ਟਾਚਾਰ ਉਨ੍ਹਾਂ ਦੀ ‘ਗੋਲਕ’ ਉੱਤੇ ਨਿਰਭਰ ਕਰਦਾ ਹੈ, ਜਿਥੇ ਜਿੰਨੀ ਛੋਟੀ-ਵੱਡੀ ਗੋਲਕ, ਉੱਥੇ ਓਨਾ ਹੀ ਛੋਟਾ-ਵੱਡਾ ਭ੍ਰਿਸ਼ਟਾਚਾਰ ਹੋ ਰਿਹਾ ਹੈ।

ਧਾਰਮਿਕ ਸੰਸਥਾਵਾਂ ਬਨਾਮ ਰਾਜਨੀਤੀ : ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਆਦਿ ਦੇ ਸੱਤਾਧਾਰੀਆਂ ’ਤੇ ਪਾਰਟੀ ਦੇ ਅੰਦਰ ਅਤੇ ਬਾਹਰੋਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਜਾਂਦੇ ਰਹੇ ਹਨ, ਉਨ੍ਹਾਂ ਕਾਰਣ ਇਕ ਪਾਸੇ ਤਾਂ ਇਨ੍ਹਾਂ ਨਾਲ ਬਣ ਰਹੀ ਸਥਿਤੀ ਆਮ ਸਿੱਖਾਂ ਲਈ ਿਚੰਤਾ ਦਾ ਕਾਰਣ ਬਣ ਰਹੀ ਹੈ ਅਤੇ ਦੂਜੇ ਪਾਸੇ ਗੈਰ-ਸਿੱਖਾਂ ਦੀ ਚਰਚਾ ਦਾ ਵਿਸ਼ਾ। ਇਸ ਚਿੰਤਾਜਨਕ ਸਥਿਤੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਦੁਖੀ ਆਮ ਸਿੱਖ ਹੀ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹੀ ਸਭ ਤੋਂ ਜ਼ਿਆਦਾ ਗੈਰ-ਸਿੱਖਾਂ ਦੇ ਨਾਲ ਹੀ ਆਪਣਿਆਂ ਦੇ ਵੀ ਵਿਅੰਗ-ਤੀਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਥਿਤੀ ਦੇ ਕਾਰਣ ਹੀ ਸਿੱਖਾਂ ਦਾ ਇਕ ਵਰਗ ਇਹ ਮੰਨਣ ਲਈ ਮਜਬੂਰ ਹੋ ਰਿਹਾ ਹੈ ਕਿ ਇਨ੍ਹਾਂ ਵਿਵਾਦਾਂ ਅਤੇ ਝਗੜਿਆਂ ਦਾ ਮੁੱਖ ਕਾਰਣ ਰਾਜਨੀਤੀ ’ਚ ਮੂੰਹ ਮਾਰਨ ਵਾਲਿਅਾਂ ’ਚ ਧਰਮ ਦੇ ਸਹਾਰੇ ਰਾਜਨੀਤੀ ’ਚ ਸਥਾਪਿਤ ਹੋਣ ਦੀ ਲਾਲਸਾ ਦਾ ਲਗਾਤਾਰ ਵਧਦੇ ਜਾਣਾ ਹੈ।

ਅਕਾਲੀ ਰਾਜਨੀਤੀ ਦਾ ਡਿਗਦਾ ਜਾ ਰਿਹਾ ਪੱਧਰ : ਨਕਾਰਾਤਮਕਤਾ, ਅੱਜ ਦੀ ਅਕਾਲੀ ਰਾਜਨੀਤੀ ਦਾ ਅਜਿਹਾ ਅਟੁੱਟ ‘ਦੁਖਾਂਤ’ ਬਣ ਗਿਆ ਹੈ ਕਿ ਉਸ ਤੋਂ ਨਾ ਤਾਂ ਕਿਸੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਨਾ ਹੀ ਕਿਸੇ ਦਲ ਦੀ ਰਾਜਨੀਤੀ ਮੁਕਤ ਹੋ ਸਕਦੀ ਹੈ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਇਕ ਸੀਨੀਅਰ ਅਤੇ ਟਕਸਾਲੀ ਅਕਾਲੀ ਨੇਤਾ ਨੇ ਨਿੱਜੀ ਗੱਲਬਾਤ ’ਚ ਕੀਤਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਹਾਲਾਂਕਿ ਅੱਜ ਦੇ ਸਿਆਸੀ ਖੇਤਰ ਵਿਚ ਹਾਲਾਤ ਹੀ ਕੁਝ ਅਜਿਹੇ ਬਣ ਗਏ ਹਨ ਕਿ ਨਕਾਰਾਤਮਕਤਾ ਦੀ ਇਸ ਦਲਦਲ ਭਰੀ ਰਾਜਨੀਤੀ ’ਚ ਨਾ ਸਿਰਫ ਅਕਾਲੀ ਦਲ ਹੀ, ਸਗੋਂ ਦੇਸ਼ ਦੀਆਂ ਦੂਸਰੀਆਂ ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਵੀ ਇੰਨੀ ਬੁਰੀ ਤਰ੍ਹਾਂ ਫਸ ਚੁੱਕੀਆਂ ਹਨ ਕਿ ਉਨ੍ਹਾਂ ਦਾ ਇਸ ਦਲਦਲ ’ਚੋਂ ਨਿਕਲ ਸਕਣਾ ਕਿਸੇ ਵੀ ਤਰ੍ਹਾਂ ਨਾਲ ਸੰਭਵ ਨਹੀਂ ਰਹਿ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਫਿਰ ਵੀ ਅਕਾਲੀ ਰਾਜਨੀਤੀ ’ਚ ਇਸ ਨਕਾਰਾਤਮਕਤਾ ਦਾ ਦਾਖਲਾ ਇਸ ਕਾਰਣ ਚੁੱਭਦਾ ਹੈ ਕਿਉਂਕਿ ਇਸ ਦੀ ਸਥਾਪਨਾ ਇਕ ਸਿਆਸੀ ਪਾਰਟੀ ਦੇ ਰੂਪ ਵਿਚ ਨਹੀਂ ਕੀਤੀ ਗਈ, ਸਗੋਂ ਇਸ ਦੀ ਸਥਾਪਨਾ ਦਾ ਉਦੇਸ਼ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਅਤੇ ਧਾਰਮਿਕ ਸੰਸਥਾਵਾਂ ’ਚ ਧਾਰਮਿਕ ਮਾਨਤਾਵਾਂ, ਮਰਿਆਦਾਵਾਂ ਅਤੇ ਪ੍ਰੰਪਰਾਵਾਂ ਨੂੰ ਬਹਾਲ ਰੱਖਣ ਵਿਚ ਸਹਿਯੋਗ ਕਰਨਾ ਯਕੀਨੀ ਕੀਤਾ ਗਿਆ ਸੀ ਪਰ ਅੱਜ ਜਿਸ ਰੂਪ ਵਿਚ ਅਕਾਲੀ ਦਲ ਸਰਗਰਮ ਦਿਖਾਈ ਦੇ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਜਿਵੇਂ ਨਕਾਰਾਤਮਕਤਾ ਅਕਾਲੀ ਦਲਾਂ ਦੀਆਂ ਨੀਤੀਆਂ ਦੀਆਂ ਜੜ੍ਹਾਂ ਤਕ ਇਸ ਤਰ੍ਹਾਂ ਘੁਲ-ਮਿਲ ਗਈ ਹੈ ਕਿ ਉਸ ਤੋਂ ਛੁਟਕਾਰਾ ਹਾਸਲ ਕਰ ਸਕਣਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ।

...ਅਤੇ ਆਖਿਰ ’ਚ : ਗੁਰਦੁਆਰਾ ਪ੍ਰਬੰਧ ’ਚ ਭ੍ਰਿਸ਼ਟਾਚਾਰ ਪਾਏ ਜਾਣ ਨਾਲ ਸਬੰਧਤ ਖਬਰਾਂ ਦੇ ਪਾਠਕ ਇਕ ਹੀ ਕਿਸਮ ਦੇ ਬਿਆਨਾਂ ਨੂੰ ਵਾਰ-ਵਾਰ ਪੜ੍ਹ ਕੇ ਅੱਕ ਚੁੱਕੇ ਹੁੰਦੇ ਹਨ, ਫਿਰ ਵੀ ਅਜਿਹੇ ਬਿਆਨ ਜਾਰੀ ਕਰਨ ਵਾਲੇ ਸ਼ਾਇਦ ਇਹੀ ਮੰਨ ਕੇ ਚੱਲ ਰਹੇ ਹਨ, ਜਿਵੇਂ ਉਨ੍ਹਾਂ ਦੇ ਬਿਆਨਾਂ ਨੂੰ ਵਾਰ-ਵਾਰ ਪੜ੍ਹਦੇ ਹੋਏ ਆਮ ਸਿੱਖਾਂ ਦੀ ਸੋਚ ਬਦਲ ਰਹੀ ਹੈ ਅਤੇ ਉਹ ਉਨ੍ਹਾਂ (ਜਿਨ੍ਹਾਂ ’ਤੇ ਦੋਸ਼ ਲਾਏ ਜਾ ਰਹੇ ਹਨ) ਤੋਂ ਕਿਨਾਰਾ ਕਰ ਕੇ ਉਨ੍ਹਾਂ (ਜੋ ਦੋਸ਼ ਲਾ ਰਹੇ ਹਨ) ਵੱਲ ਝੁਕਾਅ ਕਰਨ ਲਈ ਮਜਬੂਰ ਹੋ ਰਹੇ ਹਨ, ਜਦਕਿ ਇਹ ਸੋਚ ਸਿਰਫ ਧਰਮ ਭਾਵ ‘ਦਿਲ ਕੇ ਬਹਿਲਾਨੇ ਕੋ ਖਿਆਲ ਅੱਛਾ ਹੈ’ ਵਾਲੀ ਹੀ ਹੁੁੰਦੀ ਹੈ। ਇਸ ਦੇ ਵਿਰੁੱਧ ਜ਼ਮੀਨੀ ਸੱਚਾਈ ਤਾਂ ਇਹ ਹੈ ਕਿ ਅਜਿਹੀਆਂ ਖਬਰਾਂ ਪੜ੍ਹ-ਸੁਣ ਕੇ ਨਾ ਤਾਂ ਆਮ ਸਿੱਖ ਆਪਣੀ ਸੋਚ ਬਦਲ ਰਹੇ ਹਨ ਅਤੇ ਨਾ ਹੀ ਉਹ ਇਕ ਧਿਰ ਨਾਲੋਂ ਨਾਤਾ ਤੋੜ ਕੇ ਦੂਸਰੀ ਵੱਲ ਝੁਕਾਅ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਦਾ ਕਾਰਣ ਇਹ ਹੈ ਕਿ ਭਾਵੇਂ ਇਨ੍ਹਾਂ ਦੋਸ਼ਾਂ ਵਿਚ ਕਿਸੇ ਹੱਦ ਤਕ ਸੱਚਾਈ ਹੁੰਦੀ ਵੀ ਹੈ, ਤਾਂ ਵੀ ਆਮ ਸਿੱਖ ਇਹ ਮੰਨ ਕੇ ਚੱਲਦਾ ਹੈ ਕਿ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਵਿਰੋਧ ਦੀ ਭਾਵਨਾ ਦੇ ਤਹਿਤ ਵਧਾ-ਚੜ੍ਹਾਅ ਕੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ ਆਮ ਸਿੱਖ ਤਾਂ ਕੀ ਗੈਰ ਸਿੱਖ ਤਕ ਵੀ ਅਜਿਹੇ ਬਿਆਨਾਂ ਨੂੰ ਪੜ੍ਹ-ਸੁਣ, ਇਹੀ ਕਹਿੰਦੇ ਸੁਣੇ ਜਾਂਦੇ ਹਨ ਕਿ ਇਸ ਹਮਾਮ ’ਚ ਸਾਰੇ ਨੰਗੇ ਹਨ।


Bharat Thapa

Content Editor

Related News