ਟਰੂਡੋ : ਘਟਦੀ ਪ੍ਰਸਿੱਧੀ ਦੇ ਕਾਰਨ ਅਪਣਾ ਰਹੇ ਭਾਰਤ ਵਿਰੋਧੀ ਵਤੀਰਾ
Saturday, Oct 26, 2024 - 03:13 AM (IST)
18 ਜੂਨ, 2023 ਨੂੰ ਕੈਨੇਡਾ ’ਚ ਇਕ ਗੁਰਦੁਆਰੇ ਦੀ ਪਾਰਕਿੰਗ ’ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਤਿੰਨ ਮਹੀਨੇ ਬਾਅਦ 18 ਸਤੰਬਰ, 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸੰਸਦ ’ਚ ਨਿੱਝਰ ਦੇ ਕਤਲ ਦੇ ਮਾਮਲੇ ’ਚ ਬਿਨਾਂ ਕਿਸੇ ਸਬੂਤ ਦੇ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਉਣ ਦੇ ਬਾਅਦ ਤੋਂ ਦੋਵਾਂ ਦੇਸ਼ਾਂ ਦੇ ਦਰਮਿਆਨ ਸ਼ੁਰੂ ਹੋਇਆ ਵਿਵਾਦ ਇਸ ਸਮੇਂ ਆਪਣੇ ਸਿਖਰ ’ਤੇ ਹੈ।
ਹਾਲਾਂਕਿ ਬਾਅਦ ’ਚ 16 ਅਕਤੂਬਰ, 2024 ਨੂੰ ਜਸਟਿਨ ਟਰੂਡੋ ਨੇ ਖੁਦ ਇਸ ਗੱਲ ਨੂੰ ਮੰਨ ਲਿਆ ਕਿ ਨਿੱਝਰ ਕਤਲਕਾਂਡ ’ਤੇ ਬਿਆਨ ਉਨ੍ਹਾਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਦਿੱਤਾ ਸੀ ਜਿਸ ’ਤੇ ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ : ‘‘ਕੈਨੇਡਾ ਸਰਕਾਰ ਨੇ ਭਾਰਤੀ ਡਿਪਲੋਮੈਟਾਂ ਦੇ ਵਿਰੁੱਧ ਲਗਾਏ ਗਏ ਗੰਭੀਰ ਦੋਸ਼ਾਂ ਦੇ ਸਮਰਥਨ ’ਚ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਹੈ। ਇਸ ਵਤੀਰੇ ਨੇ ਭਾਰਤ-ਕੈਨੇਡਾ ਸਬੰਧਾਂ ਨੂੰ ਜੋ ਨੁਕਸਾਨ ਪਹੁੰਚਾਇਆ ਹੈ ਉਸ ਦੀ ਜ਼ਿੰਮੇਵਾਰੀ ਇਕੱਲੇ ਟਰੂਡੋ ਦੀ ਹੀ ਹੈ।’’
ਇਸ ਦਰਮਿਆਨ ਕੈਨੇਡਾ ਦੇ ਸਲੂਕ ਨੂੰ ਬੜਾ ਹੀ ਘਟੀਆ ਦੱਸਦੇ ਹੋਏ ਉੱਥੋਂ ਵਾਪਸ ਸੱਦੇ ਗਏ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ, ‘‘ਅਜਿਹੇ ਦੇਸ਼ ਨੇ, ਜਿਸ ਨੂੰ ਅਸੀਂ ਲੋਕਤੰਤਰੀ ਮਿੱਤਰ ਦੇਸ਼ ਮੰਨਦੇ ਹਾਂ, ਭਾਰਤ ਦੀ ਪਿੱਠ ’ਚ ਛੁਰਾ ਮਾਰਿਆ ਅਤੇ ਸਭ ਤੋਂ ਵੱਧ ਗੈਰ-ਪੇਸ਼ੇਵਰ ਵਤੀਰਾ ਅਪਣਾਇਆ ਹੈ। ਮੁੱਠੀ ਭਰ ਖਾਲਿਸਤਾਨ ਸਮਰਥਕਾਂ ਨੇ ਇਸ ਵਿਚਾਰਧਾਰਾ ਨੂੰ ਇਕ ਅਪਰਾਧਿਕ ਉਪਕ੍ਰਮ (ਧੰਦਾ) ਬਣਾ ਦਿੱਤਾ ਹੈ ਜੋ ਮਨੁੱਖੀ ਸਮੱਗਲਿੰਗ ਅਤੇ ਹਥਿਆਰ ਸਮੱਗਲਿੰਗ ਵਰਗੀਆਂ ਕਈ ਸਰਗਰਮੀਆਂ ’ਚ ਸ਼ਾਮਲ ਹਨ। ਇਸ ਸਭ ਦੇ ਬਾਵਜੂਦ ਕੈਨੇਡਾ ਦੇ ਅਧਿਕਾਰੀਆਂ ਨੇ ਅੱਖਾਂ ਮੀਟ ਰੱਖੀਆਂ ਹਨ ਕਿਉਂਕਿ ਅਜਿਹੇ ਕੱਟੜਪੰਥੀ ਸਥਾਨਕ ਆਗੂਆਂ ਲਈ ਵੋਟ ਬੈਂਕ ਹੁੰਦੇ ਹਨ।’’
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ, ‘‘ਕੈਨੇਡਾ ਨੇ ਖਾਲਿਸਤਾਨੀ ਅੱਤਵਾਦੀਆਂ ਦੀ ਹਵਾਲਗੀ ਲਈ ਭਾਰਤ ਵਲੋਂ ਭੇਜੀਆਂ ਗਈਆਂ 26 ਬੇਨਤੀਆਂ ’ਚੋਂ ਸਿਰਫ 5 ਦਾ ਹੱਲ ਕੀਤਾ ਹੈ ਅਤੇ ਬਾਕੀ ਅਜੇ ਵੀ ਪੈਂਡਿੰਗ ਹਨ।’’
ਆਬਜ਼ਰਵਰਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਸਮੇਂ ਦੇਸ਼ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਹਾਇਸ਼ ਦੀ ਸਮੱਸਿਆ ਅਤੇ ਬੇਕਾਬੂ ਮਹਿੰਗਾਈ ਦੇ ਕਾਰਨ ਜਿੱਥੇ ਲੋਕਾਂ ਦੀ ਜਸਟਿਨ ਟਰੂਡੋ ਦੇ ਵਿਰੁੱਧ ਨਾਰਾਜ਼ਗੀ ਵਧ ਰਹੀ ਹੈ, ਉੇੱਥੇ ਹੀ ਪਾਰਟੀ ’ਚ ਵੀ ਉਨ੍ਹਾਂ ਦੇ ਵਿਰੁੱਧ ਗੁੱਸਾ ਵਧ ਰਿਹਾ ਹੈ।
ਇਨ੍ਹਾਂ ਹੀ ਕਾਰਨਾਂ ਕਰ ਕੇ ਟਰੂਡੋ ਦੀ ‘ਲਿਬਰਲ ਪਾਰਟੀ’ ਦੀ ਪ੍ਰਸਿੱਧੀ ਪਿਛਲੇ ਕੁਝ ਸਮੇਂ ਦੌਰਾਨ ਤੇਜ਼ੀ ਨਾਲ ਘਟੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਦੇ 42.5 ਫੀਸਦੀ ਦੀ ਤੁਲਨਾ ’ਚ ਘਟ ਕੇ 23.2 ਫੀਸਦੀ ਰਹਿ ਗਈ ਹੈ। ਲਿਹਾਜ਼ਾ ਇਸ ਸਮੇਂ ਟਰੂਡੋ ਆਪਣੀ ਗੁਆਚੀ ਹੋਈ ਪ੍ਰਸਿੱਧੀ ਨੂੰ ਵਾਪਸ ਹਾਸਲ ਕਰਨ ਲਈ ਕੈਨੇਡਾ ਦੀ ਮੁਸਲਿਮ ਅਤੇ ਸਿੱਖ ਆਬਾਦੀ ਨੂੰ ਆਪਣੇ ਹੱਕ ’ਚ ਕਰਨ ਦੀ ਕੋਸ਼ਿਸ਼ ’ਚ ਹਨ।
2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਕੈਨੇਡਾ ਦੀ 3.9 ਕਰੋੜ ਤੋਂ ਵੱਧ ਦੀ ਆਬਾਦੀ ’ਚ 8.30 ਲੱਖ ਹਿੰਦੂ, 7.70 ਲੱਖ ਸਿੱਖ ਅਤੇ 18 ਲੱਖ ਦੇ ਲਗਭਗ ਮੁਸਲਮਾਨ ਹਨ। ਮੁਸਲਮਾਨ ਆਬਾਦੀ ’ਚੋਂ ਵਧੇਰਿਆਂ ਦਾ ਸਬੰਧ ਪਾਕਿਸਤਾਨ ਨਾਲ ਹੈ।
ਅਤੀਤ ਦਾ ਤਜਰਬਾ ਦੱਸਦਾ ਹੈ ਕਿ ਕੈਨੇਡਾ ’ਚ ਜਦੋਂ ਕੋਈ ਪਾਰਟੀ ਮੁਸਲਮਾਨਾਂ ਦੇ ਨਾਲ ਸਿੱਖ ਵੋਟ ਨੂੰ ਆਪਣੇ ਪੱਖ ’ਚ ਕਰ ਲੈਂਦੀ ਹੈ ਤਾਂ ਚੋਣਾਂ ’ਚ ਉਸ ਦੀ ਜਿੱਤ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ ’ਚ ਜਸਟਿਨ ਟਰੂਡੋ ਮੁਸਲਮਾਨ ਤੇ ਸਿੱਖ ਵੋਟਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਭਾਰਤ ਵਿਰੋਧੀ ਵਤੀਰਾ ਅਪਣਾਏ ਹੋਏ ਹਨ।
ਕੈਨੇਡਾ ’ਚ ਵਿਦੇਸ਼ੀ ਵਿਦਿਆਰਥੀਆਂ ਦਾ ਸ਼ੋਸ਼ਣ ਜ਼ੋਰਾਂ ’ਤੇ ਹੈ। ਉਨ੍ਹਾਂ ਨੂੰ ਮਿਨੀਮਮ ਤੋਂ ਵੀ ਘੱਟ ਤਨਖਾਹ ’ਤੇ ਕੰਮ ਕਰਨਾ ਪੈ ਰਿਹਾ ਹੈ। ਬੇਰੋਜ਼ਗਾਰੀ ਕਾਰਨ ਇਕ ਆਸਾਮੀ ’ਤੇ ਨੌਕਰੀ ਹਾਸਲ ਕਰਨ ਲਈ 1000 ਤੋਂ 1500 ਤਕ ਲੋਕ ਪਹੁੰਚ ਰਹੇ ਹਨ।
ਕਿਸੇ ਸਮੇਂ ਕੈਨੇਡਾ ਆਪਣੀ ਸਖਤ ਕਾਨੂੰਨ ਵਿਵਸਥਾ ਲਈ ਪ੍ਰਸਿੱਧ ਸੀ ਜਿਸ ਦਾ ਅੱਜ ਉਥੇ ਭੱਠਾ ਬਹਿ ਚੁੱਕਾ ਹੈ। ਨਸ਼ਾ ਬੇਹੱਦ ਵੱਧ ਜਾਣ ਕਾਰਨ ਅਪਰਾਧ ਜ਼ੋਰਾਂ ’ਤੇ ਹੈ। ਡਿਪਰੈਸ਼ਨ ਦੇ ਕਾਰਨ ਨੌਜਵਾਨਾਂ ’ਚ ਡਰੱਗਜ਼ ਦੀ ਵਰਤੋਂ ਬੜੀ ਵਧ ਗਈ ਹੈ।
ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਜਸਟਿਨ ਟਰੂਡੋ ਦੀ ‘ਲਿਬਰਲ ਪਾਰਟੀ’ ਦੇ 24 ਨਾਰਾਜ਼ ਸੰਸਦ ਮੈਂਬਰਾਂ ਨੇ ਟਰੂਡੋ ਨੂੰ ਅਗਲੇ ਸਾਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ 28 ਅਕਤੂਬਰ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਉਹ ਅਹੁਦਾ ਛੱਡ ਦੇਣ ਜਾਂ ਬਗਾਵਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਸ ਦੇ ਲਈ ਉਨ੍ਹਾਂ ਨੇ ਇਕ ਮੰਗ ਪੱਤਰ ’ਤੇ ਦਸਤਖਤ ਵੀ ਕੀਤੇ ਸਨ।
ਉਕਤ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਆਪਣੀਆਂ ਨੀਤੀਆਂ ਦੇ ਕਾਰਨ ਟਰੂਡੋ ਨੇ ਭਾਰਤ ਵਰਗੇ ਦੇਸ਼ ਦੇ ਨਾਲ ਬੇਲੋੜਾ ਵਿਵਾਦ ਪੈਦਾ ਕਰ ਕੇ ਆਉਣ ਵਾਲੀਆਂ ਚੋਣਾਂ ’ਚ ਆਪਣੀ ਸੰਭਾਵਿਤ ਹਾਰ ਵੱਲ ਵੀ ਕਦਮ ਵਧਾ ਦਿੱਤਾ ਹੈ।
-ਵਿਜੇ ਕੁਮਾਰ