ਦਿੱਲੀਏ, ਸਾਡਾ ਦਿਲ ਨਾ ਤੋੜ

01/18/2021 2:28:39 AM

ਨਿੰਦਰ ਘੁਗਿਆਣਵੀ

ਹਰ ਕੋਈ ਦਿੱਲੀ ਦੇ ਮੂੰਹ ਵੱਲ ਵੇਂਹਦਾ ਏ ਤੇ ਸੱਚੇ ਮਨ ਨਾਲ ਉਹਦੇ ਅੱਗੇ ਫਰਿਆਦ ਕਰਦਾ ਏ ਕਿ ਐ ਦਿੱਲੀਏ, ਸਾਡਾ ਦਿਲ ਨਾ ਤੋੜ, ਅਸੀਂ ਤੇਰੇ ਤੋਂ ਕਦੇ ਮੁੱਖ ਨਹੀਂ ਮੋੜਿਆ ਪਰ ਹੁਣ ਤੈਂ ਸਾਡਾ ਦਿਲ ਕਾਹਤੇ ਤੋੜਿਆ? ਦਿੱਲੀ ਨਹੀਂ ਬੋਲਦੀ। ਦਿੱਲੀ ਨਹੀਂ ਡੋਲਦੀ। ਜੇ ਬੋਲਦੀ ਹੈ ਤਾਂ ਪੰਜਾਬ ਦੇ ਪੱਲੇ ਕੁਝ ਨਹੀਂ ਪਾਉਂਦੀ, ਬਸ ਹਰ ਮੀਟਿੰਗ ਵਿਚ ਗੋਂਗਲੂਆਂ ਤੋਂ ਮਿੱਟੀ ਝਾੜਦੀ ਹੈ ਦਿੱਲੀ।

ਅੱਜ ਪੰਜਾਬ ਪ੍ਰੇਸ਼ਾਨ ਹੈ ਕਿ ਮੇਰੇ ਨਾਲ ਹੋਇਆ ਕੀ ਹੈ ਤੇ ਅੱਗੇ ਹਾਲੇ ਕੀ ਹੋਵੇਗਾ? ਪੰਜਾਬ ਕਿਸ ਨੂੰ ਪੁੱਛੇ ਕਿ ਮੇਰੇ ਨਾਲ ਅਜਿਹਾ ਵਾਰ-ਵਾਰ ਕਿਉਂ ਹੁੰਦਾ ਆ ਰਿਹਾ ਹੈ? ਪੰਜਾਬ ਨੇ ਕੀ ਕਸੂਰ ਕੀਤਾ ਏ? ਇਹੋ ਕਸੂਰ ਕਿ ਉਹ ਅੰਨ ਪੈਦਾ ਕਰਦਾ ਹੈ ਤੇ ਮੁਲਕ ਦੇ ਲੋਕਾਂ ਦਾ ਢਿੱਡ ਭਰਦਾ ਹੈ? ਇਹੋ ਕਸੂਰ ਕਿ ਪੰਜਾਬ ਵਾਰ-ਵਾਰ ਵੰਡਿਆ ਜਾਂਦਾ ਰਿਹਾ ਹੈ? ਇਹੋ ਕਸੂਰ ਕਿ ਪੰਜਾਬ ਨਾਲ ਹਰ ਮੋੜ ਉੱਤੇ ਵਿਤਕਰਾ ਹੁੰਦਾ ਰਿਹਾ ਤੇ ਹਾਲੇ ਵੀ ਹੋ ਰਿਹਾ ਹੈ? ਪੰਜਾਬ ਨੂੰ ਉਹਦੇ ਸਵਾਲਾਂ ਦਾ ਜਵਾਬ ਦੇਣ ਵਾਲੇ ਗੂੰਗੇ ਬਣ ਜਾਂਦੇ ਹਨ। ਭੋਲੇ ਬਣ ਬਹਿੰਦੇ ਨੇ ਕਿ ਜਿਵੇਂ ਕੁਝ ਪਤਾ ਈ ਨਾ ਹੋਵੇ ਉਨ੍ਹਾਂ ਨੂੰ!

ਜੇ ਮੈਂ ਦਿੱਲੀ ਨਾਲ ਆਪਣੇ ਸਬੰਧਾਂ ਦੀ ਗੱਲ ਕਰਾਂ ਤਾਂ ਦਿੱਲੀ ਮੈਨੂੰ ਕਦੇ ਪਿਆਰੀ ਨਹੀਂ ਲੱਗੀ, ਪਤਾ ਨਹੀਂ ਕਿਉਂ? ਦਿੱਲੀ ਮੈਨੂੰ ਹਮੇਸ਼ਾ ਆਪਣੇ ਦਿਲ ਤੋਂ ਦੂਰ-ਦੂਰ, ਓਪਰੀ-ਓਪਰੀ, ਭੀੜ ਭਰੀ, ਧੁੰਦਾਂ ਤੇ ਧੂੰਏਂ ਵਿਚ ਲਿਪਟੀ ਲੱਗਦੀ ਹੈ। ਧੁਆਂਖੀ-ਧੁਆਂਖੀ ਜਿਹੀ। ਸਲ੍ਹਾਭੀ-ਸਲ੍ਹਾਭੀ ਜਿਹੀ। ਜਦ ਕਦੇ ਵੀ ਦਿੱਲੀ ਜਾਂਦਾ ਹਾਂ ਤਾਂ ਇਕ ਦੋ ਦਿਨ ਤੋਂ ਵੱਧ ਦਿੱਲੀ ਮੈਨੂੰ ਝੱਲਦੀ ਨਹੀਂ, ਪੰਜਾਬ ਵੱਲ ਦੌੜ ਪੈਂਦਾ ਹਾਂ ਰਾਤ ਦੀ ‘ਪੰਜਾਬ ਮੇਲ’ ਉੱਤੇ ਚੜ੍ਹ ਕੇ।

ਆਪਣੇ ਆਪ ਨੂੰ ਸਵਾਲ ਕਰਦਾ ਹਾਂ ਕਿ ਮੈਂ ਦੁਨੀਆ ਭਰ ਦੇ ਮੁਲਕ ਗਾਹ ਛੱਡੇ ਨੇ ਪਰ ਦਿੱਲੀ ਨੇ ਮੇਰਾ ਦਿਲ ਕਿਉਂ ਨਾ ਮੋਹਿਆ? ਆਖਿਰ ਮੈਂ ਦਿੱਲੀ ਦਾ ਕੀ ਖੋਹਿਆ?

ਦਿੱਲੀਏ, ਅੱਜ ਨਿੱਕੇ-ਨਿੱਕੇ ਨਿਆਣੇ ਦੇਖ, ਆਪਣੇ ਕਿਰਸਾਨ ਦੀ ਮਦਦ ਵਾਸਤੇ ਆਪਣੀਆਂ ਨਿੱਕੀਆਂ-ਨਿੱਕੀਆਂ ਗੋਲਕਾਂ (ਬੁਗਲੀਆਂ) ਆਪਣੇ ਨੰਨ੍ਹੇ ਨਿੱਕੇ ਹੱਥਾਂ ਵਿਚ ਫੜੀ ਤੇਰੇ ਦੁਆਰ ਆਣ ਖੜ੍ਹੇ ਨੇ। ਏਸ ਬੁਗਲੀ ਤੋਂ ਚੇਤੇ ਆਇਆ ਹੈ ਜਦ ਅਸੀਂ ਨਿਆਣੇ ਸਾਂ ਤਾਂ ਸਾਡੀ ਮਾਂ ਨੇ ਮਿੱਟੀ ਦੀਆਂ ਬੁਗਲੀਆਂ ਇਸ ਆਸ ਨਾਲ ਲੈ ਕੇ ਕਮਰੇ ਵਿਚਲੀ ਟਾਣ ਉੱਤੇ ਟਿਕਾ ਦਿੱਤੀਆਂ ਸਨ ਕਿ ਸਮੇਂ-ਸਮੇਂ ਸਾਡੇ ਨਿਆਣੇ ਪੰਜੀ-ਦਸੀ ਬੁਗਲੀਆਂ ਵਿਚ ਪਾਉਂਦੇ ਰਹਿਣਗੇ ਤੇ ਬੁਗਲੀਆਂ ਭਰਦੀਆਂ ਰਹਿਣਗੀਆਂ ਪਰ ਨਹੀਂ ਭਰੀਆਂ ਸਾਡੀਆਂ ਬੁਗਲੀਆਂ ਤੇ ਸਮਾਂ ਪਾ ਕੇ ਤਿੜਕ ਗਈਆਂ। ਹਾੜਾ ਏ ਤੇਰੇ ਮੂਹਰੇ ਕਿ ਹੁਣ ਵਿਚਾਰੇ ਕਿਸਾਨਾਂ ਦੀਆਂ ਬੁਗਲੀਆਂ ਨਾ ਤੋੜ ਦਿੱਲੀਏ!! ਇਹ ਬੁਗਲੀਆਂ ਕਦੇ ਨਾ ਭਰੀਆਂ ਨੇ, ਖਾਲਮ ਖਾਲੀਆਂ ਰਹੀਆਂ ਨੇ ਕਰਜ਼ਿਆਂ ਥੱਲੇ ਦੱਬੀਆਂ ਨੇ।

ਡਾਇਰੀਨਾਮਾ ਲਿਖਦਿਆਂ ਕਲਮ ਕੰਬੀ ਤਾਂ ਫੋਨ ’ਤੇ ਟਾਈਪ ਕਰਨ ਲੱਗਿਆ। ਜਦ ਫੋਨ ਦੀ ਕੀ-ਪੈਡ ਉਦਾਸ ਹੋਈ ਤਾਂ ਨਾ ਲਿਖਣ ਦਾ ਮਨ ਬਣਾ ਲਿਆ। ਰਿਕਾਰਡਿੰਗ ਕਰਨ ਲੱਗਿਆ ਤਾਂ ਕੈਮਰਾ ਰੁੱਸ ਬੈਠਾ। ਮੇਰੀਆਂ ਮੈਂ ਜਾਣਾ, ਤੇਰੀਆਂ ਤੂੰ ਜਾਣੇ। ਅੱਜ ਏਨਾ ਈ ਬਹੁਤ ਹੈ, ਬਾਕੀ ਫੇਰ ਦੇਖਾਂਗੇ।


Bharat Thapa

Content Editor

Related News