ਸਾਈਬਰ ਠੱਗ-ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਕਰ ਰਹੇ ਠੱਗੀ

Sunday, Jul 28, 2024 - 02:30 AM (IST)

ਸਾਈਬਰ ਠੱਗ-ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਕਰ ਰਹੇ ਠੱਗੀ

ਬਦਲਦੇ ਸਮੇਂ ਨਾਲ ਠੱਗੀ ਦੇ ਤਰੀਕੇ ਵੀ ਬਦਲ ਗਏ ਹਨ। ਜਦੋਂ ਤੋਂ ਇੰਟਰਨੈੱਟ ਦਾ ਯੁੱਗ ਸ਼ੁਰੂ ਹੋਇਆ ਹੈ ਉਦੋਂ ਤੋਂ ਸੋਸ਼ਲ ਮੀਡੀਆ ’ਤੇ ਮੁਹੱਈਆ ਕਰਵਾਏ ਗਏ ਲੈਣ-ਦੇਣ ਦੇ ਵੱਖ-ਵੱਖ ਐਪਸ ਜਾਂ ਫਿਰ ਐੱਮ. ਐੱਮ. ਐੱਸ. ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਠੱਗੀਆਂ ਹੋਣ ਲੱਗੀਆਂ ਹਨ, ਜਿਸ ਨੂੰ ਸਾਈਬਰ ਕ੍ਰਾਈਮ ਕਹਿੰਦੇ ਹਨ।

ਇੰਟਰਨੈੱਟ ’ਤੇ ‘ਸਾਈਬਰ ਕ੍ਰਾਈਮ’ ਦੇ ਤੇਜ਼ੀ ਨਾਲ ਫੈਲਣ ਕਾਰਨ ਦੇਸ਼ ’ਚ ਇਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਸ ਕਾਰਨ ਕਈ ਵਾਰ ਲੋਕਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਪਲਾਂ ’ਚ ਹੀ ਲੁੱਟੀ ਜਾਂਦੀ ਹੈ, ਜੋ ਪਿਛਲੇ 4 ਮਹੀਨਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 5 ਅਪ੍ਰੈਲ, 2024 ਨੂੰ ਬੈਂਗਲੁਰੂ ’ਚ ਇਕ ਫਰਮ ’ਚ ਕੰਮ ਕਰਨ ਵਾਲੀ ਔਰਤ ਨੂੰ ਸਾਈਬਰ ਠੱਗਾਂ ਨੇ ਖੁਦ ਨੂੰ ਉੱਚ ਅਧਿਕਾਰੀ ਦੱਸਦੇ ਹੋਏ ਫੋਨ ਕਰ ਕੇ ਕਿਹਾ ਕਿ ਉਸ ਦੇ ਨਾਂ ’ਤੇ ਥਾਈਲੈਂਡ ਤੋਂ ਭੇਜੇ ਗਏ ਪਾਰਸਲ ’ਚ ਨਸ਼ੀਲਾ ਪਦਾਰਥ ਮਿਲਿਆ ਹੈ।

ਇਸ ਪਿੱਛੋਂ ਉਸ ਕੋਲੋਂ ਉਸ ਦੇ ਬੈਂਕ ਬੈਲੇਂਸ ਅਤੇ ਆਮਦਨ ਬਾਰੇ ਸਵਾਲ ਪੁੱਛੇ ਗਏ ਅਤੇ ਉਸ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਡਰਾਵੇ ਦੇ ਕੇ ਅਤੇ ਪੜਤਾਲ ਦੇ ਨਾਂ ’ਤੇ ਉਸ ਦੇ ਕੱਪੜੇ ਉਤਰਵਾ ਕੇ ਬਣਾਈ ਅਸ਼ਲੀਲ ਵੀਡੀਓ ਡਾਰਕ ਵੈੱਬ ’ਤੇ ਵੇਚ ਦੇਣ ਦੀ ਧਮਕੀ ਦੇ ਕੇ ਉਸ ਕੋਲੋਂ 10.7 ਲੱਖ ਰੁਪਏ ਆਪਣੇ ਖਾਤੇ ’ਚ ਟ੍ਰਾਂਸਫਰ ਕਰਵਾ ਲਏ।

* 7 ਅਪ੍ਰੈਲ ਨੂੰ ਨਾਗਪੁਰ ’ਚ ਇਕ ਔਰਤ ਦੇ ਫੇਸਬੁੱਕ ਫ੍ਰੈਂਡ ‘ਸ਼ਿਆਮ ਸੁਪਾਤਕਰ’ ਨੇ ਉਸ ਨੂੰ ਮਿਲਣ ਲਈ ਬੁਲਾ ਕੇ ਨਸ਼ੀਲਾ ਪਦਾਰਥ ਪਿਆ ਦਿੱਤਾ ਅਤੇ ਬੇਹੋਸ਼ ਕਰ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 4 ਲੱਖ ਰੁਪਏ ਬਟੋਰ ਲਏ।

* 31 ਮਈ ਨੂੰ ਹਾਪੁੜ ਵਿਖੇ ਨੀਰਜ ਕੁਮਾਰ ਮਿਸ਼ਰਾ ਨਾਮੀ ਇਕ ਵਿਅਕਤੀ ਨੇ ਡਾਕਟਰ ਕੋਲੋਂ ਅਪੁਆਇੰਟਮੈਂਟ ਲੈਣ ਲਈ ਆਨਲਾਈਨ ਅਰਜ਼ੀ ਦਿੱਤੀ, ਜਿਸ ਤੋਂ ਕੁਝ ਹੀ ਦੇਰ ਬਾਅਦ ਇਕ ਅਣਜਾਣ ਨੰਬਰ ਤੋਂ ਆਈ ਕਾਲ ਨੇ ਪੀੜਤ ਕੋਲੋਂ ਕੁਝ ਜਾਣਕਾਰੀ ਮੰਗੀ।

ਇਸ ਤੋਂ ਬਾਅਦ ਨੀਰਜ ਨੂੰ ਵ੍ਹਟਸਐਪ ’ਤੇ ਲਿੰਕ ਭੇਜ ਕੇ 10 ਰੁਪਏ ਟ੍ਰਾਂਸਫਰ ਕਰਨ ਲਈ ਕਿਹਾ ਗਿਆ। ਨੀਰਜ ਨੇ ਲਿੰਕ ਓਪਨ ਕਰ ਕੇ 10 ਰੁਪਏ ਟ੍ਰਾਂਸਫਰ ਕਰ ਦਿੱਤੇ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੇ 2 ਬੈਂਕ ਖਾਤਿਆਂ ’ਚੋਂ ਇਕ ਲੱਖ ਰੁਪਏ ਨਿਕਲ ਗਏ।

* 4 ਜੁਲਾਈ ਨੂੰ ਨੋਇਡਾ ’ਚ ਇਕ ਸਾਈਬਰ ਠੱਗ ਨੇ ਇਕ ਔਰਤ ਨਾਲ ਠੱਗੀ ਕਰਨ ਲਈ ‘ਮੋਰਫਡ’ (ਟ੍ਰਿਕ ਫੋਟੋਗ੍ਰਾਫੀ) ਤਰੀਕੇ ਨਾਲ ਉਸ ਦੀ ਅਸ਼ਲੀਲ ਫੋਟੋ ਬਣਾ ਕੇ ਉਸ ਨੂੰ ਵ੍ਹਟਸਐਪ ’ਤੇ ਭੇਜ ਦਿੱਤੀ ਅਤੇ ਫੋਟੋ ਡਿਲੀਟ ਕਰਨ ਲਈ 10,000 ਰੁਪਏ ਮੰਗਣ ਦੇ ਨਾਲ ਹੀ ਔਰਤ ਨੂੰ ਧਮਕੀ ਦਿੱਤੀ ਕਿ ਰਕਮ ਨਾ ਦੇਣ ’ਤੇ ਉਸ ਦੀ ਫੋਟੋ ਉਸ ਦੀ ਕਾਂਟੈਕਟ ਲਿਸਟ ਦੇ ਸਾਰੇ ਨੰਬਰਾਂ ’ਤੇ ਭੇਜ ਦਿੱਤੀ ਜਾਵੇਗੀ।

ਔਰਤ ਨੇ ਹਿੰਮਤ ਕਰ ਕੇ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਜਿਸ ’ਤੇ ਕੇਸ ਦਰਜ ਕਰ ਕੇ ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਪੂਰੇ ਘਟਨਾਚੱਕਰ ’ਚ ਔਰਤ ਠੱਗੀ ਦਾ ਸ਼ਿਕਾਰ ਤਾਂ ਨਹੀਂ ਹੋਈ ਪਰ ਇਸ ਨਾਲ ਉਹ ਸਦਮੇ ’ਚ ਚਲੀ ਗਈ।

* 13 ਜੁਲਾਈ ਨੂੰ ਸਾਈਬਰ ਠੱਗਾਂ ਨੇ ਨੋਇਡਾ ਦੇ ਸੈਕਟਰ-77 ’ਚ ਰਹਿਣ ਵਾਲੀ ਇਕ ਮਹਿਲਾ ਡਾਕਟਰ ਪੂਜਾ ਗੋਇਲ ਨੂੰ ਲੋਕਲ ਕਾਲ ਕਰ ਕੇ ਉਸ ਨੂੰ ‘ਪੋਰਨ ਵੀਡੀਓ ਸਕੈਮ’ ’ਚ ਸ਼ਾਮਲ ਹੋਣ ਦਾ ਡਰ ਵਿਖਾ ਕੇ ਉਸ ਦੇ ਨਾਂ ’ਤੇ ਅਰੈਸਟ ਵਾਰੰਟ ਜਾਰੀ ਕਰਨ ਦੀ ਗੱਲ ਕਹੀ ਅਤੇ ਡਰਾ-ਧਮਕਾ ਕੇ 2 ਦਿਨਾਂ ਤੱਕ ਉਲਝਾਈ ਰੱਖਿਆ।

ਅਖੀਰ ਡਰੀ ਹੋਈ ਮਹਿਲਾ ਡਾਕਟਰ ਨੇ 15 ਜੁਲਾਈ ਨੂੰ 59.54 ਲੱਖ ਰੁਪਏ ਸਾਈਬਰ ਠੱਗਾਂ ਦੇ ਦੱਸੇ ਅਕਾਊਂਟ ’ਚ ਟ੍ਰਾਂਸਫਰ ਕਰ ਦਿੱਤੇ ਅਤੇ ਠੱਗੀ ਦਾ ਅਹਿਸਾਸ ਹੋਣ ’ਤੇ 22 ਜੁਲਾਈ ਨੂੰ ਨੋਇਡਾ ਦੇ ਸੈਕਟਰ 36 ਸਥਿਤ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।

* 15 ਜੁਲਾਈ ਨੂੰ ਮੱਧ ਪ੍ਰਦੇਸ਼ ਦੇ ਬਿਲਾਸਪੁਰ ’ਚ ਅਗਿਆਤ ਸਾਈਬਰ ਠੱਗਾਂ ਨੇ ਫਰਜ਼ੀ ਪੋਰਨੋਗ੍ਰਾਫੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਸ਼ਾਮਲ ਹੋਣ ਦਾ ਡਰ ਦਿਖਾ ਕੇ ਇਕ ਵਿਅਕਤੀ ਕੋਲੋਂ ਜਾਂਚ ਦੇ ਨਾਂ ’ਤੇ ਆਨਲਾਈਨ 54.30 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ।

* 19 ਜੁਲਾਈ ਨੂੰ ਕੋਇੰਬਟੂਰ ਤੋਂ ਧਨਬਾਦ ਜਾ ਰਹੇ ਇਕ ਨੌਜਵਾਨ ਕੋਲੋਂ ਟ੍ਰੇਨ ’ਚ 4 ਨੌਜਵਾਨਾਂ ਨਾਲ ਸਫਰ ਕਰ ਰਹੀ ਇਕ ਔਰਤ ਨੇ ਫੋਨ ਕਰਨ ਦੇ ਬਹਾਨੇ ਮੋਬਾਈਲ ਮੰਗਿਆ ਅਤੇ ਕਿਸੇ ਐਪ ’ਤੇ ਇਕ ਔਰਤ ਨਾਲ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਦਿਖਾਉਣ ਪਿੱਛੋਂ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗੀ। ਜਾਨ ਬਚਾਉਣ ਲਈ ਉਹ ਨੌਜਵਾਨ ਰਾਹ ’ਚ ਹੀ ਉਤਰ ਗਿਆ ਤਾਂ ਉਸ ਦੇ ਪਿੱਛੇ ਪਏ ਬਦਮਾਸ਼ਾਂ ਨੇ ਵੀ ਗੱਡੀ ’ਚੋਂ ਉਤਰ ਕੇ ਉਸ ’ਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਉਕਤ ਘਟਨਾਵਾਂ ਦੇ ਸੰਦਰਭ ’ਚ ਸਾਈਬਰ ਠੱਗੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ’ਤੇ ਆਪਣੀ ਨਿੱਜੀ ਜਾਣਕਾਰੀ ਨਾ ਦਿਓ ਅਤੇ ਕਿਸੇ ਵੀ ਮਾੜੀ ਸਥਿਤੀ ’ਚ ਤੁਰੰਤ ਨੂੰ ਪੁਲਸ ਨੂੰ ਸੂਚਿਤ ਕਰੋ।

ਹਾਲਾਂਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਜਾਅਲਸਾਜ਼ੀ ਤੋਂ ਬਚਾਉਣ ਲਈ ਪੁਲਸ ਵੱਲੋਂ ਸਾਈਬਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News